ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਇਹ ਸਰਮਾਇਆ ਉਦੋਂ ਹੋਰ ਵੀ ਸੰਭਾਲਣ ਯੋਗ ਹੋ ਜਾਂਦਾ ਹੈ, ਜਦੋਂ ਅੱਗੋਂ ਨਾਮ ਸ਼ਹੀਦ ਊਧਮ ਸਿੰਘ ਸੁਨਾਮ ਵਰਗੇ ਸ਼ਹੀਦ ਦਾ ਆ ਜਾਵੇ। ਜਿਸ ਨੇ ਆਪਣੇ ਦੁਸ਼ਮਣ ਤੋਂ ਬਦਲਾ ਲੈਣ ਲਈ ਆਪਣੇ ਜਜਬਾਤ 21 ਸਾਲ ਤੱਕ ਸੀਨੇ ਵਿੱਚ ਦਬਾ ਕੇ ਰੱਖੇ ਹੋਣ ਤੇ ਆਪਣੇ ਮਕਸਦ ਵਿੱਚ ਕਾਮਯਾਬ ਹੋਣ ਲਈ ਦਿਨ-ਰਾਤ ਇੱਕ ਕਰਦਿਆਂ ਦੇਸ਼-ਵਿਦੇਸ਼ ਗਾਹ ਮਾਰੇ ਹੋਣ ਤੇ ਜਦੋਂ ਆਪਣਾ ਸ਼ਿਕਾਰ ਹੱਥ ਲੱਗਿਆ ਹੋਵੇ ਤਾਂ ਨਿਡਰਤਾ ਨਾਲ ਦੁਨੀਆਂ ਸਾਹਮਣੇ ਢਹਿ-ਢੇਰੀ ਕੀਤਾ। ਬਿਨਾਂ ਕਿਸੇ ਭੈਅ ਤੋਂ ਉੱਥੇ ਹੀ ਖਲੋ ਕੇ ਆਪਣੇ-ਆਪ ਨੂੰ ਪੁਲਸ ਹਵਾਲੇ ਕੀਤਾ ਹੋਵੇ। ਸ਼ਹੀਦ ਊਧਮ ਸਿੰਘ ਦੇ ਬਚਪਨ ਵੱਲ ਝਾਤ ਮਾਰੀਏ ਤਾਂ ਉਸ ਦੀ ਇਸ ਸਾਹਸ ਭਰੀ ਕੁਰਬਾਨੀ ਅੱਗੇ ਸਿਰ ਹੋਰ ਵੀ ਝੁਕ ਜਾਂਦਾ ਹੈ, ਜਦੋਂ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਉਸ ਦੇ ਜਨਮ ਤੋਂ 2 ਸਾਲ ਬਾਅਦ ਤੇ ਪਿਤਾ 8 ਸਾਲ ਦੀ ਉਮਰ ਵਿੱਚ ਹੀ ਉਸ ਨੂੰ ਛੱਡ ਇਸ ਜਹਾਨ ਤੋਂ ਕੂਚ ਕਰ ਗਏ ਸਨ।
ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਮਾਤਾ ਹਰਨਾਮ ਕੌਰ ਦੀ ਕੁੱਖੋਂ ਪਿਤਾ ਟਹਿਲ ਸਿੰਘ ਦੇ ਘਰ ਸੰਗਰੂਰ ਜਿਲ੍ਹੇ ਦੇ ਛੋਟੇ ਜਿਹੇ ਕਸਬੇ ਸੁਨਾਮ ਵਿੱਚ ਹੋਇਆ। ਉਸ ਦਾ ਪਿਤਾ ਰੇਲਵੇ ਫਾਟਕ ਤੇ ਚੌਕੀਦਾਰ ਦੀ ਨੌਕਰੀ ਕਰਦਾ ਸੀ। ਛੋਟੀ ਉਮਰ ਵਿੱਚ ਹੀ ਜਦੋਂ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ ਸੀ ਤਾਂ ਦਸੰਬਰ 1907 ਵਿੱਚ ਊਧਮ ਸਿੰਘ ਤੇ ਉਸ ਦੇ ਇਕ ਭਰਾ (ਜਿਸ ਦਾ ਨਾਮ ਇਤਿਹਾਸਕਾਰ ਸਾਧੂ ਸਿੰਘ ਦੱਸਦੇ ਹਨ) ਨੂੰ ਖਾਲਸਾ ਸੈਂਟਰਲ ਯਤੀਮਖਾਨੇ ਪੁਤਲੀਘਰ ਅੰਮ੍ਰਤਸਰ ਵਿਚ ਦਾਖਲ ਕਰਵਾ ਦਿੱਤਾ ਗਿਆ। ਇੱਥੇ ਉਹ ਪੜ੍ਹਾਈ ਦੇ ਨਾਲ-ਨਾਲ ਲੱਕੜੀ ਦੀ ਕਾਰੀਗਰੀ ਦਾ ਕੰਮ ਤੇ ਸਾਈਨ ਬੋਰਡ ਲਿਖਣ ਦਾ ਕੰਮ ਵੀ ਸਿੱਖਦਾ। ਬੇਸ਼ੱਕ ਸ਼ੁਰੂ ਤੋਂ ਹੀ ਊਧਮ ਸਿੰਘ ਕ੍ਰਾਂਤੀਕਾਰੀ ਸੁਭਾਅ ਦਾ ਮਾਲਕ ਸੀ ਪਰ ਇਸ ਯਤੀਮਖਾਨੇ ਵਿੱਚ ਉਸ ਦਾ ਮੇਲ ਰਸੋਈਏ ਪੰਡਿਤ ਜੇ ਰੈਮ ਨਾਲ ਹੋਇਆ, ਜੋ ਉਸ ਸਮੇਂ ਖ਼ੁਦ ਕ੍ਰਾਂਤੀਕਾਰੀ ਸਰਗਰਮੀਆਂ ਚ ਦਿਲਚਸਪੀ ਰੱਖਦਾ ਸੀ। ਸਾਲ 1918 ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਊਧਮ ਸਿੰਘ ਲੱਕੜੀ ਦਾ ਕੰਮ ਕਰਨ ਦੇ, ਨਾਲ-ਨਾਲ ਕ੍ਰਾਂਤੀਕਾਰੀ ਸਰਗਰਮੀਆਂ ਚ ਵੀ ਹਿੱਸਾ ਲੈਣ ਲੱਗਾ। ਉਧਰ ਉਹਨਾਂ ਦਿਨਾਂ ਵਿੱਚ ਅੰਗਰੇਜ ਸਰਕਾਰ ਵੀ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਨਵੇਂ ਨਵੇਂ ਤਰੀਕੇ/ਕਾਨੂੰਨ ਪਾਸ ਕਰ ਰਹੀ ਸੀ। ਜੋ ਰੋਲਟ ਐਕਟ 1914 ਵਿੱਚ ਪਾਸ ਕੀਤਾ ਗਿਆ ਸੀ, ਉਸ ਦੇ ਵਿਰੁੱਧ ਵੀ ਲੋਕ ਸੰਘਰਸ਼ ਕਰ ਰਹੇ ਸਨ।ਲੋਕ ਆਗੂ ਡਾਕਟਰ ਸੱਤਪਾਲ ਤੇ ਡਾਕਟਰ ਸੈਫਉਦੀਨ ਕਿਚਲੂ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ ਸਨ। ਉਹਨਾਂ ਨੂੰ ਰਿਹਾਅ ਕਰਵਾਉਣ ਤੇ ਅਗਲੇ ਸੰਘਰਸ਼ ਲਈ ਰਣਨੀਤੀ ਤਿਆਰ ਕਰਨ ਲਈ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਅੰਮ੍ਰਿਤਸਰ ਵਿਚ ਇੱਕ ਵੱਡਾ ਇਕੱਠ ਰੱਖਿਆ ਸੀ। ਲੱਗਭਗ ਵੀਹ ਹਜ਼ਾਰ ਦੇ ਕਰੀਬ ਲੋਕ ਇਕੱਠੇ ਹੋਏ ਸਨ। ਇਸ ਇਕੱਠ ਵਿਚ ਊਧਮ ਸਿੰਘ ਤੇ ਉਸ ਵਰਗੇ ਹੋਰ ਨੌਜਵਾਨ ਲੋਕਾਂ ਲਈ ਪਾਣੀ ਦੀ ਸੇਵਾ ਕਰ ਰਹੇ ਸਨ। ਸਭ ਕੁਝ ਸਾਂਤਮਈ ਚੱਲ ਰਿਹਾ ਸੀ ਪਰ ਪਰ ਸ਼ਾਮ ਦੇ ਸਮੇਂ ਜਨਰਲ ਡਾਇਰ ਲੱਗਭਗ ਸੌ ਕੁ ਸਿਪਾਹੀਆਂ ਦੀ ਟੁਕੜੀ ਨਾਲ ਚਿਤਾਵਨੀ ਦੇ ਲੋਕਾਂ ਤੇ ਗੋਲੀ ਚਲਾ ਦਿੱਤੀ। ਭਗਦੜ ਮੱਚਣ ਕਾਰਨ ਲੋਕ ਘਬਰਾ ਗਏ। ਜਲਿਆਂਵਾਲੇ ਬਾਗ ਦਾ ਇੱਕ ਹੀ ਦਰਵਾਜਾ ਹੋਣ ਕਾਰਨ ਲੋਕ ਭੱਜ ਨਹੀਂ ਸਕੇ। ਬਹੁਤਿਆਂ ਨੇ ਉੱਥੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। ਸੈਂਕੜੇ ਲੋਕ ਮਾਰੇ ਗਏ। ਇਸ ਘਟਨਾਂ ਦਾ ਊਧਮ ਸਿੰਘ ਦੇ ਮਨ ਤੇ ਡੂੰਘਾ ਅਸਰ ਪਿਆ। ਊਸ ਨੇ ਖ਼ੂਨ ਨਾਲ ਭਿੱਜੀ ਮਿੱਟੀ ਨੂੰ ਚੁੱਕ ਕੇ ਕਸਮ ਖਾਧੀ ਕਿ ਜਿੰਨਾਂ ਚਿਰ ਅੰਗਰੇਜ ਹਕੂਮਤ ਦੇ ਇਸ ਕਾਰੇ ਦਾ ਬਦਲਾ ਨਹੀਂ ਲੈ ਲੈਂਦਾ, ਚੈਨ ਨਾਲ ਨਹੀਂ ਬੈਠਾਂਗਾ।
ਇਸ ਘਟਨਾਂ ਤੋਂ ਬਾਅਦ ਉਹ ਕੁਝ ਸਮੇਂ ਲਈ ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿੱਚ ਚਲਾ ਗਿਆ ਤੇ ਉੱਥੇ ਆਪਣਾ ਲੱਕੜੀ ਦਾ ਕੰਮ ਕਰਨ ਲੱਗਾ। ਪਰ ਇੱਥੇ ਵੀ ਉਹ ਬਹੁਤਾ ਸਮਾਂ ਨਾਂ ਟਿਕਿਆ ਤੇ ਨਵੰਬਰ 1919 ਵਿੱਚ ਫਿਰ ਅੰਮ੍ਰਿਤਸਰ ਆ ਗਿਆ। ਬੇਸ਼ੱਕ ਦੀ ਇੱਥੇ ਆ ਕੇ ਉਸ ਨੇ ਆਪਣਾ ਕੰਮ ਫਿਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਆਪਣਾ ਮਕਸਦ ਟਿਕਣ ਨਹੀਂ ਦਿਦਾ ਸੀ।
ਇਤਿਹਾਸਕਾਰਾਂ ਅਨੁਸਾਰ ਕੁਝ ਸਮੇਂ ਬਾਅਦ ਉਹ ਮਜ਼ਦੂਰਾਂ ਦੇ ਇਕੱਠ ਨਾਲ ਦੱਖਣੀ ਅਫਰੀਕਾ ਪੁੱਜ ਗਿਆ ਤੇ ਉੱਥੇ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਉਹ ਅਮਰੀਕਾ ਪੁੱਜਾ। ਅਮਰੀਕਾ ਰਹਿੰਦਿਆਂ ਉਸ ਦੀ ਮੁਲਾਕਾਤ ਲਾਲਾ ਹਰਦਿਆਲ ਨਾਲ ਹੋਈ ਜਿਹੜੇ ਗਦਰ ਪਾਰਟੀ ਦੇ ਆਗੂ ਸਨ। ਲਾਲਾ ਹਰਦਿਆਲ ਨਾਲ ਰਹਿੰਦਿਆਂ ਊਧਮ ਸਿੰਘ ਨੇ ਉਨ੍ਹਾਂ ਨੂੰ ਆਪਣਾ ਮਕਸਦ ਦੱਸਿਆ ਤਾਂ ਉਹਨਾਂ ਨੇ ਉਸ ਨੂੰ ਇੰਗਲੈਂਡ ਜਾਣ ਦੀ ਸਲਾਹ ਦਿੱਤੀ। 1923 ਵਿੱਚ ਉਹ ਫਿਰ ਭਾਰਤ ਵਾਪਸ ਆ ਗਿਆ ਤੇ ਭਗਤ ਸਿੰਘ ਹੁਣਾਂ ਨਾਲ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲ ਹੋ ਐੱਫ ਏ ਦੀ ਪੜ੍ਹਾਈ ਕਰਨ ਲੱਗਾ। ਭਗਤ ਸਿੰਘ ਨੂੰ ਉਹ ਆਪਣਾ ਗੁਰੂ ਮੰਨਦਾ ਸੀ। ਪੜ੍ਹਾਈ ਦੇ ਨਾਲ-ਨਾਲ ਕ੍ਰਾਂਤੀਕਾਰੀ ਸਰਗਰਮੀਆਂ ਜਾਰੀ ਰੱਖੀਆਂ। ਇਸ ਸਮੇ ਆਪ ਨੂੰ ਗੋਲਾ-ਬਾਰੂਦ ਤੇ ਹਥਿਆਰ ਰੱਖਣ ਦੇ ਜ਼ੁਰਮ ਵਿਚ ਗ੍ਰਿਫਤਾਰ ਕਰ ਲਿਆ ਗਿਆ ਤੇ ਲੱਗਭਗ ਪੰਜ ਸਾਲ ਜੇਲ੍ਹ ਕੱਟਣੀ ਪਈ। ਜੇਲ੍ਹ ਵਿੱਚ ਹੀ ਊਧਮ ਸਿੰਘ ਨੂੰ ਖਬਰ ਮਿਲੀ ਸੀ ਕਿ ਭਗਤ ਸਿੰਘ ਹੁਰਾਂ ਨੇ ਸਾਂਡਰਸ ਨੂੰ ਮਾਰ ਕੇ ਲਾਲਾ ਲਾਜਪਤ ਰਾਏ ਦੀ ਮੌਤ ਦੇ ਬਦਲਾ ਲੈ ਲਿਆ ਹੈ। ਇਹ ਖਬਰ ਉਸਨੂੰ ਟਿਕਣ ਨਹੀਂ` ਦਿੰਦੀ ਸੀ, ਕਿਉਂਕਿ ਇੱਥੇ ਇਹ ਸੋਚਕੇ ਕਿ ਉਹ ਆਪਣੇ ਆਪ ਨੂੰ ਹੀਣਾ ਮਹਿਸੂਸ ਕਰਦਾ ਕਿ ਮੈਂ ਆਪਣੇ ਮਕਸਦ ਵਿੱਚ ਕਦੋਂ ਕਾਮਯਾਬ ਹੋਵਾਂਗਾ? ਬਦਲੇ ਦੀ ਅੱਗ ਉਸ ਦੇ ਅੰਦਰ ਭਾਂਬੜ ਬਣਦੀ ਜਾ ਰਹੀ ਸੀ। ਜੇਲ੍ਹ ਤੋਂ ਰਿਹਾਅ ਹੋਣ ਉਪਰਤ ਕੁਝ ਸਮਾਂ ਜੰਮੂ-ਕਸ਼ਮੀਰ ਵਿਚ ਰਿਹਾ ਤੇ ਬਾਅਦ ਵਿੱਚ 1933 ਵਿੱਚ ਲੰਡਨ ਚਲਾ ਗਿਆ। ਉੱਥੇ ਟੈਕਸੀ ਡਰਾਈਵਰ ਦਾ ਕੰਮ ਕਰਨ ਲੱਗਾ ਤੇ ਆਪਣੇ ਮਕਸਦ ਵਿਚ ਕਾਮਯਾਬ ਹੋਣ ਲਈ ਜੁਗਤਾਂ ਬਣਾਉਂਦਾ ਰਹਿੰਦਾ। ਇਸ ਸਮੇਂ ਤੱਕ ਉਸ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਮੇਰਾ ਸ਼ਿਕਾਰ ਜਨਰਲ ਡਾਇਰ ਤਾਂ ਬਿਮਾਰੀ ਨਾਲ ਮਰ ਚੁੱਕਾ ਹੈ। ਉਸ ਜਗ੍ਹਾ ਉਸ ਨੇ ਜਲਿਆਂਵਾਲੇ ਬਾਗ ਦੇ ਕਾਂਡ ਲਈ ਹੁਕਮ ਦੇਣ ਵਾਲੇ
ਸਰ ਮਾਈਕਲ ਉਡਵਾਇਰ ਨੂੰ ਮਾਰਨ ਦਾ ਫੈਸਲਾ ਕੀਤਾ ਤੇ ਉਸ ਦਾ ਨਿੱਜੀ ਡਰਾਇਵਰ ਬਣਨ ਵਿੱਚ ਕਾਮਯਾਬ ਹੋ ਗਿਆ। ਬੇਸ਼ੱਕ ਊਧਮ ਸਿੰਘ ਕੋਲ ਉਡਵਾਇਰ ਨੂੰ ਮਾਰਨ ਦੇ ਕਈ ਮੌਕੇ ਆਏ ਪਰ ਉਸ ਦੇ ਸਿਰੜ ਤੇ ਜਜਬਾਤ ਨੇ ਇਹ ਨਾਂ ਕਰਨ ਦਿੱਤਾ, ਕਿਉਕਿ ਉਹ ਦੁਨੀਆਂ ਨੂੰ ਦੱਸਣਾ ਚਾਹੁੰਦਾ ਸੀ ਕਿ ਜਿਸ ਜਰਖੇਜ ਮਿੱਟੀ ਦੀ ਉਹ ਪੈਦਾਇਸ਼ ਹੈ,ਉਸ ਦੇ ਲੋਕਾਂ ਦਾ ਜਜਬਾ ਕਿੰਨਾ ਮਜਬੂਤ ਤੇ ਤਹੱਮਲ ਵਾਲਾ ਹੋਵੇਗਾ। ਕਿਉਂਕਿ ਉਹ ਉਸ ਸ਼ਰੇਆਮ ਕੀਤੇ ਕਤਲੇਆਮ ਦਾ ਬਦਲਾ ਵੀ ਭਰੀ ਲੋਕਾਈ ਵਿੱਚ ਸ਼ਰੇਆਮ ਹੀ ਲੈਣਾ ਚਾਹੁੰਦਾ ਸੀ। ਤੇ ਉਸ ਲਈ ਉਹ ਭਾਗਾਂ ਭਰਿਆ ਦਿਨ ਆ ਗਿਆ। 12 ਮਾਰਚ 1940 ਨੂੰ ਇੰਡੀਅਨ ਰੈਸਟੋਰੈਂਟ ਲੰਡਨ ਵਿੱਚ ਗਦਰ ਪਾਰਟੀ ਦੀ ਮੀਟਿੰਗ ਵਿੱਚ ਉਸ ਨੇ ਆਪਣੇ ਸਾਥੀਆਂ ਨੂੰ ਆਪਣੇ ਮਕਸਦ ਬਾਰੇ ਅਸਿੱਧੇ ਰੂਪ ਵਿੱਚ ਦੱਸ ਦਿੱਤਾ ਕਿ ਕੱਲ੍ਹ ਦੀਆਂ ਅਖਬਾਰਾਂ। 13 ਮਾਰਚ 1940 ਨੂੰ ਉਹ ਪੂਰੇ ਵਿਸ਼ਵਾਸ ਨਾਲ ਲੰਡਨ ਦੇ ਕੈਕਸਟਨ ਹਾਲ ਵੱਲ ਹੋ ਤੁਰਿਆ, ਜਿੱਥੇ ਉਡਵਾਇਰ ਨੇ ਆਪਣਾ ਭਾਸ਼ਣ ਦੇਣਾ ਸੀ। ਇੱਕ ਮੋਟੀ ਕਿਤਾਬ (ਜਿਸ ਨੂੰ ਕਈ ਇਤਿਹਾਸਕਾਰ ਹੀਰ ਵਾਰਿਸ ਸ਼ਾਹ ਵੀ ਨੂੰ ਸ਼ੌਕ ਨਾਲ ਪੜ੍ਹਦਾ ਸੀ) ਨੂੰ ਅੰਦਰੋਂ ਰਿਵਾਲਵਰ ਦੇ ਅਕਾਰ ਦੀ ਕੱਟ ਉਸ ਵਿੱਚ ਰਿਵਾਲਵਰ ਰੱਖ ਲਿਆ। ਪੂਰੇ ਵਿਸ਼ਵਾਸ਼ ਨਾਲ ਕਿਤਾਬ ਫੜ ਹਾਲ ਵਿਚ ਦਾਖਲ ਹੋਇਆ ਤੇ ਪਹਿਲੀ ਕਤਾਰ ਵਿੱਚ ਜਾ ਬੈਠੇ। ਪਹਿਲੇ ਲੀਡਰਾਂ ਦੇ ਭਾਸ਼ਣ ਤੋਂ ਬਾਅਦ ਜਦੋਂ ਸਮਾਪਤੀ ਭਾਸ਼ਣ ਉਡਵਾਇਰ ਦੇਣ ਲੱਗਾ ਤਾਂ ਊਧਮ ਸਿੰਘ ਨੇ ਰਿਵਾਲਵਰ ਕੱਢ ਉਸ ਤੇ ਸ਼ਰੇਆਮ ਗੋਲੀ ਚਲਾ ਦਿੱਤੀ। ਦੋ ਗੋਲੀਆਂ ਛਾਤੀ ਵਿੱਚ ਲੱਗਣ ਕਾਰਨ ਉਹ ਮੌਕੇ ਤੇ ਹੀ ਦਮ ਤੋੜ ਗਿਆ ਤੇ ਊਧਮ ਸਿੰਘ ਨੇ ਬਾਕੀ ਗੋਲੀਆਂ ਚਲਾ ਆਪਣਾ ਰਿਵਾਲਵਰ ਖਾਲੀ ਕਰ ਲਿਆ। ਉਸ ਮੌਕੇ ਤੋਂ ਊਧਮ ਸਿੰਘ
ਭੱਜਿਆ ਨਹੀਂ ਸਗੋਂ ਆਰਾਮ ਨਾਲ ਕਿਹਾ ਕਿ ਮੈਂ ਆਪਣਾ ਬਦਲਾ ਲੈ ਲਿਆ ਹੈ। ਮੈਨੂੰ ਗ੍ਰਿਫਤਾਰ ਕਰ ਸਕਦੇ ਹੋ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿੱਚ ਉਸ ਤੇ ਚੱਲਦੇ ਮੁਕੱਦਮੇ ਦੌਰਾਨ ਅੰਗਰੇਜ ਪੁਲਸ ਨੇ ਦੱਸਿਆ ਕਿ ਉਸ ਕੋਲ 32 ਬੋਰ ਦਾ ਰਿਵਾਲਵਰ ਸੀ। ਜੇਕਰ ਉਸ ਕੋਲ ਹੋਰ ਗੋਲੀਆਂ ਹੁੰਦੀਆਂ ਤਾਂ ਨੁਕਸਾਨ ਵੱਧ ਹੋ ਸਕਦਾ ਸੀ। ਚੱਲਦੇ ਮੁਕੱਦਮੇ ਦੌਰਾਨ ਉਹ ਜੱਜ ਨੂੰ
