ਇਤਿਹਾਸ ਇੱਸ ਗੱਲ ਦਾ ਗਵਾਹ ਹੈ ਕਿ ਦਸਤਾਰ ਦਾ ਵਿਸ਼ਵ ਦੀਆਂ ਅਨੇਕਾਂ ਕੌਮਾਂ ਨਾਲ ਰਿਸ਼ਤਾ ਜੁੜਿਆ ਹੋਇਆ ਦੇਖਣ ਨੂੰ ਮਿਲਦਾ ਆਇਆ ਹੈ। ਦਸਤਾਰ ਪੱਗ ਜਾਂ ਪਗੜੀ ਦੇ ਨਾਂ ਨਾਲ ਵੀ ਪ੍ਰਚੱਲਿਤ ਹੈ । ਇਹ ਸੰਸਾਰ ਦੇ ਅਨੇਕਾਂ ਮੁਲਕਾਂ ਦੇ ਅਨਿੱਖੜਵੇਂ ਅੰਗ ਦੇ ਤੌਰ ਤੇ ਜਾਣੀ ਜਾਂਦੀ ਆਈ ਹੈ । ਇਹ ਵਿਸ਼ਵ ਦੀਆਂ ਕਈ ਕੌਮਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਦਿ ਕਾਲ ਤੋਂ ਹੀ ਬੰਨ੍ਹੀ ਜਾਂਦੀ ਰਹੀ ਹੈ । ਦਸਤਾਰ ਸ਼ਬਦ ਦੀ ਉੱਤਪਤੀ ਫ਼ਾਰਸੀ ਭਾਸ਼ਾ ਦੇ ਸ਼ਬਦ ਤੋਂ ਹੋਈ ਜਿਸਦਾ ਅਰਥ ਹੈ ‘ਹੱਥਾਂ ਨਾਲ ਬਣਾ-ਸੰਵਾਰ ਕੇ ਬੰਨ੍ਹਿਆ ਗਿਆ ਵਸਤਰ। ਦਸਤਾਰ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਵੱਖਰੋ-ਵੱਖਰੇ ਨਾਵਾਂ ਨਾਲ ਜਾਣਿਆਂ ਜਾਂਦਾ ਹੈ । ਅੰਗਰੇਜ਼ੀ ਭਾਸ਼ਾ ਵਿੱਚ ਇਸਨੂੰ ‘ਟਰਬਨ’, ਫ਼੍ਰੈਂਚ ਵਿੱਚ ‘ਟਲਬੈਂਟ’, ਤੁਰਕੀ ਵਿੱਚ ‘ਸਾਰੀਕ’, ਲਾਤੀਨੀ ਵਿੱਚ ‘ਮਾਈਟਰ’ ਅਤੇ ਫਰਾਂਸੀਸੀ ਭਾਸ਼ਾ ਵਿੱਚ ਦਸਤਾਰ ਨੂੰ ‘ਟਬੰਦ’ ਕਿਹਾ ਜਾਂਦਾ ਹੈ । ਇਸਤੋਂ ਇਲਾਵਾ ਰੁਮਾਨੀ ਵਿੱਚ ‘ਤੁਲੀਪਾਨ’, ਦੁਰਾਨੀ ਵਿੱਚ ‘ਸੁਰਬੰਦ’ ਅਤੇ ਜਰਮਨੀ, ਸਪੇਨ, ਪੁਰਤਗੇਜ਼ੀ ਤੇ ਇਤਾਲਵੀ ਵਿੱਚ ਦਸਤਾਰ ਨੂੰ ‘ਟਰਬਾਂਦੇ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਇਸਨੂੰ ਸੰਸਕ੍ਰਿਤ ਵਿੱਚ ‘ਉਸ਼ਣੀਸ਼’ ਅਤੇ ਪੰਜਾਬੀ ਵਿੱਚ ‘ਪੱਗੜੀ ਜਾਂ ‘ਪੱਗ’ ਕਿਹਾ ਜਾਂਦਾ ਹੈ ।
ਸਿੱਖ ਧਰਮ ਵਿੱਚ ਦਸਤਾਰ ਦਾ ਮਹੱਤਵ :
ਸਿੱਖ ਧਰਮ ਵਿੱਚ ਦਸਤਾਰ ਦਾ ਇੱਕ ਵਿਸੇਸ਼ ਅਤੇ ਸਤਿਕਾਰਤ ਸਥਾਨ ਹੈ । ਸਿੱਖ ਧਰਮ ਵਿੱਚ ਦਸਤਾਰ ਸਰਦਾਰ ਦੀ ਸ਼ਾਨ ਅਤੇ ਜਾਨ ਮੰਨੀ ਜਾਂਦੀ ਹੈ । ਦਸਤਾਰ ਜਿੱਥੇ ਸਿੱਖ ਦੀ ਖ਼ੁਦ ਦੀ ਇੱਜਤ ਦੀ ਪ੍ਰਤੀਕ ਹੈ ਉੱਥੇ ਹਰ ਸਿੱਖ ਦੂਸਰੇ ਦੀ ਆਬਰੂ ਬਰਕਰਾਰ ਰੱਖਣ ਲਈ ਹਮੇਸਾਂ ਤਤਪਰ ਰਹਿੰਦਾ ਹੈ। ਦਸਤਾਰ ਤੋਂ ਬਿਨਾ ਸਿੱਖ ਅਧੂਰਾ ਮੰਨਿਆਂ ਜਾਂਦਾ ਹੈ । ਸਿੱਖ ਧਰਮ ਵਿੱਚ ਦਸਤਾਰ ਨੂੰ ਰੁਹਾਨੀਅਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ । ਇਸਨੂੰ ਸਿੱਖ ਧਰਮ ਵਿੱਚ ਆਣ ਅਤੇ ਮਾਣ ਮੰਨਿਆਂ ਜਾਂਦਾ ਹੈ । ਸਿੱਖ ਰਹਿਤ ਮਰਿਯਾਦਾ ਵਿੱਚ ਦਸਤਾਰ ਬੰਨ੍ਹਣ ਵਾਲੇ ਨੂੰ ਇੱਕ ਸਾਬਤ-ਸੂਰਤ ਸਿੱਖ ਮੰਨਿਆਂ ਜਾਂਦਾ ਹੈ । ਸਿੱਖ ਧਰਮ ਵਿੱਚ ਦਸਤਾਰ ਦਾ ਮੁੱਢ ਗੁਰੂ ਨਾਨਕ ਸਾਹਿਬ ਤੋਂ ਮੰਨਿਆ ਜਾਂਦਾ ਹੈ । ਇਸ ਮਗਰੋਂ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ1699 ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਪੰਜ ਪਿਆਰਿਆਂ ਨੂੰ ਖੰਡੇ-ਬਾਟੇ ਤੋਂ ਤਿਆਰ ਕੀਤਾ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਸਾਜਾਉਂਦਿਆਂ ਹੋਇਆਂ ਆਪਣੇ ਕੇਸਾਂ ਦੀ ਸੰਭਾਲ਼ ਕਰਨ ਲਈ ਹਰ ਸਿੱਖ ਲਈ ਦਸਤਾਰ ਸਜਾਉਣਾ ਲਾਜ਼ਮੀ ਕਰ ਦਿੱਤਾ । ਇਸਦਾ ਜ਼ਿਕਰ ਗੁਰੂ ਸਾਹਿਬ ਵੱਲੋਂ ਜਾਰੀ ਕੀਤੇ ਸਿੱਖ ਰਹਿਤਨਾਮਿਆਂ ਵਿੱਚ ਵੀ ਮਿਲਦਾ ਹੈ । ਗੁਰੂ ਸਾਹਿਬ ਨੇ ਰਹਿਤਨਾਮੇ ਵਿੱਚ ਗੁਰੂ ਦੇ ਸਿੱਖ ਨੂੰ ਆਪਣੇ ਸੀਸ ਉੱਤੇ ਸਜਾਈ ਦਸਤਾਰ ਨੂੰ ਟੋਪੀ ਵਾਂਗ ਉਤਾਰ ਕੇ ਦੁਬਾਰਾ ਸਜਾਇਆਂ ਬਗੈਰ ਹੀ ਸੀਸ ਉੱਤੇ ਟਿਕਾਉਣ ਤੋਂ ਵੀ ਵਰਜਿਆ ਹੈ ।