ਸਿਵਲ ਸੇਵਾਵਾਂ ਲਈ ਪ੍ਰੀਖਿਆ

ਭਾਰਤ ਅੰਦਰ, ਕੇਂਦਰੀ ਪੱਧਰ ਦੀਆਂ ਵੱਖ-ਵੱਖ ਸਿਵਲ ਸੇਵਾਵਾਂ ਲਈ, ਸੰਘ ਲੋਕ ਸੇਵਾ ਆਯੋਗ (ਯੂ.ਪੀ.ਐੱਸ.ਸੀ.) ਦੁਆਰਾ ਪ੍ਰੀਖਿਆ ਲਈ ਜਾਂਦੀ ਹੈ। ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਲਈ, ਲਈਆਂ ਜਾਂਦੀਆਂ ਵੱਕ-ਵੱਖ ਪ੍ਰੀਖਿਆਵਾਂ ਵਿਚੋਂ, ਯੂ.ਪੀ.ਐੱਸ.ਸੀ (UPSC) ਦੁਆਰਾ ਸਿਵਲ ਸੇਵਾਵਾਂ ਲਈ, ਲਈ ਜਾਂਦੀ ਪ੍ਰੀਖਿਆ ਸਭ ਤੋਂ ਵੱਧ ਮਿਆਰੀ ਪ੍ਰੀਖਿਆ ਸਮਝੀ ਜਾਂਦੀ ਹੈ। ਇਸ ਪ੍ਰੀਖਿਆ 'ਚੋਂ ਸਫ਼ਲ ਹੋਏ ਪ੍ਰੀਖਿਆਰਥੀਆਂ ਨੂੰ, ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਟੇਨਿੰਗ ਦੇ ਕੇ, ਵੱਖ-ਵੱਖ ਪ੍ਰਸ਼ਾਸਨਿਕ ਨੌਕਰੀਆਂ ਜਿਵੇਂ ਕਿ IAS/IPS/IFS/IRS ਆਦਿ ਦਿੱਤੀਆਂ ਜਾਂਦੀਆਂ ਹਨ। ਵੱਖ-ਵੱਖ ਪ੍ਰਸ਼ਾਸਨਿਕ ਸੇਵਾਵਾਂ ਦੀ ਪੂਰੀ ਸੂਚੀ, ਯੂ.ਪੀ.ਐੱਸ.ਸੀ. ਦੀ ਵੈੱਬ ਸਾਈਟ (https://upsc.gov.in) ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਸਿਵਲ ਸੇਵਾਵਾਂ ਕਿਉਂ?

ਸਿਵਲ ਸੇਵਾਵਾਂ, ਰੁਜ਼ਗਾਰ ਦਾ ਸਾਧਨ ਹੋਣ ਦੇ ਨਾਲ-ਨਾਲ ਸਮਾਜ ਸੇਵਾ ਦਾ ਵੀ ਵਧੀਆ ਮੌਕਾ ਹੁੰਦੀਆਂ ਹਨ। ਇਹਨਾਂ ਸੇਵਾਵਾਂ ਰਾਹੀਂ, ਸਮਾਜ 'ਚ ਹਾਂ-ਪੱਖੀ ਤਬਦੀਲੀ ਲਿਆਉਣ ਲਈ, ਸੰਵਿਧਾਨਕ ਪ੍ਰਬੰਧ ਹੇਠ ਵੱਖ-ਵੱਖ ਨੀਤੀਆਂ ਘੜਣ ਤੇ ਯੋਜਨਾਵਾਂ ਬਨਾਉਣ ਅਤੇ ਇਹਨਾਂ ਨੀਤੀਆਂ ਤੇ ਯੋਜਨਾਵਾਂ ਨੂੰ ਲਾਗੂ ਕਰਨ/ਕਰਵਾਉਣ ਦੀ ਤਾਕਤ ਤੇ ਅਧਿਕਾਰ ਵੀ ਮਿਲਦੇ ਹਨ।

ਇੰਜ ਸਿਵਲ ਸੇਵਾਵਾਂ ਰਾਹੀਂ ਲੋਕ-ਪੱਖੀ ਨੀਤੀਆਂ ਘੜ ਕੇ ਤੇ ਯੋਜਨਾਵਾਂ ਬਣਾ ਕੇ ਅਤੇ ਇਹਨਾਂ ਨੀਤੀਆਂ ਤੇ ਯੋਜਨਾਵਾਂ ਨੂੰ ਲਾਗੂ ਕਰਕੇ/ਕਰਵਾ ਕੇ ਸਮਾਜ ਦਾ ਭਲਾ ਕੀਤਾ ਜਾ ਸਕਦਾ ਹੈ।

ਪੜਾਅ :

ਯੂ.ਪੀ.ਐੱਸ.ਸੀ. ਵਲੋਂ ਸਿਵਲ ਸੇਵਾਵਾਂ ਲਈ, ਲਈ ਜਾਂਦੀ ਪ੍ਰੀਖਿਆ ਦੇ, ਮੁੱਖ ਰੂਪ 'ਚ ਤਿੰਨ ਪੜਾਅ ਹਨ-ਮੁੱਢਲੀ (Preliminary) ਪਰੀਖਿਆ, ਮੁੱਖ (Mains) ਪ੍ਰੀਖਿਆ ਤੇ ਸ਼ਖ਼ਸੀਅਤ ਟੈਸਟ (Personality Test) ਇਹਨਾਂ ਤਿੰਨ ਪੜਾਵਾਂ ਰਾਹੀਂ, ਪ੍ਰੀਖਿਆਰਥੀਆਂ ਦੀ ਕਾਬਲੀਅਤ ਦੇ ਆਧਾਰ 'ਤੇ, ਉਹਨਾਂ ਦੀ ਚੋਣ ਕੀਤੀ ਜਾਂਦੀ ਹੈ। ਫਿਰ, ਸਫ਼ਲ ਹੋਏ ਪਰੀਖਿਆਰਥੀਆਂ ਨੂੰ, ਮੈਰਿਟ ਦੇ ਆਧਾਰ 'ਤੇ ਵੱਖ-ਵੱਖ ਪ੍ਰਸ਼ਾਸਨਿਕ ਸੇਵਾਵਾਂ 'ਚ ਨਿਯੁਕਤ ਕੀਤਾ ਜਾਂਦਾ ਹੈ।

ਪ੍ਰੀਖਿਆਵਾਂ ਦਾ ਸਮਾਂ :

ਸਿਵਲ ਸੇਵਾਵਾਂ ਲਈ ਪ੍ਰੀਖਿਆ ਦੇਣ ਲਈ, ਹਰ ਸਾਲ ਜਨਵਰੀ-ਫਰਵਰੀ `ਚ ਫਾਰਮ ਭਰੇ ਜਾਂਦੇ ਹਨ। ਮਈ-ਜੂਨ 'ਚ ਮੁੱਢਲੀ (Preliminary) ਪਰੀਖਿਆ ਤੇ ਸਤੰਬਰ-ਅਕਤੂਬਰ 'ਚ ਮੁੱਖ (Mains) ਪ੍ਰੀਖਿਆ ਲਈ ਜਾਂਦੀ ਹੈ। ਫਿਰ, ਅਗਲੇ ਵਰ੍ਹੇ ਫਰਵਰੀ ਤੋ ਅਪ੍ਰੈਲ ਦੇ ਮਹੀਨਿਆਂ "ਚ ਸ਼ਖ਼ਸੀਅਤ ਟੈਸਟ (Personality Test) ਲਿਆ ਜਾਂਦਾ ਹੈ ਅਤੇ ਮਈ ਦੇ ਮਹੀਨੇ 'ਚ ਫਾਈਨਲ ਨਤੀਜਾ ਆਉਂਦਾ ਹੈ, ਜਿਸ ਰਾਹੀਂ ਸਫ਼ਲ ਪ੍ਰੀਖਿਆਰਥੀਆਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ। ਯੂ.ਪੀ.ਐੱਸ.ਸੀ. ਵਲੋਂ, ਇਹਨਾਂ ਪ੍ਰੀਖਿਆਵਾਂ ਦਾ ਸਮਾਂ, ਲੋੜ ਅਨੁਸਾਰ ਅੱਗੇ-ਪਿੱਛੇ ਕੀਤਾ ਜਾ ਸਕਦਾ ਹੈ। ਇਸ ਲਈ ਇਹ ਪ੍ਰੀਖਿਆ ਦੇਣ ਦੇ ਇਛੁੱਕ ਵਿਦਿਆਰਥੀਆਂ ਨੂੰ, ਸਮੇਂ-ਸਮੇਂ 'ਤੇ ਯੂ.ਪੀ.ਐੱਸ.ਸੀ. ਦੀ ਵੈੱਬ ਸਾਈਟ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ।

