ਮਨੁੱਖ ਮੁੱਢ ਕਦੀਮ ਤੋਂ ਹੀ ਸਰੀਰਕ ਕਿਰਿਆਵਾਂ ਦੇ ਸਹਾਰ ਆਪਣੀ ਜਿੰਦਗੀ ਗੁਜਰ ਕਰਦਾ ਆਇਆ ਹੈ ਕਿਉਂਕਿ ਕਿਰਿਆਸ਼ੀਲ ਰਹਿਣਾ ਹੀ ਜਿੰਦਗੀ ਹੈ ਅਤੇ ਕਿਰਿਆਹੀਨ ਹੋਣ ਦਾ ਮਤਲਬ ਹੁੰਦਾ ਹੈ ਇਨਸਾਨ ਦਾ ਸ਼ਰੀਰ ਨਕਾਰਾ ਹੋ ਚੁੱਕਿਆ ਹੈ। ਆਦਿ ਕਾਲ ਤੋਂ ਹੀ ਖੇਡਾਂ ਇਨਸਾਨ ਦਿੱਤਾ ਜਿੰਦਗੀ ਦੀਆਂ ਮੂਲ ਕੁਸ਼ਲਤਾਵਾਂ ਰਹੀਆਂ ਹਨ ਕਿਉਂ ਜੋ ਹਰ ਪ੍ਰਾਣੀ ਦੇ ਅੰਦਰਲੀ ਊਰਜਾ ਉਸਨੂੰ ਇਹ ਸਭ ਕਰਨ ਲਈ ਮਜਬੂਰ ਕਰਦੀ ਹੈ ਅਤੇ ਇਹੋ ਧਰਤੀ ਦੇ ਹੋਂਦ ਵਿੱਚ ਆਏ ਹਰ ਪ੍ਰਾਣੀ ਦੀ ਵਿਸ਼ੇਸ਼ਤਾ ਹੈ। ਪ੍ਰਾਚੀਨ ਸਮੇਂ ਤੋਂ ਹੀ ਹਰ ਇਨਸਾਨ ਖੇਡਾਂ ਨੂੰ ਕਿਸੇ ਵਿਸ਼ੇਸ਼ ਕਾਰਨ ਕਰਕੇ ਆਪਣੀ ਜਿੰਦਗੀ ਦਾ ਹਿੱਸਾ ਰੱਖਦਾ ਆਇਆ ਹੈ, ਸਭ ਤੋਂ ਪਹਿਲਾਂ ਤਾਂ ਖੇਡਣਾ ਉਸਨੂੰ ਆਪਣੇ ਅੰਦਰ ਬਿਰਾਜਮਾਨ ਵਾਧੂ ਊਰਜਾ ਦੀ ਖਪਤ ਲਈ ਜਰੂਰੀ ਹੋ ਜਾਂਦਾ ਹੈ ਨਹੀਂ ਤਾਂ ਮਨੁੱਖ ਦੇ ਅੰਦਰ ਬਿਰਾਜਮਾਨ ਉਹ ਵਾਧੂ ਸ਼ਕਤੀ ਉਸ ਕੋਲੋਂ ਗਲਤ ਕਾਰੇ ਕਰਵਾ ਸਕਦੀ ਹੈ ਇਸੇ ਕਾਰਨ ਖੇਡਣ ਕਿਰਿਆਵਾਂ ਉਸਦੀ ਇਸ ਤਾਕਤ ਨੂੰ ਚੰਗੇ ਆਹਰੇ ਲਾਂਉਦੀਆ ਹਨ। ਉਪਰੰਤ ਸਾਰੇ ਦਿਨ ਦੀ ਦੌੜ ਭੱਜ ਤੋਂ ਬਾਅਦ ਇਨਸਾਨ ਆਪਣੇ ਮਨ ਪਰਚਾਵੇ ਲਈ ਵੀ ਖੇਡਣ ਨੂੰ ਤਰਜੀਹ ਦਿੰਦਾ ਹੈ ਜੋ ਉਸਨੂੰ ਮੁੜ ਤਰੋਤਾਜ਼ਾ ਕਰਦਾ ਹੈ। ਪੁਰਾਤਨ ਸਮੇਂ ਵਿੱਚ ਖੇਡਣਾ ਰਾਜੇ ਮਹਾਰਾਜਿਆਂ ਦੀ ਜਿੰਦਗੀ ਦਾ ਅਹਿਮ ਹਿੱਸਾ ਸੀ ਕਿਉਂਕਿ ਇਸ ਨਾਲ ਉਹ ਆਪਣਾ ਅਤੇ ਆਪਣੀ ਫੌਜ ਦਾ ਜਿੱਥੇ ਮਨੋਬਲ ਉੱਚਾ ਰੱਖਦੇ ਸਨ ਉੱਥੇ ਹੀ ਭਲਵਾਨੀ, ਨੇਜ਼ਾਬਾਜੀ, ਘੁੜਸਵਾਰੀ, ਤਲਵਾਰਬਾਜ਼ੀ ਆਦਿ ਕਿਰਿਆਵਾਂ ਨਾਲ ਆਉਣ ਵਾਲੇ ਯੁੱਧ ਦੀ ਤਿਆਰੀ ਵੀ ਹੁੰਦੀ ਰਹਿੰਦੀ ਸੀ। ਜੇਕਰ ਅਜੋਕੇ ਸਮੇਂ ਦੀ ਗੱਲ ਤੋਰੀ ਜਾਵੇ ਤਾਂ ਅੱਜ ਵੀ ਹਰ ਮਨੁੱਖ ਨੂੰ ਖੇਡ ਕਿਰਿਆਵਾਂ ਜਿੱਥੇ ਸਭ ਤੋਂ ਵੱਧ ਮਨਭਾਉਂਦੀਆਂ ਹਨ ਉਥੇ ਹੀ ਅੱਜ ਇਨਸਾਨ ਨੂੰ ਇਹਨਾਂ ਸਰੀਰਕ ਕਿਰਿਆਵਾਂ ਦੀ ਸਭ ਤੋਂ ਵੱਧ ਲੋੜ ਵੀ ਹੈ ਕਿਉਂ ਜੋ ਅੱਜ ਦਾ ਸਮਾਂ ਮਸ਼ੀਨਾਂ ਦਾ ਹੈ ਅਤੇ ਇਨਸਾਨ ਦੀ ਸਰੀਰਕ ਊਰਜਾ ਘੱਟ ਖਰਚ ਹੋਣ ਕਾਰਨ ਉਸਦੇ ਸਰੀਰ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਖੇਡ ਅਤੇ ਸਰੀਰਕ ਗਤੀਵਿਧੀਆਂ ਹੀ ਉਸਨੂੰ ਤੰਦਰੁਸਤ ਰੱਖਣ ਦੇ ਸਮਰੱਥ ਹਨ। ਅੱਜ ਜੇਕਰ ਸਕੂਲਾਂ ਦੇ ਵਾਤਾਵਰਨ ਦੀ ਗੱਲ ਕੀਤੀ ਜਾਵੇ ਤਾਂ ਵੀ ਬੱਚਿਆਂ ਦਾ ਸਭ ਤੋਂ ਪਸੰਦੀਦਾ ਪੀਰੀਅਡ ਖੇਡ ਪੀਰੀਅਡ ਹੀ ਹੁੰਦਾ ਹੈ ਕਿਉਂਕਿ ਉਹ ਸਾਰਾ ਦਿਨ ਕਲਾਸਰੂਮ ਵਿੱਚ ਜਦੋਂ ਦੂਜਿਆਂ ਵਿਸ਼ਿਆਂ ਨੂੰ ਪੜ੍ਹ ਪੜ੍ਹ ਕੇ ਉਭ ਜਾਂਦੇ ਹਨ ਅਤੇ ਜਦੋਂ ਉਹਨਾਂ ਦੇ ਖੇਡ ਪੀਰੀਅਡ ਦੀ ਵਾਰੀ ਆਂਉਦੀ ਹੈ ਤਾਂ ਉਹਨਾਂ ਦੇ ਚਿਹਰੇ ਦੀ ਰੌਣਕ ਦੇਖਦੇ ਹੀ ਬਣਦੀ ਹੈ, ਇਓਂ ਹੋਣਾ
ਸੁਭਾਵਿਕ ਵੀ ਹੈ ਕਿਉਂਕਿ ਇਹੋ ਮਨੁੱਖ ਦੀ ਅਸਲ ਸੱਚਾਈ ਹੈ ਉਸਦੇ ਅੰਦਰੂਨੀ ਖੁਸ਼ੀ ਉਸਨੂੰ ਉਹੀ ਕਰਨ ਲਈ ਉਕਸਾਉਂਦੀ ਹੈ ਜਿਸ ਲਈ ਉਹ ਬਣਿਆ ਹੈ। ਸਰੀਰਕ ਕਿਰਿਆ ਕਰਨਾ ਅਤੇ ਆਪਣੇ ਸਰੀਰ ਦੇ ਅੰਦਰੂਨੀ ਹਾਵ ਭਾਵ ਖੇਡ ਕਿਰਿਆਵਾਂ ਵਿੱਚ ਪ੍ਰਗਟ ਕਰਕੇ ਜੋ ਖੁਸ਼ੀ ਮਨੁੱਖ ਨੂੰ ਮਿਲਦੀ ਹੈ ਉਹ ਬਾਕਮਾਲ ਹੁੰਦੀ ਹੈ ਅਤੇ ਉਸਦਾ ਕੋਈ ਬਦਲਾਅ ਨਹੀਂ ਹੁੰਦਾ ਇਸ ਲਈ ਮਨੁੱਖ ਨੂੰ ਆਪਣੇ ਅੰਦਰਲੇ ਇਨਸਾਨ ਨੂੰ ਤਰੋਤਾਜ਼ਾ ਰੱਖਣ ਅਤੇ ਬਾਹਰੀ ਵਾਤਾਵਰਨ ਨੂੰ ਖੁਸ਼ਹਾਲੀ ਅਤੇ ਤੰਦਰੁਸਤ ਰੱਖਣ ਲਈ ਖੇਡਣਾ ਬਹੁਤ ਜਰੂਰੀ ਹੈ।