ਮੋਟੀਆਂ ਮੋਟੀਆਂ ਕਾਲੀਆਂ ਜਾਮਣਾਂ ਨਾਲ ਬਚਪਨ ਦੀਆਂ ਬੜੀਆਂ ਈ ਯਾਦਾਂ ਜੁੜੀਆਂ ਹੋਈਆਂ ਹਨ। ਮੇਰੇ ਪੇਕੇ ਪਿੰਡ ਵਿੱਚ ਇੱਕ ਘਰ ਬਾਗ ਵਾਲਿਆਂ ਦਾ ਅਖਵਾਉਂਦਾ ਸੀ। ਅੰਬ, ਆੜੂ, ਅਮਰੂਦ, ਜਾਮਣ ਅਤੇ ਹੋਰ ਵਥੇਰੇ। ਬਾਗ ਵਾਲਿਆਂ ਦਾ ਘਰ ਵੀ ਖੱਤੇ ਵਿੱਚ ਹੀ ਸੀ। ਇਸ ਕਰਕੇ ਅਮਰੂਦ, ਜਾਮਣਾਂ ਨੂੰ ਚੋਰੀ ਨਹੀਂ ਸੀ ਕੀਤਾ ਜਾ ਸਕਦਾ। ਪਰ ਸਾਡੇ ਵਰਗੇ ਲਾਲਚੀ ਜੁਆਕਾਂ ਲਈ ਬਾਗ ਵਾਲਿਆਂ ਦੀ ਬੁੜੀਆਂ ਨੇ ਅਮਰੂਦ, ਜਾਮਣਾਂ ਖਵਾਉਣ ਦਾ ਬਦਲ ਵੀ ਬੜਾ ਚੰਗਾ ਰੱਖਿਆ ਹੋਇਆ ਸੀ। ਸਾਡੇ ਬਚਪਨ ਵੇਲੇ ਨਿੰਮਾਂ ਆਮ ਹੀ ਸਨ। ਬਾਗ ਵਾਲਿਆਂ ਦੀਆਂ ਬੁੜੀਆਂ ਨੇ ਇੱਕ ਡੱਬਾ ਨਿਮੋਲੀਆਂ ਬਦਲੇ ਸਾਨੂੰ ਅੱਧਾ ਕੁ ਡੱਬਾ, ਜਾਂ ਇੱਕ ਦੋ ਅਮਰੂਦ, ਅੰਬ ਵਗੇਰਾ ਦੇ ਦੇਣਾ। ਫੇਰ ਕੀ ਸੀ ਏਸੀ ਸਾਰੇ ਜੁਆਕ ਬਾਗ ਵਾਲਿਆਂ ਦੇ ਘਰੋਂ ਬਾਗੋ ਬਾਗ ਹੋ ਜਾਂਦੇ ਸੀ। ਸਕੂਲੋਂ ਛੁੱਟੀ ਹੁੰਦਿਆਂ ਹੀ ਫੱਟੀ ਬਸਤਾ ਘਰੇ ਰੱਖ ਕਿ, ਲੀਟਰ ਕੁ ਦਾ ਡੱਬਾ ਚੱਕ ਕਿ ਸ਼ਾਮਲਾਟ ਵਿੱਚ ਲੱਗੀਆਂ ਨਿੰਮਾਂ ਹੇਠੋਂ ਨਮੋਲੀਆਂ ਚੁਗਣੀਆਂ। ਜਿਸ ਦਿਨ ਮੀਂਹ ਪੈਂਦਾ ਉਸ ਦਿਨ ਨਿਮੋਲੀਆਂ ਵੱਧ ਝੜਨੀਆਂ। ਕਈ ਵਾਰ ਤਾਂ ਅਜਿਹਾ ਸਬੱਬ ਬਣਦਾ ਕਿ ਮੀਂਹ ਵਿੱਚ ਨ੍ਹਾਂਈ ਵੀ ਜਾਣਾ, ਤੇ ਨਿਮੋਲੀਆਂ ਨਾਲ ਡੱਬਾ ਵੀ ਭਰੀ ਜਾਣਾ। ਜੀਭ ਦੇ ਲਾਲਚ ਵਿੱਚ, ਮਾਂ ਅਤੇ ਦਾਦੀ ਤੋਂ ਝਿੜਕਾਂ ਵੀ ਬਥੇਰੀਆਂ ਪੈਣੀਆਂ। ਅੱਜ ਮੇਰੀ ਜੇਠਾਣੀ ਦੇ ਘਰੋਂ ਜਾਮਣਾਂ ਆਈਆਂ ਨੇ, ਅਤੇ ਸਬੱਬ ਨਾਲ ਮੀਂਹ ਸਵੇਰ ਤੇਂ ਹੀ ਪੈ ਰਿਹਾ ਹੈ। ਜਦੋਂ ਮੈਂ ਧੋ ਕਿ ਜਾਮਣਾਂ ਖਾਣ ਲੱਗੀ ਤਾਂ,ਖਾਂਦੀ-ਖਾਂਦੀ ਆਪਣੀ ਬਾਲੜੀ ਉਮਰ ਵਲ ਝੱਤੀ ਮਾਰ ਬੈਠੀ। ਕਿਨਾਂ ਨਿਆਰਾ ਸੀ ਉਹ ਬਚਪਨ, ਉਹ ਹਮਜਮਾਤੀ ਕਿੰਨੇ ਮਾਸੂਮ ਸਨ। ਅਸੀਂ ਸਭ ਸ਼ਰਾਰਤਾਂ ਕਰਨ ਤੋਂ ਲੈ ਕਿ ਘਰਦਿਆਂ ਦੀਆਂ ਝਿੜਕਾਂ ਤੱਕ ਇਕੱਠੇ ਹੀ ਹੁੰਦੇ ਸੀ। ਇਨ੍ਹਾ ਯਾਦਾਂ ਵਿੱਚ ਖੋਈ ਹੋਈ ਨੇ ਰੱਬ ਅੱਗੇ ਇੱਕ ਤਰਲਾ ਵੀ ਕੀਤਾ:-
ਮੋੜ ਦੇ ਓਏ ਰੱਬਾ, ਉਹ ਬਚਪਨ ਸਾਡਾ,
ਉਹ ਸੰਗੀ, ਉਹ ਸਾਥੀ ,ਉਹ ਰਿਸ਼ਤੇ,ਉਹ ਨਾਤੇ,
ਨਾ ਕੋਈ ਬੁਰਾ-ਨਾ ਬੇਗਾਨਾ, ਸਭ ਆਪਣੇ-ਹੀ-ਆਪਣੇ,
ਉਹ ਚਾਚੇ, ਉਹ ਤਾਏ, ਉਹ ਦਾਦੇ, ਉਹ ਬਾਬੇ,
ਉਹ ਬੋਹੜਾਂ ਦੀਆਂ ਛਾਂਵਾ ਉਹ ਪੀਂਘ ਦੇ ਝੂਟੇ,
ਉਹ ਟੋਬੇ ਵਿੱਚ ਵੀਰੇ ਮੱਝਾਂ ਨਹਾਉਦੇ,
ਮੱਝਾਂ ਦੀਆਂ ਪੂਛਾਂ ਫੜ ਤਾਰੀਆਂ ਲਾਉਂਦੇ,
ਸਾਉਣ ਵਿੱਚ ਪੱਖ ਦੇ ਪੂੜਿਆਂ ਦੀ ਬਾਸ਼ਨਾ, ਕਾੜਨੀ ਚ ਰਿਝਦੀ ਹੋਈ ਖੀਰ ਯਾਦ ਆ ਗਈ। ਉਹ ਗੁੜ ਵਾਲੀ ਚਾਹ ਨਾਲ ਗੁਲਗੁਲੇ ਵੀ ਯਾਦ ਨੇ, ਹਾੜਾ-ਹਾੜਾ ਰੱਬਾ ਮੁੜ ਬਾਲੜੇ ਬਣਾ ਦੇ। ਮਾਂ ਵਾਲੀ ਗੋਦ ਦਾ ਉਹ ਨਿੱਘ ਜਿਹਾ ਦਵਾ ਦੇ,
ਆਓ ਹੁਣ ਆਪਾਂ ਨਮੋਲੀਆਂ ਵਲ ਵੀ ਨਿਗਾ ਮਾਰੀਏ। ਸਾਡੀਆਂ ਮਾਵਾਂ, ਦਾਦੀਆਂ ਨਿੰਮ ਨਮੋਲੀਆਂ ਨੂੰ ਕੁੱਟ ਕਿ ਉਸ ਤੋਂ ਸਾਬਣ ਤਿਆਰ ਕਰਦੀਆਂ ਸੀ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਨਿੰਮ ਦਾ ਸਾਬਣ ਚਮੜੀ ਅਤੇ ਕੱਪੜਿਆਂ ਲਈ ਬਹੁਤ ਫਾਇਦੇ ਮੰਦ ਹੈ। ਅਸੀਂ ਆਦਿਨੁਕ ਯੁੱਗ ਵਿੱਚ ਰਹਿਣ ਵਾਲੀਆਂ ਨੀਮ ਸੋਪ ਲਿਆ ਕਿ ਬੜਾ ਖੁਸ਼ ਹੁੰਦੀਆਂ ਹਨ। ਚਾਰ ਕੁ ਦਾਹਿਕੇ ਪਹਿਲਾਂ ਸੁਆਣੀਆਂ ਨੀਮ ਸੋਪ, ਅਰਿੰਡ ਸ਼ੋਪ ਆਦਿ ਘਰਾਂ ਵਿੱਚ ਸਹਿਜੇ ਹੀ ਬਣਾ ਲੈਦੀਆਂ ਸੀ। ਅਸੀਂ ਆਪਣੀਆਂ ਮਾਵਾਂ ਅਤੇ ਦਾਦੀਆਂ, ਨਾਨੀਆਂ ਦੀ ਸਾਦਗੀ ਅਤੇ ਸੁੰਦਰਤਾ ਦੀ ਰੀਸ ਨਹੀਂ ਕਰ ਸਕਦੀਆਂ। ਜਿੱਥੇ ਅਸੀਂ ਆਦਿ ਨੁਕਤਾ ਨਾਲ ਜੁੜ ਕਿ ਆਪਣੇ ਕੰਮ-ਕਾਰ ਸੌਖੇ ਕਰ ਲਏ ਹਨ। ਪਰ ਉੱਥੇ ਅਸੀਂ ਕੁਦਰਤੀ ਬਹੁਤ ਕੁਝ ਗੁਵਾ ਬੈਠੇ ਹਾਂ।
ਪਰਮਿੰਦਰ ਕੌਰ
ਕਟਾਹਰੀ