ਬਹੁਪੱਖੀ ਸ਼ਖਸੀਅਤ ਪ੍ਰਸਿੱਧ ਅਦਾਕਾਰ, ਲੇਖਕ ਤੇ ਪ੍ਰੋਡਿਊਸਰ ਵਿਜੇ ਟੰਡਨ

ਪੰਜਾਬੀ ਫਿਲਮ ਜਗਤ ’ਚ ਵਿਜੇ ਟੰਡਨ ਦਾ ਨਾਮ ਬੜੇ ਸਤਿਕਾਰ ਤੇ ਅਦਬ ਸਹਿਤ ਲਿਆ ਜਾਂਦਾ ਹੈ, ਕਿਉਂਕਿ ਵਿਜੇ ਟੰਡਨ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਸਾਰੇ ਦੌਰਾਂ ਨੂੰ ਬਾਖੂਬੀ ਹੰਢਾਇਆ ਹੈ। ਸਭ ਤੋਂ ਖਾਸ ਗੱਲ ਵਿਜੇ ਟੰਡਨ ਵੱਲੋਂ ਬਲੈਕ ਐਂਡ ਵਾਈਟ ਤੋਂ ਲੈ ਕੇ ਅੱਜ ਪੰਜਾਬੀ ਸਿਨੇਮੇ ਨੂੰ ਸੁਨਹਿਰੀ ਹੁੰਦਿਆਂ ਅੱਖੀ ਦੇਖ ਰਹੇ ਹਨ। ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਿਕ ਸ਼ਹਿਰ ਜਗਰਾਓ ’ਚ 13 ਮਾਰਚ 1950 ਨੂੰ ਜਨਮੇ ਵਿਜੇ ਟੰਡਨ ਇਕ ਅਜਿਹੀ ਸ਼ਖਸ਼ੀਅਤ ਹੈ, ਜਿਸ ਨਾਲ ਜਿੰਨ੍ਹੀਆਂ ਵੀ ਵਿਸ਼ੇਸ਼ਤਾਵਾਂ ਲਾਈਆਂ ਜਾਣ ਘੱਟ ਹਨ। ਅਦਾਕਾਰੀ ਨਾਲ ਉਨ੍ਹਾਂ ਦੀ ਅਜਿਹੀ ਖਿੱਚ ਰਹੀ ਕਿ 16 ਸਾਲ ਦੀ ਉਮਰ ’ਚ ਹੀ ਉਨ੍ਹਾਂ ਨੇ ਥੀਏਟਰ ਜੁਆਇੰਨ ਕਰ ਲਿਆ ਸੀ ਤੇ ਉਘੇ ਨਾਟਕਕਾਰ ਗੁਰਸ਼ਰਨ ਸਿੰਘ ਭਾਅ ਜੀ, ਸੁਰਜੀਤ ਸਿੰਘ ਸੇਠੀ, ਕਪੂਰ ਸਿੰਘ ਘੁੰਮਣ, ਹਰਪਾਲ ਟਿਵਾਣਾ, ਭਾਗ ਸਿੰਘ ਨਾਲ ਕੰਮ ਕਰਨਾ ਸ਼ੁਰੂ ਕੀਤਾ। ਫਿਰ ਉਹ ਇਸ ਥੀਏਟਰ ’ਚ ਇਸ ਤਰ੍ਹਾਂ ਖੁੱਭ ਗਏ ਕਿ ਜਦੋਂ ਪੰਜਾਬ ਯੂਨੀਵਰਸਿਟੀ ਨੇ ਡਿਪਾਰਟਮੈਂਟ ਇੰਡੀਆ ਥੀਏਟਰ ਬਣਾਇਆ ਤਾਂ ਟੰਡਨ ਵੱਲੋਂ ਅਹਿਮ ਭੂਮਿਕਾ ਅਦਾ ਕੀਤੀ ਗਈ ਤੇ ਬਲਵੰਤ ਗਾਰਗੀ ਦੀ ਨਿਰਦੇਸ਼ਨਾਂ ਹੇਠ ਦੋ ਨਾਟਕ ‘ਦਾ ਲਿਟਲ ਕਲਾਅ ਕਾਰਟ’ ਅਤੇ ‘ਗਗਨ ਮੇ ਥਾਲ’ ’ਚ ਅਦਾਕਾਰੀ ਕੀਤੀ ਤੇ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ। ਵਿਜੇ ਟੰਡਨ ਦੀ ਅਦਾਕਾਰੀ ਪ੍ਰਤੀ ਦਿਲਚਸਪੀ ਅਤੇ ਲਗਨ ਇਸ ਕਦਰ ਵੱਧਦੀ ਗਈ ਕਿ 1973 ’ਚ ਪੰਜਾਬੀ ਫਿਲਮ ’ਚ ਬਤੌਰ ਹੀਰੋ ਕੰਮ ਕੀਤਾ ਤੇ ਨਾਲ ਨਾਲ ਦੇਸ਼ ਅਤੇ ਵਿਦੇਸ਼ ’ਚ ਸਟੇਜੀ ਨਾਟਕ ਵੀ ਜਾਰੀ ਰੱਖੇ। ਇਸ ਤੋਂ ਬਾਅਦ ਵਿਜੇ ਟੰਡਨ ਨੇ ਬਤੌਰ ਪ੍ਰੋਡਿਊਸਰ ਅਤੇ ਲੇਖਕ 15 ਦੇ ਕਰੀਬ ਟੀ.