ਇਸ ਤੋਂ ਬਿਨਾ ਹਰ ਸਿੱਖ ਨੂੰ ਆਪਣੇ ਕੇਸਾਂ ਨੂੰ ਦੋ ਵਾਰ ਕੰਘਾ ਕਰਨ ਉਪਰੰਤ ਪੂਣੀ ਕਰਕੇ ਦਸਤਾਰ ਬੰਨ੍ਹਣ ਦਾ ਵੀ ਜ਼ਿਕਰ ਕੀਤਾ ਹੈ ।ਪੰਜਵੇਂ ਪਾਤਸਾਹ ਗੁਰੂ ਅਰਜਨ ਦੇਵ ਜੀ ਸਮੇਂ ਕੁਸ਼ਤੀਆਂ ਬਹੁਤ ਹੀ ਪ੍ਰਚੱਲਿਤ ਸਨ । ਗੁਰੂ ਸਾਹਿਬ ਕੁਸ਼ਤੀਆਂ ਦੇ ਘੋਲ ਸਮੇ ਅਖਾੜਿਆਂ ਵਿੱਚ ਪਹਿਲਵਾਨਾਂ ਨੂੰ ‘ਦੁਮਾਲੇ’ ਨਾਲ ਸਨਮਾਨਿਤ ਕਰਿਆ ਕਰਦੇ ਸਨ ।ਮੁਗਲ ਹਕੂਮਤ ਵੇਲੇ ਇੱਕ ਖ਼ਾਸ ਵਰਗ ਲਈ ਦਸਤਾਰ ਸਜਾਉਣ ਦਾ ਹੱਕ ਰਾਖਵਾਂ ਛੱਡਕੇ ਬਾਕੀ ਲੋਕਾਂ ਸਮੇਤ ਸਿੱਖ ਕੌਮ ਲਈ ਵੀ ਦਸਤਾਰ ਸਜਾਉਣ ਤੇ ਪਾਬੰਦੀ ਲਗਾਉਣ ਦਾ ਸ਼ਾਹੀ ਫੁਰਮਾਨ ਜਾਰੀ ਕਰ ਦਿੱਤਾ ਸੀ ।ਪ੍ਰੰਤੂ ਇਸ ਵਿਰੁੱਧ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸਮੇ ਦੇ ਮੁਗਲ ਹੁਕਮਰਾਨਾਂ ਦਾ ਡੱਟਕੇ ਵਿਰੋਧ ਕੀਤਾ ਅਤੇ ਮੁਗਲਾਂ ਦੇ ਫੁਰਮਾਨ ਦੀ ਪ੍ਰਵਾਹ ਨਾ ਕਰਦਿਆਂ ਸਿੱਖ ਕੌਮ ਨੂੰ ਸੁੰਦਰ ਦਸਤਾਰਾਂ ਸਜਾਉਣ ਦਾ ਵੱਖਰਾ ਫੁਰਮਾਨ ਜਾਰੀ ਕਰ ਦਿੱਤਾ ਅਤੇ ਆਪ ਖ਼ੁਦ ਵੀ ਸੁੰਦਰ ਦਸਤਾਰ ਸਜਾਈ, ਜਿਸਦਾ ਜ਼ਿਕਰ ਢਾਡੀ ਅਬਦੁੱਲਾ ਅਤੇ ਨੱਥਾ ਮੱਲ ਦੀ ਵਾਰ ਵਿੱਚੋਂ ਸੁਣਨ ਨੂੰ ਮਿਲਦਾ ਹੈ–
ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ ।
ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ ।
ਹਿੰਮਤ ਬਾਹਾਂ ਕੋਟ ਗੜ੍ਹ, ਦਰਵਾਜ਼ਾ ਬਲਖਬਖੀਰ ਦੀ ।
ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇਤੰਗੀਆਂ ਦੀ,
ਪੱਗ ਤੇਰੀ ਕੀ ਜਹਾਂਗੀਰ ਦੀ ............................
