ਅੱਜਕਲ ਸਾਡੇ ਸਮਾਜ ਵਿੱਚ ਕੁੱਤੇ ਰੱਖਣ ਦਾ ਇੱਕ ਰਿਵਾਜ਼ ਜਿਹਾ ਪੈ ਗਿਆ ਹੈ। ਕੁੱਤੇ ਵੀ ਕੋਈ ਦੇਸੀ ਨਹੀਂ ਸਗੋਂ ਅਲੱਗ- ਅਲੱਗ ਕਿਸਮਾਂ ਦੇ ਰੱਖੇ ਜਾ ਰਹੇ ਹਨ। ਕਿਸੇ ਵੀ ਘਰ ਵਿੱਚ ਜਾਈਏ ਤਾਂ ਜਿੱਥੇ ਪਹਿਲਾਂ ਬਜ਼ੁਰਗਾਂ ਨੂੰ ਲੋਕ ਮਿਲਦੇ ਸਨ। ਉਥੇ ਅੱਜਕਲ ਕੁੱਤਿਆਂ ਨੂੰ ਮਿਲਣਾ ਪੈਂਦਾ ਹੈ। ਕਿਉਂਕਿ ਉਹ ਵੀ ਘਰ ਦੇ ਡਰਾਇੰਗ ਰੂਮਾਂ ਦੇ ਵਿੱਚ ਸੋਫਿਆਂ ਤੇ ਸਜ਼ ਧਜ ਕੇ ਬੈਠੇ ਮਿਲਦੇ ਹਨ। ਫਿਰ ਉਹਨਾਂ ਦੇ ਨਾਂਅ ਵੀ ਇਨਸਾਨਾਂ ਦੇ ਨਾਵਾਂ ਨਾਲ ਮਿਲਦੇ ਜੁਲਦੇ ਰੱਖੇ ਹੋਏ ਹੁੰਦੇ ਹਨ। ਬੱਚੇ ਭਾਵੇ ਆਏ ਹੋਏ ਮਹਿਮਾਨ ਨੂੰ ਮਿਲਣ ਜਾਂ ਨਾਂ ਮਿਲਣ ਪਰ ਘਰ ਵਾਲੇ ਕੁੱਤਿਆਂ ਨਾਲ ਜ਼ਰੂਰ ਮਿਲਾਉਣ ਦੀ ਕੋਸ਼ਿਸ ਕਰਦੇ ਹਨ। ਫਿਰ ਕੁੱਤੇ ਦੀਆਂ ਸਿਫਤਾਂ ਦੇ ਪੁੱਲ ਹੀ ਬੰਨ ਦੇਣਗੇ। ਜਿਵੇ ਇਸ ਨੇ ਵਰਡਵਾਰ ਜਿਤੀ ਹੋਵੇ। ਇਹ ਕਿਥੋਂ ਲੈ ਕੇ ਆਏ ਕਿਵੇਂ ਲੈਕੇ ਆਏ। ਕੁੱਤੇ ਦੀਆਂ ਦਵਾਈਆਂ ਤੇ ਖੁਰਾਕ ਦੀ ਵੀ ਪੂਰੀ ਜਾਣਕਾਰੀ ਦੱਸ ਦਿੰਦੇ ਹਨ। ਮੈਨੂੰ ਇੱਕ ਗੱਲ ਆਪਣੀ ਯੂਨਿਟ ਦੀ ਯਾਦ ਆ ਗਈ। ਜਦੋਂ ਸਾਡੀ ਯੂਨਿਟ ਪੱਛਮੀ ਬੰਗਾਲ ਦੇ ਜਿਲ੍ਹਾ ਜਲਪਾਈਗੁੜ੍ਹੀ ਦੇ ਬਕਰਾਕੋਟ ਇਲਾਕੇ ਵਿੱਚ ਤਹਿਨਾਤ ਸੀ। ਸਾਡੀ ਯੂਨਿਟ ਦੀ ਲੁਕੇਸਨ ਬਿਲਕੁੱਲ ਚਾਹ ਦੇ ਬਾਗ਼ ਦੇ ਵਿਚਕਾਰ ਸੀ ਸਾਡੇ ਚਾਰ ਚੁਫ਼ੇਰੇ ਚਾਹ ਦੇ ਬਾਗ਼ ਹੁੰਦੇ ਸੀ ਉੱਥੇ ਹਾਥੀਆਂ ਦੇ ਝੁੰਡ ਆਮ ਹੀ ਘੁੰਮਦੇ ਫਿਰਦੇ ਹੁੰਦੇ ਸੀ। ਜਿਵੇਂ ਹੁਣ ਪੰਜਾਬ ਵਿੱਚ ਅਵਾਰਾ ਡੰਗਰ ਘੁੰਮਦੇ ਫਿਰਦੇ ਦਿਸਦੇ ਹਨ। ਉਸੇ ਤਰ੍ਹਾਂ ਉਸ ਇਲਾਕੇ ਵਿੱਚ ਹਾਥੀ ਟੱਕਰਾਂ ਮਾਰਦੇ ਫਿਰਦੇ ਰਹਿੰਦੇ ਸੀ। ਉਸੇ ਸਮੇਂ ਸਾਡੇ ਕਮਾਂਡਿੰਗ ਅਫਸਰ ਨੂੰ ਕੁੱਤਿਆਂ ਨਾਲ ਬਹੁਤ ਪਿਆਰ ਸੀ। ਉਸ ਨੇ ਅਲੱਗ ਕਿਸਮਾਂ ਦੇ ਕੁੱਤੇ ਰੱਖੇ ਹੋਏ ਸੀ। ਜਿਹਨਾਂ ਦੀ ਖੁਰਾਕ ਵੀ ਫੌਜ਼ ਦੀ ਸਪਲਾਈ ਵਲੋਂ ਦਿਤੀ ਜਾਂਦੀ ਸੀ ਕੁੱਤਿਆਂ ਨੇ ਸਾਰਾ-ਸਾਰਾ ਦਿਨ ਖੁਲ੍ਹਾ ਡੁਲਾ ਮੀਟ ਖਾਣਾ। ਸ਼ੇਰਾਂ ਵਾਗੂੰ ਪਾਲ ਕੇ ਰੱਖੇ ਹੋਏ ਸਨ। ਸ਼ਾਮ ਸਵੇਰੇ ਦੇ ਤਿੰਨ ਜਣਿਆਂ ਨੇ ਕੁੱਤਿਆਂ ਨੂੰ ਘੁੰਮਾਉਣਾ ਫ਼ਿਰੌਣਾ। ਸਾਬਣ ਨਾਲ ਨੁਹਾ ਕੇ ਫਿਰ ਸਾਫ ਸੁੱਥਰੇ ਜੈਗਲੇ ਵਿੱਚ ਬੰਦ ਕਰ ਦਿੰਦੇ ਸੀ। ਮੈਡਮ ਨੇ ਆਪਣੇ ਪੇਟੋਂ ਜਾਇਆਂ ਦਾ ਖਿਆਲ ਘੱਟ ਤੇ ਕੁੱਤਿਆਂ ਦਾ ਜ਼ਿਆਦਾ ਰੱਖਣਾ। ਇੱਕ ਦਿਨ ਉਹਨਾਂ ਦਾ ਮਾਂ ਪਿਉ ਉਹਨਾਂ ਨੂੰ ਮਿਲਣ ਆ ਗਿਆ। ਉਹਨਾਂ ਦੀ ਉਮਰ ਵੀ ਬਥੇਰੀ ਸੀ ਤੇ ਰਹਿੰਦੇ ਵੀ ਬਿਮਾਰ ਸਨ ਉਹਨਾਂ ਸੋਚਿਆ ਕਿ ਅਸੀਂ ਆਪਣੇ ਨੂੰਹ ਪੁੱਤਰ ਕੋਲ ਜਾਂਦੇ ਹਾਂ। ਸਾਡੀ ਸਾਂਭ ਸੰਭਾਲ ਵੀ ਚੰਗੀ ਹੋ ਜਾਵੇਗੀ ਤੇ ਅਸੀਂ ਆਪਣੀ ਬਿਮਾਰੀ ਦਾ ਇਲਾਜ਼ ਵੀ ਕਰਵਾ ਲਵਾਂਗੇ। ਪਰ ਇੱਥੇ ਹੋਇਆ ਕੁੱਝ ਹੋਰ ਹੀ ਮਾਂ ਪਿਉ ਵੱਲ ਧਿਆਨ ਕਿਸੇ ਨੇ ਦਿੱਤਾ ਹੀ ਸਗੋਂ ਕੁੱਤਿਆਂ ਦੀਆਂ ਹੀ ਕਹਾਣੀਆਂ ਉਹਨਾਂ ਨੂੰ ਸੁਣਾਉਂਦੇ ਰਹਿੰਦੇ। ਉਹਨਾਂ ਕਈ ਵਾਰ ਇਹ ਵੀ ਕਿਹਾ ਕਿ ਅਸੀਂ ਤੁਹਾਡੇ ਕੋਲ ਆਏ ਹਾਂ ਕੁੱਝ ਸਮਾਂ ਸਾਨੂੰ ਵੀ ਦਿਉ ਅਗੋ ਜਬਾਬ ਇਹੋ ਮਿਲਣਾ ਕਿ ਤੁਸੀਂ ਤਾਂ ਸਮਝਦਾਰ ਹੋ ਆਪਣੀ ਦਵਾ ਦਾਰੂ ਆਪ ਲੈ ਸਕਦੇ ਹੋ। ਪਰ ਇਹਨਾਂ ਬੇ ਜ਼ੁਬਾਣੀਆ ਦਾ ਕੌਣ ਹੈ। ਇਹਨਾਂ ਨੇ ਕਿਹੜਾ ਬੋਲ ਕੇ ਦੁੱਖ ਤਖਲੀਫ ਦਸਣੀ ਏ। ਉਹਨਾਂ ਨੇ ਅੱਗਿਉ ਚੁੱਪ ਕਰ ਜਾਣਾ। ਹੱਦ ਉਸ ਦਿਨ ਹੋ ਗਈ ਜਦੋਂ ਕਰਨਲ ਸਾਬ੍ਹ ਨੇ ਆਪਣੇ ਘਰ ਵਿੱਚ ਸੀਨੀਅਰ ਅਫਸਰਾਂ ਦੀ ਪਾਰਟੀ ਰੱਖੀ। ਬਹੁਤ ਤਰ੍ਹਾਂ ਦੇ ਪਕਵਾਨ ਬਣਾਇਆ ਹੋਏ ਸੀ। ਮੈਡਮ ਨੇ ਸਭ ਤੋਂ ਪਹਿਲਾਂ ਕੁੱਤਿਆਂ ਨੂੰ ਰਜ਼ਾ ਕੇ ਜੰਗਲਿਆਂ ਵਿੱਚ ਡੱਕ ਦਿੱਤਾ। ਹੁਣ ਪਾਰਟੀ ਥੋੜ੍ਹੀ ਜਿਹੀ ਦੇਰ ਨਾਲ ਸ਼ੁਰੂ ਹੋਣੀ ਸੀ। ਬਜ਼ੁਰਗਾਂ ਨੂੰ ਆਦਤ ਸੀ ਸਮੇਂ ਨਾਲ ਰੋਟੀ ਖਾਣ ਦੀ। ਕਿਉਂਕਿ ਰੋਟੀ ਖਾਣ ਤੋਂ ਬਾਅਦ ਉਹਨਾਂ ਨੇ ਦਵਾਈ ਲੈਕੇ ਸੌਣਾ ਹੁੰਦਾ ਸੀ ਬਜ਼ੁਰਗਾਂ ਲਈ ਜਿਹੜਾ ਸੇਵਾਦਾਰ ਉਹਨਾਂ ਦੀ ਸੇਵਾ ਵਿੱਚ ਰਖਿਆ ਸੀ। ਉਸ ਨੂੰ ਕਿਹਾ ਕਿ ਸਾਨੂੰ ਰੋਟੀ ਲਿਆ ਦੇ ਅਸੀਂ ਫਿਰ ਅਰਾਮ ਕਰਨਾ ਏ ਹੁਣ ਸੇਵਾਦਾਰ ਨੇ ਮੇਮ ਸਾਬ੍ਹ ਨੂੰ ਜਾ ਕੇ ਦਸਿਆ ਕਿ ਅੰਕਲ ਆਂਟੀ ਰੋਟੀ ਮੰਗ ਰਹੇ ਹਨ। ਮੇਮ ਸਾਬ੍ਹ ਅਗੋਂ ਅੱਗ ਬਿਭੂਤੀ ਹੋ ਕੇ ਬੋਲੀ ਉਹਨਾਂ ਨੂੰ ਹੁਣੇ ਹੀ ਭੋਖੜਾ ਲੱਗ ਗਿਆ ਹੈ। ਉਹਨਾਂ ਨੂੰ ਕਹਿ ਚੁੱਪ ਕਰਕੇ ਬੈਠ ਜਾਣ। ਸਾਡੇ ਘਰ ਮਹਿਮਾਨ ਆ ਰਹੇ ਹਨ। ਪਹਿਲਾਂ ਉਹਨਾਂ ਨੂੰ ਵੇਖਣਾ ਹੈ ਕਿ ਇਹਨਾਂ ਨੂੰ। ਇਹਨਾਂ ਦਾ ਕੰਮ ਹੀ ਬੋਲਣਾ ਹੈ।
ਸੇਵਾਦਾਰ ਚੁੱਪ ਚਾਪ ਕਰਕੇ ਵਾਪਿਸ ਮੁੜ ਗਿਆ। ਜਦੋਂ ਫਿਰ ਥੋੜ੍ਹੀ ਦੇਰ ਤੱਕ ਉਹਨਾਂ ਨੇ ਰੋਟੀ ਦੀ ਮੰਗ ਕੀਤੀ। ਹੁਣ ਮੇਮ ਸਾਬ੍ਹ ਆਪ ਆਈ ਤੇ ਉਹਨਾਂ ਨੂੰ ਕਮਰੇ ਵਿੱਚ ਬੰਦ ਕਰਕੇ ਚਲੀ ਗਈ। ਇੱਧਰ ਦੇਰ ਰਾਤ ਤੱਕ ਪਾਰਟੀ ਚਲੀ ਖੂਬ ਮੌਜ਼ ਮਸਤੀਆਂ ਹੋਈਆਂ। ਸਾਰੇ ਮਹਿਮਾਨ ਖਾਣਾ ਖਾ ਕੇ ਚਲੇ ਗਏ। ਕਰਨਲ ਸਾਬ੍ਹ ਤੇ ਮੇਮ ਸਾਬ੍ਹ ਵੀ ਖਾਣਾ ਖਾ ਕੇ ਸੌ ਗਏ। ਬਜ਼ੁਰਗਾਂ ਦਾ ਚੇਤਾ ਹੀ ਭੁੱਲ ਗਿਆ। ਉਹ ਸਾਰੀ ਰਾਤ ਭੁੱਖੇ ਰਹੇ ਬਿਨਾਂ ਦਵਾਈ ਖਾਧਿਆਂ ਤੜਫ ਤੜਫ ਕੇ ਉਹਨਾਂ ਰਾਤ ਕੱਟੀ। ਜਨਾਬ ਹੋਰੀ ਰਾਤ ਦੇ ਥੱਕੇ ਅਗਲੇ ਦਿਨ ਦੇਰ ਨਾਲ ਉੱਠੇ। ਸੇਵਾਦਾਰ ਨੇ ਜਦੋਂ ਆ ਕੇ ਵੇਖਿਆ ਤਾਂ ਦਰਵਾਜ਼ਾ ਰਾਤ ਦਾ ਉਸੇ ਤਰਾਂ ਵੱਜਿਆ ਹੋਇਆ ਸੀ। ਜਦੋਂ ਸੇਵਾਦਾਰ ਨੇ ਦਰਵਾਜ਼ਾ ਖੋਲਿਆ ਤਾਂ ਉਹ ਭੁੱਬਾਂ ਮਾਰ ਮਾਰ ਰੌਣ ਲੱਗ ਪਏ। ਪਰ ਲਾਡਲੇ ਪੁੱਤਰ ਕਰਨਲ ਸਾਬ੍ਹ ਨੂੰ ਉਹਨਾਂ ਦੀ ਇਕ ਵੀ ਆਵਾਜ਼ ਨਾ ਸੁਣੀ। ਉਹਨਾਂ ਬਜ਼ੁਰਗਾਂ ਨੇ ਬਿਨਾਂ ਕੁੱਝ ਖਾਧੇ ਪੀਤੇ ਆਪਣਾ ਸਮਾਨ ਚੁੱਕ ਕੇ ਉਥੋਂ ਚਲਦੇ ਬਣੇ। ਜਦੋਂ ਕਰਨਲ ਸਾਬ੍ਹ ਹੋਰੀ ਉੱਠੇ ਉਨੀ ਦੇਰ ਤਕ ਉਹ ਘਰ ਤੋਂ ਬਹੁਤ ਦੂਰ ਜਾ ਚੁੱਕੇ ਸਨ ਸੇਵਾਦਾਰ ਨੂੰ ਜਦੋਂ ਪੁੱਛਿਆ ਕਿ ਸਾਡੇ ਬੁੱਢੇ ਕਿੱਥੇ ਨੇ ਅਗੋ ਉਹ ਬੋਲਿਆ ਜੀ ਉਹ ਇਥੋਂ ਚਲੇ ਗਏ ਨੇ। ਕਿੱਥੇ ਗਏ ਤੂੰ ਕਿਉਂ ਨਹੀਂ ਦੱਸਿਆ ਸਾਨੂੰ। ਸੇਵਾਦਾਰ ਨੂੰ ਸਜ਼ਾ ਸੁਣਾ ਦਿੱਤੀ। ਪਰ ਬਜ਼ੁਰਗਾਂ ਦਾ ਪਿੱਛਾ ਨਹੀਂ ਕੀਤਾ।
ਸਗੋਂ ਇਹ ਜ਼ਰੂਰ ਪੁੱਛਿਆ ਕਿ ਕੁੱਤਿਆਂ ਨੂੰ ਰਾਤ ਖਾਣਾ ਖੁਆ ਦਿੱਤਾ ਸੀ। ਇਹ ਨਹੀਂ ਪੁੱਛਿਆ ਕਿ ਬਜ਼ੁਰਗਾਂ ਨੇ ਖਾਣਾ ਖਾਧਾ ਸੀ ਜਾਂ ਨਹੀਂ ਇਹ ਤਾਂ ਅੱਜਕਲ ਦੇ ਹਲਾਤ ਹੋਏ ਪਏ ਨੇ। ਕੀ ਹੁਣ ਆਉਣ ਵਾਲੀਆਂ ਪੀੜ੍ਹੀਆਂ ਇਸੇ ਤਰਾਂ ਕੁੱਤਿਆਂ ਦਾ ਸਨਮਾਣ ਤੇ ਬਜ਼ੁਰਗਾਂ ਦਾ ਅਪਮਾਣ ਕਰਦੀਆਂ ਰਹਿਣਗੀਆਂ। ਫਿਰ ਮਾਪਿਆਂ ਦਾ ਸਤਿਕਾਰ ਕੌਣ ਕਰੇਗਾ। ਜੇ ਅਸੀਂ ਕਿਸੇ ਦਾ ਸਤਿਕਾਰ ਨਾ ਕੀਤਾ ਫਿਰ ਸਾਡੀ ਹਾਲਤ ਵੀ ਇਹੋਂ ਜਿਹੀ ਹੋਣੀ ਹੈ। ਆਉ ਆਪਾਂ ਵੀ ਆਪਣੇ ਮਾਪਿਆਂ ਦਾ ਆਦਰ ਮਾਣ ਤੇ ਸਤਿਕਾਰ ਕਰਨਾ ਸਿੱਖੀਏ। ਕਿੱਧਰੇ ਅਸੀਂ ਵੀ ਨਾ ਕਮਰਿਆਂ ਵਿੱਚ ਬੰਦ ਹੋ ਕੇ ਨਾ ਰਹਿ ਜਾਈਏ। ਜਾਂ ਫਿਰ ਸਾਨੂੰ ਵੀ ਬਿਰਧ ਆਸ਼ਰਮ ਦੇ ਮੈਂਬਰ ਬਣ ਕੇ ਆਪਣਾ ਅਖਰੀਲਾ ਸਮਾਂ ਨਾ ਬਿਤਾਉਣਾ ਪਵੇ।