ਪ੍ਰੀਖਿਆਰਥੀਆਂ ਦੀ ਗਿਣਤੀ ਤੇ ਪ੍ਰੀਖਿਆ ਦਾ ਮਿਆਰ :

ਸਿਵਲ ਸੇਵਾਵਾਂ ਲਈ ਪ੍ਰੀਖਿਆ ਦੇਣ ਲਈ, ਹਰ ਸਾਲ ਲਗਭਗ 11 ਤੋ 12 ਲੱਖ ਵਿਦਿਆਰਥੀ ਫ਼ਾਰਮ ਭਰਦੇ ਹਨ, ਜਿਨ੍ਹਾਂ ਵਿਚੋਂ ਲਗਭਗ ਸਾਢੇ ਪੰਜ ਤੋਂ 6 ਲੱਖ ਵਿਦਿਆਰਥੀ ਮੁੱਢਲੀ ਪ੍ਰੀਖਿਆ ਦਿੰਦੇ ਹਨ। ਇਹਨਾਂ ਵਿਚੋਂ, ਮੈਰਿਟ ਦੇ ਆਧਾਰ 'ਤੇ ਲਗਭਗ 12 ਤੋਂ 13 ਹਜ਼ਾਰ ਪ੍ਰੀਖਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ। ਇਹ ਪ੍ਰੀਖਿਆਰਥੀ ਮੁੱਖ ਪ੍ਰੀਖਿਆ ਦਿੰਦੇ ਹਨ, ਜਿਨ੍ਹਾਂ ਵਿਚੋਂ ਉਸ ਸਾਲ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੀ ਗਿਣਤੀ ਦੇ ਆਧਾਰ 'ਤੇ ਲਗਭਗ ਦੋ ਤੋਂ ਢਾਈ ਹਜ਼ਾਰ ਪ੍ਰੀਖਿਆਰਥੀਆਂ ਦੀ ਮੈਰਿਟ ਦੇ ਆਧਾਰ 'ਤੇ ਚੋਣ ਕੀਤੀ ਜਾਂਦੀ ਹੈ। ਫਿਰ, ਇਹਨਾਂ ਪ੍ਰੀਖਿਆਰਥੀਆਂ ਦਾ ਸ਼ਖ਼ਸੀਅਤ ਟੈਸਟ(Personality Test) ਲਿਆ ਜਾਂਦਾ ਹੈ ਅਤੇ ਅਖ਼ੀਰ 'ਚ ਮੈਰਿਟ ਦੇ ਆਧਾਰ`ਤੇ ਲਗਭਗ 600 ਤੋਂ 800 ਪ੍ਰੀਖਿਆਰਥੀਆਂ ਦੀ ( ਉਸ ਸਾਲ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੀ ਗਿਣਤੀ ਦੇ ਆਧਾਰ 'ਤੇ) ਚੋਣ ਕੀਤੀ ਜਾਂਦੀ ਹੈ। ਇਹਨਾਂ ਚੁਣੇ ਹੋਏ ਪ੍ਰੀਖਿਆਰਥੀਆਂ ਨੂੰ, ਮੈਰਿਟ ਦੇ ਆਧਾਰ 'ਤੇ, ਵੱਖ-ਵੱਖ ਪ੍ਰਸ਼ਾਸਨਿਕ ਸੇਵਾਵਾਂ ਜਿਵੇਂ ਕਿ IAS/IPS/IFS/IRS ਆਦਿ 'ਚ ਨੌਕਰੀ ਕਰਨ ਲਈ ਨਿਯੁਕਤ ਕਰ ਦਿੱਤਾ ਜਾਂਦਾ ਹੈ। ਯੂ.ਪੀ.ਐੱਸ.ਸੀ. ਵਲੋਂ ਦਿੱਤੀਆਂ ਜਾਣ ਵਾਲੀਆਂ ਨੌਕਰੀਆਂ ਦੀ ਗਿਣਤੀ, ਹਰ ਸਾਲ ਸਮੀਖਿਆ ਕਰਕੇ, ਘਟਾਈ-ਵਧਾਈ ਜਾ ਸਕਦੀ ਹੈ।

ਕੁੱਲ ਸਾਢੇ ਪੰਜ ਤੋ ਛੇ ਲੱਖ ਪ੍ਰੀਖਿਆਰਥੀਆਂ ਵਿਚੋਂ, 600 ਤੋਂ 800 ਪਰੀਖਿਆਰਥੀਆਂ ਦੀ ਚੋਣ ਕਰਨੀ, ਇਸ ਪ੍ਰੀਖਿਆ ਦੇ ਮਿਆਰ ਨੂੰ ਅਤੇ ਇਹਨਾਂ ਪ੍ਰਸ਼ਾਸਨਿਕ ਸੇਵਾਵਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ।

ਯੋਗਤਾ ਮਾਪਦੰਡ (Eligibility Criteria) :

ਸਿਵਲ ਸੇਵਾਵਾਂ ਦੀ ਪ੍ਰੀਖਿਆ ਦੇਣ ਲਈ, ਯੂ.ਪੀ.ਐੱਸ.ਸੀ. ਵਲੋਂ ਵੱਖ-ਵੱਖ ਯੋਗਤਾ ਮਾਪਦੰਡ ਜਿਵੇਂ ਕਿ ਵਿਦਿਅਕ ਯੋਗਤਾ, ਉਮਰ ਸੀਮਾ ਤੇ ਪ੍ਰੀਖਿਆ ਦੇਣ ਦੇ ਮੌਕਿਆਂ ਦੀ ਗਿਣਤੀ ਆਦਿ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਵਿਦਿਅਕ ਯੋਗਤਾ :

ਸਿਵਲ ਸੇਵਾਵਾਂ ਲਈ ਪ੍ਰੀਖਿਆ ਦੇਣ ਲਈ, ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ। ਇਹ ਪ੍ਰੀਖਿਆ ਦੇਣ ਲਈ, ਗ੍ਰੈਜੂਏਸ਼ਨ ’ਚ ਆਉਣ ਵਾਲੇ ਘੱਟੋ-ਘੱਟ ਨੰਬਰਾਂ ਦੀ ਕੋਈ ਸੀਮਾ ਨਿਰਧਾਰਤ ਨਹੀਂ ਕੀਤੀ ਗਈ। ਗ੍ਰੈਜੂਏਸ਼ਨ ’ਚ 35% ਨੰਬਰ ਲਿਆ ਕੇ ਵੀ ਸਿਵਲ ਸੇਵਾਵਾਂ ਲਈ ਪ੍ਰੀਖਿਆ ਦਿੱਤੀ ਜਾ ਸਕਦੀ ਹੈ। ਸਿਵਲ ਸੇਵਾਵਾਂ ਲਈ ਪ੍ਰੀਖਿਆ ਦੇਣ ਲਈ, ਗੈਜੂਏਸ਼ਨ ’ਚ ਲਏ ਗਏ ਵਿਸ਼ਿਆਂ ਸਬੰਧੀ ਵੀ ਕੋਈ ਬੰਦਿਸ਼ ਨਹੀ ਹੈ ਭਾਵ ਕਿ ਆਰਟਸ/ਸਾਇੰਸ/ ਕਾਮਰਸ, ਇੰਜੀਨੀਅਰਿੰਗ/ਡਾਕਟਰੀ ਆਦਿ ਕਿਸੇ ਵੀ Stream ’ਚ ਗ੍ਰਜੂਏਸ਼ਨ ਕਰਕੇ, ਸਿਵਲ ਸੇਵਾਵਾਂ ਲਈ ਪਰੀਖਿਆ ਦਿੱਤੀ ਜਾ ਸਕਦੀ ਹੈ।

ਉਮਰ ਸੀਮਾ (ਪਹਿਲੀ ਅਗਸਤ ਨੂੰ) :