ਆਪਣਾ ਨਾਮ ਰਾਮ ਮੁਹੰਮਦ ਅਜਾਦ ਵੀ ਦੱਸਦਾ ਰਿਹਾ, ਜਿਸ ਦਾ ਮਤਲਬ ਉਹ ਜਾਤੀ ਧਰਮਾਂ ਦੇ ਵਲਗਣ ਤੋਂ ਉੱਚਾ ਉੱਠਣਾ ਚਾਹੁੰਦਾ ਸੀ। ਚੱਲਦੇ ਮੁਕੱਦਮੇ ਦੌਰਾਨ ਉਸ ਨੂੰ ਮੌਤ ਦੀ ਸਜਾ ਸੁਣਾਈ ਗਈ ਤੇ 31 ਜੁਲਾਈ 1940 ਨੂੰ ਲੰਡਨ ਦੀ ਪੈਟੋਨਵਿਲੇ ਜੇਲ੍ਹ ਅੰਦਰ ਉਸ ਨੂੰ ਫਾਂਸੀ ਦੇ ਦਿੱਤੀ ਗਈ। ਉਸ ਦਾ ਰਿਵਾਲਵਰ ਅੱਜ ਵੀ ਲੰਡਨ ਦੇ ਅਜਾਇਬ ਘਰ ਵਿੱਚ ਸਾਂਭਿਆ ਪਿਆ ਹੈ, ਜਿਸ ਨੂੰ ਭਾਰਤ ਲਿਆਉਣ ਲਈ ਸਮੇਂ ਦੇ ਹਾਕਮ ਰਾਜਨੀਤਕ ਲਾਰੇ ਲਾਉਂਦੇ ਆ ਰਹੇ ਹਨ। ਪਰ ਅੱਜ ਸਾਨੂੰ ਉਹਨਾਂ ਸ਼ਹੀਦਾਂ ਦੀਆਂ ਮਾਣਮੱਤੀਆਂ ਕੁਰਬਾਨੀਆਂ ਤੋਂ ਅਗਾਂਹ ਵਾਲੀਆਂ ਪੀੜ੍ਹੀਆਂ ਨੂੰ ਯਾਦ ਕਰਵਾਉਣ ਦੀ ਲੋੜ ਹੈ। ਕਿਉਂਕਿ ਸ਼ਹੀਦ ਉਧਮ ਸਿੰਘ ਦੀ ਰੱਖਦੀ ਹੈ। ਆਪਣੇ ਜਜਬਾਤ ਨੂੰ ਆਪਣੇ ਦਿਲ ਵਿਚ 21 ਸਾਲ ਦੇ ਅਰਸੇ ਤੱਕ ਦਬਾਈ ਰੱਖਣਾ ਕਿਸੇ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ। ਜਿੱਥੇ ਵਿਲੱਖਣ ਸੂਰਮਗਤੀ ਭਰਪੂਰ ਉਸ ਦੀ ਕੁਰਬਾਨੀ ਤੇ ਦੇਸ਼ ਵਾਸੀਆਂ ਨੂੰ ਮਾਣ ਹੁੰਦਾ ਹੈ, ਉੱਥੇ ਸਦੀਆਂ ਤੱਕ ਇਹ ਕੁਰਬਾਨੀ ਭਾਰਤੀ ਲੋਕਾਂ ਲਈ ਪ੍ਰਰਨਾ ਸਰੋਤ ਵੀ ਰਹਿਣੀ ਚਾਹੀਦੀ ਹੈ। ਇਸ ਮਹਾਨ ਸ਼ਹੀਦ ਦੇ ਕਠਿਨਾਈ ਭਰੇ ਜੀਵਨ ਤੇ ਵਿਲੱਖਣ ਕੁਰਬਾਨੀ ਤੋਂ ਸੇਧ ਲੈ ਕੇ ਸਾਨੂੰ ਆਪਣੀ ਜੀਵਨਸ਼ੈਲੀ ਬਦਲਣ ਤੇ ਤੇ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਦੀ ਲੋੜ ਹੈ। ਇਹੀ ਉਸ ਸ਼ਹੀਦ ਦੇ ਸ਼ਹੀਦੀ ਦਿਨ ਤੇ ਉਸ ਲਈ ਸੱਚੀ ਸ਼ਰਧਾਂਜਲੀ ਹੋਵੇਗੀ।