ਛੱਡ ਦੇ ਨਸ਼ਾ ਗੱਭਰੂਆ

ਛੱਡ ਦੇ ਨਸ਼ਾ ਗੱਭਰੂਆ ਤੂੰ, ਤੇਰੀ ਹਾਲਤ ਵਿਗੜਦੀ ਜਾਵੇ
ਦੇਹੀ ਸੋਨੇ ਵਰਗੀ ਨੂੰ, ਨਸ਼ਾ ਪਿਆ ਮਿੱਟੀ ਵਿੱਚ ਮਿਲਾਵੇ
ਛੱਡ ਦੇ ਨਸ਼ਾ ਗੱਭਰੂਆ ਤੂੰ, ਤੇਰੀ ਹਾਲਤ ਵਿਗੜਦੀ ਜਾਵੇ।

ਪਾਨ ਸੁਪਾਰੀ ਬੀੜੀਆ, ਸਭ ਨੁਕਸਾਨ ਕਰਨਗੀਆਂ ਤੇਰਾ
ਰੋਗ ਦਿਲ ਦਾ ਲੱਗ ਜਾਣਾ, ਦਮਾ ਤੇ ਕੈਂਸਰ ਜਮਾ ਲੈਣਗੇ ਡੇਰਾ
ਮਾਸ ਹੱਡੀਆਂ ਤੋਂ ਉੱਖੜ ਜਾਣਾ, ਇਹ ਗੱਲ ਤੈਨੂੰ ਸਮਝ ਨਾ ਆਵੇ
ਛੱਡ ਦੇ ਨਸ਼ਾ ਗੱਭਰੂਆ ਤੂੰ, ਤੇਰੀ ਹਾਲਤ ਵਿਗੜਦੀ ਜਾਵੇ...........

ਸਮੈਕ ਚਿੱਟੇ ਦੇ ਟੀਕੇ, ਤੇ ਸੁਲਫੇ ਚਰਸ ਭੰਗ ਦੇ ਭਰ- ਭਰ ਪੀਵੇਂ
ਆਇਉਡੇਕਸ, ਕੁਰੈਕਸ ਤੇ ਚੇਰੀ, ਜਿੰਦਗੀ ਰੱਬ ਤੋਂ ਮੰਗ ਕੇ ਜੀਵੇ
ਸਵੇਰੇ, ਦੁਪਹਿਰੇ, ਸ਼ਾਮੀ ਪੋਸਤ ਤੇ ਡੋਡੇ, ਅਫ਼ੀਮ ਦੇ ਮਾਵੇ ਵੀ ਤੂੰ ਖਾਵੇ
ਛੱਡ ਦੇ ਨਸ਼ਾ ਗੱਭਰੂਆ ਤੂੰ, ਤੇਰੀ ਹਾਲਤ ਵਿਗੜਦੀ ਜਾਵੇ...........

ਸ਼ਰਾਬ, ਭੁੱਕੀ ਤੇ ਗੋਲੀਆਂ, ਇੱਕ ਦਿਨ ਤੇਰਾ ਅੰਤ ਕਰ ਦੇਣਗੀਆ
ਭੁੱਖ, ਬਿਮਾਰੀ, ਗਰੀਬੀ ਵਰਗੀਆਂ ਤੇਰਾ ਬੂਹਾ ਮੱਲ ਬਹਿਣਗੀਆਂ
ਮੰਗਿਆ ਤੈਨੂੰ ਖੈਰ ਨਹੀਂ ਮਿਲਣਾ, ਇਹ ਗੱਲ ਦਿਲੋਂ ਕਿਉਂ ਭੁਲਾਵੇਂ
ਛੱਡ ਦੇ ਨਸ਼ਾ ਗੱਭਰੂਆ ਤੂੰ, ਤੇਰੀ ਹਾਲਤ ਵਿਗੜਦੀ ਜਾਵੇ...........

ਘੋਲ, ਕਬੱਡੀ ਤੇ ਮੁਗਦਰ ਚੁੱਕਣਾ, ਸਭ ਮੁੰਡਿਓ ਤੁਹਾਨੂੰ ਭੁੱਲ ਗਿਆ
ਤੁਹਾਡੇ ਲੱਗੇ ਨਸ਼ਿਆਂ ਦੇ ਵਿੱਚ, ਬਜ਼ੁਰਗਾਂ ਦਾ ਬੁਢਾਪਾ ਰੁੱਲ ਗਿਆ
ਦੁੱਧ, ਦਹੀਂ ਘਿਉ ਤੇ ਮੱਖਣ, ਤੁਹਾਨੂੰ ਅੱਜਕਲ ਕਿਉ ਰਾਸ ਨਾ ਆਵੇ
ਛੱਡ ਦੇ ਨਸ਼ਾ ਗੱਭਰੂਆ ਤੂੰ, ਤੇਰੀ ਹਾਲਤ ਵਿਗੜਦੀ ਜਾਵੇ...........

ਤੁਹਾਡੇ ਮੋਢਿਆ ਉਤੇ ਗੱਭਰੂਉ,
ਕੱਲ ਦੇਸ਼ ਦਾ ਭਾਰ ਵੀ ਆਉਣਾ ਐ
ਕੱਲ ਆਉਣ ਵਾਲੀ ਪੀੜ੍ਹੀਆਂ ਨੂੰ,
ਦਸੋਂ ਕਿਸਨੇ ਸਿੱਧੇ ਰਸਤੇ ਪਾਉਣਾ ਐ
ਇੱਕਲਾ ਜਸਵਿੰਦਰ ਨਹੀਂ,
ਨਸ਼ਿਆਂ ਤੋ ਸਾਰਾ ਪੰਜਾਬ ਕੁਰਲਾਵੇ
ਛੱਡ ਦੇ ਨਸ਼ਾ ਗੱਭਰੂਆ ਤੂੰ,
ਤੇਰੀ ਹਾਲਤ ਵਿਗੜਦੀ ਜਾਵੇ।