ਗੁਰਕਰਨ ਸਿੰਘ ਕੁਮਾਰ ਹਾਂਪੱਖੀ ਸੋਚ ਵਾਲਾ ਲੇਖਕ ਹੈ। ਉਸ ਦੀਆਂ ਲਿਖਤਾਂ ਡੋਨੀਅਲ ਕਾਰਨੇਗੀ ਵਾਂਗ ਮਨੁੱਖ ਦੇ ਜੀਵਨ ਨੂੰ ਪ੍ਰੈਕਟੀਕਲ ਢੰਗ ਨਾਲ ਜੀਣ ਦਾ ਚੱਜ-ਆਚਾਰ ਸਿਖਾਉਣ ਵੱਲ ਰੁਚਿਤ ਹਨ। ਇਸੇ ਲਈ, ਕਹਾਣੀਆਂ ਤੋਂ ਇਲਾਵਾ ਉਸ ਨੇ ਪ੍ਰੇਰਣਾਦਾਇਕ ਲੇਖਾਂ ਦੀ ਇਕ ਪੂਰੀ ਲੜੀ ਰਚਨ ਦੀ ਹਿੰਮਤ ਕੀਤੀ ਹੈ। "ਹੌਸਲੇ ਬੁਲੰਦ ਰੱਖੋ", "ਜੇਤੂ ਬਣ ਕੇ ਜੀਉ", "ਆਓ ਆਪਣੇ ਰਸਤੇ ਲੱਭੀਏ", "ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ", "ਜ਼ਿਦਗੀ ਦੇ ਕਪਤਾਨ ਬਣੋ" ਅਜਿਹੀਆਂ ਪੁਸਤਕਾਂ ਮਨੁੱਖ ਨੂੰ ਚੰਗੇ ਆਚਾਰ-ਵਿਚਾਰ ਸਿਖਾ ਕੇ ਇਕ ਸਫਲ, ਨਿਪੁੰਨ ਅਤੇ ਕਾਮਯਾਬ ਮਨੁੱਖ ਬਣਨ ਦੇ ਰਾਹ ਪਾਉਂਦੀਆਂ ਹਨ।
ਮਨੁੱਖ ਦੇ ਜੀਵਨ ਵਿਚ ਦੋ ਤਰ੍ਹਾਂ ਦੇ ਵਿਚਾਰ ਕੰਮ ਕਰਦੇ ਹਨ। ਇਕ ਹਨ ਹਾਂ-ਪੱਖੀ ਅਤੇ ਦੂਸਰੇ ਹਨ ਨਾਂਹ-ਪੱਖੀ। ਨਾਂਹ-ਪੱਖੀ ਵਿਚਾਰਧਾਰਾ ਮਨੁੱਖ ਨੂੰ ਸਮਾਜ ਵਿੱਚ ਰਹਿਣਯੋਗ ਨਹੀਂ ਰਹਿਣ ਦਿੰਦੀ, ਉਹ ਆਪਣੇ ਲਈ ਤੇ ਦੂਸਰਿਆਂ ਲਈ ਵੀ ਕੰਡੇ ਬੀਜਦੀ ਹੈ। ਆਪ ਵੀਂ ਦੁਖੀ ਹੁੰਦਾ ਹੈ ਤੇ ਦੂਸਰਿਆਂ ਨੂੰ ਵੀ ਦੁਖੀ ਕਰਦਾ ਹੈ। ਦੁਨੀਆ ਦੇ ਸਾਰੇ ਕਲੇਸ਼ ਇੰਹੋ ਜਿਹੇ ਬੰਦਿਆਂ ਦੇ ਹੀ ਪੈਦਾ ਕੀਤੇ ਹੁੰਦੇ ਹਨ। ਦੂਸਰੇ ਹਨ ਹਾਂ-ਪੱਖੀ ਵਿਚਾਰ। ਇਨ੍ਹਾਂ ਵਿਚਾਰਾਂ 'ਤੇ ਅਤੇ ਇਨਾਂ ਅਨੁਸਾਰ ਚਲਦੇ ਮਨੁੱਖ ਆਪ ਵੀ ਸੁੱਖ ਭੋਗਦਾ ਹੈ ਤੇ ਆਪਣੇ ਆਲੇ-ਦੁਆਲੇ ਨੂੰ ਵੀ ਸੁੱਖ ਭਰਪੂਰ ਬਣਾਉਂਦਾ ਹੈ। ਦੁਨੀਆ ਦੀ ਸੁੰਦਰਤਾ ਅਤੇ ਚੰਗਿਆਈ ਮਨੁੱਖ ਦੇ ਇਨ੍ਹਾਂ ਵਿਚਾਰਾਂ ਕਰਕੇ ਹੀ ਹਾਲੇ ਤੱਕ ਬਚੀ ਹੋਈ ਹੈ।
