ਜਿਹਨਾਂ ਨੇ ਖੇਡਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ ਹੈ, ਉਹਨਾਂ ਨੂੰ ਇਹ ਜਾਨਣ ਵਿੱਚ ਮਾਣ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਭਾਰਤ ਦਾ ਰਾਸ਼ਟਰੀ ਖੇਡ ਦਿਵਸ ਦੇਸ਼ ਦੇ ਮਹਾਨ ਖਿਡਾਰੀ ਧਿਆਨ ਚੰਦ, ਜਿਸ ਨੇ ਭਾਰਤ ਦੀ ਹਾਕੀ ਟੀਮ ਵਿੱਚ ਖੇਡਦਿਆਂ ਸੰਨ 1928, 1932, 1936 ਦੀ ਉਲੰਪਿਕ ਵਿੱਚ ਦੇਸ਼ ਲਈ ਸੋਨਾ ਜਿੱਤਣ ਵਿੱਚ ਮੇਜਰ ਦੀ ਸਨਮਾਨਯੋਗ ਪਦਵੀ ਪ੍ਰਾਪਤ ਕੀਤੀ, ਦੇ ਜਨਮ ਦਿਨ(29ਅਗਸਤ 1905) ਨੂੰ ਰਾਸ਼ਟਰੀ ਖੇਡ ਦਿਵਸ ਦੇ ਤੌਰ ਤੇ ਮਨਾਉਣਾ ਸ਼ੁਰੂ ਕੀਤਾ ਗਿਆ। ਪ੍ਰਾਇਮਰੀ ਪੱਧਰ ਤੋਂ ਲੈ ਕੇ ਖੇਡਾਂ ਪ੍ਰਤੀ ਇਹ ਹੀ ਸਿਖਾਇਆ/ਸਮਝਾਇਆ ਜਾਂਦਾ ਹੈ ਕਿ ਖੇਡਾਂ ਬੱਚਿਆਂ ਦੇ ਸਰੀਰਕ ਵਿਕਾਸ ਲਈ ਜ਼ਰੂਰੀ ਹਨ। ਖੇਡਾਂ ਹੀ ਮਨੁੱਖ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ। ਖੇਡਾਂ ਮਨੁੱਖ ਨੂੰ ਜੀਵਨ ਜਾਂਚ ਸਿਖਾਉਂਦੀਆਂ ਹਨ। ਖੇਡਾਂ ਮਨੁੱਖ ਵਿੱਚ ਅਨੁਸ਼ਾਸਨ ਭਰਦੀਆਂ ਹਨ। ਖੇਡਾਂ ਦੇ ਇਹ ਸਾਰੇ ਲਾਭ ਦੇਖ ਕੇ ਕਈ ਵਾਰ ਉਹ ਵਿਅਕਤੀ ਵੀ, ਜਿਸ ਨੇ ਬਚਪਨ ਤੋਂ ਖੇਡਾਂ ਵਿੱਚ ਦਿਲਚਸਪੀ ਨਹੀਂ ਲਈ ਹੁੰਦੀ, ਉਹ ਵੀ ਜਿੰਦਗੀ ਦੇ ਤਿੰਨ-ਚਾਰ ਦਹਾਕੇ ਮਾਨਣ ਤੋਂ ਬਾਅਦ ( ਜਿਹਾ ਕਿ ਅੱਜ ਕੱਲ੍ਹ ਹੋ ਰਿਹਾ ਹੈ) ਖੇਡਾਂ ਪ੍ਰਤੀ ਖਿੱਚਿਆ ਚਲਾ ਆਉਂਦਾ ਹੈ। ਅਜੋਕੇ ਦੌਰ ਵਿੱਚ ਚਾਹੇ ਕੋਈ ਵੀ ਵਿਅਕਤੀ ਇਨਾਮ ਜਿੱਤਣ ਲਈ ਭਾਵੇਂ ਨਾ ਖੇਡੇ ਪਰ ਆਪਣੀ ਸਿਹਤ ਪ੍ਰਤੀ ਚਿੰਤਤ ਵਿਅਕਤੀ ਮੱਲੋ-ਮੱਲੀ ਖੇਡਾਂ/ਖੇਡ ਗਰਾਊਂਡ ਨਾਲ ਜੁੜ ਰਿਹਾ ਹੈ। ਇਹ ਵਰਤਾਰਾ ਪਿੰਡਾਂ ਨੂੰ ਛੱਡ,ਅੱਜ ਕੱਲ੍ਹ ਕਸਬਿਆਂ/ਸ਼ਹਿਰਾਂ ਵਿੱਚ ਆਮ ਵੇਖਣ ਨੂੰ ਮਿਲ ਰਿਹਾ ਹੈ। ਲੋਕ ਜਿੱਥੇ ਖੇਡਾਂ ਚੋਂ ਤੰਦਰੁਸਤੀ ਤੇ ਜਿੰਦਗੀ ਵਿੱਚ ਅਨੁਸ਼ਾਸਨ ਭਾਲ਼ਦੇ ਹਨ, ਉੱਥੇ ਜਦੋਂ ਖੇਡਾਂ ਦੀਆਂ ਡੋਰਾਂ ਡਾਅਢਿਆਂ ਹੱਥ ਆਈਆਂ ਹੋਣ ਕਾਰਨ, ਮਿਹਨਤੀ/ਸਿਰੜੀ ਖਿਡਾਰੀਆਂ ਦੀਆਂ ਪਤੰਗਾਂ ਕੱਟੀਆਂ ਜਾਣ ਤਾਂ ਇਹ ਦੇਸ਼ ਲਈ ਨਮੋਸ਼ੀ ਦਾ ਕਾਰਨ ਵੀ ਬਣਦੀਆਂ ਹਨ, ਜਿਹਾ ਕਿ ‘ਭਾਰਤ ਦੀ ਸ਼ਾਨ’ ਧੀ ਵਿਨੇਸ਼ ਫੋਗਾਟ ਲਈ ਸਾਹਮਣੇ ਆ ਰਿਹਾ ਹੈ। ਹਰਿਆਣੇ ਦੇ ਪਿੰਡ ਬਲਾਲੀ ਵਿੱਚ 25 ਅਗਸਤ1994ਨੂੰ ਛੋਟੀ ਕਿਸਾਨੀ ਵਾਲੇ ਪਿਤਾ ਰਾਜਪਾਲ ਦੇ ਘਰ ਜਨਮੀ ਵਿਨੇਸ਼ ਫੋਗਾਟ ਲਈ ਖੇਡਾਂ ਤੰਦਰੁਸਤੀ ਤੇ ਅਨੁਸ਼ਾਸਨ ਦੇ ਨਾਲ-ਨਾਲ ਮਾਨਸਿਕ ਤੌਰ ਤੇ ਪੀੜਾ ਹੰਢਾਉਣਾ ਵਾਲੀਆਂ ਹੀ ਸਾਬਤ ਹੋਈਆਂ। ਕਿਰਤੀ ਪਰਿਵਾਰ ਦੀ ਇਸ ਧੀ ਦੇ ਵੀ ਸੁਪਨੇ ਸਨ ਕਿ ਉਹ ਲੰਮੇ ਵਾਲ ਰੱਖ, ਹੱਥ ਚ ਮੋਬਾਇਲ ਫੜ ਤੇ ਹਵਾਈ ਜਹਾਜਾਂ ਦੇ ਝੂਟੇ ਲੈ ਆਪਣੀ ਪੀੜ੍ਹੀ ਦੀਆਂ ਹਾਨਣਾਂ ਵਾਂਗ ਸੋਹਣੀ ਜਿੰਦਗੀ ਬਸਰ ਕਰੇ।ਪਰ ਬਚਪਨ ਵਿੱਚ ਹੀ ਖੋਹੇ ਗਏ ਬਾਪ ਦੇ ਸਾਏ ਕਾਰਨ ਇਸ ਕੁੜੀ ਦੀ ਪਰਵਰਿਸ਼ ਵਿੱਚ ਤਾਏ ਮਹਾਂਵੀਰ ਲੜਕੀਆਂ ਨਾਲ ਇਸ ਨੂੰ ਕੁਸ਼ਤੀ ਖੇਡ ਵਿੱਚ ਪਾਇਆ। ਜਿੱਥੇ ਪਰਿਵਾਰਕ ਸਮਾਜਿਕ ਹੱਦਾਂ ਕਾਰਨ ਮਹਾਂਵੀਰ ਨੂੰ ਲੋਕਾਈ ਦੇ ਤਾਅਨੇ-ਮਿਹਣੇ ਵੀ ਸੁਣਨੇ ਪਏ। ਪਰ ਬਾਕੀ ਪਰਿਵਾਰ ਦੇ ਨਾਲ-ਨਾਲ ਵਿਨੇਸ਼ ਫੋਗਾਟ ਨੇ ਏਸ਼ੀਆਈ, ਰਾਸ਼ਟਰਮੰਡਲ ਤੇ ਵਿਸ਼ਵ ਚੈਂਪੀਅਨਸ਼ਿਪਾਂ ਚ 5 ਸੋਨੇ ਦੇ,3 ਚਾਂਦੀ ਦੇ ਤੇ 7ਕਾਂਸੀ ਦੇ ਤਗਮੇ ਜਿੱਤ ਕੇ ਆਪਣੇ ਪਿਤਾ ਤੇ ਤਾਏ ਦੀ ਲਾਜ ਰੱਖੀ। ਦੇਖਿਆ ਜਾਵੇ ਤਾਂ ਇਹਨਾਂ ਜਿੱਤਾਂ ਦਾ ਸਫਰ ਉਸ ਲਈ ਅਸਾਨ ਨਹੀਂ ਸੀ। ਪਰ ਮਿਹਨਤ ਤੇ ਖੇਡ ਭਾਵਨਾ ਤੁਹਾਨੂੰ ਔਖੀਆਂ ਤੋਂ ਔਖੀਆਂ ਪ੍ਰਸਥਿਤੀਆਂ ਵਿੱਚੋਂ ਵੀ ਜੇਤੂ ਨਿਕਲਣ ਦਾ ਰਾਹ ਦਿੰਦੀ ਹੈ। ਇਸ ਲੜਕੀ ਨੇ ਕੁਸਤੀ ਜਗਤ ਦੇ ਦੁਨੀਆਂ ਪੱਧਰ ਦੇ ਮੁਕਾਬਲਿਆਂ ਚ ਭਾਗ ਲਿਆ। ਕੀ ਉਹ ਅਨੁਸ਼ਾਸਨ ਪੱਖੋਂ ਇੰਨੀ ਹੀ ਹੀਣੀ ਹੋ ਗਈ ਸੀ ਕਿ ਉਸ ਦਾ ਮਾਤਰ 50 ਗ੍ਰਾਮ ਭਾਰ ਵੀ ਉਸ ਦੇ ਬਚਪਨ ਦੀਆਂ ਮੁਸੀਬਤਾਂ/ਤੰਗੀਆਂ-ਤੁਰਸੀਆਂ ਤੋਂ ਵੱਧ ਹੋ ਗਿਆ?
ਇਹ ਲੱਗਭਗ 140ਕਰੋੜ ਦੇ ਕਰੀਬ ਭਾਰਤੀਆਂ ਦੇ ਸੋਚਣ ਦੀ ਗੱਲ ਹੈ। ਦੂਸਰਾ ਜਿਸ ਨੂੰ ਡਾਅਢਿਆਂ ਨੇ ਚਮਕਾ/ਸਜਾ ਕੇ ਇਸ ਲੜਕੀ ਦੇ ਅਸਲ ਭਾਰ ਮੁਕਾਬਲੇ ਵਿਚ ਭੇਜਿਆ ਸੀ, ਉਸ ਨੇ ਅਨੁਸ਼ਾਸਨ ਤੋੜਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਹੁਣ ਸਾਡੇ ਲਈ ਸੋਚਣ/ਵਿਚਾਰਨ ਦੀ ਗੱਲ ਰਹਿ ਜਾਂਦੀ ਹੈ ਕਿ ਕੀ ਖੇਡਾਂ ਸਾਨੂੰ ਅਸਲੀਅਤ ਵਿੱਚ ਵੀ ਅਨੁਸ਼ਾਸਨ ਜਾਂ ਜੀਵਨ ਜਾਂਚ ਸਿਖਾਉਂਦੀਆਂ ਹਨ? ਜੇਕਰ ਇਹ ਸੱਚ ਹੈ ਤਾਂ ਸਾਡੇ ਡਾਅਢੇ ਕਿਉਂ ਨਹੀਂ ਇਹ ਅਨੁਸ਼ਾਸਨ ਤੇ ਜੀਵਨ-ਜਾਚ ਸਿੱਖਦੇ?
ਅੱਜ ਜਦੋਂ ਸਾਰਾ ਦੇਸ਼ ਮੇਜਰ ਧਿਆਨ ਚੰਦ ਨੂੰ ਯਾਦ ਕਰਦੇ ਹੋਏ ਖੇਡਾਂ ਪ੍ਰਤੀ ਸਮਰਪਿਤਤਾ ਦੀ ਭਾਵਨਾ ਦਿਖਾ ਰਿਹਾ ਹੋਵੇਗਾ ਤਾਂ ਸਾਡੇ ਦੇਸ਼ ਦੇ ਨੁਮਾਇੰਦਿਆਂ ਨੂੰ ਵੀ ਖੇਡਾਂ ਤੋਂ ਸਬਕ ਸਿੱਖਣ ਦੀ ਲੋੜ ਹੈ। ਜਿਹਨਾਂ ਨੇ ਖੇਡਾਂ ਨੂੰ ਜਿੰਦਗੀ ਦਾ ਹਿੱਸਾ ਬਣਾਇਆ ਹੈ ਜਾਂ ਖੇਡ ਭਾਵਨਾ ਨੂੰ ਸਮਝਿਆ ਹੈ, ਉਹਨਾਂ ਲਈ ਇਹੋ ਜਿਹੇ ਮੌਕਿਆਂ ਤੇ ਸਦਾ ਲਈ ਵਿਨੇਸ਼ ਫੋਗਾਟ ਜਿੰਦਾਬਾਦ ਰਹੇਗੀ।