ਵੀ ਸੀਰੀਅਲ ਕੀਤੇ, ਜਿੰਨ੍ਹਾਂ ’ਚ ਪ੍ਰਸਿੱਧ ਸੀਰੀਅਲ ‘ਦੋ ਅਕਾਲਗੜ੍ਹ’, ‘ਸਰਹਿੰਦ’ , ‘ਰਾਣੋ’, ‘ਆਪਣੀ ਮਿੱਟੀ’, ‘ਮਨ ਜੀਤ ਜਗ ਜੀਤ’ ਤੇ ਹਿੰਦੀ ਨਾਟਕ ‘ਬੁਨਿਆਦ’, ‘ਤਾਰਾ’ ਤੇ ‘ਦਾਦਾ ਦਾਦੀ ਕੀ ਕਹਾਣੀ’ ਸ਼ਾਮਿਲ ਹਨ। ਜੇਕਰ ਵਿਜੇ ਟੰਡਨ ਦੇ ਫਿਲਮੀ ਅਦਾਕਾਰੀ ਦੀ ਗੱਲ ਕਰੀਏ ਤਾਂ 60 ਦੇ ਕਰੀਬ ਫਿਲਮਾਂ ’ਚ ਕੰਮ ਕਰ ਚੁੱਕੇ ਹਨ, ਜਿੰਨ੍ਹਾਂ ’ਚ ‘ਮਾਂ ਦਾ ਲਾਡਲਾ’, ‘ਮਿੱਤਰ ਪਿਆਰੇ ਨੂੰ’, ‘ਜੱਟੀ’, ‘ਸਵਾ ਲਾਖ ਸੇ ਇਕ ਲੜਾਊ’, ‘ਯਮਲਾ ਜੱਟ’, ‘ਸ਼ਹੀਦ ਊਧਮ ਸਿੰਘ’, ‘ਸੱਸੀ ਪੂੰਨੂ’, ‘ਸਾਚਾ ਮੇਰਾ ਰੂਪ’, ‘ਯਾਰ ਗਰੀਬਾਂ ਦਾ’, ‘ਸ਼ਹੀਦ-ਏ-ਆਜਮ (ਸ਼ਹੀਦ ਕਰਤਾਰ ਸਿੰਘ ਸਰਾਭਾ), ‘ਕਚਹਿਰੀ’, ‘ਜੱਟ ਐਂਡ ਜੂਲੀਅਟ-2’, ‘ਮੁੰਡੇ ਕਮਾਲ ਦੇ’, ‘ਜੱਟਸ ਇੰਨ ਗੋਲਮਾਲ’, ‘ਮਿਸਟਰ ਐਂਡ ਮਿਸਜ਼ 420’, ‘ਵਿਸਾਖੀ ਲਿਸਟ’, ‘ਗੋਲਕ ਬੁਗਨੀ ਬੈਂਕ ਤੇ ਬਟੂਆ’, ‘ਲੌਂਗ ਲਾਚੀ’, ‘ਮੈਰਿਜ ਪੈਲੇਸ’, ‘ਤੇਰੀ ਮੇਰੀ ਜੋੜੀ’, ‘ਰੱਬ ਦਾ ਰੇਡਿਓ-2’, ‘ਨਾਨਕਾ ਮੇਲ’, ‘ਗਿੱਦੜਸਿੰਗੀ’ ਤੇ ‘ਖਤਰੇ ਦਾ ਘੁਗੂ’ ਆਦਿ ਸ਼ਾਮਿਲ ਹਨ। ਅਦਾਕਾਰੀ ਤੋਂ ਇਲਾਵਾ ਵਿਜੇ ਟੰਡਨ ਨੇ ਕਈ ਪੰਜਾਬੀ ਫਿਲਮਾਂ ’ਚ ਬਤੌਰ ਫਿਲਮ ਲੇਖਕ ਤੇ ਡਾਇਲਾਗ ਵੀ ਲਿਖੇ ਹਨ, ਜਿੰਨ੍ਹਾਂ ’ਚ ਪ੍ਰਸਿੱਧ ਪੰਜਾਬੀ ਫਿਲਮ ‘ਕਚਿਹਰੀ’ ਹੈ, ਇਸ ਫਿਲਮ ’ਚ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਤੇ ਗੁਰਦਾਸ ਮਾਨ ਮੁੱਖ ਭੂਮਿਕਾ ’ਚ ਸਨ ਤੇ ਇਸ ਫਿਲਮ ਨੂੰ ਦਰਸ਼ਕਾਂ ਨੇ ਐਨਾ ਪਿਆਰ ਦਿੱਤਾ ਕਿ ਇਸ ਫਿਲਮ ਨੂੰ 1994 ’ਚ ‘ਬੈਸਟ ਫੀਚਰ ਫਿਲਮ’ ਦਾ ਐਵਾਰਡ ਮਿਲ ਚੁੱਕਾ ਹੈ। ਵਿਜੇ ਟੰਡਨ ਦੀ ਫਿਲਮਾਂ ਪ੍ਰਤੀ ਲਗਨ ਅਤੇ ਮਿਹਨਤ ਇਸ ਕਦਰ ਵੱਧਦੀ ਗਈ ਕਿ ਉਨ੍ਹਾਂ ਨੇ  ਬਾਲੀਵੁੱਡ ਵੱਲ ਨੂੰ ਰੁਖ ਕੀਤਾ ਤੇ ਇਥੇ ਉਨ੍ਹਾਂ ਨੇ ਪ੍ਰਸਿੱਧ ਬਾਲੀਵੁੱਡ ਫਿਲਮ ‘ਸਰਹੱਦ ਪਾਰ’ ਦੀ ਕਹਾਣੀ ਲਿਖੀ। ਜਿਸ ਵਿਚ ਪ੍ਰਸਿੱਧ ਅਦਾਕਾਰ ਸੰਜੇ ਦੱਤ, ਤੱਬੂ, ਮਹਿਮਾ ਚੌਧਰੀ, ਚੰਦਰਚੂਹੜ ਸਿੰਘ ਵਰਗੇ ਅਦਾਕਾਰਾਂ ਨੇ ਅਦਾਕਾਰੀ ਕੀਤੀ। ਵਿਜੇ ਟੰਡਨ ਜਿੰਦਗੀ ਦੇ ਪੰਜ ਦਹਾਕੇ ਫਿਲਮ ਇੰਡਸਟਰੀ ’ਚ ਗੁਜ਼ਾਰਨ ਸਮੇਂ ਅਨੇਕਾਂ ਮਾਣ ਸਨਮਾਨ ਮਿਲੇ, ਪਰ ਪੀ.