ਤਾਰੀਫ਼ ਦੇ ਦੋ ਬੋਲ

ਸ਼ਲਾਘਾ ਤੁਹਾਡੀ ਕਾਬਲੀਅਤ ਦਾ ਪ੍ਰਮਾਣ ਪੱਤਰ ਹੈ, ਜਿਸ ਨੂੰ ਮਹਿਸੂਸ ਕਰਦਿਆਂ ਹਰ ਗਤੀਸ਼ੀਲ ਵਿਅਕਤੀ ਅਗਲੇਰੀਆਂ ਮੰਜ਼ਿਲਾਂ ਵੱਲ ਦ੍ਰਿੜ ਇਰਾਦੇ ਨਾਲ ਵੱਧਦਾ ਹੈ....
ਪ੍ਰਸ਼ੰਸਾ ਉਹ ਸ਼ਬਦ ਹੈ, ਜਿਸ ਨਾਲ ਅਸੀਂ ਕਿਸੇ ਵੀ ਵਿਅਕਤੀ ਦੇ ਵਿਸ਼ੇਸ਼ ਗੁਣਾਂ ਕਰਕੇ ਉਸ ਦੀ ਸਿਫ਼ਤ ਕਰਦੇ ਹਾਂ ਤੇ ਉਸ ਨੂੰ ਹੋਰ ਚੰਗੇਰਾ ਕਰਨ ਵੱਲ ਉਤਸ਼ਾਹਿਤ ਕਰਦੇ ਹਾਂ। ਪ੍ਰਸ਼ੰਸਾ ਚਾਪਲੂਸੀ ਨਹੀਂ ਹੁੰਦੀ, ਸਗੋਂ ਕਿਸੇ ਕਾਬਲ ਮਨੁੱਖ ਦੀਆਂ ਪ੍ਰਾਪਤੀਆਂ ਦੇ ਗੁਣਾਤਮਿਕ ਪਹਿਲੂਆਂ ਦੀ ਭਾਵਨਾਤਮਿਕ ਖ਼ੁਸ਼ੀ ਦਾ ਪ੍ਰਗਟਾਵਾ ਹੁੰਦਾ ਹੈ। ਕਿਸੇ ਵੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਨਿਕਲੇ ਬੋਲ ਪ੍ਰਸ਼ੰਸਾ ਅਖਵਾਉਂਦੇ ਹਨ। ਪ੍ਰਸ਼ੰਸਾ ਇਕ ਹਾਂ-ਪੱਖੀ ਊਰਜਾ ਹੈ, ਜਿਸ ਨਾਲ ਬੰਦਾ ਤੇਜ਼ ਰਫ਼ਤਾਰ ਵਿਚ ਦੌੜਦਾ ਹੈ। ਮੰਜ਼ਿਲਾਂ ਸਰ ਕਰ ਛੱਡਦਾ ਹੈ। ਇਸ ਦੌੜ ਵਿੱਚੋਂ ਉਹ ਕਈਆਂ ਨੂੰ ਪਛਾੜ ਦਿੰਦਾ ਹੈ। ਜ਼ਿੰਦਗੀ ਦੀ ਇਹ ਦੌੜ ਬੇਹੱਦ ਕਠਿਨ ਤੇ ਚੁਣੌਤੀ ਭਰੀ ਹੁੰਦੀ ਹੈ। ਕਿਸੇ ਆਪਣੇ ਦੇ ਪ੍ਰਸ਼ੰਸਾ ਹਿੱਤ ਭੇਟ ਕੀਤੇ ਪ੍ਰਸ਼ੰਸਾ ਯੋਗ ਬੋਲ ਦੌੜਨ ਵਾਲੇ ਨੂੰ ਜਿੱਤ ਦੀ ਖ਼ੁਸ਼ੀ ਤੀਕਰ ਲੈ ਜਾਂਦੇ ਨੇ। ਪ੍ਰਸ਼ੰਸਾ ਦੀ ਇਹ ਊਰਜਾ ਮਨੁੱਖ ਨੂੰ ਥੱਕਣ ਨਹੀਂ ਦਿੰਦੀ। ਪ੍ਰਸ਼ੰਸਾ ਇਕ ਅਨੰਦਾਇਕ ਸਕੂਨ ਹੈ। ਪ੍ਰਸ਼ੰਸਾ ਦਾ ਅਨੁਭਵ ਵਿਅਕਤੀ ਨੂੰ ਪ੍ਰਗਤੀਸ਼ੀਲ ਬਣਾਉਂਦਾ ਹੈ। ਪ੍ਰਸ਼ੰਸਾ ਇਕ ਬਹੁਤ ਵੱਡੀ ਚੁਣੌਤੀ ਵੀ ਹੈ।
ਪ੍ਰਸ਼ੰਸਾ ਤੁਹਾਡੀ ਕਾਬਲੀਅਤ ਦਾ ਪ੍ਰਮਾਣ ਪੱਤਰ ਹੈ, ਜਿਸ ਨੂੰ ਮਹਿਸੂਸ ਕਰਦਿਆਂ ਹਰ ਗਤੀਸ਼ੀਲ ਵਿਅਕਤੀ ਅਗਲੇਰੀਆਂ ਮੰਜ਼ਿਲਾਂ ਵੱਲ ਦ੍ਰਿੜ ਇਰਾਦੇ ਨਾਲ ਵੱਧਦਾ ਹੈ। ਪ੍ਰਸ਼ੰਸਾ ਕਰਨਾ ਦੀ ਗੁੜ੍ਹਤੀ ਪਰਿਵਾਰ ਤੋਂ ਹੀ ਮਿਲਦੀ ਹੈ। ਪ੍ਰਸ਼ੰਸਾ ਦਾ ਤੋਹਫਾ ਭੇਟ ਕਰਨ ਵਾਲੇ ਇਨਸਾਨਾਂ ਕੋਲ ਨਿੰਦਿਆ ਕਰਨ ਦੀ ਰੱਤੀ ਭਰ ਗੁੰਜਾਇਸ ਨਹੀਂ ਹੁੰਦੀ। ਅਜਿਹੇ ਵਿਅਕਤੀ ਆਪਣੇ ਬੱਚਿਆਂ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਲਈ ਉਨਾਂ ਦੀ ਮੌਜੂਦਗੀ ’ਚ ਘੱਟ ਤੋਂ ਘੱਟ ਨਿੰਦਿਆ ਕਰਦੇ ਹਨ। ਉਹ ਪ੍ਰਸ਼ੰਸਾ ਦੇ ਪਿਆਰ ਭਰੇ ਤੇ ਮਿੱਠੜੇ ਬੋਲ ਪਦਾਨ ਕਰਦੇ ਹਨ। ਉਨ੍ਹਾਂ ਦੀ ਡਿਕਸ਼ਨਰੀ ਵਿਚ ਹਰ ਵੇਲੇ ਹਰ ਹਾਲਤ ਵਿਚ ਪ੍ਰਸ਼ੰਸਾ ਹੀ ਲਿਖੀ ਹੁੰਦੀ ਹੈ। ਉਹ ਆਪਣੇ ਚਹੇਤੇ ਦੀਆਂ ਉਣਤਾਈਆਂ ਦਾ ਵੀ ਆਪਣੇ ਅੰਦਾਜ਼ ਨਾਲ ਜ਼ਿਕਰ ਕਰਦੇ ਹਨ ਉਹ ਅਸਫਲਤਾ ਦੀ ਨੀਰਸਤਾ ਨੂੰ ਹਾਵੀ ਨਹੀਂ ਹੋਣ ਦਿੰਦੇ ਸਗੋਂ ਕਾਮਯਾਬੀ ਦੀਆਂ ਵਿਸ਼ਾਲ ਪ੍ਰਾਪਤੀਆਂ ਦੇ ਢੇਰ ਥੱਲੇ ਦਬਾ ਲੈਂਦੇ ਹਨ। ਬਾਲ ਮਨਾਂ ਵਿਚ ਪ੍ਰਸ਼ੰਸਾ ਸੁਣਨ ਅਤੇ ਉਸ ’ਤੇ ਅਮਲ ਕਰਨ ਦੀ ਉਤਸੁਕਤਾ ਵਧੇਰੇ ਹੁੰਦੀ ਹੈ। ਇਹ ਉਤਸੁਕਤਾ ਬੱਚੇ ਨੂੰ ਬੌਧਿਕ ਪੱਧਰ ’ਤੇ ਮਜ਼ਬੂਤ ਕਰਦੀ ਹੈ, ਜੋ ਬੱਚੇ ਨੂੰ ਭਵਿੱਖ ਅੰਦਰ ਜ਼ਿੰਮੇਵਾਰ ਤੇ ਹਾਲਾਤ ਨਾਲ ਲੜਨ ਦੇ ਯੋਗ ਬਣਾਉਂਦੀ ਹੈ। ਉਸ ਅੰਦਰ ਕੁਝ ਕਰ ਗੁਜ਼ਰਨ ਦਾ ਜਜ਼ਬਾ ਪੈਦਾ ਹੁੰਦਾ ਹੈ। ".. ਤੂੰ ਬੁਹਤ ਅਸਾਨੀ ਨਾਲ ਕਰ ਲਵੇਂਗਾ..., ਤੇਰੇ ਅੰਦਰ ਕੁਝ ਕਰਨ ਦੀ ਤਾਕਤ ਹੈ... ਤੂੰ ਪਹਿਲਾਂ ਵੀ ਬਹੁਤ ਵਧੀਆ ਕੀਤਾ ਸੀ।" ਕਿਸੇ ਦੀ ਪ੍ਰਸ਼ੰਸਾ ਲਈ ਵਰਤੇ ਇਹ ਸ਼ਬਦ ਮੁਰਦਿਆਂ ਅੰਦਰ ਵੀ ਜਾਨ ਪਾਉਣ ਦੀ ਸਮਰੱਥਾ ਰੱਖਦੇ ਹਨ। ਇਕ ਆਮ ਵਿਅਕਤੀ ਨੂੰ ਵੀ ਮਾਊਂਟ ਐਵਰੈਸਟ ਵਰਗੀਆਂ ਚੋਟੀਆਂ ਸਰ ਕਰਨ ਵੱਲ ਤੋਰਦੇ ਹਨ। ਮੁਕਾਬਲੇ ਦੀ ਦੌੜ ਵਿੱਚ ਖੜ੍ਹਾ ਹੋਣ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਸਘੰਰਸ਼ ਦਾ ਸਫਲਤਾ ਵੱਲ ਇਹ ਸਫਰ ਮੁਸ਼ਕਿਲ ਭਰਿਆ ਹੈ, ਪ੍ਰੰਤੂ ਪ੍ਰਸ਼ੰਸਾ ਦੀ ਇਹ ਊਰਜਾ ਮੁਕਾਬਲੇ ਦੇ ਸੰਵੇਦਨਸ਼ੀਲ ਪੜਾਅ ’ਤੇ ਲਿਆ ਕਰ ਦਿੰਦੀ ਹੈ, ਜਿੱਥੋਂ ਹਾਰ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ। ਸਿਰਫ ਜਿੱਤ ਦਾ ਝੰਡਾ ਬੁਲੰਦ ਕਰਨ ਦੀ ਗੱਲ ਚੱਲਦੀ ਹੈ। ਪ੍ਰਸ਼ੰਸਾ ਦੀ ਹਾਂ-ਪੱਖੀ ਊਰਜਾ ਜਿੱਤ ਦਰਜ ਕਰਨ ਤਕ ਲੈ ਜਾਂਦੀ ਹੈ।
