ਹਰ ਇਨਸਾਨ ਦਾ ਕਿਤਾਬਾਂ ਨਾਲ ਵਾਹ ਜ਼ਰੂਰ ਪੈਂਦਾ ਹੈ। ਟੀਚਾ ਪ੍ਰਾਪਤ ਕਰਨ ਲਈ ਪਤਾ ਨਹੀਂ ਮਨੁੱਖ ਨੂੰ ਕਿੰਨੀਆਂ ਹੀ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਹਨ। ਕਿਤਾਬਾਂ ਮਨੁੱਖ ਦੀਆਂ ਸੱਚੀ ਦੋਸਤ ਹੁੰਦੀਆਂ ਹਨ। ਨੌਜਵਾਨ ਪੀੜ੍ਹੀ ਸਾਹਿਤ ਤੋਂ ਦੂਰ ਹੁੰਦੀ ਜਾ ਰਹੀ ਹੈ। ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨਾ ਬਹੁਤ ਹੀ ਜ਼ਰੂਰੀ ਹੈ। ਅਜੋਕੀ ਪੀੜ੍ਹੀ ਕਿਉਂ ਸਾਹਿਤ ਤੋਂ ਦੂਰ ਹੁੰਦੀ ਜਾ ਰਹੀ ਹੈ, ਇਹ ਵੀ ਚਿੰਤਾਜਨਕ ਵਿਸ਼ਾ ਹੈ। ਮਾਂ-ਬਾਪ ਦੀ ਵੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜੇ। ਦੇਖਿਆ ਜਾਂਦਾ ਹੈ ਕਿ ਬੱਚੇ ਜੋ ਸਿਲੇਬਸ ’ਚ ਹੈ, ਉਹੀ ਕਿਤਾਬਾਂ ਪੜ੍ਹਦੇ ਹਨ। ਜਿੱਥੇ ਪੁਸਤਕ ਮੇਲੇ ਲੱਗਦੇ ਹਨ, ਮਾਂ-ਬਾਪ ਬੱਚਿਆਂ ਨੂੰ ਆਪ ਲੈ ਕੇ ਜਾਣ। ਬੱਚਿਆਂ ਨੂੰ ਲਾਇਬ੍ਰੇਰੀ ’ਚ ਜਾ ਕੇ ਸਾਹਿਤ ਪੜ੍ਹਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੇ ਗਿਆਨ ’ਚ ਦੀ ਵਾਧਾ ਹੋਵੇਗਾ। ਜਦੋਂ ਦਾ ਬੱਚਿਆਂ ਦੇ ਹੱਥਾਂ ’ਚ ਮੋਬਾਈਲ ਆਇਆ ਹੈ, ਬੱਚੇ ਮੋਬਾਈਲ ਦੇ ਜ਼ਿਆਦਾ ਸ਼ੌਕੀਨ ਹੋ ਚੁੱਕੇ ਹਨ। ਸਾਰਾ ਕੁਝ ਕਿਤਾਬਾਂ ਤੋਂ ਪੜ੍ਹਨ ਦੀ ਬਜਾਏ ਉਹ ਮੋਬਾਈਲ ’ਤੇ ਤੋਂ ਗੂਗਲ ਤੋਂ ਸਰਚ ਕਰ ਕੇ ਪੜ੍ਹ ਰਹੇ ਹਨ। ਲਾਇਬ੍ਰੇਰੀ ਜਾਣ ਦਾ ਰੁਝਾਣ ਵੀ ਘਟ ਰਿਹਾ ਹੈ। ਇਕ-ਦੋ ਥਾਵਾਂ ਦੀ ਖ਼ਬਰ ਵੀ ਸੁਣਨ ਨੂੰ ਮਿਲੀ ਕਿ ਨਵ ਵਿਆਹੇ ਜੋੜੇ ਨੇ ਆਪਣੇ ਵਿਆਹ ’ਤੇ ਕਿਤਾਬਾਂ ਦਾ ਸਟਾਲ ਲਗਾਇਆ ਤੇ ਆਏ-ਗਏ ਸੱਜਣਾਂ ਤੇ ਰਿਸ਼ਤੇਦਾਰਾਂ ਨੂੰ ਕਿਤਾਬਾਂ ਵੰਡੀਆਂ। ਹੋਰ ਤੇ ਹੋਰ ਸਟੇਜ ਤੋਂ ਨਵੇਂ ਜੋੜਿਆਂ ਦੀਆਂ ਕਿਤਾਬਾਂ ਰਿਲੀਜ਼ ਕਰਨ ਦੀਆਂ ਖ਼ਬਰਾਂ ਵੀ ਪੜ੍ਹੀਆਂ। ਦੇਖਣ ’ਚ ਆਉਂਦਾ ਹੈ ਕਿ ਦੱਖਣ ਭਾਰਤ ਦੇ ਵਿਦਿਆਰਥੀ ਜ਼ਿਆਦਾ ਸਮਾਂ ਲਾਇਬ੍ਰੇਰੀਆਂ ’ਚ ਸਾਹਿਤ ਪੜ੍ਹਨ ’ਚ ਗੁਜ਼ਾਰਦੇ ਹਨ।