ਸਿਵਲ ਸੇਵਾਵਾਂ ਲਈ ਪ੍ਰੀਖਿਆ ਦੇਣ ਲਈ, ਘੱਟੋ-ਘੱਟ ਉਮਰ 21 ਸਾਲ ਤੇ ਵੱਧ ਤੋਂ ਵੱਧ ਉਮਰ 32 ਸਾਲ ਨਿਰਧਾਰਤ ਕੀਤੀ ਗਈ ਹੈ। ਕੁੱਝ ਸ਼੍ਰੇਣੀਆਂ ਜਿਵੇਂ ਕਿ ਅਨੁਸੂਚਿਤ ਜਾਤੀ (SC) ਤੇ ਅਨੁਸੂਚਿਤ ਜਨ-ਜਾਤੀ (ST) ਲਈ, ਉਪਰਲੀ ਉਮਰ-ਸੀਮਾ ’ਚ ਪੰਜ ਸਾਲ ਦੀ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (OBC) ਲਈ ਉਪਰਲੀ ਉਮਰ-ਸੀਮਾ ’ਚ ਤਿੰਨ ਸਾਲਾਂ ਦੀ ਛੋਟ ਦਿੱਤੀ ਜਾਂਦੀ ਹੈ। ਸਰੀਰਕ ਤੌਰ ’ਤੇ ਅਪਾਹਜ ਪ੍ਰੀਖਿਆਰਥੀਆਂ ਲਈ, ਉਪਰਲੀ ਉਮਰ-ਸੀਮਾ ’ਚ 10 ਸਾਲ ਦੀ ਛੋਟ ਦਿੱਤੀ ਜਾਂਦੀ ਹੈ।

ਪ੍ਰੀਖਿਆ ਦੇਣ ਲਈਦਿੱਤੇ ਜਾਣ ਵਾਲੇ ਮੌਕਿਆਂ ਦੀ ਗਿਣਤੀ :

ਯੂ.ਪੀ.ਐੱਸ.ਸੀ. ਵਲੋਂ ਸਿਵਲ ਸੇਵਾਵਾਂ ਲਈ ਪ੍ਰੀਖਿਆ ਦੇਣ ਲਈ, ਦਿੱਤੇ ਜਾਣ ਵਾਲੇ ਮੌਕਿਆਂ ਦੀ ਗਿਣਤੀ, ਹੇਠ ਲਿਖੇ ਅਨੁਸਾਰ ਨਿਰਧਾਰਤ ਕੀਤੀਗਈ ਹੈ।

ਜਨਰਲ                                                                                ਵੱਧ ਤੋਂ ਵੱਧ 6

ਆਰਥਿਕ ਤੌਰ ’ਤੇ ਪੱਛੜੀ ਸ਼੍ਰੇਣੀ                                                    ਵੱਧ ਤੋਂ ਵੱਧ 6

ਹੋਰ ਪੱਛੜੀਆਂ ਸ਼੍ਰੇਣੀਆਂ (OBC)                                                   ਵੱਧ ਤੋਂ ਵੱਧ 9

ਸਰੀਰਕ ਤੌਰ `ਤੇ ਅਪਾਹਜ (OBC ਤੇ ਜਨਰਲ ਸ਼੍ਰੇਣੀ)                          ਵੱਧ ਤੋ ਵੱਧ 9

ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨ-ਜਾਤੀ (SC/ST)                       ਕੋਈ ਸੀਮਾ ਨਹੀਂ

(ਪਰੀਖਿਆਰਥੀ 37 ਸਾਲ ਦੀ ਉਮਰ ਤੱਕ, ਜਿੰਨੀ ਵਾਰ ਚਾਹੇ, ਸਿਵਲ ਸੇਵਾਵਾਂ ਲਈ ਪ੍ਰੀਖਿਆ ਦੇ ਸਕਦਾ ਹੈ।)

ਮੁੱਢਲੀ (Preliminary) ਪੀਖਿਆ ਦਾ ਉਦੇਸ਼ ਤੇ ਪੈਟਰਨ :

ਵੱਡੀ ਗਿਣਤੀ ’ਚ ਪ੍ਰੀਖਿਆ ਦੇ ਰਹੇ ਪ੍ਰੀਖਿਆਰਥੀਆਂ ਵਿਚੋਂ ਗੰਭੀਰ ਤੇ ਯੋਗ ਪ੍ਰੀਖਿਆਰਥੀਆਂ ਦੀ ਚੋਣ ਕਰਨੀ, ਮੁੱਢਲੀ ਪ੍ਰੀਖਿਆ ਦਾ ਮੁੱਖ ਉਦੇਸ਼ ਹੁੰਦਾ ਹੈ। ਮੁੱਢਲੀ ਪ੍ਰੀਖਿਆ ’ਚ ਕੁੱਲ 2 ਪੇਪਰ ਹੁੰਦੇ ਹਨ। ਦੋਵੇਂ ਪੇਪਰ (Objective Type ਭਾਵ ਕਿ MCQ (Multiple Choice Questions) ਵਾਲੇ ਹੁੰਦੇ ਹਨ।

ਪਹਿਲਾ ਪੇਪਰ ਜਨਰਲ ਸਟੱਡੀਜ਼ (General Studies) ਦਾ ਹੁੰਦਾ ਹੈ। ਇਸ ਪੇਪਰ ’ਚ ਕੁੱਲ 100 ਸੁਆਲ ਪੁੱਛੇ ਜਾਂਦੇ ਹਨ। ਹਰ ਸੁਆਲ 2 ਨੰਬਰਾਂ ਦਾ ਹੁੰਦਾ ਹੈ। ਇਸ ਪੇਪਰ ਨੂੰ ਹੱਲ ਕਰਨ ਲਈ ਕੁੱਲ 2 ਘੰਟੇ ਦਾ ਸਮਾਂ ਮਿਲਦਾ ਹੈ। ਇਸ ਪੇਪਰ 'ਚ ਆਉਣ ਵਾਲੇ ਨੰਬਰ, ਪਰੀਖਿਆਰਥੀ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ ਕਿਉਂਕਿ ਇਸ ਪੇਪਰ 'ਚ ਆਉਣ ਵਾਲੇ ਨੰਬਰਾਂ ਦੇ ਆਧਾਰ 'ਤੇ ਹੀ ਮੈਰਿਟ ਤਿਆਰ ਕੀਤੀ ਜਾਂਦੀ ਹੈ, ਜਿਸ ਰਾਹੀਂ ਮੁੱਖ ਪ੍ਰੀਖਿਆ ਦੇਣ ਵਾਲੇ ਪੀਖਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ। ਇਸ ਪੇਪਰ 'ਚ ਆਉਣ ਵਾਲੇ ਨੰਬਰਾਂ ਨੂੰ ਸਿਰਫ਼ ਮੁੱਖ ਪਰੀਖਿਆ ਦੀ ਮੈਰਿਟ ਤਿਆਰ ਕਰਨ ਲਈ ਹੀ ਵਰਤਿਆ ਜਾਂਦਾ ਹੈ। ਇਹਨਾਂ ਨੰਬਰਾਂ ਨੂੰ ਫਾਈਨਲ ਨਤੀਜੇ ਲਈ ਨਹੀਂ ਜੋੜਿਆ ਜਾਂਦਾ। ਫਾਈਨਲ ਨਤੀਜੇ 'ਚ ਮੁੱਖ ਪ੍ਰੀਖਿਆ ਦੇ ਸੱਤ ਪੇਪਰਾਂ `ਚ ਆਏ ਨੰਬਰਾਂ ਅਤੇ ਸ਼ਖ਼ਸੀਅਤ ਟੈਸਟ 'ਚ ਆਏ ਨੰਬਰਾਂ ਨੂੰ ਜੋੜ ਕੇ, ਮੈਰਿਟ ਤਿਆਰ ਕੀਤਾ ਜਾਂਦੀ ਹੈ।

ਦੂਜਾ ਪੇਪਰ, CSAT (Civil Services Aptitude Test) ਦਾ ਹੁੰਦਾ ਹੈ। ਇਸ ਪੇਪਰ 'ਚ ਕੁੱਲ 80 ਸੁਆਲ ਪੁੱਛੇ ਜਾਂਦੇ ਹਨ ਤੇ ਹਰ ਸੁਆਲ 21/2 ਨੰਬਰਾਂ ਦਾ ਹੁੰਦਾ ਹੈ। ਇਸ ਪੇਪਰ ਨੂੰ ਹੱਲ ਕਰਨ ਲਈ ਵੀ ਕੁੱਲ 2 ਘੰਟੇ ਦਾ ਸਮਾਂ ਮਿਲਦਾ ਹੈ। ਮੈਰਿਟ ਤਿਆਰ ਕਰਨ ਲਈ, ਇਸ ਪੇਪਰ ਦੇ ਨੰਬਰਾਂ ਨੂੰ ਨਹੀਂ ਜੋੜਿਆ ਜਾਂਦਾ, ਪਰ, ਇਸ ਪੇਪਰ ’ਚ 33.33% ਨੰਬਰ ਲਿਆ ਕੇ ਪਾਸ ਹੋਣਾ ਜ਼ਰੂਰੀ ਹੁੰਦਾ ਹੈ।

