ਕਹਿੰਦੇ ਨੇ ਕਿ ਜੇਕਰ ਤੁਸੀਂ ਜ਼ਿੰਦਗੀ ’ਚ ਕੋਈ ਖ਼ਾਸ ਮੁਕਾਮ ਹਾਸਲ ਕਰਨਾ ਹੋਵੇ ਤਾਂ ਉਸ ਲਈ ਤੁਹਾਨੂੰ ਪਹਿਲਾਂ ਨਿਸ਼ਾਨੇ ਮਿੱਥਣੇ ਪੈਂਦੇ ਨੇ, ਇਸੇ ਤਰ੍ਹਾਂ ਦੇ ਨਿਸ਼ਾਨੇ ਮਿੱਥਦੀ-ਮਿੱਥਦੀ ਅਵਨੀਤ ਕੌਰ ਸਿੱਧੂ ਭਾਰਤ ਦੀ ਇਕ ਸਫ਼ਲ ਨਿਸ਼ਾਨੇਬਾਜ਼ ਬਣ ਗਈ ਅਤੇ ਅੱਜਕਲ੍ਹ ਉਹ ਪੰਜਾਬ ਪੁਲਿਸ ’ਚ ਬਤੌਰ ਐਸ.ਐਸ.ਪੀ. ਜ਼ਿਲ੍ਹਾ ਫਾਜ਼ਿਲਕਾ ’ਚ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਅਵਨੀਤ ਕੋਰ ਸਿੱਧੂ ਦਾ ਜਨਮ 30 ਅਕਤੂਬਰ, 1981 ’ਚ ਬਠਿੰਡਾ ਸ਼ਹਿਰ ਵਿਖੇ ਸਵ. ਮਾਤਾ ਇੰਦਰਜੀਤ ਕੌਰ ਅਤੇ ਅੰਮ੍ਰਿਤਪਾਲ ਸਿੰਘ ਸਿੱਧੂ ਦੇ ਘਰ ਹੋਇਆ। ਉਨ੍ਹਾਂ ਦਾ ਵਿਆਹ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ ਨਾਲ ਹੋਇਆ ਜੋ ਅੱਜਕਲ੍ਹ ਪੰਜਾਬ ਪੁਲਿਸ ’ਚ ਬਤੌਰ ਐਸ.ਪੀ. ਰੋਪੜ ਵਿਖੇ ਸੇਵਾਵਾਂ ਨਿਭਾ ਰਹੇ ਹਨ ਅਤੇ ਉਨ੍ਹਾਂ ਦੋਵਾਂ ਦੀ ਇਕ 9 ਸਾਲ ਦੀ ਬੇਟੀ ਫ਼ਤਹਿਰੀਤ ਕੌਰ ਵੀ ਹੈ।
ਅਵਨੀਤ ਦੇ ਪਿਤਾ ਅੰਮ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਬਠਿੰਡਾ ’ਚ ਸੇਂਟ ਜੋਸੇਫ਼ ਦੀ ਕਾਨਵੈਂਟ ਸਕੂਲ ਤੋਂ ਪੜ੍ਹਾਈ ਕਰਨ ਤੋਂ ਬਾਅਦ 2001 ਵਿਚ ਦਸ਼ਮੇਸ਼ ਗਰਲਜ਼ ਕਾਲਜ, ਬਾਦਲ ਤੋਂ ਆਪਣੇ ਸ਼ੂਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਬਠਿੰਡਾ ’ਚ ਕੋਈ ਸ਼ੂਟਿੰਗ ਰੇਂਜ ਨਹੀਂ ਸੀ। ਅਭਿਆਸ ਕਰਨ ਲਈ ਪਿੰਡ ਬਾਦਲ ਜਾਣਾ ਪੈਂਦਾ ਸੀ ਪਰ ਬੇਟੀ ਦੀ ਮਿਹਨਤ ਤੇ ਦਿਲਚਸਪੀ ਦੇ ਚੱਲਦਿਆਂ ਉਨ੍ਹਾਂ ਨੇ ਉਸ ਦਾ ਪੂਰਾ ਸਾਥ ਦਿੱਤਾ। ਬੇਟੀ ਨੇ ਵੀ ਜੋ ਸੁਪਨਾ ਦੇਖਿਆ ਸੀ, ਉਸ ਨੂੰ ਪੂਰਾ ਕਰ ਕੇ ਦਿਖਾਇਆ ਅਤੇ ਪਰਿਵਾਰ ਦਾ ਮਾਣ ਵਧਾਇਆ। ਅੱਜ ਬੇਟੀ ਦੀਆਂ ਪ੍ਰਾਪਤੀਆਂ ’ਤੇ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ।
