ਹੁਣ ਤਾਂ ਆਪਣੇ ਆਪ ਨੂੰ ਜ਼ਿਆਦਾ ਵੱਡਾ ਸਿਆਣਾ, ਅਮੀਰ ਅਤੇ ਤਾਕਤਵਰ ਦਿਖਾਉਣ ਲਈ ਬੰਦਾ ਹੀ ਬੰਦੇ ਦਾ ਵੈਰੀ ਬਣਦਾ ਜਾ ਰਿਹਾ ਹੈ। ਹਰ ਦੇਸ਼ ਆਪਣਾ ਸਾਮਰਾਜ ਵਧਾਉਣ ਲਈ ਦੂਸਰੇ ਦੇਸ਼ ਦੇ ਸਾਧਨਾਂ ਤੇ ਕਬਜ਼ਾ ਕਰਨ ਲਈ ਉਸ ਨਾਲ ਨਜ਼ਾਇਜ ਉਲਝ ਰਿਹਾ ਹੈ। ਇਸ ਲਈ ਉਸ ਨੇ ਮਾਰੂ ਹਥਿਆਰ ਬਣਾ ਲਏ ਹਨ। ਜਿਸ ਦਾ ਸਿੱਟਾ ਉਸ ਨੂੰ ਦੋ ਆਲਮੀ ਜੰਗਾ ਵਿਚ ਭੁਗਤਣਾ ਪਿਆ। ਇਨ੍ਹਾਂ ਜੰਗਾ ਵਿਚ ਦੁਨੀਆ ਦੇ ਕਰੀਬ ਸਾਰੇ ਹੀ ਦੇਸ਼ ਉੱਲਝ ਕੇ ਰਹਿ ਗਏ। ਇਨ੍ਹਾਂ ਜੰਗਾ ਦੇ ਨਤੀਜੇ ਵਜੋਂ ਭਾਰੀ ਤਬਾਹੀ ਮੱਚੀ। ਲੱਖਾਂ ਬੇਗੁਨਾਹ ਲੋਕ ਮਾਰੇ ਗਏ। ਉਨ੍ਹਾਂ ਦੇ ਬੱਚੇ ਯਤੀਮ ਹੋ ਗਏ ਅਤੇ ਔਰਤਾਂ ਵਿਧਵਾ ਹੋ ਗਈਆਂ। ਜਿਹੜੇ ਲੋਕ ਬਚੇ ਵੀ, ਉਹ ਉਮਰ ਭਰ ਲਈ ਅਪੈਂਗ ਹੋ ਕੇ ਰਹਿ ਗਏ। ਧਨ ਅਤੇ ਸੰਪਤੀ ਦੀ ਵੀ ਬਹੁਤ ਬਰਬਾਦੀ ਹੋਈ। ਆਉਣ ਵਾਲੀਆਂ ਨਸਲਾਂ ਨੂੰ ਇਨ੍ਹਾਂ ਜੰਗਾਂ ਕਾਰਨ ਤਬਾਹੀ, ਮੌਤ ਤੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਅਮਰੀਕਾ ਦੇ ਐਟਮ ਬੰਬਾਂ ਦੇ ਹਮਲਿਆਂ ਕਾਰਨ ਜਪਾਨ ਦੇ ਦੋ ਪ੍ਰਮੁੱਖ ਸ਼ਹਿਰ ਨਗਾਸਾਕੀ ਅਤੇ ਹੀਗੋਸ਼ੀਮਾ ਪੂਰੀ ਤਰ੍ਹਾਂ ਨਸ਼ਟ ਹੋ ਗਏ। ਇਸ ਤਬਾਹੀ ਤੋਂ ਮਨੁੱਖ ਨੇ ਹਾਲੀ ਵੀ ਕੁਝ ਨਹੀਂ ਸਿੱਖਿਆ। ਉਹ ਅਜੇ ਵੀ ਅੰਨ੍ਹਾ ਹੋ ਕੇ ਇਸ ਤਬਾਹੀ ਦੇ ਰਸਤੇ 'ਤੇ ਤੁਰਿਆ ਹੋਇਆ ਹੈ। ਪਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ 'ਤੇ ਆਪਣਾ ਰੂਪ ਦੇ ਕੇ ਭੇਜਿਆ ਹੈ। ਉਹ ਕਦੀ ਨਹੀਂ ਚਾਹੁੰਦਾ ਕਿ ਇਸ ਧਰਤੀ ਤੋਂ ਮਨੁੱਖ ਦੀ ਹਸਤੀ ਸਦਾ ਲਈ ਖਤਮ ਹੋ ਜਾਏ। ਉਹ ਇਹ ਚਾਹੁੰਦਾ ਹੈ ਕਿ ਮਨੁੱਖ 'ਚੋਂ ਮਨੁੱਖਤਾ ਕਦੀ ਖ਼ਤਮ ਨਾ ਹੋਵੇ। ਇੱਥੇ ਮਨੁੱਖ, ਜੀਵ ਜੰਤੂ ਅਤੇ ਪੇੜ ਪੌਦਿਆਂ ਦਾ ਜਿਉਣ ਦਾ ਇਕੋ ਜਿਹਾ ਅਧਿਕਾਰ ਹੈ। ਇਸ ਗੱਲ ਨੂੰ ਮਨੁੱਖ ਭਲੀ ਭਾਂਤੀ ਸਮਝ ਲਏ। ਉਹ ਜੀਓ ਅਤੇ ਜਿਉਣ ਦਿਓ ਦੇ ਸਿਧਾਂਤ 'ਤੇ ਚੱਲੋ। ਪਰਮਾਤਮਾ ਨੇ ਮਨੁੱਖ ਨੂੰ ਹਾਰਨ ਲਈ ਨਹੀਂ ਬਣਾਇਆ। ਉਹ ਵਾਰ-ਵਾਰ ਮਨੁੱਖ ਦਾ ਇਮਤਿਹਾਨ ਲੈਂਦਾ ਹੈ ਅਤੇ ਨਾਲ ਹੀ ਕਹਿੰਦਾ ਹੈ, “ਹੌਂਸਲਾ ਰੱਖ, ਮੈਂ ਤੈਨੂੰ ਹਾਰਨ ਨਹੀਂ ਦਿੰਦਾ।”