ਮੁੱਢਲੀ ਪ੍ਰੀਖਿਆ ਦੇ ਦੋਵੇਂ ਪੇਪਰਾਂ ਅੰਦਰ, -ve (Negative) ਮਾਰਕਿੰਗ ਵੀ ਹੁੰਦੀ ਹੈ। ਕਿਸੇ ਵੀ ਸੁਆਲ ਦਾ ਜੁਆਬ ਗਲਤ ਹੋ ਜਾਣ ’ਤੇ, ਉਸ ਜੁਆਬ ਦਾ ਜ਼ੀਰੋ ਨੰਬਰ ਤਾਂ ਮਿਲਦਾ ਹੀ ਹੈ, ਇਸ ਦੇ ਨਾਲ-ਨਾਲ ਉਸ ਸੁਆਲ 'ਚ ਮਿਲਣ ਵਾਲੇ ਨੰਬਰਾਂ ਦਾ ਤੀਜਾ ਹਿੱਸਾ, -ve (Negative) ਮਾਰਕਿੰਗ ਵਜੋਂ, ਕੁੱਲ ਮਿਲੇ ਨੰਬਰਾਂ ਵਿਚੋਂ ਘਟਾ ਦਿੱਤਾ ਜਾਂਦਾ ਹੈ।

ਸਿਵਲ ਸੇਵਾਵਾਂ ਲਈ ਪ੍ਰੀਖਿਆ ਦੇਣ ਵਾਲੇ ਪਰੀਖਿਆਰਥੀਆਂ ਨੂੰ, ਇਸ ਪਰੀਖਿਆ ਦੀ ਤਿਆਰੀ ਕਰਨ ਲਈ, ਲਗਭਗ ਇਕ ਤੋਂ ਡੇਢ ਸਾਲ ਦਾ ਸਮਾਂ ਲੱਗ ਜਾਂਦਾ ਹੈ। ਕਈ ਪ੍ਰੀਖਿਆਰਥੀਆਂ ਨੂੰ, ਵੱਖ-ਵੱਖ ਕਾਰਨਾਂ ਕਰਕੇ, ਪ੍ਰੀਖਿਆ ਦੀ ਤਿਆਰੀ ਕਰਨ ਲਈ, ਇਸ ਤੋਂ ਵੀ ਵਧ ਸਮਾਂ ਲੱਗ ਜਾਂਦਾ ਹੈ।

ਫਿਰ, ਮੁੱਢਲੀ ਪਰੀਖਿਆ ਤੋ ਲੈ ਕੇ, ਅੰਤਿਮ ਨਤੀਜਾ ਆਉਣ ਤੱਕ, ਲਗਭਗ ਇਕ ਸਾਲ ਦਾ ਹੋਰ ਸਮਾਂ ਲਗਦਾ ਹੈ। ਇੰਜ, ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰਨ ਤੋਂ ਲੈ ਕੇ, ਅੰਤਿਮ ਨਤੀਜਾ ਆਉਣ ਤੱਕ, ਲਗਭਗ ਦੋ ਤੋਂ ਢਾਈ ਸਾਲ ਦਾ ਸਮਾਂ ਲੱਗ ਜਾਂਦਾ ਹੈ। ਇਸ ਦੌਰਾਨ, ਪੀਖਿਆਰਥੀ ਵਲੋਂ ਕੀਤੀ ਗਈ, ਇਕ ਛੋਟੀ ਜਿਹੀ ਗਲਤੀ ਵੀ, ਪਰੀਖਿਆਰਥੀ ਦਾ ਵੱਡਾ ਨੁਕਸਾਨ ਕਰ ਸਕਦੀ ਹੈ। ਇਸ ਲਈ, ਪ੍ਰੀਖਿਆਰਥੀਆਂ ਨੂੰ ਚਾਹੀਦਾ ਹੈ ਕਿ ਇਸ ਪ੍ਰੀਖਿਆ ਦੇ ਹਰ ਛੋਟੇ- ਵੱਡੇ ਪਹਿਲੂ ਨੂੰ ਗੰਭੀਰਤਾ ਨਾਲ ਵਿਚਾਰ ਕੇ, ਯੋਜਨਾਬੱਧ ਤਰੀਕੇ ਨਾਲ ਪੀਖਿਆ ਦੀ ਤਿਆਰੀ ਕਰਨ ਤਾਂ ਜੋ ਇਸ ਪ੍ਰੀਖਿਆ ’ਚ ਸਫ਼ਲਤਾ ਹਾਸਲ ਕੀਤੀ ਜਾ ਸਕੇ।

ਇਸ ਪ੍ਰੀਖਿਆ ਦੀ ਸਮੁੱਚੀ ਪ੍ਰਕ੍ਰਿਆ ਦੌਰਾਨ, ਪ੍ਰੀਖਿਆਰਥੀ ਹੇਠ ਲਿਖੇ ਨੁਕਤਿਆਂ ਵੱਲ ਧਿਆਨ ਦੇ ਕੇ, ਸਿਵਲ ਸੇਵਾਵਾਂ ਲਈ, ਲਈ ਜਾਣ ਵਾਲੀ ਪ੍ਰੀਖਿਆ ’ਚ ਸਫ਼ਲਤਾ ਹਾਸਲ ਕਰ ਸਕਦੇ ਹਨ। ਪ੍ਰੀਖਿਆਰਥੀਆਂ ਦੀ ਸਹੂਲਤ ਲਈ, ਇਹਨਾਂ ਨੁਕਤਿਆਂ ਨੂੰ ਹੇਠ ਲਿਖੇ ਅਨੁਸਾਰ, ਦੋ ਹਿੱਸਿਆਂ ’ਚ ਵੰਡਿਆ ਗਿਆ ਹੈ।

(ਉ) ਪ੍ਰੀਖਿਆ ਲਈ ਤਿਆਰੀ ਸ਼ੁਰੂ ਕਰਨ ਤੋਂ ਪਹਿਲਾਂ:

