ਕਿੱਸਾ ਕਾਵਿ ਪੰਜਾਬੀ ਸਾਹਿਤ ਦਾ ਇਕ ਵੱਡਮੁੱਲਾ ਅਤੇ ਅਨਿੱਖਵਾਂ ਅੰਗ ਹੈ। ਇਸ ਵਿਚ ਨਾਇਕ ਨਾਇਕਾ ਦੇ ਪਿਆਰ, ਪਿਆਰ ਵਿਚ ਰੁਕਾਵਟਾਂ ਅਤੇ ਨਾਇਕ ਦੀ ਬਹਾਦੁਰੀ ਅਤੇ ਦੋਵਾਂ ਦੀ ਕੁਰਬਾਨੀ ਨੂੰ ਬਹੁਤ ਹੋਰ ਰੋਚਕ ਢੰਗ ਨਾਲ ਕਾਵਿ ਰੂਪ ਵਿਚ ਬਿਆਨ ਕੀਤਾ ਜਾਂਦਾ ਹੈ। ਵਿਚ ਵਿਚ ਅਲੰਕਾਰ ਜੜ੍ਹ ਕੇ ਕਿੱਸੇ ਨੂੰ ਬਹੁਤ ਕਲਾਤਮਿਕ ਢੰਗ ਨਾਲ ਸਜਾਇਆ ਜਾਂਦਾ ਹੈ। ਸ਼ਿੰਗਾਰ ਰਸ, ਬੀਰ ਰਸ ਅਤੇ ਹਾਸ ਰਸ ਨਾਲ ਕਿੱਸੇ ਦੀ ਖ਼ੂਬਸੂਰਤੀ ਵਧਦੀ ਹੈ ਅਤੇ ਕਹਾਣੀ ਅੱਗੇ ਨੂੰ ਤੁਰਦੀ ਹੈ। ਅਜਿਹੇ ਕਿੱਸਿਆਂ ਨੂੰ ਪੰਜਾਬੀ ਨੌਜੁਆਨਾਂ ਦੁਆਰਾ ਬੜੇ ਉਤਸਾਹ ਅਤੇ ਲਗਨ ਨਾਲ ਪੜ੍ਹਿਆ ਜਾਂਦਾ ਹੈ। ਪਿੰਡਾਂ ਦੀਆਂ ਸੱਥਾਂ ਵਿਚ ਵੀ ਅਜਿਹੇ ਕਿੱਸਿਆਂ ਦਾ ਬੜੇ ਚਾਅ ਨਾਲ ਸਮੂਹਿਕ ਰੂਪ ਵਿਚ ਪਾਠ ਕੀਤਾ ਅਤੇ ਸੁਣਿਆ ਜਾਂਦਾ ਹੈ ਅਤੇ ਆਨੰਦ ਮਾਣਿਆ ਜਾਂਦਾ ਹੈ। ਆਮ ਤੋਰ ਤੇ ਇਨ੍ਹਾਂ ਪ੍ਰੇਮ ਕਥਾਵਾਂ ਦਾ ਅੰਤ ਬੜਾ ਦੁਖਦਾਈ ਹੋ ਨਿਬੜਦਾ ਹੈ ਪਰ ਇਸ ਕਿੱਸਾ ਕਾਰੀ ਕਰ ਕੇ ਪ੍ਰੇਮੀ ਪ੍ਰੇਮਿਕਾ ਦੀ ਕਹਾਣੀ ਅਮਰ ਹੋ ਜਾਂਦੀ ਹੈ ਅਤੇ ਬੜੀ ਲੋਕ ਪ੍ਰਿਅ ਬਣ ਜਾਂਦੀ ਹੈ। ਇਸ਼ਕੀਆ ਕਿੱਸਿਆਂ ਤੋਂ ਇਲਾਵਾ ਹੋਰ ਵੀ ਕਈ ਕਿੱਸੇ ਲਿਖੇ ਗਏ ਹਨ ਜਿਵੇਂ ਪੂਰਨ ਭਗਤਦਾ ਕਿੱਸਾ ਅਤੇ ਰੂਪ ਬਸੰਤ ਦਾ ਕਿੱਸਾ ਆਦਿ। ਪੁਰਾਤਨ ਸਮਿਆਂ ਵਿਚ ਕਿੱਸਾ ਕਾਰੀ ਦਾ ਬਹੁਤ ਪ੍ਰਚਲਣ ਸੀ। ਹੁਣ ਸ਼ਹਿਰੀਕਰਨ ਹੋਣ ਕਰ ਕੇ ਅਤੇ ਸਰਮਾਇਦਾਰੀ ਆਉਣ ਕਾਰਨ ਕਿੱਸਾਕਾਰੀ ਦਾ ਰਿਵਾਜ਼ ਕਾਫ਼ੀ ਘਟ ਗਿਆ ਹੈ।
