ਭਾਸ਼ਣ

ਉਘਾ ਸਮਾਜ ਸੇਵੀ ਸਵਰਨ ਸਿੰਘ ਸੱਥ ਵਿੱਚ ਬੜੇ ਉਚੇ ਸੁੱਚੇ ਵਿਚਾਰਾਂ ਵਾਲਾ ਭਾਸ਼ਣ ਕਰ ਰਿਹਾ ਸੀ।ਸਾਰੇ ਬੜੇ ਪਿਆਰ ਨਾਲ ਸੁਣ ਰਹੇ ਸਨ।ਉਹ ਹਰ ਰੋਜ਼ ਕਿਸੇ ਨਵੇਂ ਵਿਸ਼ੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਸੀ।ਸਿਰਫ਼ ਦੱਸਣ ਲਈ ਕਿ ਮੇਰੇ ਵਰਗਾ ਪਿੰਡ ਵਿੱਚ ਹੋਰ ਕੋਈ ਸਿਆਣਾ ਨਹੀਂ।ਉਸ ਦਾ ਅੱਜ ਦਾ ਵਿਸ਼ਾ ਸੀ “ਮਾਂ ਬਾਪ ਦੀ ਸੇਵਾ ਦਾ ਕੀ ਮਹੱਤਵ ਹੈ” ।‘ਮਾਂ ਬਾਪ ਦੀ ਸੇਵਾ ਤਨੋ ਮਨੋ ਧਨੋ ਕਰਨੀ ਚਾਹੀਦੀ ਹੈ।ਇਹਨਾਂ ਦਾ ਕਰਜ਼ ਅਸੀਂ ਸਾਰਾ ਤਾਂ ਨਹੀਂ ਮੋੜ ਸਕਦੇ ਕੁੱਝ ਘਟਾ ਸਕਦੇ ਹਾਂ’।ਉਹ ਹਾਲੀਂ ਬੋਲ ਹੀ ਰਿਹਾ ਸੀ।ਭਾਨੇ ਅਮਲੀ ਦਾ ਅੱਜ ਕੁੱਝ ਜ਼ਿਆਦਾ ਹੀ ਮੂਡ ਬਣਿਆ ਹੋਇਆ ਸੀ।ਉਸ ਤੋਂ ਰਿਹਾ ਨਾ ਗਿਆ ਉਹ ਕਹਿੰਦਾ, ‘ਉਹ ਵੱਡਿਆ ਭਾਸ਼ਨਕਾਰਾ,ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਤੂੰ ਆਪਣੀ ਘਰ ਵਾਲੀ ਦਾ ਅੱਖਾਂ ਦਾ ਅਪ੍ਰੇਸ਼ਨ ਕਿੱਥੋਂ ਕਰਵਾਇਆ ਸੀ’?ਸਵਰਨ ਸਿੰਘ ਕਹਿੰਦਾ ‘ਭਾਨਿਆਂ ਮੈਂ ਤੇਰੀ ਗੱਲ ਸਮਝਿਆ ਨਹੀਂ’? ਭਾਨਾ ਅਮਲੀ ਬੋਲਿਆ, ‘ਮੈਂ ਸਮਝਾਉਨਾਂ ਤੂੰ ਆਪਣੀ ਘਰ ਵਾਲੀ ਦਾ ਅੱਖਾਂ ਦਾ  ਅਪ੍ਰੇਸ਼ਨ ਲੁਧਿਆਣਾ ਤੋਂ ਚੋਟੀ ਦੇ ਮਾਹਿਰ ਡਾਕਟਰ ਤੋਂ ਕਰਵਾਇਆ ਹੈ। ਆਪਣੀ ਮਾਂ ਦਾ ਅਪ੍ਰੇਸ਼ਨ ਗੁਆਂਢੀ ਪਿੰਡ ਲੱਗੇ ਅੱਖਾਂ ਦੇ ਮੁਫ਼ਤ ਕੈਂਪ ਤੋਂ ਕਰਵਾਇਆ ਹੈ।ਮਾਂ ਦਾ  ਪ੍ਰਾਈਵੇਟ ਕਿਸੇ ਚੰਗੇ ਮਾਹਿਰ ਡਾਕਦਰ ਤੋਂ ਕਿਉਂ ਨਹੀਂ ਕਰਵਾਇਆ’?ਸਾਰੀ ਸੱਥ ਵਿੱਚ ਹਾਸਾ ਖਿੰਡ ਗਿਆ ਸੀ। ਭਾਨੇ ਅਮਲੀ ਦੀ ਵਕੀਲਾਂ ਵਾਂਗ ਕੀਤੀ ਗੱਲ ਨੇ ਸਾਰੀ ਸੱਥ ਕੀਲ ਕੇ ਬਿਠਾ ਲਈ ਸੀ।ਸਵਰਨ ਸਿੰਘ ਕਿਸੇ ਵੱਡੇ ਅਪਰਾਧ ਵਿੱਚ ਫਸੇ ਅਤੇ ਕਟਹਿਰੇ ਵਿੱਚ ਖੜ੍ਹੇ ਦੋਸ਼ੀ ਵਾਂਗਰ ਬਿਟਰ-ਬਿਟਰ ਵੇਖ ਰਿਹਾ ਸੀ।