ਕਬੱਡੀ ਨੂੰ ਡੋਪ ਦੇ ਜੱਫੇ ਤੋਂ ਬਚਾਉਣ ਦੀ ਸਾਂਝੇ ਯਤਨਾਂ ਦੀ ਲੋੜ

ਕਬੱਡੀ ਸਰਕਲ ਸਟਾਈਲ ਪੰਜਾਬ ਦੀ ਇਕਲੌਤੀ ਅਜਿਹੀ ਖੇਡ ਹੈ ਜਿਸ ਨਾਲ ਖੇਡਣ ਅਤੇ ਖਿਡਾਉਣ ਵਾਲਿਆ ਤੋਂ ਇਲਾਵਾ ਹੋਰਨਾਂ ਸੈਂਕੜੇ ਲੋਕਾਂ ਦਾ ਰੁਜਗਾਰ ਵੀ ਇਸ ਖੇਡ ਦੇ ਟੂਰਨਾਮੈਂਟ ਨਾਲ ਜੁੜਿਆ ਹੋਇਆ ਹੈ। ਪਰ ਪਿਛਲੇ ਸਮੇਂ ਦੌਰਾਨ ਕਬੱਡੀ ਖੇਡ ਨੂੰ ਜਿੱਥੇ ਪਾਬੰਦੀਸ਼ੁਦਾ ਘਾਤਕ ਦਵਾਈਆ ਨੇ ਆਪਣੀ ਜਕੜ ਵਿੱਚ ਲਿਆ ਹੋਇਆ ਉੱਥੇ ਹੀ ਗੈਰ ਸਮਾਜਿਕ ਜੁੰਮੇਵਾਰ ਅਨਸਰਾਂ ਦੇ ਜਬਰੀ ਦਾਖਲੇ ਕਾਰਨ ਵੀ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਹੋਈਆ ਹਨ। ਕਬੱਡੀ ਪਿਛਲੇ ਵੀਹ ਸਾਲਾਂ ਤੋਂ ਵਿਦੇਸ਼ੀ ਸਫਰ ਤੇ ਚੱਲਦਿਆਂ ਇਸ ਕਦਰ ਪੇਸ਼ੇਵਰ ਰੂਪ ਅਖਤਿਆਰ ਕਰ ਗਈ ਹੈ ਕਿ ਇਸ ਖੇਡ ਨੇ ਅਨੁਸ਼ਾਸਨ ਅਤੇ ਮਿਆਰੀ ਖੇਡ ਪ੍ਰਬੰਧਾਂ ਨੂੰ ਸੂਲੀ ਟੰਗ ਕੇ ਬਾਕੀ ਸਭ ਕੁੱਝ ਬਹੁਤ ਹੀ ਚੰਗੇ ਤਰੀਕੇ ਨਾਲ ਪਰੋਸਿਆ ਜਾ ਰਿਹਾ ਹੈ। ਕਬੱਡੀ ਦੇ ਅਸਲ ਕੋਚ, ਪ੍ਰਬੰਧਕ ਨਿਰਾਸ ਹੋ ਕੇ ਘਰ ਬੈਠ ਗਏ ਹਨ, ਉਨਾਂ ਦੀ ਥਾਂ ਖਲੀਫੇ, ਸਾਮਾਨ ਦੇਣ ਵਾਲੇ ਕੋਚਾ ਨੇ ਲੈ ਲਈ ਹੈ। ਡੋਪ ਟੈਸਟਾ ਦੇ ਮੁੱਦੇ ਤੇ ਜਿੱਥੇ ਭਾਰਤ ਵਿੱਚ ਕਬੱਡੀ ਪ੍ਰਬੰਧਕ ਇੱਕ ਸੁਰ ਨਹੀ ਹਨ, ਉੱਥੇ ਹੀ ਵਿਦੇਸ਼ਾ ਵਿੱਚ ਵੀ ਦਰਜਨਾਂ ਧੜੇ ਹਨ। ਪਿਛਲੇ ਪੰਜ ਛੇ ਸਾਲ ਤੋਂ ਕਬੱਡੀ ਵਿੱਚ ਵੱਡੇ ਦਿੱਗਜ ਖਿਡਾਰੀਆਂ ਦੀ ਬੇਵਕਤੀ ਮੌਤ ਨੂੰ ਜਿੱਥੇ ਸ਼ਕਤੀਵਰਧਕ ਪਾਬੰਦੀ ਸਦਾ ਦਵਾਈਆਂ ਨਾਲ ਜੋੜਿਆ ਜਾ ਰਿਹਾ ਹੈ, ਉੱਥੇ ਗੈਂਗਵਾਰ ਵੀ ਕਬੱਡੀ ਤੇ ਭਾਰੂ ਪੈ ਗਿਆ ਹੈ। ਜਿੰਨ੍ਹਾਂ ਨੇ ਕਬੱਡੀ ਦੇ ਪਿੜ ਨੂੰ ਵੱਡੀ ਸੰਨ੍ਹ ਲਾਈ ਹੋਈ ਹੈ। ਪਿਆਰ, ਮੁਹੱਬਤ, ਆਪਸੀ ਭਾਈਚਾਰੇ ਅਤੇ ਸਾਂਝਾ ਦਾ ਪ੍ਰਗਟਾਵਾ ਕਰਦੀ
ਖੇਡ ਕਬੱਡੀ ਬਦੂੰਕਾਂ, ਗੋਲੀਆਂ ਦੇ ਛਾਏ ਹੇਠ ਆ ਗਈ ਹੈ ਜਿਸ ਦੇ ਜੁੰਮੇਵਾਰ ਕਬੱਡੀ ਵਾਲੇ ਖੁਦ ਹਨ। ਵਿਸ਼ਵ ਪੱਧਰ ਤੇ ਕੋਈ ਇੱਕ ਵਿਧੀ ਵਿਧਾਨ ਤੇ ਕਬੱਡੀ ਨੂੰ ਕੰਟਰੋਲ ਕਰਨ ਵਾਲੀ ਸੰਸਥਾ ਨਹੀਂ ਹੈ ਜੇਕਰ ਅਜਿਹੀ ਕੋਈ ਸੰਸਥਾ ਬਣਦੀ ਵੀ ਹੈ ਤਾਂ ਪਾਸ ਨਹੀਂ ਹੁੰਦੀ। ਚੌਧਰ ਨੂੰ ਲੈ ਕੇ ਆਪਸੀ ਖਿੱਚੋਤਾਣ ਦਾ ਸ਼ਿਕਾਰ ਹੋਏ ਖੇਡ ਪ੍ਰਬੰਧਕਾਂ ਨੂੰ ਰਲ ਕੇ ਬੈਠਣਾ ਰਾਸ ਨਹੀਂ ਆਇਆ। ਅੱਜ ਕਬੱਡੀ ਖੇਡਣ ਵਾਲਾ ਹਰ ਦੂਜਾ ਖਿਡਾਰੀ ਕਿਸੇ ਨਾ ਕਿਸੇ ਸ਼ਕਤੀਵਰਧਕ ਦਵਾਈ ਦਾ ਇਸਤੇਮਾਲ ਕਰਨ ਕਰਕੇ ਇਸ ਵਰਤਾਰੇ ਦਾ ਸ਼ਿਕਾਰ ਹੈ। ਪਿਛਲੇ ਦਿਨੀ ਇੱਕ ਮੈਡੀਕਲ ਮਾਹਿਰ ਨੇ ਦੱਸਿਆ ਕਿ ਜਿੰਨੇ ਵੱਡੇ ਪੱਧਰ ਤੇ ਨੌਜਵਾਨ ਪਾਬੰਦੀਸ਼ੁਦਾ ਦਵਾਈਆ ਲੈ ਕੇ ਕਬੱਡੀ ਖੇਡ ਰਹੇ ਹਨ ਜੇਕਰ ਦੇਸ਼ ਦੀ ਸਰਕਾਰ ਦਾ ਧਿਆਨ ਇਸ ਪਾਸੇ ਹੋਵੇ ਤਾਂ ਉਹ ਕਬੱਡੀ ਖੇਡਣ ਤੇ ਪਾਬੰਦੀ ਲਾ ਦੇਵੇ। ਪਿਛਲੇ ਦੋ ਸਾਲ ਤੋਂ ਦੇਸ਼ ਵਿਦੇਸ਼ ਦੇ ਕਬੱਡੀ ਸੀਜਨ ਕਰੋਨਾ ਮਹਾਂਮਾਰੀ ਕਾਰਨ ਨਹੀਂ ਹੋਏ, ਪੰਤੂ ਇਸ ਵਾਰ ਵਿਦੇਸ਼ੀ ਖੇਡ ਸੰਸਥਾਵਾਂ ਨੇ ਕਬੱਡੀ ਮੈਚ ਕਰਾਉਣ ਦਾ ਉਪਰਾਲਾ ਕੀਤਾ ਹੈ, ਜਿਸ ਤਹਿਤ ਕਬੱਡੀ ਖਿਡਾਰੀਆਂ ਦੇ ਡੋਪ ਟੈਸਟ ਕਰਵਾਉਣ ਲਈ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਵਿਸ਼ੇਸ ਉੱਦਮ ਕੀਤਾ ਹੈ। ਜਿੰਨਾਂ ਨੇ ਸੈਂਕੜੇ ਖਿਡਾਰੀਆਂ ਦੇ ਡੋਪ ਟੈਸਟ ਕਰਾਏ ਹਨ। ਜਿੰਨਾਂ ਵਿੱਚ ਵਧੇਰੇ ਫੇਲ ਵੀ ਹੋਏ ਕੁਝ ਪਾਸ ਵੀ ਹੋਏ ਹਨ। ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਨਿਰਪੱਖ ਉਪਰਾਲਾ ਸਲਾਘਾਯੋਗ ਹੈ ਜਦਕਿ ਪੰਜਾਬ ਦੀਆਂ ਖੇਡ ਸੰਸਥਾਵਾਂ ਦੇ ਡੋਪ ਟੈਸਟ ਨੂੰ ਲੈ ਕੀਤੇ ਦਾਅਵੇ ਖੋਖਲੇ ਸਾਬਿਤ ਹੋਏ ਹਨ। ਵਿਸਵ ਕਬੱਡੀ ਡੋਪਿੰਗ ਕਮੇਟੀ ਵੀ ਇਸ ਮਸਲੇ ਤੇ ਆਪਣੀ ਪਕੜ ਪੂਰੀ ਤਰ੍ਹਾਂ ਨਹੀਂ ਰੱਖ ਪਾਈ। ਕਿਉਂਕਿ ਉਸ ਦੀਆਂ ਭਾਈਵਾਲ ਵਿਦੇਸ਼ੀ ਸੰਸਥਾਵਾਂ ਵਿੱਚੋਂ ਵਧੇਰੇ ਡੋਪ ਅਤੇ ਡਰੱਗ ਟੈਸਟ ਨਹੀਂ ਕਰਾ ਰਹੀਆਂ। ਪਿਛਲੇ ਦਿਨੀ ਵਿਦੇਸ਼ਾਂ ਵਿੱਚ ਖੇਡੇ ਟੂਰਨਾਮੈਂਟ ਤੇ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਸੀ। ਵੱਡੀਆ ਟੀਮਾ ਬਣਾਉਣ ਦੇ ਚੱਕਰ ਵਿੱਚ ਬਹੁਤ ਸਾਰੇ ਖੇਡ ਪ੍ਰਬੰਧਕ ਡੋਪ ਅਤੇ ਡਰੱਗ ਟੈਸਟ ਨੂੰ ਲੈ ਕੇ ਸੁਹਿਰਦ ਨਹੀਂ ਹਨ। ਕਬੱਡੀ ਖੇਡਣ ਵਾਲੇ ਖਿਡਾਰੀ ਨਿਪੁਸ਼ਕ ਹੋਣ ਦੇ ਨਾਲ ਨਾਲ ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪਿਛਲੇ ਸਮੇਂ ਵਿੱਚ ਦੇਸ਼ ਦੇ ਕੌਮੀ ਅਤੇ ਰਾਜ ਪੱਧਰੀ ਕਬੱਡੀ ਮੁਕਾਬਲਿਆਂ ਦੌਰਾਨ ਵੀ ਪ੍ਰਬੰਧਕਾਂ ਨੇ ਕੋਈ ਇੰਤਜਾਮ ਨਹੀਂ ਕੀਤਾ। ਜਿੱਥੇ ਖਿਡਾਰੀਆਂ ਦੇ ਡੋਪ ਟੈਸਟ ਕਰਾਏ ਜਾਂਦੇ। ਦੇਸ਼ ਵਿੱਚ ਨਾਮਵਰ ਖਿਡਾਰੀਆਂ ਨੂੰ ਲੈ ਕੇ ਕਰੋੜਾ ਰੁਪਏ ਦੇ ਬਜਟ ਵਾਲੇ ਕਬੱਡੀ ਟੂਰਨਾਮੈਂਟ ਖੇਡਣ ਵਾਲੀਆਂ ਖੇਡ ਸੰਸਥਾਵਾਂ ਨੇ ਆਪਣੇ ਕਿਸੇ ਖਿਡਾਰੀ ਦਾ ਡੋਪ ਟੈਸਟ ਨਹੀਂ ਕੀਤਾ। ਜਿਸ ਨੂੰ ਹੁਣ ਟੈਸਟ ਰਿਪੋਰਟਾ ਆਉਣ ’ਤੇ ਸਾਫ਼ ਕਰ ਦਿੱਤਾ ਗਿਆ ਹੈ। ਕਬੱਡੀ ਪ੍ਰਬੰਧਕਾ ਨੂੰ ਇਹ ਸਮਝਣਾ ਚਾਹੀਂਦਾ ਹੈ ਕਿ ਕੋਈ ਵੀ ਗੈਰ ਜੰਮੇਵਾਰ ਵਰਤਾਰਾ ਬਰਦਾਸਤ ਨਹੀਂ ਹੁੰਦਾ ਜੇਕਰ ਕੁੱਝ ਕਬੱਡੀ ਵਿੱਚ ਮਾੜਾ ਵਾਪਰ ਰਿਹਾ ਹੈ ਤਾਂ ਉਸ ਲਈ ਫੈਡਰੇਸ਼ਨਾ ਦੇ ਨਾਲ ਨਾਲ ਕਬੱਡੀ ਕੋਚ, ਕੁਮੈਂਟੇਟਰ, ਸੋਸਲ ਮੀਡੀਆ, ਪ੍ਰਮੋਟਰ, ਸਰਕਾਰ ਬਰਾਬਰ ਦੇ ਭਾਈਵਾਲ ਹਨ ਅੱਜ ਕਿੰਨੇ ਹੀ ਲੋਕ ਕਬੱਡੀ ਦੇ ਸਿਰ ਤੋਂ ਗੁਜਾਰਾ ਕਰ ਰਹੇ ਹਨ ਕਬੱਡੀ ਨੂੰ ਪੰਜਾਬ ਦੇ ਅਰਥਚਾਰੇ ਨਾਲ ਜੋੜ ਕੇ ਦੇਖਣਾ ਚਾਹੀਂਦਾ ਹੈ। ਪੰਜਾਬ ਦੀ ਕਬੱਡੀ ਦਾ ਮੁੱਖ ਧੁਰਾ ਪ੍ਰਵਾਸੀ ਭਾਰਤੀ ਅਤੇ ਪਿੰਡਾਂ ਦੀਆਂ ਖੇਡ ਕਲੱਬਾਂ ਹਨ, ਉਹਨਾਂ ਦੇ ਪੈਸੇ ਨਾਲ ਗੱਡੀ ਦੀ ਚਲਦੀ ਹੈ ਜੇਕਰ ਪਿੰਡਾਂ ਵਾਲੇ ਅਤੇ ਪ੍ਰਵਾਸੀ ਅਜਿਹੇ ਸਵੰਦੇਨਸ਼ੀਲ ਮਸਲਿਆ ਤੇ ਇੱਕਮਿਕ ਹੋ ਕੇ ਸਖਤੀ ਨਾਲ ਫੈਸਲੇ ਲੈਣ ਤਾਂ ਇਸ ਖੇਡ ਵਿੱਚ ਹੋਰ ਨਿਖਾਰ ਅਤੇ ਸੁਧਾਰ ਹੋ ਸਕਦੇ ਹਨ। ਪਰ ਆਪਸੀ ਧੜੇਬੰਦੀ ਕਾਰਨ ਅਜਿਹਾ ਨਹੀਂ ਹੋ ਰਿਹਾ ਪੰਜਾਬ ਵਿੱਚ ਜੇਕਰ ਇੱਚ ਫੈਡਰੇਸ਼ਨ ਡੋਪ ਤੇ ਪਾਬੰਦੀ ਲਾਉਂਣੀ ਹੈ ਤਾਂ ਦੂਜੀ ਖੁੱਲ੍ਹ ਕਰ ਦਿੰਦੀ ਹੈ ਜੋ ਕਿ ਸ਼ਰਮਨਾਕ ਗੱਲ ਹੈ।
ਵਿਸ਼ਵ ਡੋਪਿੰਗ ਕਮੇਟੀ ਵਿੱਚ ਵੀ ਧੜੇਬੰਦੀ ਹੈ ਜਿਸ ਵਿੱਚ ਕੁੱਝ ਲੋਕਾਂ ਵਿੱਚ ਵੱਖਰੇਵਆਂ ਹੈ ਜੇਕਰ ਸਾਰੇ ਇੱਕਮੱਤ ਹੋ ਜਾਣ ਤਾਂ ਪੰਜਾਬ ਦੀ ਸੰਡੋਲ ਜਵਾਨੀ ਹੋਰ ਤੱਕੜੀ ਹੋ ਜਾਵੇ। ਕਬੱਡੀ ਦਾ ਘੇਰਾ ਵੀ ਵੱਧ ਸਕਦਾ ਹੈ।
ਕਬੱਡੀ ਪੰਜਾਬੀ ਖਿੱਤੇ ਦੀ ਖੇਡ ਹੈ ਅਜੋਕੇ ਦੌਰ ਵਿੱਚ ਇਸ ਨੂੰ ਸਮੇਂ ਦੀ ਹਾਣੀ ਬਣਾਉਣ ਲਈ ਇਮਾਨਦਾਰੀ ਨਾਲ ਸੁਹਿਰਦ ਯਤਨ ਹੋਣੇ ਚਾਹੀਦੇ ਹਨ। ਡੋਪ ਅਤੇ ਡਰੱਗ ਟੈਸਟ ਦੀ ਜੁੰਮੇਵਾਰੀ ਸੂਬਾ ਸਰਕਾਰ ਨੂੰ ਲੈਣੀ ਚਾਹੀਦੀ ਹੈ। ਕਬੱਡੀ ਸੈਂਕੜੇ ਘਰਾਂ ਦੇ ਚੁੱਲੇ ਚਲਾਉਂਦੀ ਹੈ ਇਹ ਪੰਜਾਬ ਦੇ ਅਰਥਚਾਰੇ ਦਾ ਹਿੱਸਾ ਬਣ ਗਈ ਹੈ। ਅੱਜ ਇਸ ਖੇਡ ਨੂੰ ਸੰਭਾਲਣ ਦੀ ਲੋੜ ਹੈ। ਸਭ ਨੂੰ ਇਸ ਪਾਸੇ ਚੰਗਾ ਹੰਭਲਾਂ ਮਾਰਨ ਦੀ ਲੋੜ ਹੈ ਤਾਂ ਕਿ ਕਬੱਡੀ ਨੂੰ ਉਸਾਰੂ ਲੀਂਹਾ ਤੇ ਪਾਇਆ ਜਾਵੇ। ਕਬੱਡੀ ਵੀ ਕਾਮਨਵੈਲਥ, ਏਸ਼ੀਆ ਦਾ ਹਿੱਸਾ ਬਣ ਸਕਦੀ ਹੈ ਪਰ ਅਗਾਂਹਵਧੂ ਲੋਕਾਂ ਨੂੰ ਅੱਗੇ ਆਉਣਾ ਹੋਵੇਗਾ। ਡੋਪ ਟੈਸਟ ਨੂੰ ਲੈ ਕੇ ਜੋ ਸੰਸਥਾਵਾਂ ਯਤਨਸ਼ੀਲ ਹਨ ਉਹਨਾਂ ਦੇ ਉਪਰਾਲੇ ਸਲਾਹੁਣਯੋਗ ਹਨ ਜੋ ਜਾਰੀ ਰਹਿਣੇ ਚਾਹੀਦੇ ਹਨ। ਆਮੀਨ