ਲਿਖ ਤੂੰ ਗੀਤ ਤੇ ਗਜ਼ਲਾਂ, ਭਾਵੇਂ ਤੂੰ ਕਵਿਤਾਵਾਂ ਲਿਖ।
ਧੁੱਪ ’ਚ ਬਲਦੇ ਬਿਰਖਾਂ ਲਈ ਪਰ, ਠੰਢੀਆਂ ਕੁਝ ਹਵਾਵਾਂ ਲਿਖ।
ਕੋਹਲੂ ਦੇ ਵਿੱਚ ਪੀੜ ਕੇ ਕੱਢੇ ਸਾਡੇ ਲਹੂ ਪਸੀਨੇ ਨੂੰ,
ਰੱਖਿਆ ਕਿਹੜੇ ਬੈਂਕਾਂ ਦੇ ਵਿੱਚ ਉਹਦਾ ਨੂੰ ਸਿਰਨਾਵਾਂ ਲਿਖ।
ਪੋਣਿਆਂ ਦੇ ਵਿੱਚ ਬੱਨ੍ਹੀ ਟੁੱਕਰ ਆ ਖੜਦੇ ਵਿੱਚ ਚੌਕਾਂ ਦੇ,
ਸੁੱਕੇ ਪਿੰਜਰ ਕੰਮ ਉਡੀਕਣ ਅੰਦਰੋਂ ਉਠਦੀਆਂ ਆਹਾਂ ਲਿਖ।
ਸੁਪਨੇ ਬੀਜਣ ਵਾਲਾ ਹੁਣ, ਨਸ਼ਿਆਂ ਵਿੱਚ ਗਲਤਾਮ ਫਿਰੇ,
ਕਿੰਨੇ ਸੁਪਨੇ ਮਾਰ ਬੈਠੀਆਂ, ਬਹੂ ਬੇਟੀਆਂ ਮਾਵਾਂ ਲਿਖ।
ਚਾਰੇ ਪਾਸੇ ਗਲਬਾ ਪਾ ਲਿਆ ਜ਼ਹਿਰਾਂ ਵੰਡਣ ਵਾਲੇ ਨੇ,
ਫਿਰਨ ਭਟਕਦੇ ਚਿੜੀ ਜਨੌਰਾਂ ਦੇ ਲਈ ਕੁਝ ਕੁ ਛਾਵਾਂ ਲਿਖ।
ਅੰਨਦਾਤਾ ਸੀ ਕਹਿੰਦੇ ਜਿਹਨੂੰ ਰੁੱਖਾਂ ਦੇ ਨਾਲ ਲਟਕ ਰਿਹਾ,
ਉਹਦੇ ਗਲ ਦਾ ਰੱਸਾ ਵੱਟਿਆ, ਕਿਹੜੇ ਹੱਥਾਂ ਬਾਹਵਾਂ ਲਿਖ।
ਪੜ੍ਹਿਆਂ- ਲਿਖਿਆਂ ਪੁੱਤਰਾਂ ਨੂੰ ਵੀ ਸ਼ਬਦਾਂ ਦੀ ਕੁਝ ਸਮਝ ਪਵੇ,
ਐਹੋ ਜਿਹੇ ਕੁਝ ਅੱਖਰ ਲਿਖ, ਅੱਖਰਾਂ ਵਿੱਚ ਦੁਆਵਾਂ ਲਿਖ।