ਪਸ਼ੂ ਧਨ

ਪਰਮਾਤਮਾ ਨੇ ਮਨੁੱਖ ਨੂੰ ਬੋਲਣ , ਸੋਚਣ , ਸਮਝਣ , ਹੱਸਣ , ਖੇਡਣ ਤੇ ਅਗਾਂਹ ਵਧਣ ਦੀ ਦਾਤ ਬਾਕੀ ਜੀਵਾਂ ਨਾਲੋਂ ਅਧਿਕ ਪ੍ਰਦਾਨ ਕੀਤੀ ਹੈ । ਇਸੇ ਕਰਕੇ ਹੀ ਮਨੁੱਖ ਨੇ ਬਾਕੀ ਜੀਵ – ਜੰਤੂਆਂ ‘ ਤੇ ਕਾਬੂ ਪਾਉਣ ਅਤੇ ਉਨ੍ਹਾਂ ਤੋਂ ਲਾਹੇਵੰਦ ਕੰਮ ਲੈਣ ਲਈ ਦਿਮਾਗੀ ਸੂਝ ਦਾ ਇਸਤੇਮਾਲ ਕੀਤਾ ਹੈ । ਪਸ਼ੂਆਂ ਨੂੰ ਪੁਚਕਾਰ ਕੇ ਅਤੇ ਡਰਾਵੇ ਨਾਲ ਮਨੁੱਖ ਨੇ ਬਹੁਤ ਫਾਇਦਾ ਲਿਆ ਹੈ । ਆਪਣੀ ਹੋਂਦ ਨੂੰ ਖ਼ਤਰਿਆਂ ਤੋਂ ਬਚਾਉਣ , ਆਰਥਿਕ ਤਰੱਕੀ ਕਰਨ ਅਤੇ ਸਿਹਤ ਸੰਭਾਲ ਦਾ ਉਸ ਨੇ ਪਸ਼ੂਆਂ ਤੋਂ ਲਾਭ ਪ੍ਰਾਪਤ ਕੀਤਾ ਹੈ । ਪਸ਼ੂ ਧਨ ਦੇ ਕਾਰਨ ਹੀ ਸਾਡਾ ਵਿਰਸਾ ਏਨਾ ਅਮੀਰ ਬਣ ਸਕਿਆ ਹੈ । ਮਸ਼ੀਨੀ ਯੁੱਗ ਤੋਂ ਪਹਿਲਾਂ ਮਨੁੱਖ ਲਗਭਗ ਸਾਰੇ ਕੰਮਾਂ ਵਿਚ ਪਸ਼ੂਆਂ ` ਤੇ ਹੀ ਨਿਰਭਰ ਕਰਦਾ ਸੀ । ਖੇਤੀ , ਸਮਾਨ ਦੀ ਢੋਆ – ਢੁਆਈ , ਆਟਾ ਪੀਹਣ ਲਈ ਖਰਾਸਾਂ ਨੂੰ ਚਲਾਉਣ , ਜੰਗਾਂ ਵਿਚ ਲੜਾਈਆਂ ਕਰਨ , ਸ਼ਿਕਾਰ ਖੇਡਣ , ਖ਼ੁਰਾਕ ਪ੍ਰਾਪਤ ਕਰਨ ਅਤੇ ਮਨੋਰੰਜਨ ਵਾਸਤੇ ਉਹ ਪਸ਼ੂਆਂ ਦਾ ਪ੍ਰਯੋਗ ਕਰਦਾ ਸੀ । ਕੁਝ ਪਸ਼ੂਆਂ ਨੂੰ ਘਰ ਦੇ ਜੀਆਂ ਵਰਗਾ ਦਰਜਾ ਵੀ ਦਿਤਾ ਜਾਂਦਾ ਸੀ ਅਤੇ ਇਨ੍ਹਾਂ ਦੀ ਸਾਂਭ – ਸੰਭਾਲ ਵੱਲ ਵੀ ਪੂਰਨ ਧਿਆਨ ਦਿੱਤਾ ਜਾਂਦਾ ਸੀ । ਕੁਝ ਪਸ਼ੂਆਂ ਨੂੰ ਧਾਰਮਿਕ ਖੇਤਰ ਵਿਚ ਵੀ ਸਤਿਕਾਰਤ ਦਰਜਾ ਮਿਲਿਆ ਹੋਇਆ ਸੀ ਜਿਵੇਂ ਕਿ ਸ਼ਿਵ ਦਾ ਨੰਦੀ ਬਲਦ , ਦੇਵੀਆਂ ਦੀ ਸ਼ੇਰਾਂ ਦੀ ਸਵਾਰੀ , ਗਊ ਮਾਤਾ ਦੀ ਪੂਜਾ , ਹਨੂੰਮਾਨ ਦੀ ਪੂਜਾ ਲਈ ਬਾਂਦਰਾਂ , ਲੰਗੂਰਾਂ ਨੂੰ ਰਿਝਾਉਣਾ , ਗਣੇਸ਼ ਪੂਜਾ ਲਈ ਚੂਹਿਆਂ ਅਤੇ ਹਾਥੀਆਂ ਨੂੰ ਪੂਜਣਾ ਆਦਿ ਪੱਖਾਂ ਨੂੰ ਵਿਚਾਰਿਆ ਜਾ ਸਕਦਾ ਹੈ ।