'ਮੰਜ਼ਿਲਾਂ ਹੋਰ ਵੀ ਹਨ' ਪੁਸਤਕ ਵੀ ਇਸੇ ਤਰਜ਼ ਅਤੇ ਸ਼ੈਲੀ ਵਿਚ ਲਿਖੀ ਹੋਈ ਹੈ। ਇਸ ਵਿਚ ਲੇਖਕ ਨੇ ਵੈਨ-ਸੁਵੰਨੇ ਵਿਚਾਰਾਂ ਵਾਲੇ ਕੁੱਲ 18 ਲੱਖ ਦਰਜ ਕੀਤੇ ਹਨ। ਹਰੇਕ ਲੇਖ ਕਿਸੇ ਕਾਵਿਕ ਟੂਕ ਜਾਂ ਕਿਸੇ ਚੰਗੇ ਵਿਚਾਰ ਨਾਲ ਹੀ ਸ਼ੁਰੂ ਹੁੰਦਾ ਹੈ। ਇਨ੍ਹਾਂ ਦੀ ਭਾਸ਼ਾ ਬਹੁਤ ਸਰਲ, ਸੌਖੀ ਅਤੇ ਆਮ ਪਾਠਕ ਦੇ ਪਹੁੰਚ ਵਾਲੀ ਹੈ। ਇਨ੍ਹਾਂ ਲੇਖਾਂ ਵਿਚ ਲੇਖਕ ਪਾਠਕਾਂ ਨੂੰ ਆਪ ਹੀ ਚੰਗੇ ਸੁਨੇਹੇ ਦਿੰਦਾ ਹੈ। ਉਹ ਸੂਚੱਜਾ ਜੀਵਨ ਜੀਣ ਦੀ ਜਾਚ ਦੱਸਦਾ ਹੈ। ਉਸ ਦੇ ਕਈ ਵਾਕ ਤਾਂ ਸ਼ਕਤੀਆਂ ਅਤੇ ਬਿਆਨੀਆਂ ਟੂਕਾਂ ਹੀ ਭਾਸਦੀਆਂ ਹਨ। ਉੱਚੇ ਵਿਚਾਰ ਉਸਦੇ ਅੰਗ ਸੰਗ ਰਹਿੰਦੇ ਹਨ। ਉਸ ਦਾ ਕਹਿਣਾ ਹੈ ਕਿ ਆਪ ਵੀ ਖੁਸ਼ ਰਹੋ ਅਤੇ ਦੂਸਰਿਆਂ ਨੂੰ ਵੀ ਖੁਸ਼ ਰੱਖੋ। ਹਮੇਸ਼ਾ ਚੰਗੇ ਕਾਰਜ ਅਤੇ ਕਰਮ ਕਰਦੇ ਰਹੋ। ਇੱਛਾਵਾਂ ਸੀਮਤ ਰੱਖੋ ਅਤੇ ਸਥਰ ਅਤੇ ਵਿਵੇਕ ਤੋਂ ਕੰਮ ਲਵੋ। ਉਸ ਦੇ ਲੇਖ ਏਨੇ ਹਨ ਜਿਵੇਂ ਕੋਈ ਸਿਆਣਾ ਅਤੇ ਵਿਦਵਾਨ ਸਰੋਤਿਆਂ ਸਾਹਮਣੇ ਪ੍ਰਵਚਨ ਕਰ ਰਿਹਾ ਹੋਵੇ। ਉਸ ਦੇ ਹਰੇਕ ਲੇਖ ਵਿਚੋਂ ਉਸ ਦਾ ਪ੍ਰਵਚਨੀ ਮੜੰਗਾ ਝਲਕਦਾ ਹੈ। ਮਨੁੱਖ ਨੂੰ ਹੋਰ ਸਿਆਣਾ ਮਨੁੱਖ ਤੇ ਸਮਝਦਾਰ ਪਾਠਕ ਬਣਨ ਲਈ ਇਹ ਲੇਖ ਜ਼ਰੂਰ ਪੜ੍ਹਣੇ, ਵਾਚਣੇ ਚਾਹੀਦੇ ਹਨ।
ਸਮੀਖਿਆਕਾਰ
ਕੇ. ਐਲ. ਗਰਗ