  • ਇਸ ਮਿਆਰੀ ਪ੍ਰੀਖਿਆ ਦੀ ਸਮੁੱਚੀ ਪ੍ਰਕ੍ਰਿਆ ֹਇਸ ਮਿਆਰੀ ਪ੍ਰੀਖਿਆ ਦੀ ਸਮੁੱਚੀ ਪ੍ਰਕ੍ਰਿਆ  ’ਚ ਲੱਗਣ ਵਾਲੇ ਲੰਬੇ ਸਮੇਂ ਨੂੰ ਧਿਆਨ ’ਚ ਰੱਖਦਿਆਂ ਹੋਇਆਂ, ਪ੍ਰੀਖਿਆਰਥੀਆਂ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ, ਇਸ ਪਰੀਖਿਆ ’ਚ ਸਫ਼ਲਤਾ ਹਾਸਲ ਕਰਨ ਲਈ ਆਪਣਾ ਮਨ ਬਨਾਉਣ। ਪ੍ਰੀਖਿਆਰਥੀ ਨੂੰ ਆਪਣੀ ਅਕਾਦਮਿਕ ਸਮਰੱਥਾ, ਸਿਵਲ ਸੇਵਾਵਾਂ ਪ੍ਰਤੀ ਜਨੂੰਨ ਅਤੇ ਇਸ ਪ੍ਰੀਖਿਆ ਲਈ ਲੋੜੀਂਦੀ ਲਗਨ ਤੇ ਮਿਹਨਤ ਆਦਿ ਦਾ ਵਿਸ਼ਲੇਸ਼ਣ ਕਰਕੇ, ਇਸ ਪ੍ਰੀਖਿਆ ਲਈ ਆਪਣਾ ਮਨ ਬਨਾਉਣਾ ਚਾਹੀਦਾ ਹੈ ਤਾਂ ਜੋ ਬਾਅਦ ’ਚ ਨਿਰਾਸ਼ਾ ਨਾ ਹੋਵੇ।
  • ਪ੍ਰੀਖਿਆ ਦੇਣ ਲਈ ਮਨ ਬਣ ਜਾਣ ਤੋਂ ਬਾਅਦ, ਕਿਸੇ ਗਾਈਡ ਜਾਂ ਸਲਾਹਕਾਰ (Mentor/counsellor) ਜਾਂ ਵੱਖ-ਵੱਖ ਵੈੱਬ-ਸਾਈਟਸ/ਯੁ-ਟਿਊਬ ਚੈਨਲਾਂ ਦੀ ਮਦਦ ਨਾਲ, ਇਸ ਪ੍ਰੀਖਿਆ ਦੇ ਵੱਖ-ਵੱਖ ਪਹਿਲੂਆਂ ਬਾਰੇ ਮੁੱਢਲੀ ਜਾਣਕਾਰੀ ਜਿਵੇਂ ਕਿ ਪ੍ਰੀਖਿਆ ਦੇ ਵੱਖ-ਵੱਖ ਪੜਾਅ, ਪ੍ਰੀਖਿਆ ਦਾ ਸਮਾਂ, ਪ੍ਰੀਖਿਆ ਦਾ ਮਿਆਰ, ਯੋਗਤਾ, ਮਾਪਦੰਡ, ਵਿਦਿਅਕ ਯੋਗਤਾ, ਉਮਰ ਸੀਮਾ, ਪ੍ਰੀਖਿਆ ਦੇਣ ਲਈ ਮਿਲਣ ਵਾਲੇ ਮੌਕਿਆਂ ਦੀ ਗਿਣਤੀ, ਮੁੱਢਲੀ ਪ੍ਰੀਖਿਆ ਤੇ ਮੁੱਖ ਪ੍ਰੀਖਿਆ ਦੇ ਉਦੇਸ਼ ਤੇ ਪੈਟਰਨ ਆਦਿ ਹਾਸਲ ਕਰਨੀ ਚਾਹੀਦੀ ਹੈ।
  • ਇਸ ਪ੍ਰੀਖਿਆ ਦਾ ਸਮੁੱਚਾ ਸਿਲੇਬਸ ਅਤੇ ਪਿਛਲੇ 10 ਸਾਲਾਂ ਦੇ ਪੇਪਰ, ਘੱਟ ਤੋਂ ਘੱਟ 5-6 ਵਾਰ ਜ਼ਰੂਰ ਪੜ੍ਹਨੇ ਚਾਹੀਦੇ ਹਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਪ੍ਰੀਖਿਆ ’ਚ ਕਿਸ ਤਰ੍ਹਾਂ ਦੇ ਸੁਆਲ ਪੁੱਛੇ ਜਾਂਦੇ ਹਨ ’ਤੇ ਪ੍ਰੀਖਿਆ ਦਾ ਮਿਆਰ ਕਿਹੋ ਜਿਹਾ ਹੁੰਦਾ ਹੈ। ਸਿਲੇਬਸ ਅਤੇ ਪਿਛਲੇ 10 ਸਾਲਾਂ ਦੇ ਪੇਪਰ ਪੜਨ ਨਾਲ ਇਹ ਵੀ ਪਤਾ ਲਗਦਾ ਹੈ ਕਿ ਕੀ ਪੜ੍ਹਨਾ ਹੈ ਤੇ ਕਿਵੇਂ ਪੜਨਾ ਹੈ।
  • ਪ੍ਰੀਖਿਆਰਥੀ, ਵੱਖ-ਵੱਖ ਵਿਸ਼ਿਆਂ ਦੀ ਤਿਆਰੀ ਕਰਨ ਲਈ, ਮਹੱਤਵਪੂਰਨ ਸਰੋਤਾਂ ਜਿਵੇਂ ਕਿ NCERT ਦੀਆਂ ਚੋਣਵੀਆਂ ਪੁਸਤਕਾਂ, ਵੱਖ-ਵੱਕ ਵਿਸ਼ਿਆਂ ਦੇ ਮਾਹਿਰਾਂ ਵੱਲੋਂ, ਸਬੰਧਤ ਵਿਸ਼ਿਆਂ ਸਬੰਧੀ ਲਿਖੀਆਂ ਪੁਸਤਕਾਂ, ਕੋਚਿੰਗ ਸੈਂਟਰਾਂ ਵਲੋਂ ਤਿਆਰ ਕੀਤੇ ਨੋਟਸ (Notes), ਹਵਾਲਾ ਸਮੱਗਰੀ (Reference Material), Mock Tests ਅਤੇ ਮੋਜੂਦਾ ਮਾਮਲਿਆਂ (Current Affairs) ਆਦਿ ਲਈ ਮਹੱਤਵਪੂਰਨ ਸਰੋਤਾਂ ਦੀ ਇਕ ਮੁੱਢਲੀ ਸੂਚੀ ਜ਼ਰੂਰ ਤਿਆਰ ਕਰਨ।
  • ਹਰ ਪ੍ਰੀਖਿਆਰਥੀ ਆਪੋ-ਆਪਣੇ ਸਾਧਨਾਂ, ਸਹੂਲਤਾਂ ਤੇ ਹਾਲਾਤ ਅਨੁਸਾਰ, ਇਹ ਨਿਰਣਾ ਲਵੇ ਕਿ ਉਸ ਨੇ ਇਸ ਪ੍ਰੀਖਿਆ ਦੀ ਤਿਆਰੀ ਆਪਣੇ- ਆਪ (Self Study₹ ਰਾਹੀਂ) ਕਰਨੀ ਹੈ ਜਾਂ ਕਿਸੇ ਕੋਚਿੰਗ ਸੈਂਟਰ ਤੋਂ ਕੋਚਿੰਗ ਲੈ ਕੇ ਕਰਨੀ ਹੈ। ਜੇ ਤਿਆਰੀ ਆਪਣੇ-ਆਪ (Self Study ਰਾਹੀਂ) ਕਰਨੀ ਹੈ ਤਾਂ ਹਵਾਲਾ ਸਮੱਗਰੀ (Reference Material), ਨੋਟਸ (Notes),Mock Tests ਤੇ ਮੌਜੂਦਾ ਮਾਮਲਿਆਂ (Current Affair) ਆਦਿ ਲਈ ਲੋੜੀਂਦੀ ਸਮੱਗਰੀ ਕਿਥੋਂ ਲੈਣੀ ਹੈ ਅਤੇ ਜੇ ਪ੍ਰੀਖਿਆਰਥੀ ਨੇ ਕਿਸੇ ਕੋਚਿੰਗ ਸੈਂਟਰ ਪਾਸੋਂ ਕੋਚਿੰਗ ਲੈ ਕੇ ਪ੍ਰੀਖਿਆ ਦੀ ਤਿਆਰੀ ਕਰਨੀ ਹੈ ਤਾਂ ਕਿਸ ਕੋਚਿੰਗ ਸੈਂਟਰ ਪਾਸੋਂ ਕੋਚਿੰਗ ਲੈਣੀ ਹੈ ਤੇ ਇਹ ਕੋਚਿੰਗ ਆੱਨ ਲਾਈਨ (Online) ਲੈਣੀ ਹੈ ਜਾਂ ਆੱਫ-ਲਾਈਨ (Off-Line)? ਇਹਨਾਂ ਸਾਰੇ ਪਹਿਲੂਆਂ ਬਾਰੇ ਬਹੁਤ ਵਿਸਥਾਰ ਨਾਲ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਹੀ ਕੋਈ ਨਿਰਣਾ ਲੈਣਾ ਚਾਹੀਦਾ ਹੈ ਕਿਉਂਕਿ ਇਥੇ ਕੀਤੀ ਗਈ ਇਕ ਗਲਤੀ, ਪ੍ਰੀਖਿਆਰਥੀ ਦਾ ਘੱਟੇ-ਘੱਟ ਇਕ ਸਾਲ (ਕਈ ਵਾਰ ਤਾਂ ਇਕ ਸਾਲ ਤੋਂ ਵੀ ਵੱਧ) ਖ਼ਰਾਬ ਕਰ ਸਕਦੀ ਹੈ।
  • ਹਰ ਪ੍ਰੀਖਿਆਰਥੀ ਆਪਣਾ ਪੜ੍ਹਨ ਸਮਰੱਥਾ, ਯਾਦ ਰੱਖਣ ਦੀ ਸ਼ਕਤੀ ਅਤੇ ਸਮੇਂ ਤੇ ਹੋਰ ਸਾਧਨਾਂ ਦੀ ਉਪਲੱਬਧਤਾ ਦੇ ਆਧਾਰ ’ਤੇ ਇਕ ਇਹੋ ਜਿਹੀ ਸੰਤੁਲਤ ਸਮਾਂ-ਸਾਰਣੀ ਤਿਆਰ ਕਰੋ, ਜਿਸ ਵਿਚ ਪੜ੍ਹਾਈ ਦੇ ਨਾਲ-ਨਾਲ, ਖੇਡਾਂ, ਕਸਰਤ, ਪਾਠ ਆਦਿ ਕਰਨ ਲਈ ਤੇ ਸੌਣ ਲਈ ਸਮਾਂ ਨਿਰਧਾਰਤ ਕਰੇ। ਫਿਰ, ਪ੍ਰੀਖਿਆਰਥੀ ਇਸ ਪ੍ਰੀਖਿਆ ਲਈ ਤਿਆਰੀ ਕਰਨ ਦੀ ਸਮੁੱਚੀ ਪ੍ਰਕ੍ਰਿਆ ਦੌਰਾਨ, ਇਸ ਸਮਾਂ-ਸਾਰਣੀ ਅਨੁਸਾਰ, ਵੱਖ-ਵੱਖ ਕਾਗਜਾਂ ਤੇ ਕ੍ਰਿਆਵਾਂ ਲਈ ਸਮਾਂ ਕੱਢਣ ਦਾ ਯਤਨ ਕਰੇ।

