ਪਾਣੀ ਦੀ ਅਹਿਮੀਅਤ

ਧਰਤੀ ਦੀ ਕੁੱਖ ਚੋਂ ਕੱਢੀ ਜਾਨੈਂ
ਰਾਤ ਦਿਨ ਤੂੰ ਪਾਣੀ
ਪਾਣੀ ਨੂੰ ਸੰਭਾਲ ਲੈ ਬੰਦਿਆਂ 
ਨਹੀਂ ਤੇ ਹੋ ਜਾਣੀ ਖਤਮ ਕਹਾਣੀ

ਬਾਬੇ ਨਾਨਕ ਨੇ ਪਾਣੀ ਨੂੰ ਪਿਤਾ ਆਖਿਆ
ਧਰਤੀ ਨੂੰ ਏ ਮਾਤਾ
ਵਾਯੂਮੰਡਲ ’ਚੋਂ ਸਾਹਾਂ ਨੂੰ ਲੈਕੇ
ਜੀਵ ਖੇਡੇ ਜਗਤ ਤਮਾਸ਼ਾ
ਪਾਣੀ ਬਿਨ ਜੀਵਨ ਨਹੀਂ ਹੈ
ਸਾਇੰਸ ਨੇ ਖੋਜ਼ਕੇ ਗੱਲ ਪਛਾਣੀ
ਪਾਣੀ ਨੂੰ ਸੰਭਾਲ ਲੈ ਬੰਦਿਆਂ
ਨਹੀਂ ਤੇ ਹੋ ਜਾਣੀ ਖਤਮ ਕਹਾਣੀ

ਧਰਤੀ ਦੂਸ਼ਤ ਪਾਣੀ ਦੂਸ਼ਤ ਹਵਾ
ਦੂਸ਼ਤ ਵੀ ਕਰਤੀ
ਪਾ ਪਾ ਜ਼ਹਿਰੀਲੀਆਂ ਦਵਾਈਆਂ ਖਾਂਦਾ
ਧਰਤੀ ਜ਼ਹਿਰ ਨਾਲ ਭਰਤੀ
ਸਭ ਰੋਗੀ ਨੇ ਬਣ ਗਏ ਬੰਦਿਆਂ
ਦੇਹੀ ਅੰਦਰੇ ਬਣ ਗਈ ਏ ਕੁਣ ਖਾਣੀ
ਪਾਣੀ ਨੂੰ ਸੰਭਾਲਣ ਲੈ ਬੰਦਿਆਂ
ਨਹੀਂ ਤੇ ਹੋ ਜਾਣੀ ਖਤਮ ਕਹਾਣੀ

ਦੂਸਰੇ ਦੇਸ਼ਾਂ ਲਈ ਤੂੰ ਝੋਨਾਂ ਲਾਉਂਦਾ
ਰੰਗਲੇ ਪੰਜਾਬ ਨੇ ਬੰਜਰ ਬਣ ਜਾਣਾ
ਨਾਂ ਸਰਕਾਰਾਂ ਏਧਰ ਧਿਆਨ ਦੇਦੀਆਂ
ਅਖੀਰ ਤੈਨੂੰ ਪੈਣਾ ਪਛਤਾਣਾ
ਹੁਣ ਤੇ ਅੰਨਦਾਤਾ ਅਖਵਾਉਦਾ
ਫਿਰ ਰੁਲ ਜਾਣੀ ਜਿੰਦ ਨਿਮਾਣੀ 
ਪਾਣੀ ਨੂੰ ਸੰਭਾਲ ਲੈ ਬੰਦਿਆਂ
ਨਹੀਂ ਹੋ ਜਾਣੀ ਖਤਮ ਕਹਾਣੀ

ਘੱਗਰ ਤੇ ਪਾਣੀ ਦਾ ਡੈਮ ਬਣਾ ਲੈਣ
ਜੋ ਅੱਜ ਸਮੇਂ ਦੀਆਂ ਸਰਕਾਰਾਂ
ਇਸ ਪਾਣੀ ਨੂੰ ਨਹਿਰਾਂ ਦੇ ਵਿੱਚ ਦੇਵਣ
ਲੱਗ ਜਾਣ ਮੌਜ ਬਹਾਰਾਂ
ਨਾਂ ਹੜਾਂ ਦੀ ਮਾਰ ਪਵੇ ਕਿਤੇ
ਨਾਂ ਬੀਜੀ ਫ਼ਸਲ ਹੀ ਰੁੜ ਜਾਣੀ
ਪਾਣੀ ਨੂੰ ਸੰਭਾਲ ਲੈ ਬੰਦਿਆਂ
ਨਹੀਂ ਤੇ ਹੋ ਜਾਣੀ ਖਤਮ ਕਹਾਣੀ

ਧਰਤੀ ਦੀ ਕੁੱਖ ’ਚੋਂ ਕੱਢੀ ਜਾਨੈਂ
ਰਾਤ ਦਿਨ ਤੂੰ ਪਾਣੀ
ਪਾਣੀ ਨੂੰ ਲੈ ਸੰਭਾਲ ਬੰਦਿਆਂ
ਨਹੀਂ ਹੋ ਜਾਣੀ ਖਤਮ ਕਹਾਣੀ।