ਪੰਜਾਬੀ ਸੱਭਿਆਚਾਰ ਵਿਚ ਗੱਲ ਜਿੱਥੇ ਪੰਜਾਬੀ ਪਹਿਰਾਵੇ, ਗਿੱਧੇ-ਝੰਗੜੇ, ਲੋਕਗੀਤਾਂ, ਖੇਡਾਂ ਆਦਿ ਦੀ ਹੁੰਦੀ ਹੈ ਉੱਥੇ ਹੀ ਪੰਜਾਬੀ ਖਾਣਿਆਂ ਤੋਂ ਵੀ ਕੋਈ ਅਣਜਾਣ ਨਹੀਂ ਹੈ। ਪੰਜਾਬੀ ਖਾਣਿਆਂ ਵਿਚ ਛੋਲਿਆਂ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੈ। ਛੋਲਿਆਂ ਨੂੰ ਕਈ ਤਰੀਕਿਆਂ ਨਾਲ ਖਾਧਾ ਜਾਂਦਾ ਹੈ, ਜਿਵੇਂ ਸਬਜ਼ੀ ਬਣਾ ਕੇ, ਭੁੰਨ ਕੇ, ਹੋਲਾਂ ਬਣਾ ਕੇ। ਜੇਕਰ ਕੋਈ ਰੇਹੜੀ ਕੋਲ ਛੋਲੀਆ ਖਰੀਦਣ ਲਈ ਭਾਅ ਵੀ ਪੁੱਛਦਾ ਤਾਂ ਉਹ ਇੱਕ-ਦੋ ਟਾਟਾਂ ਤੋੜ ਕੇ ਮੂੰਹ ’ਚ ਪਾਉਣੋਂ ਖੁਦ ਰੋਕ ਨਹੀਂ ਸਕਦਾ।
ਭਾਵੇਂ ਛੋਲੀਆ ਕੱਚਾ ਖਾਣਾ ਹੋਵੇ, ਸਬਜ਼ੀ ਬਣਾ ਕੇ, ਹੋਲਾਂ ਬਣਾ ਕੇ ਤੇ ਜਾਂ ਫੇਰ ਚਟਣੀ ਬਣਾ ਕੇ ਖਾਣਾ ਹੋਵੇ, ਇਸ ਦਾ ਆਪਣਾ ਵੱਖਰਾ ਹੀ ਸਵਾਦ ਤੇ ਅਨੰਦ ਹੈ।
ਕੋਈ ਸਮਾਂ ਸੀ ਜਦੋਂ ਖੇਤਾਂ ’ਚ ਛੋਲਿਆਂ ਦੀ ਖੇਤੀ ਆਮ ਤੇ ਵੱਡੇ ਪੱਧਰ ’ਤੇ ਕੀਤੀ ਜਾਂਦੀ ਸੀ। ਉਸ ਸਮੇਂ ਖੇਤੀ ’ਤੇ ਬਹੁਤ ਥੋੜ੍ਹੇ ਖਰਚੇ ਹੁੰਦੇ ਸਨ ਤੇ ਝਾੜ ਵੀ ਚੰਗਾ ਨਿੱਕਲਦਾ ਸੀ। ਛੋਲਿਆਂ ਦੀ ਖੇਤੀ ਬਰਾਨੀ ਜ਼ਮੀਨ ਵਿਚ ਕੀਤੀ ਜਾਂਦੀ ਸੀ, ਜਿਸ ’ਤੇ ਕੋਈ ਰੇਹ-ਸਪਰੇਅ ਆਦਿ ਨਾ ਕੀਤੀ ਹੋਣ ਕਾਰਨ ਬਰਾਨੀ ਛੋਲੇ ਬੜੇ ਸੁਆਦਲੇ ਅਤੇ ਸਿਹਤ ਭਰਪੂਰ ਹੁੰਦੇ ਸਨ। ਪਿੰਡਾਂ ਦੀਆਂ ਔਰਤਾਂ ਆਮ ਹੀ ’ਕੱਠੀਆਂ ਹੋ ਕੇ ਛੋਲੀਆ ਲੈਣ ਜਾਂਦੀਆਂ ਤੇ ਕਿਸੇ ਦੇ ਵੀ ਖੇਤ ’ਚੋਂ ਬੂਟੇ ਪੁੱਟ ਕੇ ਲੈ ਆਉਂਦੀਆਂ।