ਗੱਲ ਅਵਨੀਤ ਕੌਰ ਸਿੱਧੂ ਦੀਆਂ ਪ੍ਰਾਪਤੀਆਂ ਦੀ ਕਰੀਏ ਤਾਂ ਸਾਲ 2006 ’ਚ ਮੈਲੋਬਰਨ (ਆਸਟ੍ਰੇਲੀਆ) ਵਿਚ ਹੋਈਆਂ ਰਾਸ਼ਟਰਮੰਡਲ (ਕਾਮਨਵੈਲਥ) ਖੇਡਾਂ ’ਚ ਹਿੱਸਾ ਲੈਂਦਿਆਂ ਉਨ੍ਹਾਂ ਨੇ ਆਪਣੇ ਦੇਸ਼ ਦੀ ਝੋਲੀ 2 ਤਗ਼ਮੇ ਪਾਏ, ਜਿਸ ’ਚ ਇਕ ਸੋਨ ਤਗਮਾ ਉਨ੍ਹਾਂ ਨੇ ਭਾਰਤੀ ਨਿਸ਼ਾਨੇਬਾਜ਼ ਤੇਜਸਵਨੀ ਸਾਂਵਤ ਨਾਲ ਮਿਲ ਕੇ ਟੀਮ ਵਰਗ ’ਚ ਜਿੱਤਿਆ ਸੀ, ਜਦੋਂ ਕਿ ਦੂਜਾ ਚਾਂਦੀ ਦਾ ਤਗਮਾ ਉਨ੍ਹਾਂ ਨੇ ਵਿਅਕਤੀਗਤ ਮੁਕਾਬਲੇ ’ਚ ਜਿੱਤਿਆ ਸੀ। ਇਸੇ ਸਾਲ ਦੋਹਾ ’ਚ ਹੋਈਆਂ ਏਸ਼ਿਆਈ ਖੇਡਾਂ ’ਚ ਉਨ੍ਹਾਂ ਕਾਂਸੀ ਦਾ ਤਗਮਾ ਜਿੱਤਿਆ। ਸਾਲ 2007 ’ਚ ਕੁਵੈਤ ’ਚ ਹੋਈਆਂ 11ਵੀਂ ਏਸ਼ਿਆਈ
ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਉਨ੍ਹਾਂ ਇਕ ਵਾਰ ਫਿਰ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ। 2007 ਦੀਆਂ ਗੁਹਾਟੀ ’ਚ ਹੋਈਆਂ 33ਵੀਆਂ ਕੌਮੀ ਖੇਡਾਂ ’ਚ ਉਨ੍ਹਾਂ ਦੇ ਚਾਂਦੀ ਦੋ ਤਗਮੇ ਜਿੱਤੇ। ਇਸ ਤੋਂ ਬਾਅਦ ਅਹਿਮਦਾਬਾਦ ’ਚ ਹੋਈਆਂ 51ਵੀਆਂ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਿਆ। 2008 ’ਚ ਆਸਟ੍ਰੇਲੀਆ ਕੱਪ ਸਿਡਨੀ ’ਚ ਸੋਨ ਤਗਮਾ, 2010 ’ਚ ਇੰਟਰਸ਼ੂਟ ਨੀਦਰਲੈਂਡਜ਼ ’ਚ ਵਿਅਕਤੀਗਤ ਖੇਡ ’ਚ ਚਾਂਦੀ ਅਤੇ ਟੀਮ
ਵਰਗ ’ਚ ਸੋਨ ਤਗਮਾ, ਸਾਲ 2011 ਕੌਮੀ ਚੈਂਪੀਅਨਸ਼ਿਪ ’ਚ ਟੀਮ ਵਰਗ ’ਚ ਸੋਨ ਤਗਮਾ ਜਿੱਤਿਆ। ਇਸ ਤੋਂ ਇਲਾਵਾ 2012, 2013, 2015, 2016 ਦੇ ਸਾਰੇ ਚਾਰ ਅਲੀ ਭਾਰਤੀ ਪੁਲਿਸ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਸੋਨ ਤਗਮਾ, 2017 ’ਚ ਵਿਸ਼ਵ ਪੁਲਿਸ ਖੇਡਾਂ, ਲਾਂਸ ਏਂਜਲਸ (ਅਮਰੀਕਾ) ’ਚ ਇਕ ਸੋਨ, ਇਕ ਚਾਂਦੀ ਤੇ ਦੋ ਕਾਂਸੀ ਤਗਮੇ ਜਿੱਤੇ ਹਨ। ਉਨ੍ਹਾਂ ਨੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ 100 ਤੋਂ ਵੱਧ ਤਗਮੇ ਜਿੱਤੇ ਹੋਏ ਹਨ। ਇਨ੍ਹਾਂ ਪ੍ਰਾਪਤੀ ਨੂੰ ਮੁੱਖ ਰੱਖ ਕੇ ਕੇਂਦਰ ਸਰਕਾਰ ਨੇ ਸਾਲ 2008 ’ਚ ਉਨ੍ਹਾਂ ਨੂੰ ਅਰਜੁਨ ਪੁਰਸਕਾਰ ਜਦੋਂ ਕਿ 2013 ’ਚ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਸੀ। ਉਨ੍ਹਾਂ ਨੇ 12 ਵਿਸ਼ਵ ਕੱਪਾਂ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ 2006 ’ਚ ਵਿਸ਼ਵ ਚੈਂਪੀਅਨਸ਼ਿਪ ’ਚ 400 ’ਚੋਂ 397 ਅਤੇ ਭਾਰਤ ਲਈ ਉਲੰਪਿਕ ਕੋਟਾ ਸਥਾਨ ਪ੍ਰਾਪਤ ਕੀਤਾ। ਉਹ 2008 ’ਚ ਬੀਜਿੰਗ ਉਲੰਪਿਕ ਖੇਡਾਂ ’ਚ ਭਾਰਤ ਦੀ ਮੇਜ਼ਬਾਨੀ ਕਰਨ ਵਾਲੀ ਪੰਜਾਬ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਹੈ ਅਤੇ ਪੰਜਾਬ ਤੋਂ ਰਾਸ਼ਟਰ ਮੰਡਲ ਤੇ ਏਸ਼ਿਆਈ ਖੇਡਾਂ ਦੇ ਤਗਮੇ ਜਿੱਤਣ ਵਾਲੀ ਪਹਿਲੀ ਨਿਸ਼ਾਨੇਬਾਜ਼ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਸਮੇਂ ਉਨ੍ਹਾਂ ਨੂੰ ਖੇਡ ਕੋਟੇ ’ਚ ਬਤੌਰ (ਡੀ.ਐਸ.ਪੀ) ਨਿਯੁਕਤ ਕੀਤਾ ਗਿਆ ਸੀ। ਬਾਅਦ ’ਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਫਰੀਦਕੋਟ ਵਿਖੇ (ਐਸ.ਪੀ.) ਤਾਇਨਾਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਫਾਜ਼ਿਲਕਾ ਵਿਖੇ ਬਤੌਰ ਐਸ.ਪੀ. ਸੇਵਾਵਾਂ ਨਿਭਾਈਆਂ। ਫਾਜ਼ਿਲਕਾ ਤੋਂ ਬਾਅਦ ਉਨ੍ਹਾਂ ਨੂੰ ਫਰੀਦਕੋਟ ’ਚ ਬਤੌਰ ਜ਼ਿਲ੍ਹਾ ਪੁਲਿਸ ਮੁਖੀ ਦੀ ਅਹਿਮ ਜ਼ਿੰਮੇਦਾਰੀ ਦਿੱਤੀ ਗਈ ਅਤੇ ਉੱਥੇ ਹੀ ਉਹ ‘ਦਬੰਗ ਲੈਡੀ’ ਦੇ ਨਾਂਅ ਨਾਲ ਪ੍ਰਸਿੱਧ ਹੋਏ। ਵੱਖ-ਵੱਖ ਅਹੁਦਿਆਂ ’ਤੇ ਰਹਿੰਦੇ ਹੋਇਆ ਉਹ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾ ਰਹੇ ਹਨ।
ਮੁਹੰਮਦ ਹਨੀਫ ਥਿੰਦ