 

       ਪਸ਼ੂਆਂ ਨੇ ਮਨੁੱਖ ਨਾਲ ਵਫ਼ਾਦਾਰੀ ਨਿਭਾਈ ਹੈ ਜਿਵੇਂ ਪਾਲਤੂ ਕੁੱਤੇ ਘਰਾਂ ਦੀ ਰਾਖੀ ਕਰਨ ਦੇ ਨਾਲ ਨਾਲ ਬਾਹਰੀ ਖ਼ਤਰਿਆਂ ਤੋਂ ਵੀ ਮਨੁੱਖ ਦਾ ਬਚਾਅ ਕਰਦੇ ਰਹੇ ਹਨ ਅਤੇ ਹੁਣ ਵੀ ਕਰਦੇ ਹਨ । ਕਈ ਚੋਰਾਂ , ਡਾਕੂਆਂ , ਕਾਤਲਾਂ ਆਦਿ ਨੂੰ ਲੱਭਣ ਲਈ ਵੀ ਇਹਨਾਂ ਦੀ ਮੱਦਦ ਲਈ ਜਾਂਦੀ ਹੈ । ਸੀ.ਬੀ.ਆਈ. ਵਰਗੀਆਂ ਏਜੰਸੀਆਂ ਨੂੰ ਵਧੀਆ ਨਸਲ ਦੇ ਕੁੱਤਿਆਂ ਦੀ ਹਮੇਸ਼ਾ ਲੋੜ ਪੈਂਦੀ ਹੈ । ਘੋੜ ਸਵਾਰੀ ਹਰ ਸਮੇਂ ਮਾਣਯੋਗ ਸਮਝੀ ਜਾਂਦੀ ਰਹੀ ਹੈ ਅਤੇ ਘੋੜੇ ਨੂੰ ਆਮ ਆਦਮੀ ਸਵਾਰ ਹੋ ਕੇ ਦੌੜਾ ਨਹੀਂ ਸਕਦਾ । ਇਸ ਲਈ ਵਿਸ਼ੇਸ਼ ਕਿਸਮ ਦੀ ਟ੍ਰੇਨਿੰਗ ਚਾਹੀਦੀ ਹੁੰਦੀ ਹੈ । ਘੋੜ ਦੌੜ ਮੁਕਾਬਲੇ ਖੇਡਾਂ ਵਿਚ ਵੀ ਸ਼ਾਮਲ ਹਨ । ਇਸੇ ਤਰ੍ਹਾਂ ਪੰਜਾਬ ਵਿਚ ਬਲਦਾਂ ਦੀਆਂ ਦੌੜਾਂ ਵੀ ਲੁਆਈਆਂ ਜਾਂਦੀਆਂ ਹਨ । ਊਠ ਨੂੰ ਮਾਰੂਥਲ ਦਾ ਜਹਾਜ ਕਿਹਾ ਜਾਂਦਾ ਹੈ ।

 