ਜਿੰਨੇ ਬੂਟਿਆਂ ਦੀਆਂ ਅੱਜ-ਕੱਲ੍ਹ ਗੁੱਟੀਆਂ ਬਣਾ ਕੇ ਪਿੰਡਾਂ ਤੇ ਸ਼ਹਿਰਾਂ ਵਿਚ ਵੇਚੀਆਂ ਜਾਂਦੀਆਂ ਹਨ ਓਨੇ ਬੂਟੇ ਤਾਂ ਨਿਆਣਿਆਂ ਦੇ ਹੱਥਾਂ ’ਚ ਖਾਣ ਲਈ ਫੜੇ ਹੁੰਦੇ ਸਨ। ਪਿੰਡਾਂ ਦੇ ਹਰੇਕ ਘਰ ’ਚ ਰੋਜ਼ਾਨਾ ਵਾਂਗੂੰ ਛੋਲੀਏ ਦੀ ਸਬਜ਼ੀ ਬਣਦੀ। ਜਦੋਂ ਛੋਲੇ ਥੋੜ੍ਹੇ ਪਕਰੌੜ ਹੋ ਜਾਂਦੇ ਤਾਂ ਉਨ੍ਹਾਂ ਦੀਆਂ ਹੋਲ਼ਾਂ ਬਣਾ ਲਈਆਂ ਜਾਂਦੀਆਂ। ਛੋਲਿਆਂ ਦੇ ਹਰੇ ਬੂਟਿਆਂ ਨੂੰ ਅੱਗ ਬਾਲ ਕੇ ਵਿਚ ਰੱਖ ਦਿੱਤਾ ਜਾਂਦਾ, ਅੱਗ ’ਚ ਬੂਟਿਆਂ ਦੇ ਪੱਤੇ ਤੇ ਟਾਹਣੀਆਂ ਸੜ ਜਾਂਦੇ ਤੇ ਟਾਟਾਂ ਭੁੱਜ ਕੇ ਵੱਖ ਹੋ ਜਾਂਦੀਆਂ। ਕਈ ਟਾਟਾਂ ਸੇਕ ਨਾਲ ਮੱਚ ਜਾਂਦੀਆਂ ਤੇ ਉਹਨਾਂ ਅੰਦਰਲੇ ਦਾਣੇ ਬਾਹਰ ਨਿੱਕਲ ਜਾਂਦੇ। ਫਿਰ ਛੋਲਿਆਂ ਦੇ ਇੱਕ ਦੋ ਹਰੇ ਬੂਟੇ ਲੈ ਕੇ ਅੱਗ ਬੁਝਾ ਦਿੱਤੀ ਜਾਂਦੀ ਤੇ ਭੁੱਜੀਆਂ ਹੋਈਆਂ ਟਾਟਾਂ ਨੂੰ ਕੋਲਿਆਂ ਤੋਂ ਵੱਖ ਕਰ ਲਿਆ ਜਾਂਦਾ। ਜਿਨ੍ਹਾਂ ਨੂੰ ਹੋਲ਼ਾਂ ਕਿਹਾ ਜਾਂਦਾ ਹੈ। ਫਿਰ ਗਰਮਾ-ਗਰਮ ਹੋਲ਼ਾਂ ਖਾਧੀਆਂ ਜਾਂਦੀਆਂ ਸਨ। ਕਈ ਘਰਾਂ ’ਚ ਲੋਕ ਤੌੜੇ (ਘੜੇ) ਆਦਿ ਭਰ ਕੇ ਹੋਲ਼ਾਂ ਰੱਖਦੇ, ਜੋ ਕਾਫ਼ੀ ਸਮਾਂ ਖਾਧੀਆਂ ਜਾਂਦੀਆਂ। ਨਿਆਣਿਆਂ ਦੀਆਂ ਜੇਬ੍ਹਾਂ ਜਾਂ ਗੀਜਿਆਂ ’ਚ ਹੋਲ਼ਾਂ ਹੁੰਦੀਆਂ, ਜਿਸ ਕਰਕੇ ਹੱਥ, ਬੁੱਲ੍ਹ, ਜੇਬ੍ਹਾਂ ਆਦਿ ਕਾਲੇ ਹੋ ਜਾਂਦੇ ਪਰ ਇਸ ਸਭ ਦੀ ਪਰਵਾਹ ਕੀਤੇ ਬਿਨਾ ਹਰ ਨਿਆਣਾ-ਸਿਆਣਾ ਜਰੂਰ ਜੇਬਾਂ ਹੋਲਾਂ ਨਾਲ ਭਰਕੇ ਰੱਖਦਾ।
