ਸੁਰਿੰਦਰ ਕੌਰ ਪੰਜਾਬ ਦੀ ਉਹ ਨਾਮਵਰ ਗਾਇਕਾ ਹੈ ਜਿਸਨੂੰ ਕਿ ਆਪਣੀ ਸੁਰੀਲੀ ਆਵਾਜ਼ ਕਰਕੇ ਪੰਜਾਬ ਦੀ ਕੋਇਲ ਦਾ ਖਿਤਾਬ ਮਿਲਿਆ ਹੈ। ਸੁਰਿੰਦਰ ਕੌਰ ਦੀ ਪੰਜਾਬੀ ਸੱਭਿਆਚਾਰ ਨੂੰ ਸਭ ਵੱਡੀ ਦੇਣ ਲੋਕ ਗਾਇਕੀ ਨੂੰ ਸਤਿਕਾਰਯੋਗ ਥਾਂ ਦਿਵਾਉਣਾ ਹੈ। ਇਸਤੋਂ ਪਹਿਲਾਂ ਗਾਉਣਾ ਕੇਵਲ ਕਸਬੀ ਲੋਕਾਂ ਦੇ ਹੱਥਾਂ ਵਿੱਚ ਹੀ ਸੀ। ਸੁਰਿੰਦਰ ਕੌਰ ਨੇ ਪੰਜਾਬ ਦੇ ਲੋਕਾਂ ਨੂੰ ਕਈ ਹਿੱਟ ਗਾਣੇ ਦਿੱਤੇ ਹਨ, ਜਿਹੜੇ ਅੱਜ ਵੀ ਗੁਣਗੁਣਾਏ ਜਾਂਦੇ ਹਨ।
ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਲਾਹੌਰ ਵਿਖੇ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੀ ਕੁਖੋਂ ਅਣਵੰਡੇ ਪੰਜਾਬ ਵਿੱਚ ਹੋਇਆ। ਸੁਰਿੰਦਰ ਕੌਰ ਦੀਆਂ ਚਾਰ ਭੈਣਾਂ ਪ੍ਰਕਾਸ਼ ਕੌਰ, ਮਹਿੰਦਰ ਕੌਰ, ਮਨਜੀਤ ਕੌਰ ਅਤੇ ਨਰਿੰਦਰ ਕੌਰ ਸਨ। ਸੁਰਿੰਦਰ ਕੌਰ ਦੇ ਪੰਜ ਭਰਾ ਸਨ। ਸੁਰਿੰਦਰ ਕੌਰ ਦਬੁਰਜੀ ਹਾਈ ਸਕੂਲ, ਲਾਹੌਰ ਤੋਂ ਦਸਵੀਂ ਪਾਸ ਸਨ। 12 ਸਾਲ ਦੀ ਉਮਰ ਵਿੱਚ ਸੁਰਿੰਦਰ ਕੌਰ ਨੇ ਆਪਣੀ ਭੈਣ ਪ੍ਰਕਾਸ਼ ਕੌਰ ਨਾਲ ਮੁਸਲਿਮ ਉਸਤਾਦ ਇਨਾਇਤ ਹੁਸੈਨ ਅਤੇ ਹਿੰਦੂ ਉਸਤਾਦ ਪੰਡਿਤ ਮਨੀ ਪ੍ਰਸ਼ਾਦ ਤੋਂ ਸ਼ਾਸਤਰੀ ਸੰਗੀਤ ਦੀ ਵਿਦਿਆ ਹਾਸਲ ਕੀਤੀ। 1943 ਵਿੱਚ ਉਹਨਾਂ ਨੇ ਆਪਣੇ ਸੰਗੀਤ ਦੇ ਸਫ਼ਰ ਦਾ ਆਗਾਜ ਲਾਹੌਰ ਦੇ ਰੇਡਿਓ ਸਟੇਸ਼ਨ ਤੋਂ ਕੀਤਾ ਸੀ। ਇਸ ਤੋਂ ਅਠਾਰਾਂ ਦਿਨਾਂ ਬਾਅਦ 31 ਅਗਸਤ ਨੂੰ ਐਚ.ਐਮ.ਵੀ ਕੰਪਨੀ ਨੇ ਉਹਨਾਂ ਦਾ ਪਹਿਲਾ ਗੀਤ ‘ ਮਾਵਾਂ ਤੇ ਧੀਆਂ ਰਲ ਬੈਠੀਆਂ ’ ਆਪਣੀ ਭੈਣ ਪ੍ਰਕਾਸ਼ ਕੌਰ ਨਾਲਰਿਕਾਰਡ ਕੀਤਾ ਸੀ ਜੋ ਬਹੁਤ ਮਸ਼ਹੂਰ ਹੋਇਆ।