      ਪੁਰਾਤਨ ਸਮੇਂ ਵਿਚ ਊਠ , ਘੋੜੇ , ਹਾਥੀ ਆਦਿ ਜੰਗਾਂ ਯੁੱਧਾਂ ਵਿਚ ਵਰਤੇ ਜਾਂਦੇ ਸਨ । ਇਹ ਸੈਨਾ ਅਤੇ ਫੌਜੀ ਸਾਜ਼ੋ – ਸਾਮਾਨ ਦੀ ਢੋਆ – ਢੁਆਈ ਲਈ ਵੀ ਇਸਤੇਮਾਲ ਕੀਤੇ ਜਾਂਦੇ ਸਨ । ਪਹਾੜੀ ਸਥਾਨਾਂ ‘ ਤੇ ਭਾਰ ਢੋਣ ਲਈ ਖੱਚਰਾਂ ਤੋਂ ਅੱਜ ਵੀ ਉਵੇਂ ਹੀ ਕੰਮ ਲਿਆ ਜਾਂਦਾ ਹੈ । ਅਨਾਜ ਪੈਦਾ ਕਰਨ ਲਈ ਬੈਲ , ਵੱਛੇ , ਝੋਟਿਆਂ ਆਦਿ ਦੀ ਸਹਾਇਤਾ ਨਾਲ ਸਿਆੜ ਕੱਢੇ ਜਾਂਦੇ ਹਨ ਤੇ ਹੋਰ ਖੇਤੀਬਾੜੀ ਦੇ ਕੰਮ ਧੰਦਿਆਂ ਵਿਚ ਵੀ ਸਹਾਇਤਾ ਲਈ ਜਾਂਦੀ ਹੈ । ਭੇਡਾਂ ਦੀ ਉਨ ਬਹੁਤ ਗੁਣਕਾਰੀ ਹੈ , ਜਿਸ ਤੋਂ ਇਨਸਾਨ ਸਰਦੀ ਤੋਂ ਬਚਾਉ ਲਈ ਸਵੈਟਰ , ਕੋਟੀਆਂ , ਟੋਪੀਆਂ ਆਦਿ ਬਣਾਉਂਦੇ ਹਨ । ਇਸ ਤੋਂ ਇਲਾਵਾ ਜਾਨਵਰਾਂ ਦੀਆਂ ਖੱਲਾਂ ਦੇ ਕੱਪੜੇ ਵੀ ਬਣਾਏ ਜਾਂਦੇ ਹਨ ਜੋ ਕੀਮਤੀ ਅਤੇ ਦੇਰ ਤੱਕ ਹੰਢਣਯੋਗ ਗਿਣੇ ਜਾਂਦੇ ਹਨ ।

 

          ਸਭ ਤੋਂ ਵੱਡਾ ਲਾਭ ਪਸ਼ੂ ਧਨ ਤੋਂ ਦੁੱਧ ਦਾ ਹੈ , ਜੋ ਇਨਸਾਨੀ ਸਿਹਤ ਲਈ ਕੁਦਰਤੀ ਤੋਹਫ਼ਾ ਹੈ । ਮੱਝਾਂ , ਗਾਵਾਂ , ਬੱਕਰੀਆਂ ਆਦਿ ਦੇ ਦੁੱਧ ਤੋਂ ਬਹੁਤ ਸਾਰੇ ਗੁਣਕਾਰੀ ਅਤੇ ਪੌਸ਼ਟਿਕ ਪਦਾਰਥ ਬਣਦੇ ਹਨ ਜਿਵੇਂ ਕਿ ਦਹੀਂ , ਮੱਖਣ , ਘਿਉ , ਪਨੀਰ , ਖੋਆ ਅਤੇ ਲੱਸੀ ਆਦਿ । ਇਨ੍ਹਾਂ ਗੁਣਾਂ ਕਰਕੇ ਪੁਰਾਤਨ ਸਮੇਂ ਦੀ ਮੁਟਿਆਰ ਦੇ ਮਨ ਦੀ ਇਹ ਇੱਛਾ ਹੁੰਦੀ ਸੀ ਕਿ ਜਿਸ ਘਰ ਵਿਚ ਪਸ਼ੂਆਂ ਦੀ ਬਹੁਲਤਾ ਹੋਵੇ , ਉਸ ਘਰ ਉਸ ਦਾ ਵਿਆਹ ਹੋਵੇ ਜਿਵੇਂ ਕਿ ਇਕ ਲੋਕ ਗੀਤ ‘ ਸੁਹਾਗ ’ ਵਿਚ ਜ਼ਿਕਰ ਆਉਂਦਾ ਹੈ :

 

‘ ਦੇਈਂ ਦੇਈਂ ਵੇ ਬਾਬਲਾ ਓਸ ਘਰੇ

ਜਿੱਥੇ ਬੂਰੀਆਂ ਝੋਟੀਆਂ ਸੱਠ

ਇਕ ਰਿੜਕਾਂ , ਇਕ ਜਮਾਇੰਸਾ

ਵੇ ਮੇਰਾ ਚਾਟੀਆਂ ਦੇ ਵਿਚ ਹੱਥ

ਬਾਬਲ ਤੇਰਾ ਪੁੰਨ ਹੋਵੇ

ਪੁੰਨ ਹੋਵੇ ਤੇਰਾ ਦਾਨ ਹੋਵੇ ।

 

