ਤਕਰੀਬਨ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ। ਬੱਚੇ ਦਿਨ ਰਾਤ ਕਰਕੇ ਮਿਹਨਤ ਕਰ ਰਹੇ ਹਨ। ਇਹ ਬੱਚਿਆਂ ਦੀ ਸਾਲ ਦੀ ਮਿਹਨਤ ਹੁੰਦੀ ਹੈ। ਇਹ ਪ੍ਰੀਖਿਆਵਾਂ ਪਾਸ ਕਰਕੇ ਹੀ ਬੱਚੇ ਅਗਲੀ ਜਮਾਤ ਵਿੱਚ ਜਾਂਦੇ ਹਨ। ਪ੍ਰੀਖਿਆਵਾਂ ਦੌਰਾਨ ਕੁਝ ਅਜਿਹੀਆਂ ਗੱਲਾਂ ਹਨ ਜੋ ਬੱਚਿਆਂ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ।
ਜਿਹੜੇ ਪੈਨ ਬੱਚਿਆਂ ਨੇ ਪੇਪਰ ਵਿੱਚ ਪ੍ਰਯੋਗ ਕਰਨੇ ਹਨ ਉਨ੍ਹਾਂ ਪੈਨਾਂ ਨੂੰ ਪੇਪਰਾਂ ਤੋਂ ਪਹਿਲਾ ਚਲਾ ਕੇ ਦੇਖ ਲੈਣਾ ਚਾਹੀਦਾ ਹੈ ਕਿ ਉਹ ਪੇਪਰ ਦੌਰਾਨ ਪੈੱਨ ਠੀਕ ਚੱਲਦੇ ਵੀ ਹਨ ਜਾਂ ਨਹੀਂ। ਜੈਲ ਪੈਨ ਦਾ ਪ੍ਰਯੋਗ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਬੱਚੇ ਜੇ ਕਾਲੇ ਪੈਨ ਨਾਲ ਲਿਖਦੇ ਹੋ ਤਾਂ ਕਾਲੇ ਦੋ ਪੈਨ ਜੇ ਨੀਲੇ ਪੈਨ ਨਾਲ ਲਿਖ ਦਿਓ ਤਾਂ ਨੀਲੇ ਦੋ ਪੈਨ ਆਪਣੇ ਨਾਲ ਜ਼ਰੂਰ ਲੈ ਕੇ ਜਾਣੇ ਚਾਹੀਦੇ ਹਨ। ਰਬੜ, ਪੈਨਸਿਲ, ਫੁੱਟਾ, ਸਕੇਲ ਆਪਣੀ ਪੂਰੀ ਕਿੱਟ ਜਿਸ ਵਿੱਚ ਉਹ ਸਾਮਾਨ ਰੱਖਦੇ ਹਨ, ਪੂਰੀ ਚੈੱਕ ਕਰ ਲੈਣ ਕਿ ਇਹ ਕਿੱਟ ਪੂਰੀ ਵੀ ਹੋ ਗਈ ਹੈ ਜਾਂ ਨਹੀਂ। ਰੋਲ ਨੰਬਰ ਦੀ ਇੱਕ ਫੋਟੋ ਕਾਪੀ ਆਪਣੇ ਘਰ ਰੱਖਣ ਤੇ ਅਸਲੀ ਕਾਪੀ ਆਪਣੇ ਨਾਲ ਲੈ ਕੇ ਜਾਣ। ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪ੍ਰੀਖਿਆਵਾਂ ਦੌਰਾਨ ਬਿਨਾਂ ਰੋਲ ਨੰਬਰ ਤੋਂ ਐਟਰੀ ਨਹੀਂ ਹੁੰਦੀ। ਪ੍ਰੀਖਿਆਵਾਂ ਦੌਰਾਨ ਬੱਚੇ ਬਿਲਕੁਲ ਨਾ ਘਬਰਾਉਣ। ਕਈ ਬੱਚੇ ਘਬਰਾ ਕੇ ਜੋ ਉਨ੍ਹਾਂ ਨੇ ਯਾਦ ਕੀਤਾ ਹੋਇਆ ਹੁੰਦਾ ਹੈ ਉਹ ਵੀ ਭੁੱਲ ਜਾਂਦੇ ਹਨ। ਜਦੋਂ ਵੀ ਪ੍ਰੀਖਿਆ ਰੂਮ ਵਿੱਚ ਬੱਚੇ ਜਾਂਦੇ ਹਨ ਤਾਂ ਰੋਲ ਨੰਬਰ ਮੁਤਾਬਿਕ ਹੀ ਆਪਣੀ ਆਪਣੀ ਸੀਟ ਤੇ ਬੈਠਣ। ਜਦੋਂ ਮਾਸਟਰ ਉੱਤਰ ਪੱਤ੍ਰਿਕਾ ਦਿੰਦਾ ਹੈ ਤਾਂ ਬੱਚੇ ਉਸ ਨੂੰ ਚੈੱਕ ਕਰ ਲੈਣ ਕਿ ਉਸ ਵਿੱਚ ਜਿੰਨੇ ਪੰਨੇ ਲਿਖੇ ਹੋਏ ਹਨ ਉਨੇ ਪੰਨੇ ਹੈ ਵੀ ਹਨ ਜਾਂ ਨਹੀਂ। ਫਿਰ ਉਸ ਉੱਤਰ ਪੱਤ੍ਰਿਕਾ ਤੇ ਬੱਚੇ ਆਪਣਾ ਸਹੀ ਸਹੀ ਨਾਮ ਰੋਲ ਨੰਬਰ ਲਿਖਣ। ਓਵਰ ਰਾਈਟਿੰਗ ਜਾਂ ਫਲਿਊਡ ਦੀ ਵਰਤੋਂ ਬਿਲਕੁਲ ਵੀ ਨਾ ਕਰਨ। ਸਭ ਤੋਂ ਪਹਿਲਾਂ ਬੱਚੇ ਪਰਮਾਤਮਾ ਦਾ ਨਾਮ ਲੈਣ। ਜਦੋਂ ਟੀਚਰ ਪੇਪਰ ਵੰਡ ਦਿੰਦਾ ਹੈ ਤਾਂ ਉਸ ਪ੍ਰਸ਼ਨ ਪੱਤਰ ਨੂੰ ਧਿਆਨ ਨਾਲ ਪੜ੍ਹਿਆ ਜਾਵੇ। ਉਸ ਪ੍ਰਸ਼ਨ ਪੱਤਰ ਨੂੰ ਧਿਆਨ ਨਾਲ ਪੜ੍ਹ ਕੇ ਹੀ ਫਿਰ ਉੱਤਰ ਲਿਖੇ ਜਾਣ। ਜਿਹੜੇ ਪ੍ਰਸ਼ਨਾਂ ਦੇ ਉੱਤਰ ਪਹਿਲਾਂ ਆਉਂਦੇ ਹਨ ਉਨ੍ਹਾਂ ਪ੍ਰਸ਼ਨਾਂ ਦੇ ਉੱਤਰ ਪਹਿਲੇ ਲਿਖੇ ਜਾਣ ਤੇ ਜਿਹੜੇ ਪ੍ਰਸ਼ਨਾਂ ਦੇ ਉੱਤਰ ਨਹੀਂ ਆਉਂਦੇ ਉਨ੍ਹਾਂ ਤੇ ਵਿਚਾਰ ਕਰਕੇ ਹੀ ਲਿਖਿਆ ਜਾਵੇ। ਕਿਉਂਕਿ ਜੋ ਪੇਪਰ ਚੈੱਕਰ ਹੁੰਦਾ ਹੈ, ਉਹ ਧਿਆਨ ਨਾਲ ਹੀ ਪੇਪਰ ਚੈੱਕ ਕਰਦਾ ਹੈ। ਕਈ ਵਾਰ ਅਸੀਂ ਗ਼ਲਤ ਪ੍ਰਸ਼ਨਾਂ ਦੇ ਉੱਤਰ ਲਿਖ ਆਉਂਦੇ ਹਨ, ਜਿਸ ਨਾਲ ਸਾਡਾ ਸਹੀ ਉੱਤਰਾਂ ਦਾ ਮੁਲਾਂਕਣ ਵੀ ਘੱਟ ਜਾਂਦਾ ਹੈ। ਬੱਚੇ ਆਪਣੀ ਹੈਂਡਰਾਈਟਿੰਗ (ਲਿਖਾਈ) ਦਾ ਖਾਸ ਧਿਆਨ ਰੱਖਣ। ਕੋਈ ਵੀ ਵਿਦਿਆਰਥੀ ਪੇਪਰ ਵਿੱਚ ਪਰਚੀ ਨਾ ਲੈ ਜਾਵੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਜੇ ਕੇਸ ਬਣ ਜਾਵੇ ਤਾਂ ਤਿੰਨ ਸਾਲ ਉਹ ਕੋਈ ਵੀ ਪ੍ਰੀਖਿਆ ਵਿਚ ਨਹੀਂ ਬੈਠ ਸਕਦਾ ਤੇ ਉਸ ਨੂੰ ਸਜ਼ਾ ਵੀ ਹੋ ਸਕਦੀ ਹੈ। ਜੇ ਅਸੀਂ ਪ੍ਰੀਖਿਆਵਾਂ ਸਹੀ ਤਰੀਕੇ ਨਾਲ ਤੇ ਸਾਫ਼ ਸੁਥਰਾ ਲਿਖ ਕੇ ਆਵਾਂਗੇ ਤਾਂ ਪੱਕਾ ਹੀ ਅਸੀਂ ਆਪਣੀ ਮੰਜ਼ਿਲ ਫ਼ਤਹਿ ਕਰ ਲਵਾਂਗੇ ।