ਔਰਤਾਂ ਪ੍ਰਸ਼ੰਸਾ ਸਵੀਕਾਰ ਕਰਨ ਜਾਂ ਪ੍ਰਸ਼ੰਸਾ ਕਰਵਾਉਣ ਵਿਚ ਸਭ ਤੋਂ ਮੋਹਰੀ ਹੁੰਦੀਆਂ ਹਨ। ਔਰਤਾਂ ਵਿਚ ਇਹ ਭੁੱਖ ਆਮ ਲੋਕਾਂ ਨਾਲੋਂ ਵਧੇਰੇ ਹੁੰਦੀ ਹੈ। ਇਸ਼ਕ ਹਕੀਕੀ ਹੋਵੇ ਜਾਂ ਮਜਾਜ਼ੀ ਔਰਤ ਦਾ ਹੁਸਨ ਉਸਦਾ ਗਰੂਰ ਰਿਹਾ। ਔਰਤ ਨੂੰ ਹੁਸਨ ’ਤੇ ਲੋਹੜੇ ਦਾ ਨਾਜ ਰਿਹਾ ਹੈ। ਇਹ ਗਰੂਰ ਦੋ ਸ਼ਬਦਾਂ ਦੀ ਪ੍ਰਸ਼ੰਸਾ ਵਿਚ ਟੁੱਟ ਜਾਂਦਾ ਹੈ। ਪ੍ਰਸ਼ੰਸਾ ਦੇ ਸ਼ਬਦਾਂ ਦੀ ਭੇਟ ਨਾਲ ਔਰਤ ਆਪਣੇ ਸੁਹੱਪਣ ਦੇ ਗੁਮਾਨ ਨੂੰ ਤੋੜ ਸੁੱਟਦੀ ਹੈ। ਇਹੀ ਨਹੀਂ ਉਸ ਅੰਤਰ ਤਿਆਗ ਦੀ ਭਾਵਨਾ ਵੀ ਜਾਗ ਉੱਠਦੀ ਹੈ। ਔਰਤ ਸਾਦਗੀ, ਸਲੀਕਾ, ਮਿਲਵਰਤਣ ਤੇ ਜਿਊਣ ਦੇ ਅੰਦਾਜ਼ ਨਾਲੋਂ ਖ਼ੂਬਸੂਰਤੀ ਦੀ ਪ੍ਰਸ਼ੰਸਾ ਕਰਵਾਉਣ ’ਚ ਜ਼ਿਆਦਾ ਦਿਲਚਸਪੀ ਰੱਖਦੀ ਹੈ। ਚਾਹ ’ਚ ਮਿੱਠਾ ਘੱਟ ਹੋਵੇ ਜਾਂ ਸਬਜ਼ੀ ’ਚ ਲੂਣ ਦੀ ਮਾਤਰਾ ਵੱਧ ਹੋਵੇ, ਔਰਤ ਇਸ ਦੀ ਨੁਕਤਾਚੀਨੀ ਬਰਦਾਸ਼ਤ ਕਰ ਲਵੇਗੀ ਪਰ ਆਪਣੀਆਂ ਮਨਮੋਹਕ ਅਦਾਵਾਂ, ਰੇਸ਼ਮੀ ਜ਼ੁਲਫ਼ਾਂ, ਨਸ਼ੀਲੇ ਨੈਣ ਤੇ ਕਾਲਜੇ ਹੌਲ ਪਾਉਂਦੇ ਨਖਰਿਆਂ ’ਤੇ ਥੋੜ੍ਹੀ ਬਹੁਤੀ ਵੀ ਕਿੰਤੂ ਪ੍ਰੰਤੂ ਬਰਦਾਸ਼ਤ ਨਹੀਂ ਕਰ ਸਕਦੀ। ਜੇਕਰ ਇਹ ਸਭ ਸੁਣਨ ਨੂੰ ਮਿਲ ਜਾਵੇ ਤਾਂ ਝਾੜੂ ਖੜ੍ਹਾ ਸਮਝੋ। ਔਰਤ ਸੁਹੱਪਣ ਦੇ ਇੰਨ੍ਹਾਂ ਚਿੰਨ੍ਹਾਂ ਦੀ ਪ੍ਰਸ਼ੰਸਾ ਹੀ ਕਬੂਲ ਸਕਦੀ ਹੈ ਨਾ ਕਿ ਤੌਹੀਨ। ਗੱਲ ਸਿਰਫ ਇਕੱਲੀ ਔਰਤ ਦੀ ਹੀ ਨਹੀਂ ਦੁਨੀਆ ’ਤੇ ਲਗਪਗ ਬਹੁਤ ਗਿਣਤੀ ਲੋਕ ਪ੍ਰਸ਼ੰਸਾ ਸੁਣਨ ਵਿਚ ਵਿਸ਼ਵਾਸ ਰੱਖਦੇ ਹਨ।
ਗਾਇਕ, ਅਦਾਕਾਰ ਤੇ ਕਲਾ ਖੇਤਰ ਵਿਚ ਕੰਮ ਕਰਦੇ ਸਿਰੜੀ ਕਾਮਿਆਂ ਦੀ ਖ਼ੁਸੀ ਉਨ੍ਹਾਂ ਦੀਆਂ ਕਲਾਤਮਿਕ ਗਤੀਵਿਧੀਆਂ ਨੂੰ ਸਹਾਰੇ ਜਾਣ ਵਿਚ ਹੁੰਦੀ ਹੈ। ਹਾਲਾਂਕਿ ਸਾਰਥਿਕ ਅਲੋਚਨਾ ਜ਼ਰੀਏ ਕਲਾਕਾਰ ਦੀ ਕਲਾ ਮੁਹਾਰਤ ਵਿਚ ਪਰਪੱਕਤਾ ਆਉਂਦੀ ਹੈ, ਬਾਵਜੂਦ ਇਸ ਦੇ ਬਹੁਗਿਣਤੀ ਕਲਾਮੁਹਾਰਤ ਲੋਕ ਸਾਰਥਿਕ ਆਲੋਚਨਾ ਨਾਲੋਂ ਪ੍ਰਸ਼ੰਸਾ ਕਰਨ ਵਿਚ ਵਧੇਰੇ ਵਿਸ਼ਵਾਸ ਰੱਖਦੇ ਹਨ। ਦੇਖਿਆ ਜਾਵੇ ਤਾਂ ਇਕ ਕਲਾਕਾਰ ਜਿਉਂਦਾ ਹੀ ਪ੍ਰਸੰਸਾ ਸਹਾਰੇ ਹੈ।
ਚੰਗੇ ਨੂੰ ਚੰਗਾ ਆਖ ਦੇਣਾ ਸਿਰਫ਼ ਚੰਗੇ ਮਨੁੱਖ ਦੇ ਹਿੱਸੇ ਹੀ ਆਇਆ ਹੈ, ਫਿਰ ਚੰਗਿਆਈ ਦੀ ਪ੍ਰਸ਼ੰਸਾ ਦੇ ਬੋਲ ਕਹਿਣ ਵਿਚ ਹਰਜ ਵੀ ਕੀ ਹੈ। ਬਹੁਤ ਲੋਕਾਂ ਵਿਚ ਪ੍ਰਸ਼ੰਸਾ ਕਰਨ ਦੀ ਬਖਸ਼ਿਸ਼ ਨਹੀਂ ਹੁੰਦੀ। ਪ੍ਰਸ਼ੰਸਾ ਦੀ ਬਖਸ਼ਿਸ਼ ਹੱਥੋਂ ਤੰਗ ਲੋਕਾਂ ਦੇ ਆਪਣੇ ਹਿੱਸੇ ਵੀ ਸਿਰਫ਼ ਅਲੋਚਨਾ ਹੀ ਆਉਂਦੀ ਹੈ। ਪ੍ਰਸ਼ੰਸਾ ਦੇ ਦੋ ਬੋਲ ਖ਼ੂਬਸੂਰਤ ਚਿਹਰੇ ਨੂੰ ਹੋਰ ਖ਼ੂਬਸੂਰਤ ਬਣਾ ਦਿੰਦੇ ਹਨ। ਕਿਸੇ ਦੀ ਪ੍ਰਸ਼ੰਸਾ ਕਰ ਕੇ ਦੇਖੋ ਤੁਹਾਡਾ ਅਪਣਾ ਚਿਹਰਾ ਚਮਕ ਉੱਠੇਗਾ।ਅੱਖਾਂ ਦੀ ਚਮਕ ਟਿਮਟਿਮਾਉਣ ਲੱਗ ਜਾਵੇਗੀ। ਦਿਮਾਗ਼ ਨੂੰ ਚੁਸਤੀ ਤੇ ਤਾਜ਼ਗੀ ਮਿਲੇਗੀ ਤੇ ਤੁਸੀਂ ਖ਼ੁਦ ਪ੍ਰਸ਼ੰਸਾ ਦੇ ਹੱਕਦਾਰ ਬਣ ਜਾਵੋਗੇ।


ਆਕਸੀਜਨ ਹੁੰਦੀ ਹੈ ਸ਼ਲਾਘਾ
ਪ੍ਰਸ਼ੰਸਾ ਕਲਾਕਾਰ ਲਈ ਆਕਸੀਜਨ ਦਾ ਕੰਮ ਕਰਦੀ ਹੈ। ਪ੍ਰਸੰਸਾ ਕਿਸੇ ਕਲਾਕਾਰ ਦੀ ਤਾਕਤ ਹੁੰਦੀ ਹੈ। ਪ੍ਰਸ਼ੰਸਾ ਰਾਹੀਂ ਕਲਾਕਾਰ ਨੂੰ ਆਪਣੀ ਕਲਾਤਮਿਕ ਸ਼ਕਤੀ ਦਾ ਪਤਾ ਲਗਦਾ ਹੈ। ਕਲਾ ਪ੍ਰਤੀ ਆਪਣੀ ਸੁਹਿਰਦਤਾ ਤੇ ਵਿਸ਼ੇਸ਼ਤਾ ਵੱਲ ਝਾਤ ਵੱਜ ਜਾਂਦੀ ਹੈ। ਕਲਾਕਾਰ ਭਾਵੇਂ ਤੀਖਣ ਬੁੱਧੀ ਦਾ ਮਾਲਕ ਹੋਵੇ, ਪ੍ਰੰਤੂ ਆਪਣੇ ਨਾਲੋਂ ਵਧੇਰੇ ਸੁਹਿਰਦ ਆਪਣੇ ਪ੍ਰਸੰਸਕਾਂ ਸਰੋਤਿਆਂ ਨੂੰ ਹੀ ਮੰਨਦਾ ਹੈ। ਕਿਉਂਕਿ ਇਨ੍ਹਾਂ ਸਰੋਤਿਆਂ ਕੋਲੋਂ ਕਲਾਕਾਰ ਨੂੰ ਰੂਹ ਦੀ ਖੁਰਾਕ ਮਿਲਦੀ ਹੈ। ਆਧੁਨਿਕ ਤਕਨੀਕਾਂ ਦੇ ਦੌਰ ਵਿਚ ਸੋਸ਼ਲ ਮੀਡੀਆ ਦਾ ਪੂਰਾ ਰੁਝਾਨ ਬਣਿਆ ਹੋਇਆ ਹੈ। ਇਸ ਰੁਝਾਨ ਵਿਚ ਹਰ ਇਕ ਵਿਅਕਤੀ ਆਪਣੇ ਕਾਰੋਬਾਰ ਤੇ ਨਿੱਜੀ ਪ੍ਰੋਫਾਈਲ ਨੂੰ ਸੋਸ਼ਲ ਮੀਡੀਆ ’ਤੇ ਪ੍ਰਚਾਰਦਾ ਹੈ।