ਗਜ਼ਲ

ਹਿੰਮਤ ਵਾਲਾ ਦੀਵਾ ਦਿਲ ਦੇ, ਵਿਹੜੇ ਦੇ ਵਿੱਚ ਬਾਲ ਕੁੜੇ।
ਕਾਲੀ ਬੋਲੀ ਰਾਤ ਵਰਗੀਆਂ, ਸਿਰੋਂ ਬਲਾਵਾਂ ਟਾਲ ਕੁੜੇ।

ਆਪਾ ਧਾਪੀ ਦੇ ਆਲਮ ਵਿੱਚ, ਕੌਣ ਕਿਸੇ ਦਾ ਬਣਦਾ ਈ?
ਆਪਣੇ ਹਿੱਸੇ ਦੇ ਸੂਰਜ ਨੂੰ, ਅੱਖਰਾਂ ਵਿੱਚੋ ਭਾਲ ਕੁੜੇ।

ਚੀਜ਼ ਖਰੀਦੇ ਜਾਵਣ ਵਾਲੀ ਜਿਹੜੇ ਤੈਨੂੰ ਕਹਿੰਦੇ ਨੇ,
ਵੱਡੇ ਸ਼ਾਹੂਕਾਰ ਕਹਾਉਂਦੇ ਦਿਲ ਦੇ ਉਹ ਕੰਗਾਲ ਕੁੜੇ।

ਆਪਣਾ ਚਾਨਣ ਆਪ ਬਣੀਂ ਤੂੰ, ਧਰਤੀ ਮਾਂ ਦੀਏ ਜਾਈਏ ਨੀ,
ਸੁਪਨੇ ਅੱਖਾਂ ਵਿੱਚ ਸਜਾਅ ਕੇ, ਤੁਰ ਮੜ੍ਹਕਾਂ ਦੇ ਨਾਲ ਕੁੜੇ।

ਸ਼ਰਮ ਧਰਮ ਦੀਆਂ ਕੰਧਾਂ ਉੱਤੇ, ਇੱਟਾਂ ਧਰਦੇ ਲੋਕਾਂ ਨੂੰ,
ਕਹਿ ਦੇ ਮੈਂ ਕਮਜ਼ੋਰ ਨਹੀਂ, ਹੁਣ ਛੱਡੋ ਮਰਾ ਖਿਆਲ ਕੁੜੇ।

ਬਾਜਾਂ ਉੱਤੇ ਝਪਟਣ ਦੀ ਵੀ, ਚਿੜੀਆਂ ਦੇ ਵਿੱਚ ਹਿੰਮਤ ਹੈ,
ਮਨ ਮਸਤਕ ਵਿੱਚ ਜਜ਼ਬਾ ਹੈ, ਤੇ ਪੈਰਾਂ ਹੇਠ ਭੂਚਾਲ ਕੁੜੇ।

ਗੁਰਚਰਨ ਨਿਤਾਣੀ ਹੋਵਣ ਥਾਂ, ਖੜ੍ਹ ਤੂੰ ਆਪਣੇ ਪੈਰਾਂ ’ਤੇ,
ਆਮ ਨਿਮਾਣੇ ਲੋਕਾਂ ਦੇ ਲਈ, ਬਣ ਜਾ ਇੱਕ ਮਿਸਾਲ ਕੁੜੇ।