ਇਹ ਵੀ ਧਾਰਨਾ ਹੈ ਕਿ ਦਸਤਾਰ ਦੀ ਸੁਰੂਆਤ ਮਸ਼ਰਿਕ ਵਿੱਚੋਂ ਹੋਈ ਹੈ । ਮੁਸਲਮਾਨਾਂ ਦੇ ਨਬੀ ਹਜ਼ਰਤ ਮੁਹੰਮਦ ਸਾਹਿਬ ਵੀ ਦਸਤਾਰ ਸਜਾਇਆ ਕਰਦੇ ਸਨ । ਦਸਤਾਰ ਦਾ ਮਹੱਤਵ ਹਰੇਕ ਸਮਾਜ ਦੇ ਵੱਖ-ਵੱਖ ਸੱਭਿਆਚਾਰਾਂ ਨਾਲ ਜੁੜਿਆ ਹੋਇਆ ਹੈ । ਇਹ ਖੁਸੀ ਅਤੇ ਗ਼ਮੀ ਦੇ ਵੱਖ – ਵੱਖ ਮੌਕਿਆਂ ਉੱਤੇ ਵੀ ਬੰਨ੍ਹੀ ਜਾਂਦੀ ਹੈ । ਸਿੱਖ ਧਰਮ ਵਿੱਚ ਇਸਨੂੰ ਵੱਖ-ਵੱਖ ਤਰੀਕਿਆਂ ਨਾਲ ਸਜਾਇਆ ਜਾਂਦਾ ਹੈ । ਨਿਹੰਗ ਸਿੰਘ ਦਸਤਾਰ ਨੂੰ ‘ਦੁਮਾਲਾ’ ਕਹਿਕੇ ਸਜਾਉਂਦੇ ਹਨ ।ਸਿੱਖ ਦਸਤਾਰ ਨੂੰ ਪਟਿਆਲਾ ਸਾਹੀ, ਤੁਰਲੇ ਵਾਲੀ, ਪਿਸੌਰੀ, ਅੰਮ੍ਰਿਤਸਰੀ, ਅਫ਼ਗ਼ਾਨੀ ਅਤੇ ਪ੍ਰੈਜ਼ੀਡੈਂਟ ਗਾਰਡ ਦੇ ਰੂਪ ਵਿੱਚ ਸਜਾਉਂਦੇ ਹਨ । ਸਿੱਖ ਧਰਮ ਵਿੱਚ ਸਿੱਖ ਹਮੇਸ਼ਾ ਆਪਣੀ ਪੱਗ ਦੀ ਲਾਜ ਰੱਖਦਾ ਆਇਆ ਹੈ । ਇੱਕ ਪੱਗੜੀਧਾਰੀ ਸਿੱਖ ਸਮਾਜ ਵਿੱਚ ਆਚਰਨ ਦਾ ਉੱਚਾ ਅਤੇ ਸੁੱਚਾ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ । ਉਹ ਦਸਤਾਰ ਪਹਿਨਕੇ ਕਦੇ ਵੀ ਅਜਿਹਾ ਗਲਤ ਕੰਮ ਨਹੀਂ ਕਰਦਾ ਜਿਸ ਨਾਲ ਉਸਦੀ ਪੱਗ ਨੂੰ ਲਾਜ ਲੱਗੇ । ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦਸਤਾਰ ਸਿੰਘਾਂ ਅਤੇ ਸਿੰਘਣੀਆਂ ਦੀਆਂ ਲਾਸਾਨੀ ਸ਼ਹੀਦੀਆਂ ਦੀ ਰਹਿੰਦੀ ਦੁਨੀਆਂ ਤੱਕ ਗਵਾਹੀ ਭਰਦੀ ਰਹੇਗੀ । ਸਿੱਖ ਧਰਮ ਵਿੱਚ ਦੂਸਰੇ ਦੀ ਦਸਤਾਰ ਲਾਹੁਣਾ, ਚਾਹੇ ਉਹ ਦੁਸ਼ਮਣ ਹੀ ਕਿਉਂ ਨਾ ਹੋਵੇ, ਬਹੁਤ ਬੁਰਾ ਅਤੇ ਧਰਮ ਦੇ ਉਲਟ ਮੰਨਿਆ ਜਾਂਦਾ ਹੈ । ਮੁਗਲ ਕਾਲ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਦਸਤਾਰ ਦਾ ਆਪਣਾ ਹੱਕ ਕਾਇਮ ਰੱਖਣ ਲਈ ਦੇਸ਼ ਵਿੱਚ ਵੀ ਅਤੇ ਵਿਦੇਸ਼ ਵਿੱਚ ਵੀ ਅਨੇਕਾਂ ਵਾਰ ਸੰਘਰਸ਼ ਕਰਦੀ ਰਹੀ ਹੈ ਅਤੇ ਕਰਦੀ ਆ ਰਹੀ ਹੈ । ਇਸ ਸਬੰਧੀ ਸਿੱਖ ਕੌਮ ਨੇ ਅਨੇਕਾਂ ਕਾਨੂੰਨੀ ਲੜਾਈਆਂ ਲੜੀਆਂ ਹਨ ਅਤੇ ਧਰਨੇ-ਮੁਜ਼ਾਹਰੇ ਕੀਤੇ ਹਨ ਅਤੇ ਕੀਤੇ ਜਾ ਰਹੇ ਹਨ ।
ਵਰਤਮਾਨ ਯੁੱਗ ਵਿੱਚ ਅੱਜ ਦੀ ਸਿੱਖ ਯੁਵਾ ਪੀੜ੍ਹੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਪਤਿਤਪੁਣੇ ਦਾ ਸ਼ਿਕਾਰ ਹੋ ਰਹੀ ਹੈ । ਅੱਜ ਦਾ ਨੌਜੁਆਨ ਸਿੱਖੀ ਦੀ ਆਨ ਅਤੇ ਸਾਨ ਲਈ ਕੀਤੀਆਂ ਕੁਰਬਾਨੀਆਂ ਨਾਲ ਭਰੇ ਇਤਿਹਾਸ ਨੂੰ ਵਿਸਾਰ ਰਿਹਾ ਹੈ । ਉਹ ਸਾਡੇ ਮਾਣਮੱਤੇ ਇਤਿਹਾਸ ਨੂੰ ਅੱਖੋਂ ਪਰੋਖੇ ਕਰਦਾ ਜਾ ਰਿਹਾ ਹੈ । ਇਸ ਲਈ ਅੱਜ ਸਮੂਹ ਸਿੱਖ ਸੰਸਥਾਵਾਂ ਨੂੰ ਸਿੱਖੀ ਦੇ ਪ੍ਰਸਾਰ ਲਈ ਉਚੇਚੇ ਪ੍ਰਬੰਧ ਕਰਨੇ ਅਤੀ ਜ਼ਰੂਰੀ ਹੋ ਗਏ ਹਨ ਤਾਂ ਕਿ ਸਿੱਖੀ ਵਿੱਚ ਆ ਰਹੇ ਨਿਘਾਰ ਨੂੰ ਹੋਰ ਪਨਪਣ ਤੋਂ ਰੋਕਿਆ ਜਾ ਸਕੇ ਅਤੇ ਗੁਰੂ ਦਾ ਹਰ ਲਾਡਲਾ ਸਪੂਤ ਪਤਿਤਪੁਣੇ ਦਾ ਰਾਹ ਤਿਆਗਕੇ ਫਿਰ ਤੋਂ ਦਸਤਾਰ ਸਜ਼ਾ ਕੇ ਸਾਬਤ ਸੂਰਤ ਸਿੱਖ ਸੂਰਮਾ ਅਖਵਾਉਣ ਲੱਗ ਪਵੇ।