ਪਹਿਲਾਂ ਆਮ ਲੋਕ ਇਹ ਹੀ ਗੱਲਾਂ ਕਰਿਆ ਕਰਦੇ ਸਨ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ। ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ। ਉਸ ਹਿਸਾਬ ਨਾਲ ਵਿਗਿਆਨੀ ਉਹੋ ਜਿਹੀਆਂ ਚੀਜ਼ਾਂ ਤਿਆਰ ਕਰਨ ਲੱਗ ਜਾਂਦੇ ਹਨ। ਇਹ ਗੱਲ ਤਾਂ ਬਹੁਤ ਚੰਗੀ ਹੈ। ਪਰ ਇਸ ਦਾ ਦੂਜਾ ਪਾਸਾ ਇਹ ਹੁੰਦਾ ਹੈ। ਜਿਹੜੀ ਚੀਜ਼ ਦਾ ਲਾਭ ਹੁੰਦਾ ਹੈ। ਉਸ ਦੀਆਂ ਕੁਝ ਹਾਨੀਆਂ ਵੀ ਜ਼ਰੂਰ ਹੁੰਦੀਆਂ ਹਨ। ਅੱਜ ਜੋ ਵੀ ਚੀਜ਼ ਅਸੀਂ ਆਪਣੇ ਆਸੇ ਪਾਸੇ ਵੇਖਦੇ ਹਾਂ ਉਹ ਸਭ ਸਾਇੰਸ ਦੀ ਕਾਢ ਹੈ। ਪਰ ਜੋ ਅੱਜ ਸਾਨੂੰ ਸਭ ਤੋਂ ਜਿਆਦਾ ਨੁਕਸਾਨ ਦੇਹ ਸਾਬਿਤ ਹੋਇਆ ਹੈ ਤੇ ਉਹ ਹੈ ਮੋਬਾਈਲ। ਜੋ ਜਨੇ-ਖਨੇ ਦੇ ਹੱਥ ਵਿੱਚ ਆ ਗਿਆ ਹੈ। ਬੇਸ਼ੱਕ ਇਸ ਦੇ ਫ਼ਾਇਦੇ ਵੀ ਬਹੁਤ ਸਾਰੇ ਹਨ। ਪਰ ਨੁਕਸਾਨ ਉਸ ਤੋਂ ਵੀ ਜ਼ਿਆਦਾ ਕਰ ਰਹੇ ਹਨ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਜ਼ਿਆਦਾ ਹਾਨੀਕਾਰਕ ਸਾਬਿਤ ਹੋ ਰਿਹਾ ਹੈ। ਬੱਚੇ ਜੰਮਦੇ ਹੀ ਆਪਣੇ ਹੱਥ ਖਿਲੌਨਿਆਂ ਦੀ ਥਾਂ ਮੋਬਾਇਲਾਂ ਨੂੰ ਪਾ ਰਹੇ ਹਨ। ਦੂਜੇ ਪਾਸੇ ਮਾਵਾਂ ਵੀ ਆਪਣਾ ਦੁੱਧ ਪਿਲਾਉਣ ਦੀ ਥਾਂ ਬਣਾਉਟੀ ਦੁੱਧ ਨੂੰ ਪਹਿਲ ਦੇ ਰਹੀਆਂ ਹਨ। ਪਹਿਲਾਂ ਆਮ ਹੀ ਲੋਕ ਗੱਲ ਕਰਿਆ ਕਰਦੇ ਸਨ ਕਿ ਮਾਂ ਵੀ ਉਨਾ ਚਿਰ ਬੱਚੇ ਨੂੰ ਦੁੱਧ ਨਹੀਂ ਦਿੰਦੀ। ਜਿੰਨਾ ਚਿਰ ਬੱਚਾ ਰੋਂਦਾ ਨਹੀਂ। ਹੁਣ ਉਹੀ ਬੱਚਾ ਜਦੋਂ ਰੋਣ ਲੱਗ ਜਾਂਦਾ ਹੈ। ਮਾਂ ਝੱਟਪੱਟ ਉਸ ਨੂੰ ਦੁੱਧ ਦੀ ਬੋਤਲ ਦੇਣ ਤੋਂ ਪਹਿਲਾਂ ਮੋਬਾਈਲ ਉਸ ਨੂੰ ਫੜਾ ਦਿੰਦੀ ਹੈ। ਬੱਚੇ ਵੀ ਉਸ ਨਾਲ ਖੇਡਣ ਲੱਗ ਜਾਂਦੇ ਹਨ। ਬਸ ਉਹੀ ਆਦਤ ਬੱਚਿਆਂ ਦਾ ਨੁਕਸਾਨ ਕਰ ਰਹੀਆਂ ਹਨ। ਜਿਸ ਕਰਕੇ ਅੱਜਕੱਲ ਬੱਚੇ ਮਾਵਾਂ ਨਾਲੋਂ ਜ਼ਿਆਦਾ ਪਿਆਰ ਮੋਬਾਈਲਾਂ ਨੂੰ ਕਰਨ ਲੱਗ ਪਏ ਹਨ। ਜਿਸ ਦਾ ਖਮਿਆਜ਼ਾ ਬਹੁਤ ਸਾਰੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਨਿੱਕੇ ਨਿੱਕੇ ਬੱਚੇ ਐਨਕਾਂ ਲਾਉਣ ਲਈ ਮਜ਼ਬੂਰ ਹੋ ਰਹੇ ਹਨ।ਵੱਡੇ ਵੱਡੇ ਨੰਬਰਾਂ ਦੀਆਂ ਐਨਕਾਂ ਲਾਈ ਫਿਰਦੇ ਹਨ। ਹੁਣ ਪਹਿਲਾਂ ਵਾਂਗੂੰ ਪੜ੍ਹਾਈ ਵੀ ਲਗਨ ਨਾਲ ਨਹੀਂ ਕਰਦੇ ਨਜ਼ਰ ਆਉਂਦੇ। ਵੇਖਣ ਤੇ ਸੁਣਨ ਵਿੱਚ ਇਹ ਆ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਨੈਟ ਦੀ ਵਰਤੋਂ ਵੀ ਬੱਚੇ ਹੀ ਕਰਦੇ ਹਨ। ਮੋਬਾਈਲ ਕੰਪਨੀਆਂ ਦੇ ਮਾਲਕ ਹਰ ਰੋਜ਼ ਲੋਕਾਂ ਨੂੰ ਭਰਮਾਉਣ ਵਾਸਤੇ ਕੁਝ ਨਾ ਕੁਝ ਲਾਲੀ ਪੌਪ ਦੇਣ ਵਿਚ ਕਸਰ ਨਹੀਂ ਛੱਡ ਰਹੇ। ਸਾਨੂੰ ਉਹਨਾਂ ਤੋਂ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ। ਮਾਵਾਂ ਦਾ ਫਰਜ਼ ਬਣਦਾ ਹੈ ਕਿ ਆਪਣਾ ਫਰਜ਼ ਨਿਭਾਉਣ। ਆਪਣੇ ਬੱਚਿਆਂ ਨੂੰ ਪੂਰਾ ਪੂਰਾ ਬਣਦਾ ਪਿਆਰ ਦੇਣ। ਮੋਬਾਇਲਾਂ ਤੋਂ ਛੁਟਕਾਰਾ ਪਾਉਣ ਦੀ ਖੇਚਲ ਕਰਨ। ਨਹੀਂ ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਅੰਨੀਆਂ ਹੋ ਜਾਣਗੀਆਂ। ਸਿਹਤ ਵਜੋਂ ਵੀ ਕਮਜ਼ੋਰ ਹੋ ਜਾਣਗੀਆਂ। ਅੱਜ ਜ਼ਰੂਰਤ ਹੈ ਬੱਚਿਆਂ ਹੱਥੋਂ ਮੋਬਾਇਲ ਖੋਹ ਕੇ ਉਹਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੀ।