ਗਰਮੀ ਦੀ ਰੁੱਤ ’ਚ ਪਸ਼ੂਆਂ ਦੀ ਦੇਖਭਾਲ ਕਿਵੇਂ ਕਰੀਏ?

ਮਈ ਤੇ ਜੂਨ ਦੇ ਮਹੀਨੇ ਪਸ਼ੂਆਂ ਵਾਸਤੇ ਬਹੁਤ ਹੀ ਤਨਾਅਪੂਰਣ ਹੁੰਦੇ ਹਨ ਕਿਉਂਕਿ ਵਾਤਾਵਰਨ ਬਹੁਤ ਹੀ ਖੁਸ਼ਕ ਅਤੇ ਗਰਮੀ ਵਾਲਾ ਹੁੰਦਾ ਹੈ। ਇਸ ਰੁੱਤ ਵਿਚ ਪਸ਼ੂਆਂ ਵਿਚ ਚਿੱਚੜ, ਜੂੰਆਂ ਆਦਿ ਪੈਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਕਦਮ ਮੌਸਮੀ ਤਾਪਮਾਨ ਹੈ ਦਾ ਵਾਧਾ ਹੋਣ ਕਾਰਨ ਪਸ਼ੂਆਂ ਦਾ ਸਰੀਰਿਕ ਤਾਪਮਾਨ ਵੱਧ ਜਾਂਦਾ ਹੈ ਅਤੇ ਸਾਹ ਕਿਰਿਆ ਤੇਜ਼ ਹੋ ਜਾਂਦੀ ਹੈ। ਪਸ਼ੂ ਨੂੰ ਭੁੱਖ ਘੱਟ ਲੱਗਦੀ ਹੈ। ਭੁੱਖ ਘੱਟ ਲੱਗਣ ਕਾਰਨ ਪਸ਼ੂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ (ਇਮਊਨਿਟੀ) ਘੱਟ ਜਾਂਦੀ ਹੈ।ਪਸ਼ੂ ਦੁੱਧ ਘੱਟ ਦਿੰਦਾ ਹੈ। ਹੋਰ ਵਾਇਰਲ ਅਤੇ ਬੈਕਟੀਰੀਅਲ ਬਿਮਾਰੀਆਂ ਦਾ ਪ੍ਰਕੋਪ ਵਧ ਜਾਂਦਾ ਹੈ।
ਇਸ ਸੰਬੰਧੀ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਪਸ਼ੂ ਪਾਲਕਾਂ ਨੂੰ  ਸਲਾਹ ਜਾਰੀ ਕੀਤੀ ਗਈ ਹੈ ਕਿ ਅਜਿਹੀ ਸਥਿਤੀ ਵਿਚ ਪਸ਼ੂ ਪਾਲਕਾਂ ਨੂੰ ਕੁਝ ਮਹੱਤਵਪੂਰਨ ਗੱਲਾਂ ਧਿਆਨ ’ਚ ਰੱਖਣੀਆਂ ਚਾਹੀਦੀਆਂ ਹਨ ਤਾਂ ਕਿ ਵਧਦੀ ਗਰਮੀ ਪਸ਼ੂ ਨੂੰ ਪ੍ਰਭਾਵਿਤ ਨਾ ਕਰ ਸਕੇ। ਜਿਸ ਵਿਚ ਜ਼ਰੂਰੀ ਹੈ ਕਿ ਪਸ਼ੂਆਂ ਨੂੰ ਹਵਾਦਾਰ ਸ਼ੈੱਡ ਜਾਂ ਛਾਂਦਾਰ ਦਰੱਖਤ ਥੱਲ੍ਹੇ ਹੀ ਬੰਨ੍ਹਿਆ ਜਾਣਾ ਚਾਹੀਦਾ ਹੈ। ਪਸ਼ੂਆਂ ਦੇ ਸਰੀਰ ਦਾ ਤਾਪਮਾਨ ਸਥਿਰ ਰੱਖਣ ਵਾਸਤੇ ਪਸ਼ੂਆਂ ਨੂੰ ਤਾਜ਼ੇ ਪਾਣੀ ਨਾਲ ਦੋ ਵਾਰ ਨਹਾਉਣਾ ਚਾਹੀਦਾ ਹੈ। ਪਸ਼ੂਆਂ ਨੂੰ ਦਿਨ ਵਿਚ 3 ਵਾਰ ਖੁੱਲ੍ਹਾ ਸਾਫ਼ ਸੁਥਰਾ ਪਾਣੀ ਪਿਆਉਣਾ ਚਾਹੀਦਾ ਹੈ। ਪਸ਼ੂਆਂ ਦੀ ਖੂਰਲੀ ਵਿਚ ਕਾਲੇ ਨਮਕ ਦੀ ਇੱਟ ਜ਼ਰੂਰ ਰੱਖਣੀ ਚਾਹੀਦੀ ਹੈ। ਪਸ਼ੂਆਂ ਦੇ ਆਲੇ-ਦੁਆਲੇ ਅਤੇ ਫ਼ਰਸ਼ ਦੀ ਸਫ਼ਾਈ ਰੱਖੀ ਜਾਵੇ। ਪਸ਼ੂਆਂ ਨੂੰ ਮੱਖੀ, ਮੱਛਰ, ਚਿੱਚੜ ਅਤੇ ਜੂੰਆਂ ਤੋਂ ਬਚਾਅ ਕੇ ਰੱਖਿਆ ਜਾਣਾ ਚਾਹੀਦਾ ਹੈ। ਪਸ਼ੂਆਂ ਨੂੰ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਮਲੱਪ ਰਹਿਤ ਰੱਖਿਆ ਜਾਵੇ। ਪਸ਼ੂਆਂ ਨੂੰ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਗਲਘੋਟੂ, ਮੂੰਹ ਖੁਰ, ਗੋਟ ਪੌਕਸ ਵੈਕਸੀਨ ਲਗਵਾਈ ਜਾਵੇ। ਹਰ ਦਵਾਈ ਵੈਟਰਨਰੀ ਡਾਕਟਰ ਜਾਂ ਵੈਟਰਨਰੀ ਇੰਸਪੈਕਟਰ ਦੀ ਸਲਾਹ ਨਾਲ ਹੀ ਦਿੱਤੀ ਜਾਵੇ। ਘੁੰਮਾਂਤਰੂ ਪਸ਼ੂਆਂ ਤੋਂ ਘਰੇਲੂ ਪਸ਼ੂਆਂ ਨੂੰ ਦੂਰ ਰੱਖਿਆ ਜਾਵੇ।
ਹਰ ਕਿਸਮ ਦੀ ਜਾਣਕਾਰੀ ਲਈ ਨੇੜੇ ਦੀ ਪਸ਼ੂ ਸਿਹਤ ਸੰਸਥਾ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ। ਉਮੀਦ ਹੈ ਕਿ ਪਸ਼ੂ ਪਾਲਕ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਗੇ ਅਤੇ ਆਪਣੇ ਪਸ਼ੂਆਂ ਦੀ ਗਰਮੀ ਦੇ ਦਿਨਾਂ ਵਿਚ ਆਮ ਨਾਲੋਂ ਜ਼ਿਆਦਾ ਦੇਖਭਾਲ ਕਰਨ ਨੂੰ ਯਕੀਨੀ ਬਣਾਉਣਗੇ। ਜੇਕਰ ਇਹ ਦੋ ਮਹੀਨੇ ਪਸ਼ੂਆਂ ਨੂੰ ਖੁਸ਼ਕ ਅਤੇ ਗਰਮੀ ਵਾਲੇ ਮੌਸਮ ਤੋਂ ਬਚਾਅ ਲਿਆ ਜਾਵੇ ਤਾਂ ਜਿੱਥੇ ਪਸ਼ੂ ਤੰਦਰੁਸਤ ਵੀ ਰਹੇਗਾ, ਉੱਥੇ ਉਸ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ।ਇਮਊਨਿਟੀ) ਅਤੇ ਦੁੱਧ ਦੀ ਮਿਕਦਾਰ ਵੀ ਵਧੇਗੀ।

ਪ੍ਰਭਦੀਪ ਸਿੰਘ ਨੱਥੋਵਾਲ