ਹਾਕੀ ਦਾ ਇਤਿਹਾਸ

ਜਦੋਂ ਤੋਂ ਦੁਨੀਆਂ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਇਸਦਾ ਹਰ ਪ੍ਰਾਣੀ ਸਰੀਰਕ ਕਿਰਿਆਵਾਂ ਕਰਦਾ ਆਇਆ ਹੈ ਕਿਉਂਕਿ ਇਹ ਹਰ ਪ੍ਰਾਣੀ ਦੀ ਮੂਲ ਪ੍ਰਵਿਰਤੀ ਹਨ। ਆਦਿ ਕਾਲ ਤੋਂ ਹੀ ਮਨੁੱਖ ਨੇ ਖੇਡ ਕਿਰਿਆਵਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਜੀਵਨ ਦਾ ਰੱਖਿਆ ਹੀ ਹੈ ਚਾਹੇ ਉਹ ਰੱਖਿਆਤਮਕ ਰੂਪ ਵਿੱਚ ਹੋਵੇ, ਚਾਹੇ ਮਨੋਰੰਜਨ ਜਾਂ ਫੇਰ ਮੁਕਾਬਲੇ ਦੇ ਰੂਪ ਵਿੱਚ ਹੀ ਕਿਉਂ ਨਾ ਹੋਵੇ। ਈਸਾ ਤੋਂ 776 ਸਾਲ ਪਹਿਲਾਂ ਹੋਈਆਂ ਉਲੰਪਿਕ ਖੇਡਾਂ ਤਾਂ ਪ੍ਰਤੱਖ ਪ੍ਰਮਾਣ ਹਨ ਕਿ ਖੇਡ ਕਿਰਿਆਵਾਂ ਮਨੁੱਖ ਜਿੰਨੀਆਂ ਹੀ ਪ੍ਰਾਚੀਨ ਹਨ। ਅੱਜ ਜਦੋਂ ਹਾਕੀ ਦਾ ਆਲਮੀ ਕੱਪ ਚੱਲ ਰਿਹਾ ਤਾਂ ਇਸ ਖੇਡ ਦੇ ਇਤਿਹਾਸ ਬਾਰੇ ਵੀ ਗੱਲ ਕਰਨੀ ਬਣਦੀ ਹੈ ਕਿ ਇਹ ਖੇਡ ਕਿਵੇਂ ਕਿਸ ਰੂਪ ਵਿੱਚ ਕਦੋਂ ਹੋਂਦ ਵਿੱਚ ਆਈ, ਆਉ ਜਾਣਕਾਰੀ ਪ੍ਰਾਪਤ ਕਰੀਏ ਕਿ ਇਹ ਖੇਡ ਕਿੰਨੀ ਕੁ ਪੁਰਾਣੀ ਹੈ।
ਮਿਸਰ ਦੇ ਇਤਿਹਾਸ ਮੁਤਾਬਿਕ ਆਧੁਨਿਕ ਖੇਡ ਹਾਕੀ ਦੀਆਂ ਜੜ੍ਹਾਂ 4000 ਸਾਲ ਪੁਰਾਣੀਆਂ ਹਨ ਉਹਨਾਂ ਦੇ ਪ੍ਰਾਚੀਨ ਸ੍ਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸਦੇ ਨਾਲ ਜਲਦੀ ਜੁਲਦੀ ਖੇਡ ਮਿਸਰ ਦੇ ਲੋਕ 4000 ਸਾਲ ਪਹਿਲਾਂ ਖੇਡਦੇ ਸਨ, ਇਸੇ ਤਰ੍ਹਾਂ ਈਥੋਪਿਆ ਦਾ ਇਤਿਹਾਸ ਵੀ ਦਰਸਾਉਂਦਾ ਹੈ ਕਿ ਈਸਾ ਤੋਂ 1000 ਸਾਲ ਪਹਿਲਾਂ ਅਤੇ ਈਰਾਨ ਦੇ ਇਤਿਹਾਸ ਮੁਤਾਬਿਕ ਉਹ ਲੋਕ ਇਸ ਖੇਡ ਜਿਹੀ ਖੇਡ ਈਸਾ ਤੋਂ 2000 ਪਹਿਲਾਂ ਖੇਡਦੇ ਰਹੇ ਹਨ। ਏਥਨਜ਼ ਦੇ ਰਾਸ਼ਟਰੀ ਪੁਰਾਤੱਤਵ ਅਜਾਇਬਘਰ ਵਿੱਚ ਇੱਕ 60ਗ20 ਸੈਂਟੀਮੀਟਰ ਲੰਬੀ ਸੰਗਮਰਮਰ ਦੀ ਸਲੈਬ ਹੈ ਜਿਸ ਵਿੱਚ ਪ੍ਰਾਚੀਨ ਖੇਡ ਸਮਾਗਮਾਂ ਦੀਆਂ ਚਾਰ ਬੇਸ-ਰਿਲੀਫਾਂ ਹਨ। ਇਹਨਾਂ ਵਿੱਚੋਂ ਇੱਕ ਏਥੇਨੀਅਨ ਨੌਜਵਾਨਾਂ ਨੂੰ ਫੀਲਡ ਹਾਕੀ ਖੇਡਦੇ ਹੋਏ ਦਿਖਾਉਂਦਾ ਹੈ। ਇਹ ਬੇਸ-ਰਿਲੀਫਾਂ 514 ਈਸਾ ਪੂਰਵ ਦੀਆਂ ਹਨ ਅਤੇ ਦਰਸਾਉਂਦੀਆਂ ਹਨ ਕਿ ਉਸ ਸਮੇਂ ਗ੍ਰੀਸ ਵਿੱਚ ਇੱਕ ਕਿਸਮ ਦੀ ਹਾਕੀ ਦਾ ਆਨੰਦ ਮਾਣਿਆ ਜਾ ਰਿਹਾ ਸੀ। ਇਸ ਕਿਸਮ ਦੀ ਹਾਕੀ, ਜਿਸ ਨੂੰ ਪ੍ਰਾਚੀਨ ਗ੍ਰੀਸ ਵਿੱਚ। (ਕੇਰੀਟੀਜ਼ਿਨ) ਕਿਹਾ ਜਾਂਦਾ ਹੈ, ਬਹੁਤ ਮਸ਼ਹੂਰ ਸੀ। ਰੋਮਨਾਂ ਦੁਆਰਾ ਪੈਗਾਨਿਕਾ, ਆਇਰਿਸ਼ ਦੁਆਰਾ ਹਰਲਿੰਗ ਅਤੇ ਸਕਾਟਸ ਦੁਆਰਾ ਸ਼ਿੰਟੀ ਵਰਗੇ ਨਾਵਾਂ ਨੂੰ ਬੁਲਾਇਆ ਜਾਂਦਾ ਹੈ, ਹਾਕੀ ਨਾਮ ਪਹਿਲੀ ਵਾਰ 1527 ਵਿੱਚ ਆਇਰਲੈਂਡ ਵਿੱਚ ਦਰਜ ਕੀਤਾ ਗਿਆ ਜਾਪਦਾ ਹੈ ਅਤੇ ਸ਼ਾਇਦ ਫਰਾਂਸੀਸੀ ਸ਼ਬਦ ਹੋਕੇਟ ਤੋਂ ਆਇਆ ਹੈ। ਮਤਲਬ ਚਰਵਾਹੇ ਬਦਮਾਸ਼।
