ਬੁਢਾਪਾ ਤੇਰੇ ਕੁੱਛੜ ਬਹਿਕੇ

ਜ਼ਿੰਦੇ ਨੀ ਹੁਣ ਜੋਬਨ ਕਿੱਥੋਂ,ਕੋਈ ਮੋੜ ਲਿਆਵੇ ਦੁਬਾਰੇ।
ਬੁਢਾਪਾ ਤੇਰੇ ਕੁੱਛੜ ਬਹਿਕੇ,ਤੈਨੂੰ ਕਰਦਾ ਗੁੱਝੇ ਇਸ਼ਾਰੇ।

ਤੂੰ ਭੋਲੀ ਨਾ ਸਮਝੇਂ ਭੋਰਾ,ਜੋਬਨ ਰੁੱਤ ਦੇ ਲਈ ਲਲਚਾਵੇਂ।
ਤੇਰੇ ਜਹੀ ਕੋਈ ਹੋਊ ਕਮਲੀ,ਤੂੰ ਬਚਪਨ ਵੀ ਨਾ ਭੁਲਾਵੇਂ।
ਤੇਰੇ ਕਈ ਸੰਗੀ ਸਾਥੀ,ਕਰ ਗਏ ਦੁਨੀਆਂ ਤੋਂ ਕਿਨਾਰੇ।
ਬੁਢਾਪਾ ਤੇਰੇ ਕੁੱਛੜ ਬਹਿਕੇ.................................।

ਹਾਲੇ ਤੱਕ ਵੀ ਜੇ ਜ਼ਿੰਦੇ ਤੂੰ,ਚੰਗੀਆਂ ਪੈੜਾਂ ਨਹੀਂ ਛੱਡੀਆਂ।
ਪਿੱਛੋਂ ਜਗ ਤੈਨੂੰ ਯਾਦ ਕਰੇ ,ਕੋਈ ਕਰ ਜਾ ਗੱਲਾਂ ਵੱਡੀਆਂ।
ਸੰਭਲ ਦਾ ਨ੍ਹੀਂ ਸਮਾਂ ਮਿਲਣਾ,ਜਦੋਂ ਮੌਤ ਨੇ ਪਾਏ ਖਿਲਾਰੇ।
ਬੁਢਾਪਾ ਤੇਰੇ ਕੁੱਛੜ ਬਹਿਕੇ...................................।

ਜ਼ਿੰਦੇ ਨੀ ਜੀਨ੍ਹੇ ਜ਼ਿੰਦਗੀ ਵਿੱਚ,ਭਲੇ ਦਾ ਕੰਮ ਨਹੀਂ ਕੀਤਾ।
ਮਿਲੇ ਸਮੇਂ ਨੂੰ ਉਨ੍ਹੇ ਸਮਝੋ,ਲਾਇਆ ਹੱਥੀਂ ਆਪ ਪਲੀਤਾ।
ਹਾਲੇ ਵੀ ਤੂੰ ਚੰਗੇ ਕੰਮਾਂ ਲਈ,ਲਾ ਦੇ ਦਿਨ ਜੋ ਬਚਦੇ ਸਾਰੇ।
ਬੁਢਾਪਾ ਤੇਰੇ ਕੁੱਛੜ ਬਹਿਕੇ..................................।

ਜ਼ਿੰਦੇ ਨੀ ਸੁਣ ਮੇਰੀਏ ਜ਼ਿੰਦੇ, ਝੋਲੀ ਖਾਲੀ ਰਹਿ ਨਾ ਜਾਵੇ।
ਪਹਿਲਾਂ ਹੀ ਸਿਵਿਆਂ ਦੇ ਰਾਹ ‘ਤਲਵੰਡੀ’ਕਿਤੇ ਪੈ ਨਾ ਜਾਵੇ।
ਪਤਾ ਨਹੀਂ ਕਦੋ ਛੱਡਣੇ ਪੈਣੇ,ਦਿਸਦੇ ਨੇ ਜੋ ਮਹਿਲ ਮੁਨਾਰੇ।
ਬੁਢਾਪਾ ਤੇਰੇ ਕੁੱਛੜ ਬਹਿਕੇ...............................।