ਨਾ ਸਾਰਾ ਸ਼ੀਸ਼ਿਆਂ ਵਰਗਾ, ਨਾ ਹੀ ਪੱਥਰਾਂ ਵਰਗਾ।
ਘਰਾਂ ਵਿੱਚ ਰਹਿਣ ਦੇਵੋ ਯਾਰੋ, ਕੁਝ ਤਾਂ ਘਰਾਂ ਵਰਗਾ।
ਦੁਆਵਾਂ ਲੋਰੀਆਂ ਵਰਗਾ, ਸੁਹਾਗਾਂ ਸਿੱਠਣੀਆਂ ਵਰਗਾ,
ਸਦਾ ਜ਼ਿੰਦਾ ਰਹੇ ਕੁਝ ਤਾਂ, ਗੁਰਮੁਖੀ ਅੱਖਰਾਂ ਵਰਗਾ।
ਹੈ ਖੁਦਗਰਜ਼ ਮੌਸਮ ਇਹ, ਵਿਕਦਾ ਬਹੁਤ ਕੁਝ ਏਥੇ,
ਦਿਲਾਂ ਚੋਂ ਮਾਰ ਨਾ ਲੈਣਾ, ਜੋ ਬਚਿਆ ਜਜ਼ਬਿਆਂ ਵਰਗਾ।
ਮੰਦਰ ਮਸਜਿਦਾਂ ਅੰਦਰ, ਨੇ ਰਹੀਆਂ ਜੁੜਦੀਆਂ ਭੀੜਾਂ,
ਬੜਾ ਚਾਹਿਆ ਉਨ੍ਹਾਂ, ਕੋਈ ਆਵੇ ਬੰਦਿਆਂ ਵਰਗਾ।
ਉਡਾਰੀ ਭੁੱਲ ਜਾਵਣ ਨਾ, ਪਾ ਕੇ ਪਿੰਜਰਿਆਂ ਸੰਗ ਮੋਹ,
ਸੁਨੇਹਾ ਭੇਜ ਉਹਨਾਂ ਨੂੰ, ਲਿਸ਼ਕਦੇ ਬੱਦਲਾਂ ਵਰਗਾ,
ਵਿਕਾਸ ਏ ਦੌਰ ਵਿੱਚ ਯਾਰੋ, ਰਿਸ਼ਤੇ ਵਿਕਣ ਲੱਗੇ ਨੇ,
ਹਰ ਸ਼ਖਸ ਦੇ ਅੰਦਰੋਂ, ਕੁਝ ਮਰਿਆਂ ਸੱਧਰਾਂ ਵਰਗਾ।
ਸਵਾਲੀ ਦਰ ’ਤੇ ਆਉਂਦਾ ਸੀ, ਮੁੜਦਾ ਕਦੇ ਨਾ ਖਾਲੀ,
ਮਾਂ ਜਦ ਮੀਟ ਗਈ ਅੱਖਾਂ, ਰਿਹਾ ਨਾ ਦਰ ਦਰਾਂ ਵਰਗਾ।