ਸ਼ੋਂਕ ਨਾਲ ਕੀਤੀ ਸੇਵਾ ਆਉਂਦੀ ਸਦਾ ਰਾਸ ਏ।
ਬੱਧੇ ਰੁੱਧੇ ਕੰਮ ਕੀਤਾ ਕਰਦਾ ਨਿਰਾਸ ਏ।
ਹਰ ਕੰਮ ਲੋੜਦਾ ਤਵੱਜੋ ਪੂਰੀ ਮਨ ਦੀ,
ਟਾਲ਼ਾ ਵੱਟ ਬੰਦਾ ਕਦੇ ਹੁੰਦਾ ਨਹੀਓਂ ਪਾਸ ਏ।
ਘੱਟ ਹੀ ਉਦਾਹਰਣਾਂ ਨੇ ਸੱਚੀ ਸੁੱਚੀ ਸੇਵਾ ਦੀਆਂ,
ਸੱਚੀ ਸੇਵਾ ਸੰਗ ਮਨ ਹੁੰਦਾ ਪ੍ਰਗਾਸ ਏ।
ਸੇਵਾ ’ਚ ਹੀ ਭਗਤੀ ਤੇ ਸੇਵਾ ’ਚ ਹੀ ਸ਼ਕਤੀ ਏ,
ਸੇਵਾ ’ਚ ਹੀ ਨਾਮ ਦੀ ਵੀ ਲਗਦੀ ਪਿਆਸ ਏ।
ਦੁਨੀਆਂ ਤੇ ਆ ਕੇ ਕੋਈ ਸੇਵ ਨਾ ਕਮਾਈ ਜੇ,
ਜਿਊਣਾ ਵੀ ਬੇਰਸ, ਤੁਰ ਜਾਣਾ ਵੀ ਉਦਾਸ ਏ।
ਧੰਨ ਕਿਰਤ ਕਮਾਈ, ਵਿੱਚੇ ਰਾਮ ਲਿਵ ਲਾਈ
ਨਾਮਦੇਵ ਤੇ ਕਬੀਰ, ਧੰਨਾ, ਭਗਤ ਰਵਿਦਾਸ ਏ।
ਸੇਵਾ ’ਚ ਲਗਾਇਆ ਸਮਾਂ ਜਾਂਦਾ ਨਹੀਂ ਫ਼ਜੂਲ ਕਦੇ,
ਮਿਲਦਾ ਸਕੂਨ ਦਿਲ ਬੱਝਦੀ ਧਰਾਸ ਏ।
ਹੋਣ ਨੇਕੀਆਂ ਆਸਾਰ, ਬਣੇ ਜੀਵਨ ਆਧਾਰ,
ਰੱਖੀਂ ਸੇਵਾ ’ਚ ਤੂੰ ‘ਲਾਂਬੜਾ’ ਦੀ ਇਹੋ ਅਰਦਾਸ ਏ।