ਆਧੁਨਿਕ ਹਾਕੀ ਇੰਗਲੈਂਡ ਵਿੱਚ 18ਵੀਂ ਸਤਾਬਦੀ ਦੇ ਅੱਧ ਵਿੱਚ ਸ਼ੁਰੂ ਹੋਈ ਜਿੱਥੇ ਉਹਨਾਂ ਨੇ ਇਸ ਖੇਡ ਨੂੰ ਸਕੂਲਾਂ ਵਿੱਚ ਸ਼ੁਰੂ ਕਰਵਾਇਆ ਅਤੇ ਪਬਲਿਕ ਸਕੂਲਾਂ ਵਿੱਚ ਇਸ ਖੇਡ ਨੇ ਬਹੁਤ ਤਰੱਕੀ ਕੀਤੀ। ਪਹਿਲੀ ਹਾਕੀ ਐਸੋਸੀਏਸ਼ਨ ਵੀ ਇਗਲੈਂਡ ਵਿੱਚ 1876 ਨੂੰ ਬਣੀ ਜਿੱਥੇ ਉਹਨਾਂ ਨੇ ਇਸ ਖੇਡ ਦੇ ਨਿਯਮ ਬਣਾਉਣ ਦੀ ਸ਼ੁਰੂਆਤ ਕੀਤੀ। ਪਹਿਲਾ ਅੰਤਰਰਾਸ਼ਟਰੀ ਹਾਕੀ ਮੈਚ ਇੰਗਲੈਂਡ ਅਤੇ ਆਇਰਲੈਂਡ ਦਰਮਿਆਨ 1895 ਨੂੰ ਖੇਡਿਆ ਗਿਆ ਇਸ ਤੋਂ ਬਾਅਦ ਚਲੋ ਚਾਲ, ਚਲੋ ਚਾਲ ਇਸ ਖੇਡ ਨੇ ਅੰਗਰੇਜ਼ਾਂ ਰਾਂਹੀ ਸਮੁੱਚੇ ਧਰਤ ਗੋਲੇ ਉੱਤੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ। ਭਾਰਤ ਵਿੱਚ ਵੀ ਇਸ ਖੇਡ ਦਾ ਆਧੁਨਿਕ ਰੂਪ ਭਾਵੇਂ ਅੰਗਰੇਜ਼ ਹੀ ਲੈ ਕੇ ਆਏ ਪਰ ਪਿਛਲੇ 500 ਸਾਲਾਂ ਪਹਿਲਾਂ ਭਾਰਤ ਦੇ ਪਿੰਡਾਂ ਅੰਦਰ ਇਹ ਖੇਡ ਬੱਚਿਆਂ ਵੱਲੋਂ ਬਾਂਸ ਦੇ ਡੰਡਿਆ ਅਤੇ ਰਬੜ ਦੀ ਗੇਂਦ ਨਾਲ ਖੇਡੀ ਜਾਂਦੀ ਰਹੀ ਹੈ। ਇੰਗਲੈਂਡ ਦੇ ਵਿਬੰਲਡਨ ਕਲੱਬ ਨੇ ਇਸ ਖੇਡ ਨੂੰ ਬ੍ਰਿਟਿਸ਼ ਸਾਮਰਾਜ ਅਤੇ ਯੂਰਪੀਅਨ ਦੇਸ਼ਾਂ ਵਿੱਚ ਫੈਲਾਇਆ, 1890 ਵਿੱਚ ਇੰਗਲਿਸ਼, ਆਇਰਿਸ਼ ਅਤੇ ਵੈਲਸ਼ ਹਾਕੀ ਐਸੋਸੀਏਸ਼ਨਾਂ ਨੇ ਅੰਤਰਰਾਸ਼ਟਰੀ ਨਿਯਮ ਬੋਰਡ ਦਾ ਗਠਨ ਕੀਤਾ ਅਤੇ ਰੈਫਰੀਆਂ ਸਬੰਧੀ ਦਿਸ਼ਾ ਨਿਰਦੇਸ਼ ਬਣਾਏ। 