ਲਾਲਸਾਵਾਂ ਦਾ ਨਹੀਂ ਅੰਤ

ਧਰਤੀ ਦੇ ਵੱਡੇ ਹਿੱਸੇ ’ਤੇ ਮੱਲ ਮਾਰ ਕੇ ਵੀ ਮਨੁੱਖ ਦੀ ਭੁੱਖ ਨਹੀਂ ਮਿਟੀ। ਉਸ ਨੇ ਸਮੁੰਦਰ ਨੂੰ ਵੀ ਹੰਗਾਲਣਾ ਸ਼ੁਰੂ ਕਰ ਦਿੱਤਾ। ਸਮੁੰਦਰ ਵਿੱਚੋਂ ਹੀਰੇ ਮੌਤੀ ਅਤੇ ਹੋਰ ਖਜ਼ਾਨੇ ਕੱਢ ਕੇ ਆਪਣੇ ਘਰ ਭਰਨੇ ਸ਼ੁਰੂ ਕਰ ਦਿੱਤੇ। ਸਮੁੰਦਰ ਨੂੰ ਉਸ aਨੇ ਆਵਾਜਾਈ ਅਤੇ ਮਾਲ ਦੀ ਢੋਆ ਢੁਆਈ ਲਈ ਵਰਤਣ ਲਈ ਪਹਿਲਾਂ ਛੋਟੀਆਂ ਬੇੜੀਆਂ ਬਣਾਈਆਂ ਅਤੇ ਫਿਰ ਵੱਡੇ ਵੱਡੇ ਜਹਾਜ ਬਣਾਏ। ਉਸ ਨੂੰ ਹਾਲੀ ਵੀ ਸਬਰ ਨਾ ਆਇਆ। ਉਸ ਨੇ ਸਮੁੰਦਰ ਵਿੱਚ ਹੀ ਆਪਣੀ ਗੰਦਗੀ ਸੁੱਟ ਕੇ ਇਸ ਦੇ ਪਾਣੀਆਂ ਨੂੰ ਪੁਲੀਤ ਕੀਤਾ। ਇਸ ਨਾਲ ਬਾਕੀ ਬਚੇ ਸਮੁੰਦਰੀ ਜੀਵਾਂ ਦਾ ਜਿਉਣਾ ਦੁੱਭਰ ਹੋ ਗਿਆ। ਮਨੁੱਖ ਦੀਆਂ ਇਛਾਵਾਂ ਅਤੇ ਲਾਲਸਾਵਾਂ ਦਾ ਕੋਈ ਅੰਤ ਨਹੀਂ। ਆਸਮਾਨ ਵਿਚ ਉੱਡਦੇ ਪੰਛੀਆਂ ਨੂੰ ਦੇਖ ਕੇ ਉਸ ਵਿਚ ਵੀ ਉੱਡਣ ਦੀ ਲਾਲਸਾ ਪੈਦਾ ਹੋਈ। ਚੰਨ ਤਾਰਿਆਂ ਨੂੰ ਦੇਖ ਕੇ ਮਨੁੱਖ ਵਿਚ ਉਨ੍ਹਾਂ ਬਾਰੇ ਜਾਣਨ ਦੀ ਅਤੇ ਉੱਥੇ ਪਹੁੰਚਣ ਦੀ ਇੱਛਾ ਪੈਦਾ ਹੋਈ। ਇਸ ਲਈ ਉਸ ਨੇ ਹਵਾਈ ਜਹਾਜ਼ ਅਤੇ ਰਾਕਟ ਦੀ ਕਾਢ ਕੱਢੀ। ਇਸੇ ਲਈ ਕਹਿੰਦੇ ਹਨ ਕਿ ਜ਼ਰੂਰਤ ਕਾਢ ਦੀ ਜਣਨੀ ਹੈ। ਇਸ ਤਰ੍ਹਾਂ ਮਨੁੱਖ ਨੇ ਆਸਮਾਨ ਵਿਚ ਉਡਾਰੀਆਂ ਲਾਈਆਂ ਅਤੇ ਚੰਨ ਤੇ ਆਪਣੇ ਕਦਮ ਰੱਖੋ। ਹੁਣ ਉਹ ਮੰਗਲ ਗ੍ਰਹਿ ’ਤੇ ਪਹੁੰਚ ਕੇ ਇਹ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਥੇ ਮਨੁੱਖ ਦੇ ਜਿਉਣ ਲਈ ਯੋਗ ਵਾਤਾਵਰਨ ਹੈ ਜਾਂ ਨਹੀਂ ਤਾਂ ਕਿ ਉੱਥੇ ਉਹ ਆਪਣੇ ਘਰ ਪਾ ਕੇ ਰਹਿ ਸਕੇ। ਸ਼ਾਇਦ ਉਸ ਦੀ ਕਰਮ ਭੂਮੀ ਲਈ ਇਹ ਘਰਤੀ ਹੁਣ ਤੰਗ ਪੈ ਗਈ ਹੈ।