(ਅ) ਪ੍ਰੀਖਿਆ ਲਈ ਤਿਆਰੀ ਕਰਨ ਦੌਰਾਨ:

  • ਪ੍ਰੀਖਿਆ ਦੀ ਤਿਆਰੀ ਦੀ ਸਮੁੱਚੀ ਪ੍ਰਕ੍ਰਿਆ ਦੌਰਾਨ, ਸਿਲੇਬਸ ਤੇ ਪਿਛਲੇ 10 ਸਾਲਾਂ ਦੇ ਪੇਪਰਾਂ ਨੂੰ ਵਾਰ-ਵਾਰ ਪੜ੍ਹਦੇ ਰਹਿਣਾ ਚਾਹੀਦਾ ਹੈ ਤਾਂ ਜੋ ਪ੍ਰੀਖਿਆਰਥੀ ਦਾ ਧਿਆਨ ਤੇ ਉਸ ਦੀ ਤਿਆਰੀ, ਸਿਲੇਬਸ ’ਤੇ ਕੇਂਦਰਿਤ ਰਹੇ ਅਤੇ ਸਿਲੇਬਸ ਦਾ ਕੋਈ ਵੀ ਹਿੱਸਾ ਤਿਆਰੀ ਤੋਂ ਬਿਨਾਂ ਨਾ ਰਹਿ ਜਾਵੇ। ਪਿਛਲੇ 10 ਸਾਲਾਂ ਦੇ ਪੇਪਰਾਂ ਨੂੰ ਵਾਰ-ਵਾਰ ਪੜ੍ਹਨ ਨਾਲ, ਪੇਪਰਾਂ ’ਚ ਪੁੱਛੇ ਜਾਣ ਵਾਲੇ ਸੁਆਲਾਂ ਦੇ ਪੈਟਰਨ ਬਾਰੇ ਪਤਾ ਲੱਗਦਾ ਹੈ, ਜਿਸ ਨਾਲ ਪ੍ਰੀਖਿਆਰਥੀ ਨੂੰ ਤਿਆਰੀ ਕਰਨ ’ਚ ਮਦਦ ਮਿਲਦੀ ਰਹਿੰਦੀ ਹੈ।
  • ਪ੍ਰੀਖਿਆਰਥੀ ਲਈ ਪੜ੍ਹਾਈ ਕਰਨੀ, ਪਾਠ ਕਰਨਾ, ਖੇਡਾਂ, ਕਸਰਤ, ਸੈਰ, ਮਨੋਰੰਜਨ, ਸੌਣਾ, ਖਾਣਾ-ਪੀਣਾ ਆਦਿ ਸਭ ਕੁੱਝ ਮਹੱਤਵਪੂਰਨ ਹੈ। ਇਸ ਲਈ ਪ੍ਰੀਖਿਆਰਥੀਆਂ ਨੂੰ ਚਾਹੀਦਾ ਹੈ ਕਿ ਸਮੇਂ ਦੀ ਸਹੀ ਵੰਡ ਕਰਕੇ ਬਣਾਈ ਗਈ ਸਮਾਂ-ਸਾਰਣੀ ਅਨੁਸਾਰ, ਇਹਨਾਂ ਸਾਰੇ ਕਾਰਜਾਂ ਤੇ ਕ੍ਰਿਆਵਾਂ ਲਈ ਸਮਾਂ ਦੇਣ ਤਾਂ ਜੋ ਸੰਤੁਲਤ ਤਰੀਕੇ ਨਾਲ ਪ੍ਰੀਖਿਆ ਦੀ ਤਿਆਰੀ ਕੀਤੀ ਜਾ ਸਕੇ। ਪ੍ਰੀਖਿਆ ਦੀ ਤਿਆਰੀ ਕਰਨ ਦੌਰਾਨ, ਜੇ ਕਦੇ ਪ੍ਰੀਖਿਆਰਥੀ ਨੂੰ ਲੱਗੇ ਕਿ ਸਮੇਂ ਦੀ ਘਾਟ ਕਾਰਨ ਜਾਂ ਕਿਸੇ ਹੋਰ ਕਾਰਨ ਪ੍ਰੀਖਿਆ ਲਈ ਲੋੜੀਂਦੀ ਤਿਆਰੀ ਨਹੀਂ ਹੋ ਪਾ ਰਹੀ ਤੇ ਪ੍ਰੀਖਿਆ ਦੀ ਤਿਆਰੀ ਕਰਨ ਲਈ ਹੋਰ ਸਮਾਂ ਲੋੜੀਂਦਾ ਹੈ ਤਾਂ ਸਮਾਂ-ਸਾਰਣੀ ’ਚ ਲੋੜੀਂਦੀ ਤਬਦੀਲੀ ਕਰਕੇ, ਆਪਣਾ ਧਿਆਨ ਪੜ੍ਹਾਈ ’ਤੇ ਕੇਂਦਰਿਤ ਕਰਨ ਦਾ ਯਤਨ ਕਰੇ।
  • ਸਰੋਤ-ਸਮੱਗਰੀ (Reference Material) ’ਤੇ ਪੁਸਤਕਾਂ ਬਹੁਤ ਜਿਆਦਾ ਨਹੀਂ ਹੋਣੀਆਂ ਕਿਉਂਕਿ ਪ੍ਰੀਖਿਆਰਥੀ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਵਿਸਥਾਰਤ ਸਿਲੇਬਸ ਅਨੁਸਾਰ, ਸੀਮਤ ਸਮੇਂ ’ਚ ਤਿਆਰੀ ਕਰ ਸਕੇ। ਯਤਨ ਕਰਨਾ ਚਾਹੀਦਾ ਹੈ ਕਿ ਹਰ ਵਿਸ਼ੇ ਨਾਲ ਸਬੰਧਤ, ਵੱਖ-ਵੱਖ ਮਾਹਿਰਾਂ ਵਲੋਂ ਲਿਖੀਆਂ ਪੁਸਤਕਾਂ ’ਚੋਂ ਕਿਸੇ ਇਕ ਪੁਸਤਕ ਦੀ ਚੋਣ ਕਰਕੇ, ਉਸ ਨੂੰ ਹੀ ਵਾਰ-ਵਾਰ ਪੜ੍ਹਿਆ ਜਾਵੇ। ਸਰੋਤ-ਸਮੱਗਰੀ ਵੀ ਸੀਮਤ ਹੋਣੀ ਚਾਹੀਦੀ ਹੈ। ਪਰ, ਇਸ ਦਾ ਇਹ ਅਰਥ ਵੀ ਨਹੀਂ ਕਿ ਇਹ ਸਰੋਤ-ਸਮੱਗਰੀ ਇੰਨੀ ਘੱਟ ਹੋਵੇ ਕਿ ਇਹ ਸਿਲੇਬਸ ਵੀ ਨਾ ਕਵਰ ਕਰਦੀ ਹੋਵੇ। ਇਸ ਲਈ ਸਿਲੇਬਸ ਨੂੰ ਪੂਰਾ ਕਰਦੀ, ਸੀਮਤ ਤੇ ਯੋਗ ਪੁਸਤਕਾਂ ਤੇ ਹੋਰ ਸਰੋਤ-ਸਮੱਗਰੀ ਹੋਣੀ ਚਾਹੀਦੀ ਹੈ, ਜਿਸ ਨੂੰ ਵਾਰ-ਵਾਰ ਪੜ੍ਹ ਕੇ, ਪ੍ਰੀਖਿਆਰਥੀ ਇਸ ਮਿਆਰੀ ਪ੍ਰੀਖਿਆ ਲਈ, ਚੰਗੀ ਤਰ੍ਹਾਂ ਤਿਆਰ ਕਰ ਸਕੇ।
  • ਯੂ.ਪੀ.ਐਸ.ਸੀ. ਦੀ ਪਰੀਖਿਆ ’ਚ ਸਫ਼ਲ ਹੋਏ ਪ੍ਰੀਖਿਆਰਥੀ, ਵਾਰ-ਵਾਰ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਪੁਸਤਕਾਂ ਤੇ ਹੋਰ ਸਰੋਤ-ਸਮੱਗਰੀ ਨੂੰ ਘੱਟੋ- ਘੱਟ 10-12 ਵਾਰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਸ ਲਈ ਪ੍ਰੀਖਿਆਰਥੀਆਂ ਨੂੰ ਚਾਹੀਦਾ ਹੈ ਕਿ ਸੀਮਤ ਪੁਸਤਕਾਂ ਤੇ ਸਰੋਤ-ਸਮੱਗਰੀ ਨੂੰ ਵਾਰ-ਵਾਰ ਪੜ੍ਹ ਕੇ, ਇਸ ਪ੍ਰੀਖਿਆ ਦੀ ਤਿਆਰੀ ਕਰਨ ਤਾਂ ਜੋ ਪ੍ਰੀਖਿਆ ֹ’ਚ ਸਫ਼ਲਤਾ ਹਾਸਲ ਕੀਤੀ ਜਾ ਸਕੇ।