1908 ਦੀਆਂ ਲੰਡਨ ਉਲੰਪਿਕ ਖੇਡਾਂ ਵਿੱਚ ਹਾਕੀ ਨੂੰ ਸ਼ਾਮਿਲ ਕੀਤਾ ਗਿਆ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ( ਐਫ.ਆਈ.ਐਚ ) ਦਾ ਜਨਮ 7 ਜਨਵਰੀ 1924 ਨੂੰ ਹੋਇਆ ਜਿਸਦਾ ਪਹਿਲਾ ਪ੍ਰਧਾਨ ਪਾਲ ਲੇਉਟੀ ਸੀ ਅਤੇ ਇਸਦਾ ਮੁੱਖ ਦਫ਼ਤਰ ਲੁਸਾਨੇ ( ਸਵਿਟਜ਼ਰਲੈਂਡ ) ਵਿੱਚ ਸਥਿਤ ਹੈ। ਬੇਸ਼ੱਕ ਭਾਰਤ ਵਿੱਚ ਇਸ ਖੇਡ ਨੂੰ ਅੰਗਰੇਜ਼ ਲੈ ਕੇ ਆਏ ਪਰ ਬ੍ਰਿਟਿਸ਼ ਰੈਂਜੀਮੈਂਟਾਂ ਵਿੱਚ ਇਹਨਾਂ ਖੇਡਾਂ ਨੂੰ ਭਾਰਤੀ ਸੈਨਿਕ ਹੀ ਖੇਡਦੇ ਰਹੇ ਅਤੇ ਉਹਨਾਂ ਨੇ ਇਸਨੂੰ ਆਪਣੀ ਖੇਡ ਬਣਾ ਲਿਆ ਮੇਜਰ ਧਿਆਨ ਚੰਦ ਦੀ ਵਿਲੱਖਣ ਉਦਾਹਰਣ ਸਾਡੇ ਸਭ ਦੇ ਸਾਹਮਣੇ ਹੈ ਅਤੇ ਇਸ ਖੇਡ ਅੰਦਰ ਹੀ ਭਾਰਤ ਨੇ ਸਭ ਤੋਂ ਵੱਧ ਉਲੰਪਿਕ ਤਗਮੇ ਜਿੱਤੇ ਹਨ।
ਭਾਰਤੀ ਹਾਕੀ ਫੈਡਰੇਸ਼ਨ 1925 ਵਿੱਚ ਬਣੀ ਜਿਸਨੂੰ ਕਿ 2008 ਤੋਂ ਬਾਅਦ ਹਾਕੀ ਇੰਡੀਆ ਕਿਹਾ ਜਾਂਦਾ ਹੈ ਅਤੇ ਇਸਦਾ ਮੌਜੂਦਾ ਪ੍ਰਧਾਨ ਸਾਬਕਾ ਉਲੰਪੀਅਨ ਦੀਲੀਪ ਟਿਰਕੀ ਹੈ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਹਾਕੀ ਦੇ ਆਲਮੀ ਕੱਪ ਦੀ ਸ਼ੁਰੂਆਤ 1971 ਵਿੱਚ ਕੀਤੀ , ਬੇਸ਼ੱਕ ਭਾਰਤ ਨੇ ਇਸ ਖੇਡ ਅੰਦਰ ਸਭ ਤੋਂ ਵੱਧ ਉਲੰਪਿਕ ਸੋਨ ਤਗਮੇ ਜਿੱਤੇ ਹਨ ਪਰ ਉਹ ਵਿਸ਼ਵ ਕੱਪ ਨੂੰ ਸਿਰਫ ਇੱਕ ਵਾਰ ( 1975 )ਵਿੱਚ ਹੀ ਚੁੰਮ ਪਾਇਆ ਹੈ।

ਮਨਦੀਪ ਸਿੰਘ ਸੁਨਾਮ

ਡੀ.ਪੀ.ਈ,ਸ.ਸ.ਹ

ਸ਼ਾਹਪੁਰ ਰੋਡ, ਲੁਧਿ।