ਸੁਰਿੰਦਰ ਕੌਰ ਨੂੰ ਦੇਸ਼ ਦੀ ਵੰਡ ਦਾ ਸੰਤਾਪ ਆਪਣੇ ਜਿਸਮ ਤੇ ਭੋਗਣਾ ਪਿਆ। ਸੁਰਿੰਦਰ ਕੌਰ ਨੂੰ ਆਪਣੀ ਜਨਮ ਭੂਮੀ ਦਾ ਮੋਹ ਛੱਡ ਆਪਣੇ ਮਾਤਾ-ਪਿਤਾ ਨਾਲ ਗਾਜੀਆਬਾਦ, ਉੱਤਰ ਪ੍ਰਦੇਸ਼, ਦਿੱਲੀ ਰਹਿਣ ਲੱਗੇ। 29 ਜਨਵਰੀ 1948 ਨੂੰ 19 ਸਾਲ ਦੀ ਉਮਰ ਵਿੱਡ ਸੁਰਿੰਦਰ ਕੌਰ ਦਾ ਵਿਆਹ ਐਮ.ਏ ਸਾਈਕਾਲੋਜੀ ਅਤੇ ਦਿੱਲੀ ਵਿੱਚ ਪੰਜਾਬੀ ਸਾਹਿਤ ਦੇ ਲੈਕਚਰਾਰ ਜੌਗਿੰਦਰ ਸਿੰਘ ਸੋਢੀ ਨਾਲ ਹੋ ਗਿਆ ਜੋ ਬਹੁਤ ਵਧੀਆ ਸੁਭਾਅ ਦੇ ਇਨਸਾਨ ਸਨ। ਉਹਨਾਂ ਸੁਰਿੰਦਰ ਕੌਰ ਨੂੰ ਗਾਉਣ ਵਿੱਚ ਪੂਰੀ ਮਦਦ ਕੀਤੀ। 1948 ਵਿੱਚ ਹੀ ਸੁਰਿੰਦਰ ਕੌਰ ਨੇ ਬਾਲੀਵੁੱਡ ਪਲੇਅਬੈਕ ਸਿੰਗਰ ਦੇ ਤੌਰ ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਮਿਉਜਿਕ ਡਾਇਰੈਕਟਰ ਗੁਲਾਮ ਹੈਦਰ ਨੇ ਉਹਨਾਂ ਤੋਂ ਸਹੀਦ ਹਿੰਦੀ ਫਿਲਮ ਲਈ ਤਿੰਨ ਰਿਕਾਰਡ ਕੀਤੇ। ਇਸਤੋਂ ਬਿਨਾਂ ਪਿਆਰ ਕੀ ਜੀਤ, ਸਾਂਵਰੀਆ, ਨਦੀਆ ਕੇ ਪਾਰ, ਸਬਕ, ਸ਼ਿੰਗਾਰ,ਏਕ ਨਜ਼ਰ ਆਦਿ ਫਿਲਮਾਂ ਵਾਸਤੇ ਬੰਬਈ ਵਿੱਚ ਰਹਿ ਕੇ ਗੀਤ ਗਾਏ। ਪਰ ਸੁਰਿੰਦਰ ਕੌਰ ਪੰਜਾਬੀ (ਜ਼ਬਾਨ) ਭਾਸ਼ਾ ਵਿੱਚ ਫੋਕ ਗਾਣੇ ਗਾਉਣਾ ਚਾਹੁੰਦੇ ਸਨ ਇਸਲਈ ਉਹ ਮੁੰਬਈ ਛੱਡ ਕੇ ਦਿੱਲੀ ਵਾਪਸ ਆ ਗਏ। ਉਹਨਾਂ ਨੇ ਪੰਜਾਬੀ ਸਰੋਤਿਆਂ ਨੂੰ ਕਈ ਹਿੱਟ ਗੀਤ ਦਿੱਤੇ – ਚੰਨ ਕਿੱਥੇ ਗੁਜਾਰ ਆਇਆ ਰਾਤ, ਲੱਠੇ ਦੀ ਚਾਦਰ, ਸ਼ੌਕਣ ਮੇਲੇ ਦੀ, ਗੋਰੀ ਦੀਆਂ ਝਾਜਰਾਂ, ਸੜਕੇ-ਸੜਕੇ ਜਾਂਦੀਏ ਗੀਤ ਪੰਜਾਬ ਦੇ ਨਾਮਵਰ ਗੀਤਕਾਰਾਂ ਨੇ ਲਿਖੇ ਸਨ ਪਰ ਸੁਰਿੰਦਰ ਕੌਰ ਨੇ ਆਪਣੀ ਆਵਾਜ਼ ਦੇ ਕੇ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿੱਤੀ ਸੀ।
ਭਾਰਤ ਸਰਕਾਰ ਨੇ ਸੁਰਿੰਦਰ ਕੌਰ ਨੂੰ 1953 ਵਿੱਚ ਚੀਨ ਅਤੇ 1954 ਵਿੱਚ ਰੂਸ ਵਿੱਚ ਗਾਉਣ ਲਈ ਭੇਜਿਆ ਗਿਆ। ਇਸਤੋਂ ਬਿਨਾਂ ਸੁਰਿੰਦਰ ਕੌਰ ਦੀ ਗਾਇਕੀ ਤੋਂ ਪ੍ਰਭਾਵਿਤ ਵਿਦੇਸ਼ਾਂ ਵਿੱਚ ਬਹੁਤ ਸਰੋਤੇ ਬੈਠੇ ਹਨ ਉਹਨਾਂ ਦੇ ਸੱਦੇ ’ਤੇ ਕੈਨੇਡਾ, ਇੰਗਲੈਂਡ, ਅਮਰੀਕਾ, ਅਫਰੀਕਾ, ਯੂਰਪ, ਅਰਬ ਦੇਸ਼ ਅਤੇ ਕਈ ਹੋਰ ਦੇਸ਼ਾਂ ਵਿੱਚ ਜਾ ਕੇ ਗਾਉਣ ਦਾ ਮੌਕਾ ਮਿਲਿਆ। ਇਸ ਦੇ ਨਾਲ ਹੀ ਸੁਰਿੰਦਰ ਕੌਰ ਨੇ ਸ਼ਿਵ ਕੁਮਾਰ ਦੇ ਲਿਖੇ ਗੀਤ ‘ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚੋਂ’ ਅਤੇ ਨੇਦ ਲਾਲ ਨੂਰਪੁਰੀ ਦੇ ਲਿਖੇ ‘ਜੁੱਤੀ ਕਸੂਰੀ ਪੈਰੀ ਨਾ ਪੂਰੀ’ ਆਦਿ ਬਹੁਤ ਸਾਰੇ ਗੀਤ ਰਿਕਾਰਡ ਕੀਤੇ ਅਤੇ ਸਟੇਜਾਂ ਤੇ ਵੀ ਗਾਏ। ਉਸਨੇ ਬਾਬਾ ਬੁਲ੍ਹੇ ਸ਼ਾਹ ਦੀਆਂ ਕਾਫੀਆਂ ਵੀ ਗਾਈਆਂ । ਇਸਤੋਂ ਬਿਨਾਂ ਸੁਰਿੰਦਰ ਕੌਰ ਨੇ ਹੋਰ ਕਈ ਕਲਾਕਾਰਾਂ ਨਾਲ ਦੋ ਗਾਣੇ ਰਿਕਾਰਡ ਕਰਵਾਏ ਜੋ ਸਦਾਬਹਾਰ ਹੋ ਕੇ ਰਹਿ ਗਏ ਅਤੇ ਬਹੁਤ ਸਾਰੇ ਧਾਰਮਿਕ ਗੀਤ ਵੀ ਗਾਏ।
ਇਸਤੋਂ ਇਲਾਵਾ ਸੁਰਿੰਦਰ ਕੌਰ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਤਿੰਨ ਬੇਟੀਆਂ ਨੇ ਜਨਮ ਲਿਆ। ਅਤੇ ਸਭ ਤੋਂ ਵੱਡੀ ਧੀ ਡੌਲੀ ਗੁਲੇਰੀਆ ਵੀ ਪ੍ਰਸਿੱਧ ਗਾਇਕਾ ਹੈ। ਪੰਜਾਬ ਸਰਕਾਰ ਨੇ 1 ਨਵੰਬਰ 1979 ਨੂੰ ਇੱਕ ਵਿਸ਼ੇਸ਼ ਸਮਾਗਮ (ਪਟਿਆਲਾ ਵਿਖੇ)ਆਯੋਜਿਤ ਕਰਕੇ ਸੁਰਿੰਦਰ ਕੌਰ ਨੂੰ ਸੱਭਿਆਚਾਰਕ ਪ੍ਰਾਪਤੀਆਂ ਅਤੇ ਪੰਜਾਬੀ ਲੋਕ ਗਾਇਕੀ ਦੇ ਖੇਤਰ ਵਿੱਚ ਇਸਦੀ ਮਹਾਨ ਦੇਣ ਦਾ ਸਨਮਾਨ ਕੀਤਾ। 1975 ਵਿੱਚ ਸੁਰਿੰਦਰ ਕੌਰ ਨੂੰ ਪਤੀ ਦੀ ਮੌਤ ਕਾਰਨ ਬਹੁਤ ਵੱਡਾ ਸਦਮਾ ਲੱਗਾ। ਇਸਤੋਂ ਬਾਅਦ ਸੁਰਿੰਦਰ ਕੌਰ 2004 ਵਿੱਚ ਪੰਚਕੂਲੇ ਆਪਣੀ ਬੇਟੀ ਡੌਲੀ ਗੁਲੇਰੀਆ ਦੇ ਘਰ ਕੋਲ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ।
ਸੁਰਿੰਦਰ ਕੌਰ ਨੇ 2000 ਤੋਂ ਵੱਧ ਪੰਜਾਬੀ ਅਤੇ ਹਿੰਦੀ ਗੀਤ ਗਾਏ। 1948 ਵਿੱਚ ਸੁਰਿੰਦਰ ਕੌਰ ਨੂੰ ਫੋਕ ਗਾਇਕੀ ਅਤੇ ਸੰਗੀਤ ਨਾਟਕ ਅਕੈਡਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇੰਡੀਆ ਨੈਸ਼ਨਲ ਅਕੈਡਮੀ ਮਿਊਜਿਕ ਡਾਂਸ ਐਂਡ ਥੀਏਟਰ ਮਿਲੇਨੀਅਮ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ । ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 2002 ਵਿੱਚ ਉਸਨੂੰ ਡਾਕਟਰੇਟ ਦੀ ਡਿਗਰੀ ਦਿੱਤੀ। 22 ਦਸੰਬਰ 2005 ਨੂੰ ਉਸਨੂੰ ਦਿਲ ਦਾ ਦੌਰਾ ਪੈਣ ਕਾਰਨ ਪੰਚਕੁਲਾ ਦੇ ਜਰਨਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਨਵਰੀ 2006 ਵਿੱਚ ਹਰਿਆਣਾ ਸਰਕਾਰ ਦੀ ਸਿਫਾਰਸ਼ ’ਤੇ ਭਾਰਤ ਦੇ ਰਾਸ਼ਟਰਪਤੀ ਅਬਦੁਲ ਕਲਾਮ ਨੇ ਸੁਰਿੰਦਰ ਕੌਰ ਨੂੰ ਪਦਮ ਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਪੁਰਸਕਾਰ ਨੂੰ ਪ੍ਰਾਪਤ ਕਰਕੇ ਵੀ ਸੁਰਿੰਦਰ ਕੌਰ ਖੁਸ਼ ਨਹੀਂ ਸੀ, ਕਿਉਕਿ ਇਸ ਪੁਰਸਕਾਰ ਦੀ ਸਿਫਾਰਸ਼ ਹਰਿਆਣਾ ਸਰਕਾਰ ਨੇ ਕੀਤੀ ਸੀ ਨਾ ਕਿ ਉਸ ਦੇਸ਼ ਨੇ ਜਿਸ ਲਈ ਸੁਰਿੰਦਰ ਕੌਰ ਨੇ ਲਗਭਗ ਛੇ ਦਹਾਕਿਆਂ ਤੱਕ ਲਗਾਤਾਰ ਮੇਹਨਤ ਕੀਤੀ ਸੀ। ਇਸ ਸਮਾਰੋਹ ਵਿੱਚ ਸੁਰਿੰਦਰ ਕੌਰ ਦੀਆਂ ਦੋਨੋਂ ਛੋਟੀਆਂ ਧੀਆਂ ਨੰਦਨੀ ਅਤੇ ਪ੍ਰਮੋਦਨੀ ਵੀ ਸ਼ਾਮਲ ਹੋਈਆਂ ਅਤੇ ਬਾਅਦ ਵਿੱਚ ਇਹ ਦੋਨੋਂ ਸੁਰਿੰਦਰ ਕੌਰ ਨੂੰ ਇਲਾਜ ਲਈ ਆਪਣੇ ਨਾਲ ਅਮਰੀਕਾ ਲੈ ਗਈਆਂ। ਜਹਾਜ਼ ਦੇ ਸਫਰ ਦੌਰਾਨ ਸੁਰਿੰਦਰ ਕੌਰ ਨੂੰ ਠੰਢ ਲੱਗਣ ਕਾਰਨ ਨਿਮੋਨੀਆ ਹੋ ਗਿਆ ਅਤੇ ਉੱਥੇ ਪਹੁੰਚਦੇ ਹੀ ਹਸਪਤਾਲ ਦਾਖਲ ਕਰਵਾਉਣਾ ਪਿਆ। ਕੁਝ ਸਮਾਂ ਹਸਪਤਾਲ ਦਾਖਲ ਰਹਿਣ ਮਗਰੋਂ 15 ਜੂਨ 2006 ਨੂੰ ਸੁਰਿੰਦਰ ਕੌਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਉਹਨਾਂ ਦਾ ਅੰਤਿਮ ਸੰਸਕਾਰ ਵੀ ਨਿਊ ਜਰਸੀ ਵਿੱਚ ਹੀ ਕੀਤਾ ਗਿਆ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਸੁਰਿੰਦਰ ਕੌਰ ਦੀ ਮੌਤ ਤੋਂ ਬਾਅਦ ਉਸਨੂੰ ‘ਪੰਜਾਬ ਦੀ ਕੋਇਲ’ ਦਾ ਖਿਤਾਬ ਦਿੱਤਾ ।