  • ਪ੍ਰੀਖਿਆਰਥੀਆਂ ਨੂੰ, ਪੁਸਤਕਾਂ ਤੇ ਹੋਰ ਸਰੋਤ-ਸਮੱਗਰੀ ਪੜ੍ਹ ਕੇ, ਨੋਟਸ (Notes) ਵੀ ਤਿਆਰ ਕਰਨੇ ਚਾਹੀਦੇ ਹਨ ਤਾਂ ਜੋ ਪ੍ਰੀਖਿਆ ਦੇ ਦਿਨਾਂ ’ਚ ਇਹਨਾਂ ਨੋਟਸ ਦੀ ਮਦਦ ਨਾਲ ਰਿਵੀਜ਼ਨ ਕੀਤਾ ਜਾ ਸਕੇ ਭਾਵ ਕਿ ਇਹਨਾਂ ਨੋਟਸ ਨੂੰ ਵਾਰ-ਵਾਰ ਪੜ੍ਹ ਕੇ, ਸਮੁੱਚੇ ਸਿਲੇਬਸ ਦੀ ਤਿਆਰੀ ਕੀਤੀ ਜਾ ਸਕੇ।
  • ਮੁੱਖ ਪ੍ਰੀਖਿਆ ਲਈ ਤਿਆਰੀ ਕਰਦੇ ਸਮੇਂ, ਕਈ ਵਾਰ ਪ੍ਰੀਖਿਆਰਥੀਆਂ ਨੂੰ ਇੰਜ ਲੱਗਦਾ ਹੈ ਜਿਵੇਂ ਕਿ ਉਹਨਾਂ ਨੂੰ ਸਭ ਕੁੱਝ ਆਉਂਦਾ ਹੈ ਤੇ ਪ੍ਰੀਖਿਆ ਦੀ ਪੂਰੀ ਤਿਆਰੀ ਹੋ ਗਈ ਹੈ, ਪਰ, ਕੋਈ ਜ਼ਰੂਰੀ ਨਹੀਂ ਕਿ ਜੋ ਕੁੱਝ ਪ੍ਰੀਖਿਆਰਥੀ ਸੋਚ ਰਿਹਾ ਹੈ, ਉਹੀ ਸੱਚ ਹੋਵੇ। ਇਸ ਲਈ ਪ੍ਰੀਖਿਆਰਥੀਆਂ ਨੂੰ ਚਾਹੀਦਾ ਹੈ ਕਿ ਜਿਥੇ ਉਹ ਰੋਜ਼ਾਨਾ ਪੜ੍ਹਾਈ ਕਰਨ ਲਈ ਸਮਾਂ ਨਿਰਧਾਰਤ ਕਰਨ ਤੇ ਸਮਾਂ ਕੱਢਣ, ਉਥੇ ਉਹ ਸੁਆਲਾਂ ਦੇ ਜੁਆਬ ਲਿਖਣ ਲਈ ਵੀ ਸਮਾਂ ਕੱਢਣ।
  • ਪ੍ਰੀਖਿਆਰਥੀਆਂ ਨੂੰ ਆਪਣੇ ਲਿਖੇ ਸੁਆਲਾਂ ਦੇ ਜੁਆਬਾਂ ਨੂੰ, ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਪਾਸੋਂ ਸਮੇਂ-ਸਮੇਂ ’ਤੇ ਚੈੱਕ ਕਰਵਾ ਕੇ, ਫੀਡਬੈਕ (Feed Back) ਲੈਂਦੇ ਰਹਿਣਾ ਚਾਹੀਦਾ ਹੈ। ਇੰਜ ਕਰਨ ਨਾਲ, ਪ੍ਰੀਖਿਆਰਥੀਆਂ ਨੂੰ ਆਪਣੀਆਂ ਗਲਤੀਆਂ ਬਾਰੇ ਪਤਾ ਲੱਗਦਾ ਰਹਿੰਦਾ ਹੈ। ਫੀਡਬੈਕ ਲੈਣ ਤੋਂ ਬਾਅਦ, ਪ੍ਰੀਖਿਆਰਥੀਆਂ ਨੂੰ ਆਪਣੀ ਤਿਆਰੀ, ਲਿਖਣ ਕਲਾ ਤੇ ਲਿਖਣ- ਸਮੱਗਰੀ ’ਚ ਲੋੜੀਂਦੀ ਸੁਧਾਈ ਕਰਕੇ, ਆਪਣੇ ਜੁਆਬਾਂ ਨੂੰ ਸੁਧਾਰਨਾ ਚਾਹੀਦਾ ਹੈ।
  • ਪ੍ਰੀਖਿਆਰਥੀਆਂ ਦੁਆਰਾ ਸੁਆਲਾਂ ਦੇ ਜੁਆਬ ਵਾਰ-ਵਾਰ ਲਿਖਣ ਨਾਲ, ਜਿਥੇ ਸੁਆਲਾਂ ਦੇ ਜੁਆਬ ਯਾਦ ਹੋ ਜਾਂਦੇ ਹਨ, ਉਥੇ ਨਾਲ ਹੀ ਲਿਖਣ ਦਾ ਅਭਿਆਸ ਵੀ ਹੋ ਜਾਂਦਾ ਹੈ। ਇਸ ਦੇ ਨਾਲ-ਨਾਲ, ਸੁਆਲਾਂ ਦੇ ਜੁਆਬ ਲਿਖਦੇ ਸਮੇਂ, ਹੋਈਆਂ ਗਲਤੀਆਂ ਬਾਰੇ ਵੀ ਪਤਾ ਲੱਗ ਜਾਂਦਾ ਹੈ, ਜਿਨ੍ਹਾਂ ਨੂੰ ਸਮੇਂ ਸਿਰ ਸੁਧਾਰ ਕੇ, ਪ੍ਰੀਖਿਆ ’ਚ ਵਧੀਆ ਨੰਬਰ ਲਿਆਏ ਜਾ ਸਕਦੇ ਹਨ।
  • ਯੂ.ਪੀ.ਐਸ.ਸੀ. ਦੀ ਮੁੱਖ ਪ੍ਰੀਖਿਆ ’ਚ ਸੁਆਲਾਂ ਦੇ ਸਹੀ ਤੇ ਵਧੀਆ ਜੁਆਬ ਲਿਖ ਕੇ ਆਉਣਾ, ਇਕ ਕਲਾ ਹੈ। ਇਹ ਗੱਲ ਤਾਂ ਠੀਕ ਹੈ ਕਿ ਸੁਆਲਾਂ ਦੇ ਜੁਆਬ ਦੇਣ ਲਈ, ਚੰਗੀ ਤੇ ਉੱਚ ਪਾਏ ਦੀ ਭਾਸ਼ਾ ਤੇ ਸ਼ਬਦ ਲਿਖਣੇ ਜ਼ਰੂਰੀ ਹਨ, ਪਰ, ਇਹੀ ਸਭ ਕੁੱਝ ਨਹੀਂ ਹੈ। ਸੁਆਲਾਂ ਦੇ ਵਧੀਆ ਜੁਆਬ ਲਿਖਣ ਲਈ, ਲਿਖਣ ਕਲਾ ਦੇ ਨਾਲ-ਨਾਲ, ਚੰਗੀ ਤੇ ਉੱਚ ਦਰਜੇ ਦੀ ਲਿਖਣ ਸਮੱਗਰੀ ਹੋਣੀ ਵੀ ਬਹੁਤ ਜ਼ਰੂਰੀ ਹੈ। ਅਖ਼ੀਰ ’ਚ ਤਾਂ ਉੱਚ ਦਰਜ਼ੇ ਦੀ ਲਿਖਣ-ਸਮੱਗਰੀ ਹੀ ਚੰਗੇ ਨੰਬਰ ਲਿਆਉਣ ’ਚ ਸਹਾਈ ਹੁੰਦੀ ਹੈ। ਇਸ ਲਈ ਪ੍ਰੀਖਿਆਰਥੀਆਂ ਨੂੰ ਚੰਗੀ ਲਿਖਣ ਸਮੱਗਰੀ ਇਕੱਤਰ ਕਰਨ ਲਈ, ਵੱਧ ਮਿਹਨਤ ਕਰਨੀ ਚਾਹੀਦੀ ਹੈ।
