ਯੂਟਿਊਬਰ ਰਾਠੀ ਵੱਲੋਂ ਤਿਆਰ ਕੀਤੀ ਵੀਡੀਓ 'ਚ ਗੁਰੂ ਸਾਹਿਬਾਨਾਂ ਨੂੰ ਦਰਸਾਉਂਦੇ ਦ੍ਰਿਸ਼ਾਂ ਦੀ ਅਣਉਚਿਤ ਤਰੀਕੇ ਨਾਲ ਕੀਤੀ ਗਈ ਵਰਤੋਂ ਗਲਤ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 19 ਮਈ 2025 : ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇੱਕ ਯੂਟਿਊਬਰ ਧਰੁਵ ਰਾਠੀ ਵੱਲੋਂ ਏਆਈ ਨਾਲ ਤਿਆਰ ਕੀਤੀ ਐਨੀਮੇਸ਼ਨ ਵੀਡੀਓ ਤੇ ਸਖ਼ਤ ਇਤਰਾਜ਼ ਜਾਹਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰ ਲਿਖਿਆ ਹੈ ਕਿ ਇੱਕ ਯੂਟਿਊਬਰ ਧਰੁਵ ਰਾਠੀ ਦੁਆਰਾ “The Sikh Warrior Who Terrified the Mughals” ਸਿਰਲੇਖ ਹੇਠ ਇੱਕ ਵੀਡੀਓ ਜਿਸ ਵਿੱਚ ਇਤਿਹਾਸਕ ਗਲਤੀਆਂ ਤੋਂ ਇਲਾਵਾ ਏ.ਆਈ (AI) ਨਾਲ ਤਿਆਰ ਕੀਤੇ ਸਾਡੇ ਗੁਰੂ ਸਾਹਿਬਾਨਾਂ ਨੂੰ ਦਰਸਾਉਂਦੇ ਦ੍ਰਿਸ਼ਾਂ ਦੀ ਅਣਉਚਿਤ ਤਰੀਕੇ ਨਾਲ ਕੀਤੀ ਗਈ ਵਰਤੋਂ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਇਸ ਤਰੀਕੇ ਪੇਸ਼ ਕੀਤੇ ਦ੍ਰਿਸ਼ ਅਤੇ ਚਿੱਤਰਣ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਦੇ ਹਨ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਂਦੇ ਹਨ। ਸਤਿਕਾਰਤ ਭਾਸ਼ਾ ਦੀ ਮਹੱਤਤਾ ਬਾਰੇ ਅਗਿਆਨਤਾ ਅਤੇ ਅਜਿਹੇ ਗੁੰਮਰਾਹਕੁੰਨ ਬਿਰਤਾਂਤ ਭਵਿੱਖ ਵਿੱਚ ਵੀ ਸਮੱਸਿਆਵਾਂ ਪੈਦਾ ਕਰਦੇ ਹਨ। ਉਨ੍ਹਾਂ ਸਾਰੇ ਯੂਟਿਊਬਰ ਸਿਰਜਕਾਂ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਵਿਸ਼ਿਆਂ ਉੱਪਰ ਵੀਡਿਓਜ਼ ਤਿਆਰ ਕਰਦੇ ਸਮੇਂ ਬਹੁਤ ਸਾਵਧਾਨੀ ਅਤੇ ਸੰਵੇਦਨਸ਼ੀਲਤਾ ਵਰਤਣ ਲਈ ਕਿਹਾ। ਸਾਡੇ ਸਾਰਿਆਂ ਲਈ ਸਭ ਦੀਆਂ ਧਾਰਮਿਕ ਪਰੰਪਰਾਵਾਂ ਅਤੇ ਇਤਿਹਾਸ ਦੀ ਸਹੀ ਪੜਚੋਲ ਦਾ ਧਿਆਨ ਰੱਖਣਾ ਬਹੁਤ ਮਹੱਤਵਪੂਰਨ ਹੈ। ਮੈਂ ਇਤਰਾਜ਼ਯੋਗ ਟਿੱਪਣੀਆਂ ਨੂੰ ਤੁਰੰਤ ਹਟਾਉਣ ਅਤੇ ਅਗਾਂਹ ਲਈ ਸਿੱਖ ਧਰਮ ਦੀ ਪਵਿੱਤਰ ਵਿਰਾਸਤ ਸੰਬੰਧੀ ਟਿੱਪਣੀ ਕਰਦਿਆਂ ਸੁਚੇਤ ਰਹਿ ਕੇ ਸੁਹਿਰਦਤਾ ਨਾਲ ਪੇਸ਼ ਆਉਣ ਦੀ ਸਭ ਤੋਂ ਉਮੀਦ ਵੀ ਕਰਦਾ ਹਾਂ। ਆਓ ਅਸੀਂ ਸ਼ਰਧਾ ਨਾਲ ਸਹੀ ਸਿੱਖਿਆ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਕਿਸੇ ਵੀ ਕੌਮ ਦੇ ਧਾਰਮਿਕ ਵਿਸ਼ਵਾਸਾਂ ਦਾ ਨਿਰਾਦਰ ਨਾ ਹੋਵੇ।