ਮੇਰੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ
ਇੱਕ ਸਿੱਖੀ ਦਾ ਬੂਟਾ ਲਾਇਆ
ਉਹ ਵਧ ਫੁਲ ਕੇ ਵੱਡਾ ਹੋ ਰਿਹਾ
ਅੱਜ ਸਾਰੇ ਜਗਤ ਵਿੱਚ ਹੈ ਛਾਇਆ
ਧਰਤੀ ਅਨੰਦ ਪੁਰੀ ਵਿਸਾਖੀ ਤੇ
ਇੱਕ ਸੰਗਤਾਂ ਦਾ ਇਕੱਠ ਬੁਲਾਇਆ
ਗੁਰੂ ਦੀ ਤਲਵਾਰ ਖੂਨ ਦੀ ਪਿਆਸੀ ਸੀ
ਸ਼ਹਿਨਸ਼ਾਹ ਨੇ ਮੁੱਖੋਂ ਫਰਮਾਇਆ
ਪੰਜ ਸੀਸ ਗੁਰਾਂ ਨੇ ਮੰਗੇ ਸੀ
ਪੰਜ ਸਿੰਘਾਂ ਨੇ ਸੀਸ ਨਿਵਾਇਆ
ਮੇਰੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ
ਇੱਕ ਸਿੱਖੀ ਦਾ ਬੂਟਾ ਲਾਇਆ
ਸਰਬ ਲੋਹੇ ਦਾ ਬਾਟਾ ਖੰਡਾ ਮੰਗਵਾਕੇ
ਪਾਣੀ ਵਿੱਚ ਪਤਾਸਿਆਂ ਨੂੰ ਪਾਇਆ
ਪੰਜ ਬਾਣੀਆਂ ਦਾ ਕੀਤਾ ਜਾਪ ਸ਼ੁਰੂ
ਬਾਟੇ ਵਿੱਚ ਖੰਡੇ ਨੂੰ ਹਿਲਾਇਆ
ਹੋ ਅਮ੍ਰਿਤ ਸੀ ਤਿਆਰ ਗਿਆ
ਪੰਜ ਪਿਆਰਿਆਂ ਨੂੰ ਛਕਾਇਆ
ਮੇਰੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ
ਇੱਕ ਸਿੱਖੀ ਦਾ ਬੂਟਾ ਲਾਇਆ
ਪੰਜ ਕਕਾਰ ਬਖ਼ਸ਼ੇ ਮੇਰੇ ਸ਼ਹਿਨਸ਼ਾਹ ਨੇ
ਅਮ੍ਰਿਤ ਦੀ ਰਹਿਤ ਦਾ ਸਬਕ ਪੜ੍ਹਾਇਆ
ਜ਼ਬਰ ਜ਼ੁਲਮ ਦੇ ਅੱਗੇ ਨਹੀਂ ਝੁਕਣਾ
ਸਵਾ ਲੱਖ ਨਾਲ ਲੜਨਾ ਸਿਖਾਇਆ
ਬਾਣੀ ਬਾਣੇ ਸ਼ਾਸ਼ਤਰਾਂ ਨਾਲ ਜੋੜ ਕੇ
ਸਾਨੂੰ ਗਿੱਦੜੋ ਸ਼ੇਰ ਬਣਾਇਆ
ਮੇਰੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਨੇ
ਇੱਕ ਸਿੱਖੀ ਦਾ ਬੂਟਾ ਲਾਇਆ
ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾ ਕੇ
ਆਪ ਬਣ ਗਿਆ ਗੁਰੁ ਤੋਂ ਚੇਲਾ
ਕਲਗੀਧਰ ਕਿਹਾ ਮੈਨੂੰ ਵੀ ਛਕਾ ਦਿਓ
ਪੀਵੋ ਪਾਹੁਲ ਖੰਡੇਧਾਰ ਹੋਵੇ ਜ਼ਨਮ ਸੁਹੇਲਾ
ਅਮ੍ਰਿਤ ਦੀ ਦਾਤ ਝੋਲੀ ਵਿੱਚ ਪਾ ਦਿੱਤੀ
ਬਾਜਾਂ ਵਾਲੇ ਨੇ ਇਹ ਕੌਤਕ ਰਚਾਇਆ
ਮੇਰੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਨੇ
ਇੱਕ ਸਿੱਖੀ ਦਾ ਬੂਟਾ ਲਾਇਆ
ਉਹ ਵੱਧ ਫੁਲ ਕੇ ਵੱਡਾ ਹੋ ਰਿਹਾ
ਸਾਰੇ ਜਗਤ ਵਿਚ ਹੈ ਛਾਇਆ