ਇੱਥੇ ਇਕ ਗੱਲ ਹੋਰ ਵੀ ਧਿਆਨ ਦੇਣ ਯੋਗ ਹੈ ਕਿ ਆਮ ਤੋਰ ਤੇ ਇਨ੍ਹਾਂ ਪ੍ਰੇਮ ਕਥਾਵਾਂ ਵਿਚ ਪ੍ਰੇਮਿਕਾ ਦਾ ਨਾਮ ਪਹਿਲਾਂ ਆਉਂਦਾ ਹੈ ਜਿਵੇਂ ਹੀਰ ਰਾਂਝਾ, ਸੋਹਣੀ ਮਹੀਵਾਲ, ਲੈਲਾ ਮਜਨੂੰ, ਸੱਸੀ ਪੁੰਨੂ ਅਤੇ ਸ਼ੀਰੀ ਫ਼ਰਿਹਾਦ ਆਦਿ। ਪਰ ਇਸ ਕਿੱਸੇ ਵਿਚ ਪ੍ਰੇਮੀ ਦਾ ਨਾਮ ਪਹਿਲਾਂ ਆਉਂਦਾ ਹੈ ਜਿਵੇਂ ਮਿਰਜਾ ਸਾਹਿਬਾਂ। ਕਈ ਲੋਕਾਂ ਦਾ ਵਿਚਾਰ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਸਾਹਿਬਾਂ ਇਸ਼ਕ ਵਿਚ ਪੂਰੀ ਨਹੀਂ ਸੀ ਉਤਰੀ। ਉਸ ਨੇ ਮਿਰਜੇ ਦਾ ਤਰਕਸ਼ ਜੰਡ ਤੇ ਟੰਗ ਦਿੱਤਾ ਸੀ ਜਿਸ ਕਾਰਨ ਮਿਰਜਾ ਸਾਹਿਬਾਂ ਦਾ ਭਰਾਵਾਂ ਦੇ ਹੱਥੋਂ ਮਾਰਿਆ ਗਿਆ ਸੀ। ਮਿਰਜੇ ਦੀ ਮੌਤ ਤੇ ਪੀਲੂ ਨੇ ਬੜੇ ਵੈਰਾਗਮਈ ਢੰਗ ਨਲ ਲਿਖਿਆ ਹੈ:
ਲੋਥਾਂ ਪਈਆਂ ਰਹੀਆਂ ਹੇਠਾਂ ਜੰਡ ਦੇ ਬੁਤ ਚੜੇ ਬਹਿਸ਼ਤੀ ਜਾ
ਕੋਈ ਮੁਸਾਫ਼ਿਰ ਮਰ ਗਿਆ ਕਿਸੇ ਨਾ ਮਾਰੀ ਧਾ॥
ਜੇ ਭਾਈ ਹੁੰਦੇ ਤਾਂ ਬਹੁੜਦੇ ਲੈਂਦੇ ਦੁੱਖ ਵੰਡਾ।
ਬਾਜ ਭਰਾਵਾਂ ਜੱਟ ਮਾਰਿਆਕਿਨੇ ਨਾ ਮਾਰੀ ਧਾਹ॥
ਅੱਜ ਕੱਲ੍ਹ ਕਿੱਸਾਕਾਰੀ ਤੇ ਕੁਝ ਲਿਖਣ ਦਾ ਅਤੇ ਖੋਜ ਦਾ ਕੰਮ ਬਹੁਤ ਮਿਹਨਤ ਦਾ ਕੰਮ ਹੈ। ਪੀਲੂ ਦਾ ਮਿਰਜਾ ਸਾਹਿਬਾਂ ਅਤੇ ਹੋਰ ਰਚਨਾ ਡਾ. ਭਗਵੰਤ ਸਿੰਘ ਅਤੇ ਡਾ. ਰਮਿੰਦਰ ਕੌਰ ਦੀ ਸਾਂਝੀ ਰਚਨਾ ਹੈ। ਜੋ ਇਸ ਜਮਾਨੇ ਵਿਚ ਬੜੀ ਮਿਹਨਤ ਅਤੇ ਦਲੇਰੀ ਦਾ ਕੰਮ ਹੈ।
ਲੇਖਕ ਜੋੜੀ ਨੇ ਇਸ ਪੁਸਤਕ ਦਾ ਨਾਮ ‘ਪੀਲੂ ਦਾ ਮਿਰਜਾ ਸਹਿਬਾਂ ਤੇ ਹੋਰ ਰਚਨਾ’ ਰੱਖਿਆ ਹੈ। ਇੱਥੇ ਹੋਰ ਰਚਨਾ ਤੋਂ ਤੋਂ ਭਾਵ ਵਿਸ਼ੇ ਤੋਂ ਹਟ ਕੇ ਕੋਈ ਹੋਰ ਰਚਨਾ ਨਹੀਂ ਸਗੋਂ ਮਿਰਜਾ ਸਾਹਿਬਾਂ ਦੀ ਪਿਆਰ ਕਹਾਣੀ ਤੇ ਪੀਲੂ ਤੋਂ ਇਲਾਵਾ ਜੋ ਹੋਰ ਪ੍ਰਮੁੱਖ ਕਵੀਆਂ ਨੇ ਮਿਰਜਾ ਸਾਹਿਬਾਂ ਤੇ ਜੋ ਕਵਿਤਾਵਾਂ/ਕਿੱਸੇ ਲਿਖੇ ਹਨ ਉਹ ਰਚਨਾਵਾਂ ਹਨ। ਲੇਖਕ ਜੋੜੀ ਵਿਸ਼ੇ ਨਾਲ ਇਕ ਸੁਰ ਹੈ। ਕਿਤੇ ਖਿੰਡਾ ਨਹੀਂ ਹੈ। ਮੁੱਖ ਰਚਨਾ ਪੀਲੂ ਦਾ ਮਿਰਜਾ ਸਾਹਿਬਾਂ ਹੀ ਹੈ ਅਤੇ ਉਸ ਬਾਰੇ ਵਿਸਤਾਰ ਟੀਕਾ ਟਿੱਪਣੀਕਰ ਕੇ ਰਚਨਾ ਦੇ ਮੁੱਖ ਗੁਣ ਦੱਸੇ ਗਏ ਹਨ। ਜਿਵੇਂ ਵਾਰਿਸ ਸ਼ਾਹ ਦੀ ਹੀਰ ਦਾ ਕੋਈ ਮੁਕਾਬਲਾ ਨਹੀਂ ਇਸੇ ਤਰ੍ਹਾਂ ਪੀਲੂ ਦੇ ਮਿਰਜਾ ਸਾਹਿਬਾਂ ਦਾ ਵੀ ਕੋਈ ਮੁਕਾਬਲਾ ਨਹੀਂ:
ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੇਨ।
ਜਿਸ ਨੂੰ ਪੰਜਾਂ ਪੀਰਾਂ ਦੀ ਥਾਪਣਾ ਕੰਧੀਂ ਦਸਤ ਧਰੇਨ॥
ਪੁਸਤਕ ਦਾ ਸਰਵਰਕ ਵੀ ਬਹੁਤ ਸੁੰਦਰ ਅਤੇ ਢੁਕਵਾਂ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਪੀਲੂ ਦਾ ਮਿਰਜਾ ਸਾਹਿਬਾਂ ਦੀ ਕਥਾ ਨੂੰ ਵਾਰਤਕ ਵਿਚ ਬਿਆਨ ਕੀਤਾ ਗਿਆ ਹੈ। ਪੀਲੂ ਦੇ ਜੀਵਨ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ।ਫਿਰ ਵੀ ਪੀਲੂ ਦੇ ਜੀਵਨ ਕਾਲ ਬਾਰੇ ਵੀ ਖੋਜੀ ਵਿਚਾਰ ਰੱਖੇ ਗਏ ਹਨ। ਉਸ ਨੂੰ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਦੱਸਿਆ ਗਿਆ ਹੈ।
ਇਸ ਪੁਸਤਕ ਵਿਚ ਮਿਰਜਾ ਸਾਹਿਬਾਂ ਤੇ ਬਾਕੀ ਰਚਨਾਵਾਂ ਅਤੇ ਉਨ੍ਹਾਂ ਦੇ ਲੇਖਕਾਂ ਬਾਰੇ ਖੋਜ ਕਰ ਕੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਹਾਫ਼ਜ ਬਰਖੁਰਦਾਰ ਅਤੇ ਪੀਲੂ ਦੇ ਮਿਰਜਾ ਸਾਹਿਬਾਂ ਦੀਆਂ ਕਥਾਵਾਂ ਵਿਚ ਫਰਕ ਦੱਸੇ ਗਏ ਹਨ। ਫਿਰ ਦਸਮ ਗੰ੍ਰਥ ਵਿਚ ਮਿਰਜਾ ਸਾਹਿਬਾਂ ਦੀ ਕਥਾ ਬਾਰੇ ਦੱਸਿਆ ਗਿਆ ਹੈ। ਉਪਰੰਤ ਸਵਿਨਰਟਨ ਅਨੁਸਾਰ ਮਿਰਜਾ ਸਾਹਿਬਾਂ ਦੀ ਕਥਾ ਦਰਜ ਕਰ ਕੇ ਪੀਲੂ ਦੀ ਕਥਾ ਨਾਲ ਅੰਤਰ ਦੱਸੇ ਗਏ ਹਨ। ਦੂਜੇ ਭਾਗ ਵਿਚ ਪੀਲੂ ਦੇ ਮੁੱਖ ਪਾਤਰਾਂ ਬਾਰੇ ਵਿਸਥਾਰ ਵਿਚ ਜਾਣ ਪਛਾਣ ਕਰਾਈ ਗਈ ਹੈ। ਅਲੰਕਾਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਰੂਪਕ ਅਲੰਕਾਰ: ‘ਮਿਰਜਾ ਫੁੱਲ ਗੁਲਾਬ ਦਾ ਮੇਰੀ ਝੋਲੀ ਟੁੱਟ ਪਿਆ’। ਇਸ ਉਪਰੰਤ ਕਿੱਸੇ ਵਿਚ ਆਏ ਸ਼ਿੰਗਾਰ ਰਸ, ਬੀਰ ਰਸ, ਕਰੁਣਾ ਰਸ ਅਤੇ ਹਾਸ ਰਸ ਆਦਿ ਬਾਰੇ ਵੀ ਵਿਸ਼ੇਸ਼ ਹਵਾਲੇ ਹਨ ਜਿਵੇਂ ਸ਼ਿੰਗਾਰ ਰਸ:
ਕੱਢ ਕਲੇਜਾ ਲੈ ਗਈ ਖੀਵੇ ਖਾਨ ਦੀ ਧੀ
ਗਜ ਗਜ ਲੰਮੀਆਂ ਮੀਢੀਆਂ ਰੰਗ ਜੋ ਗੋਰਾ ਸੀ।
ਇਸ ਤੋਂ ਇਲਾਵਾ ਪੀਲੂ ਦੀ ਰਚਨਾ ਦਾ ਮੂਲ ਪਾਠ ਹੈ। ਬਾਅਦ ਵਿਚ ਅੰਤਿਕਾ-1 ਵਿਚ ਕਿੱਸੇ ਵਿਚ ਆਏ ਇਤਿਹਾਸਕ ਅਤੇ ਮਿਥਿਹਾਸਕ ਹਵਾਲਿਆਂ ਦਾ ਵਿਸਥਾਰ ਹੈ। ਅੰਤਿਕਾ 2 ਤੋਂ ਅੰਤਿਕਾ 6 ਤੱਕ ਹੋਰ ਰਚਨਾਵਾਂ ਜਿਵੇਂ ਲੀਜੈਂਡ ਅੋਫ ਪੰਜਾਬ, ਹਾਫ਼ਿਜ ਬਰਖੁਰਦਾਰ, ਦਸਮ ਗ੍ਰੰਥ, ਚਤਰ ਸਿੰਘ ਅਤੇ ਮਿਲਦੇ ਲੋਕ ਗੀਤਾਂ ਵਿਚਲੇ ਮੂਲ ਪਾਠ ਨੂੰ ਦਰਜ ਕਰ ਕੇ ਵਿਸ਼ੇਸ਼ ਟੀਕਾ ਟਿੱਪਣੀ ਵੀ ਕੀਤੀ ਗਈ ਹੈ। ਆਖਿਰ ਵਿਚ ਇਸ ਪੁਸਤਕ ਨੂੰ ਤਿਆਰ ਕਰਨ ਵਿਚ ਜਿਨਾਂ ਪੁਸਤਕਾਂ ਦਾ ਅਧਿਅਨ ਕੀਤਾ ਗਿਆ ਹੈ ਉਨ੍ਹਾਂ ਦੇ ਨਾਮ ਵਿਸਥਾਰ ਨਾਲ ਦਿੱਤੇ ਗਏ ਹਨ।
ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਇਹ ਬਹੁਤ ਮਿਹਨਤ ਨਾਲ ਤਿਆਰ ਕੀਤੀ ਗਈ ਇਕ ਖੋਜ ਪੁਸਤਕ ਹੈ ਜੋ ਆਉਣ ਵਾਲੇ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ। ਇਸ ਪੁਸਤਕ ਦਾ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਸਥਾਨ ਹੈ। ਅਸੀਂ ਡਾ. ਭਗਵੰਤ ਸਿੰਘ ਅਤੇ ਡਾ. ਰਮਿੰਦਰ ਕੌਰ ਜੀ ਨੂੰ ਇਸ ਵੱਡਮੁੱਲੀ ਪੁਸਤਕ ਲਈ ਵਧਾਈ ਦਿੰਦੇ ਹਾਂ।
ਰਿਵਿਊਕਾਰ : ਗੁਰਸ਼ਰਨ ਸਿੰਘ ਕੁਮਾਰ