ਹੜਾਂ ਦੀ ਤਬਾਹੀ ਬਾਰੇ ਗੀਤ

ਸਰਕਾਰਾਂ ਵਾਂਗਰ ਕੁਦਰਤ ਵੀ,
ਦੁਸ਼ਮਣ ਹੋ ਗਈ ਕਿਸਾਨਾਂ ਦੀ।
ਵੇਖੋ ਕੀ ਇਹਨੇ ਹਾਲਤ ਕੀਤੀ,
ਸੱਭੇ ਫਸਲਾਂ ਅਤੇ ਮਕਾਨਾਂ ਦੀ।
ਕਿਸਾਨਾਂ ਨੇ ਜਿੰਨੀ ਜ਼ੀਰੀ ਲਾਈ,
ਮਿੱਟੀ ਦੇ ਵਿੱਚ ਸਾਰੀ ਮਿਲਾਈ।
ਮਹਿੰਗੇ ਮੁੱਲ ਦੇ ਪਸ਼ੂਆਂ ਦੀ ਵੀ,
ਕਿੰਨੀ ਡਾਹਢੀ ਸ਼ਾਮਿਤ ਆਈ।
ਕਿਵੇਂ ਹੋਵੇਗੀ ਹੁਣ ਇਹ ਪੂਰਤੀ,
ਐਡੇ -ਵੱਡੇ ਹੋਏ ਨੁਕਸਾਨਾਂ ਦੀ।
ਵੇਖੋ ਕੀ ਇਹਨੇ ਹਾਲਤ ਕੀਤੀ............।
ਕਈ-ਕਈ ਫੁੱਟ ਪਾਣੀ ਆ ਕੇ,
ਮਕਾਨਾਂ ਦੇ ਵਿੱਚ ਵੜ ਗਿਆ ਏ।
ਘਰਾਂ ਵਿਚਲਾ ਕੀਮਤੀ ਸਮਾਨ ,
ਭੇਟ ਹੜ੍ਹਾਂ ਦੀ ਚੜ੍ਹ ਗਿਆ ਏ।
ਕਿੱਥੋਂ ਕਰਾਵੇਗਾ ਕੋਈ ਮੁਰੰਮਤ,
ਡਿੱਗੇ-ਢੱਠੇ ਇਹਨਾਂ ਮਕਾਨਾਂ ਦੀ।
ਵੇਖੋ ਕੀ ਇਹਨੇ ਹਾਲਤ ਕੀਤੀ............।
ਗਰੀਬਾਂ ਦੀ ਤਾਂ ਅਸਲੋਂ ਹਾਲਤ,
ਮਾੜੀ ਕੀਤੀ ਹੜ੍ਹਾਂ ਦੇ ਪਾਣੀ ਨੇ।
ਸਭ ਕੁੱਝ ਉਨ੍ਹਾਂ ਦਾ ਰੁੜ੍ਹ ਗਿਆ,
ਦੁੱਖ ਮਨਾਇਆ ਹਰ ਪ੍ਰਾਣੀ ਨੇ।
ਸਮਾਜ ਸੇਵੀਆਂ ਸੇਵਾ ਸੀ ਕੀਤੀ,
ਪ੍ਰਵਾਹ ਨਹੀਂ ਕੀਤੀ ਜਾਨਾਂ ਦੀ।
ਵੇਖੋ ਕੀ ਇਹਨਾਂ ਹਾਲਤ ਕੀਤੀ..........।
ਨਹਿਰੀ ਵਿਭਾਗ ਨੇ ਆਪਣੇ ਫਰਜ਼,
ਸੋਹਣੀ ਤਰ੍ਹਾਂ ਜੇ ਨਿਭਾਏ ਹੁੰਦੇ।
ਐਨਾ ਨੁਕਸਾਨ ਕਦੇ ਨ੍ਹੀਂ ਸੀ ਹੋਣਾ,
ਬੰਨ੍ਹ ਜੇ ਮਜ਼ਬੂਤ ਬਣਾਏ ਹੁੰਦੇ।
ਪ੍ਰਬੰਧਾਂ ਬਾਰੇ ਵੀ ਪੋਲ ਹੈ ਖੁੱਲ੍ਹੀ,
ਪ੍ਰਸ਼ਾਸਨ ਦੇ ਕਰੇ ਐਲਾਨਾਂ ਦੀ।
ਵੇਖੋ ਕੀ ਇਹ ਨੇ ਹਾਲਤ ਕੀਤੀ...............।
ਸਰਕਾਰ ਵੀ ਹੁਣ ਤਕੜੀ ਹੋ ਕੇ,
ਖੜ੍ਹ ਜੇ ਆ ਕੇ ਇਹਨਾਂ ਦੇ ਨਾਲ।
ਤਬਾਹੀ ਦੀ ਭਰਪਾਈ ਕਰਕੇ,
ਬਣ ਜੇ ਆ ਕੇ ਇਨ੍ਹਾਂ ਦੀ ਢਾਲ।
‘ਅਮਰੀਕ ਤਲਵੰਡੀ’ਕਰੇ ਸਿਫਤ,
ਸਮਾਜ ਸੇਵੀ ਇਨਸਾਨਾਂ ਦੀ।
ਵੇਖੋ ਕੀ ਇਹਨੇ ਹਾਲਤ ਕੀਤੀ............।

                                                                                                                                                                                                                                   —ਅਮਰੀਕ ਸਿੰਘ ਤਲਵੰਡੀ ਕਲਾਂ—