  • ਪੀਖਿਆਰਥੀ, ਸੁਆਲਾਂ ਦੇ ਜੁਆਬ ਦੇਣ ਲਈ, ਜਿੰਨੇ ਵੱਧ ਤੋਂ ਵੱਧ ਚਿੱਤਰਾਂ (Diagrams),  Facts, Data, Quotations, ਕਮੇਟੀਆਂ, ਕਮੀਸ਼ਨਾਂ, ਉੱਚ ਨਿਆਲੇ ਦੇ ਵੱਖ-ਵੱਖ ਫੈਸਲਿਆਂ ਅਤੇ ਹੇਰ ਮੌਜੂਦਾ ਮਾਮਲਿਆਂ (Current Affairs) ਦੀ ਵਰਤੋਂ ਕਰਨਗੇ, ਉਹਨਾਂ ਨੂੰ, ਉਨੇ ਹੀ ਵੱਧ ਨੰਬਰ ਮਿਲਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਪ੍ਰੀਖਿਆਰਥੀਆਂ ਨੂੰ ਚਾਹੀਦਾ ਹੈ ਕਿ ਹਰ ਵਿਸ਼ੇ ਨਾਲ ਸਬੰਧਤ, ਵੱਖ-ਵੱਖ ਸੰਭਾਵਤ ਸੁਆਲਾਂ ਦੇ ਨਾਲ ਸਬੰਧਤ ਚਿੱਤਰ (Diagrams), Facts, Dats, Quotations, ਕਮੇਟੀਆਂ, ਕਮੀਸ਼ਨਾਂ, ਉੱਚ ਨਿਆਲੇ ਦੇ ਵੱਖ-ਵੱਖ ਫੈਸਲਿਆਂ ਤੇ ਹੋਰ ਮੌਜੂਦਾ ਮਾਮਲਿਆਂ (Current Affairs) ਨੂੰ ਲਿਖਦੇ ਰਹਿਣ ਤਾਂ ਜੋ ਪ੍ਰੀਖਿਆ ਦੌਰਾਨ, ਸੁਆਲਾਂ ਦੇ ਜੁਆਬ ਦਿੰਦੇ ਸਮੇਂ, ਇਹਨਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ।
  • ਯੂ.ਪੀ.ਐਸ.ਸੀ. ਦੀ ਪ੍ਰੀਖਿਆ ਦੇਣ ਦੀ ਸਮੁੱਚੀ ਪ੍ਰਕ੍ਰਿਆ ਤੋਂ ਬਾਅਦ, ਕੁੱਝ ਪ੍ਰੀਖਿਆਰਥੀ ਸਫ਼ਲਤਾ ਹਾਸਲ ਕਰ ਲੈਂਦੇ ਹਨ, ਪਰ, ਬਹੁਤ ਸਾਰੇ ਪ੍ਰੀਖਿਆਰਥੀ, ਇਹੋ ਜਿਹੇ ਵੀ ਹੁੰਦੇ ਹਨ, ਜਿਹੜੇ ਸਫ਼ਲ ਨਹੀਂ ਹੋ ਪਾਉਂਦੇ। ਕਈ ਵਾਰ ਇਹ ਵੀ ਦੇਖਣ ’ਚ ਆਉਂਦਾ ਹੈ ਕਿ ਇਹੋ ਜਿਹੇ ਪ੍ਰੀਖਿਆਰਥੀ ਜਿਹੜੇ ਤਿੰਨ-ਚਾਰ ਵਾਰ ਪ੍ਰੀਖਿਆ ਦੇਣ ਦੇ ਬਾਵਜੂਦ ਵੀ ਸਫ਼ਲ ਨਹੀਂ ਹੋ ਪਾਉਂਦੇ, ਉਹ ਨਿਰਾਸ਼ ਹੋ ਜਾਂਦੇ ਹਨ। ਕੁੱਝ-ਕੁ ਪ੍ਰੀਖਿਆਰਥੀ ਤਾਂ ਇਹੋ ਜਿਹੇ ਵੀ ਹੁੰਦੇ ਹਨ, ਜਿਹੜੇ ਡਿਪਰੈਸ਼ਨ ’ਚ ਵੀ ਚਲੇ ਜਾਂਦੇ ਹਨ। ਇਸ ਲਈ ਪ੍ਰੀਖਿਆਰਥੀਆਂ ਨੂੰ ਚਾਹੀਦਾ ਹੈ ਕਿ ਇਕ ਬੈਕ-ਅਪ ਪਲੈਨ (Backup Plan) ਜ਼ਰੂਰ ਬਣਾ ਕੇ ਰੱਖਣ ਤਾਂ ਜੋ ਜੇ ਕਿਸੇ ਕਾਰਨ ਇਸ ਪ੍ਰੀਖਿਆ ’ਚ ਸਫ਼ਲ ਨਾ ਵੀ ਹੋ ਸਕਣ ਤਾਂ ਵੀ ਇਸ Backup Plan ਕਾਰਨ, ਉਹਨਾਂ ਨੂੰ ਨਿਰਾਸ਼ਤਾ ਨਾ ਹੇਵੇ। (ਇਥੇ Backup Plan ਤੋਂ ਭਾਵ ਹੈ ਕਿ ਪ੍ਰੀਖਿਆਰਥੀ ਕੋਲ, ਇਸ ਪ੍ਰੀਖਿਆ ਤੋਂ ਇਲਾਵਾ, ਆਪਣੇ ਕਰੀਅਰ ਲਈ ਹੋਰ ਵੀ ਵਿਕਲਪ ਹੋਣੇ ਚਾਹੀਦੇ ਹਨ।)
  • ਇਸ ਪ੍ਰੀਖਿਆ ਲਈ ਤਿਆਰ ਕਰਨ ਦੀ ਤੇ ਪ੍ਰੀਖਿਆ ਦੇਣ ਦੀ ਸਮੁੱਚੀ ਪ੍ਰਕ੍ਰਿਆ ਦੌਰਾਨ, ਪ੍ਰੀਖਿਆਰਥੀਆਂ ਨੂੰ ਰੋਜ਼ਾਨਾਂ ਇਹ ਅਰਦਾਸ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਅਕਾਲ ਪੁਰਖ! ਮੈਨੂੰ ਇਸ ਪ੍ਰੀਖਿਆ ਲਈ ਮਿਹਨਤ ਕਰਨ ਦੀ ਸਮਰੱਥਾ ਬਖ਼ਸ਼ਿਸ਼ ਕਰਨੀ ਜੀ ਅਤੇ ਮੇਰੇ ’ਤੇ ਰਹਿਮਤ ਕਰਕੇ, ਪ੍ਰੀਖਿਆ ’ਚ ਸਫ਼ਲਤਾ ਬਖ਼ਸ਼ਿਸ਼ ਕਰਨੀ ਜੀ। ਇਸ ਦੇ ਨਾਲ-ਨਾਲ, ਪ੍ਰੀਖਿਆਰਥੀਆਂ ਨੂੰ ਆਪਣੇ ਹਿਰਦੇ ਅੰਦਰ, ਇਹ ਭਾਵਨਾ ਵੀ ਪ੍ਰਬਲ ਕਰਨੀ ਚਾਹੀਦੀ ਹੈ ਕਿ ਇਹ ਗੱਲ ਤਾਂ ਠੀਕ ਹੈ ਕਿ ਮਿਹਨਤ ਮੈਂ ਕਰ ਰਿਹਾ ਹੈ ਪਰ, ਸਫ਼ਲਤਾ ਤਾਂ ਉਸ ਅਕਾਲ ਪੁਰਖ ਦੀ ਬਖ਼ਸ਼ਿਸ਼ ਸਦਕਾ ਹੀ ਮਿਲਣੀ ਹੈ। ਇਸ ਲਈ, ਪ੍ਰੀਖਿਆਰਥੀ ਰੋਜ਼ਾਨਾ ਅਰਦਾਸ ਕਰਦੇ ਸਮੇਂ, ਇਹ ਬੇਨਤੀ ਜ਼ਰੂਰ ਕਰਨ ਕਿ “ਮਿਹਨਤ ਮੇਰੀ ਰਹਿਮਤ ਤੇਰੀ” ਮੇਰਾ ਦ੍ਰਿੜ੍ਹ ਨਿਸ਼ਚਾ ਹੈ ਕਿ ਇੰਜ ਕਰਨ ਨਾਲ, ਅਕਾਲ ਪੁਰਖ ਪ੍ਰੀਖਿਆਰਥੀ ਦੀ ਇਸ ਪ੍ਰੀਖਿਆ ’ਚ ਸਫ਼ਲਤਾ ਲਈ ਜ਼ਰੂਰ ਸਹਾਈ ਹੋਣਗੇ।