ਅੱਜ-ਕੱਲ੍ਹ ਜਦੋਂ ਰੇਹੜੀਆਂ ’ਤੇ ਬਜ਼ਾਰਾਂ ’ਚ ਵਿਕਦੀਆਂ ਛੋਲੀਏ ਦੀਆਂ ਗੁੱਟੀਆਂ ਦੇਖਦੇ ਹਾਂ ਤਾਂ ਉਹ ਪੁਰਾਣੇ ਦਿਨ ਬੜੇ ਚੇਤੇ ਆਉਂਦੇ ਹਨ, ਉਹ ਹੱਥਾਂ ’ਚ ਫੜ੍ਹ ਕੇ ਛੋਲੀਆ ਖਾਣਾ, ਹੋਲ਼ਾਂ ਖਾਣੀਆਂ। ਦਿਲ ਦੇ ਕਿਸੇ ਕੋਨੇ ’ਚ ਦੱਬੀਆਂ ਯਾਦਾਂ ਮੁੜ ਤਾਜ਼ਾ ਹੋ ਜਾਂਦੀਆਂ ਹਨ। ਪਰ ਜਿਵੇਂ ਕਹਿੰਦੇ ਹਨ ਕਿ ਕਮਾਨੋਂ ਨਿੱਕਲਿਆ ਤੀਰ, ਜੁਬਾਨੋਂ ਨਿੱਕਲੀ ਗੱਲ, ਤੇ ਲੰਘਿਆ ਹੋਇਆ ਸਮਾਂ ਕਦੇ ਮੁੜ ਕੇ ਵਾਪਸ ਨਹੀਂ ਆਉਂਦੇ। ਅੱਜ-ਕੱਲ੍ਹ ਨਾ ਤਾਂ ਉਹ ਬਰਾਨੀ ਜ਼ਮੀਨਾਂ ਹਨ ਜਿੱਥੇ ਛੋਲਿਆਂ ਦੀ ਖੇਤੀ ਕੀਤੀ ਜਾ ਸਕੇ, ਕਿਉਂਕਿ ਸਾਇੰਸ ਦੀ ਤਰੱਕੀ, ਵਧਦੀ ਅਬਾਦੀ ਅਤੇ ਉਦਯੋਗਿਕ ਤਰੱਕੀ ਕਾਰਨ ਬਰਾਨੀ ਜ਼ਮੀਨਾਂ ਦੀ ਹੋਂਦ ਖ਼ਤਮ ਹੋ ਚੁੱਕੀ ਹੈ। ਬਰਾਨੀ ਟਿੱਬਿਆਂ ਨੂੰ ਲੋਕਾਂ ਨੇ ਪੱਧਰੇ ਕਰ ਕੇ ਪਾਣੀ ਲੱਗਣ ਯੋਗ ਬਣਾ ਲਿਆ ਹੈ।
ਅੱਜ-ਕੱਲ੍ਹ ਬਹੁਤ ਘੱਟ ਲੋਕ ਛੋਲਿਆਂ ਦੀ ਖੇਤੀ ਕਰਦੇ ਹਨ। ਜੇ ਕਰਦੇ ਹਨ ਤਾਂ ਪਾਣੀ ਲਾ ਕੇ ਅਤੇ ਰੇਹ-ਸਪਰੇਅ ਨਾਲ ਫ਼ਸਲ ਪਾਲੀ ਜਾਂਦੀ ਹੈ, ਜਿਸ ਕਰਕੇ ਅੱਜ-ਕੱਲ੍ਹ ਦੇ ਛੋਲੀਏ ’ਚ ਉਹ ਪਹਿਲਾਂ ਵਾਲਾ ਸੁਆਦ ਅਤੇ ਸਾਨੂੰ ਸਿਹਤਮੰਦ ਰੱਖਣ ਵਾਲੇ ਜ਼ਰੂਰੀ ਤੱਤ ਨਹੀਂ ਮਿਲਦੇ। ਜੇਕਰ ਇੰਜ ਕਹਿ ਲਈਏ ਕਿ ਦਿਨੋਂ-ਦਿਨ ਤਰੱਕੀ ਕਰਨ ਦੀ ਲਾਲਸਾ ਕਾਰਨ ਅਸੀਂ ਖੁਦ ਹੀ ਕੁਦਰਤ ਦੀਆਂ ਬਖ਼ਸ਼ੀਆਂ ਇਹਨਾਂ ਕੀਮਤੀ ਤੇ ਬੇਮਿਸਾਲ ਸੁਆਦਲੀਆਂ ਨਿਆਮਤਾਂ ਤੋਂ ਵਾਂਝੇ ਹੋ ਗਏ ਹਾਂ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਪ੍ਰਕਾਸ਼ ਮਲਹਾਰ