ਟੀ.ਸੀ ਪੰਜਾਬੀ ਐਵਾਰਡ, ਆਰਟ ਐਂਡ ਕਲਚਰਲ, ਪੰਜਾਬੀ ਸੰਗੀਤ ਤੇ ਨਾਟਕ ਅਕੈਡਮੀ ਡਿਪਾਰਟਮੈਂਟ ਆਫ ਕਲਚਰਲ ਗਤੀਵਿਧੀਆ ਪੰਜਾਬ ਵੱਲੋਂ ਮਿਲੇ ਐਵਾਰਡ ਵਿਸ਼ੇਸ਼ ਹਨ। ਖਾਸ ਗੱਲਬਾਤ ’ਚ ਵਿਜੇ ਟੰਡਨ ਨੇ ਦੱਸਿਆ ਕਿ ਭਾਵੇਂ ਕਿ ਉਨ੍ਹਾਂ ਨੂੰ ਅਨੇਕਾਂ ਮਾਣ ਸਨਮਾਨ ਮਿਲੇ ਪਰ ਦਰਸ਼ਕਾਂ ਵੱਲੋਂ ਮਿਲਿਆ ਪਿਆਰ ਤੇ ਸਤਿਕਾਰ ਉਨ੍ਹਾਂ ਲਈ ਸਭ ਤੋਂ ਵੱਡਾ ਐਵਾਰਡ ਹੈ, ਜੋ ਉਨ੍ਹਾਂ ਨੂੰ ਦਿਨ ਬ ਦਿਨ ਹੋਰ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਦੱਸਿਆ ਆਉਂਣ ਵਾਲੇ ਸਮੇਂ ’ਚ ਪੰਜਾਬੀ ਫਿਲਮਾਂ ‘ਬੂ ਮੈਂ ਮਰ ਗਈ’, ‘ਮੁਕੱਦਰ’, ‘ਪਰਿੰਦੇ’ ਅਤੇ ‘ਨਿਸ਼ਾਨਾ’ ’ਚ ਅਦਾਕਾਰੀ ਕਰਦੇ ਨਜ਼ਰ ਆਉਂਣਗੇ।

                                                                                                                                                                                                                              -ਅਜੀਤ ਸਿੰਘ ਅਖਾੜਾ
                                                                                                                                                                                                                                             (ਜਗਰਾਓ)
                                                                                                                                                                                                                                           95925 51348