     ਪਰ ਅਜੋਕੀ ਮੁਟਿਆਰ ਦੀ ਸੋਚ ਬਦਲ ਚੁੱਕੀ ਹੈ , ਉਹ ਅਜਿਹਾ ਬਿਲਕੁਲ ਨਹੀਂ ਚਾਹੇਗੀ । ‘ ਪਸ਼ੂ ਮਰੇ ਦਸ ਕਾਜ ਸਵਾਰੇ , ਨਰ ਮਰੇ ਕਿਸੇ ਕਾਮ ਨਾ ਆਵੇ ‘ ਦੇ ਅਨੁਸਾਰ ਪਸ਼ੂ ਮਰ ਕੇ ਵੀ ਬਹੁਤ ਕਾਜ ਸਫਲ ਕਰਦਾ ਹੈ । ਬਹੁਤ ਸਾਰੇ ਪਸ਼ੂਆਂ ਦੇ ਚੰਮ ਦੀਆਂ ਜੁੱਤੀਆਂ , ਬੈਗ ,ਪਰਸ , ਜੈਕਟਾਂ , ਕੋਟ , ਦਸਤਾਨੇ , ਬੈਲਟਾਂ ਆਦਿ ਬਣਦੇ ਹਨ ਜੋ ਲੋਕ ਬੜੇ ਸ਼ੌਂਕ ਨਾਲ ਪਹਿਨਦੇ ਹਨ । ਮਰੇ ਪਸ਼ੂਆਂ ਦੇ ਹੱਡ ਪੀਸ ਕੇ ਚੂਰਾ ਬਣਾਇਆ ਜਾਂਦਾ ਹੈ ਅਤੇ ਉਸ ਨੂੰ ਸੁਰੇਸ਼ ਵਿਚ ਮਿਲਾ ਕੇ ਲੋਹੇ ਨੂੰ ਪਾਲਿਸ਼ ਕੀਤੀ ਜਾਂਦੀ ਹੈ । ਤਾਂ ਕਿ ਉਸ ` ਤੇ ਨਿਕਲ ਅਸਾਨੀ ਨਾਲ ਚੜ੍ਹ ਸਕੇ ਜਿਵੇਂ ਕਿ ਸਾਈਕਲ ਅਤੇ ਬਾਈਕ ਦੇ ਹੈਂਡਲ ਆਦਿ । ਇਸ ਤੋਂ ਇਲਾਵਾ ਕਈ ਖਾਦ ਪਦਾਰਥਾਂ ਦੀ ਸਫ਼ਾਈ ਲਈ ਵੀ ਪਸ਼ੂਆਂ ਦੇ ਹੱਡ ਇਸਤੇਮਾਲ ਕੀਤੇ ਜਾਂਦੇ ਹਨ । ਹਾਥੀ ਦੰਦ ਗਹਿਣਿਆਂ ਲਈ ਅਤੇ ਬਾਰਾਂਸਿੰਗੇ ਦੇ ਸਿੰਗ ਸਜਾਵਟ ਅਤੇ ਦੁਆਈਆਂ ਲਈ ਇਸਤੇਮਾਲ ਕੀਤੇ ਜਾਂਦੇ ਹਨ । ਗੈਂਡੇ ਦੇ ਸਿੰਗਾਂ ਨੂੰ ਵੀ ਦੁਆਈਆਂ ਵਜੋਂ ਵਰਤਿਆ ਜਾਂਦਾ ਹੈ ਜੋ ਕਿ ਬਹੁਤ ਕੀਮਤੀ ਹੁੰਦਾ ਹੈ।

 

         ਪਸ਼ੂਆਂ ਦੇ ਗੋਹੇ ਨੂੰ ਸੁਕਾ ਕੇ ਬਾਲਣ ਵਜੋਂ ਵਰਤਿਆ ਜਾਂਦਾ ਹੈ ਅਤੇ ਗੋਬਰ ਗੈਸ ਦੇ ਪਲਾਂਟ ਵੀ ਲਗਾਏ ਜਾਂਦੇ ਹਨ । ਮਨੁੱਖਾਂ ਦੀ ਮਾਸਾਹਾਰੀ ਲੋੜ ਨੂੰ ਵੀ ਬਹੁਤ ਸਾਰੇ ਪਸ਼ੂ ਪੂਰਾ ਕਰਦੇ ਹਨ ਜਿਵੇਂ ਬੱਕਰਾ , ਸੂਰ , ਭੇਡ , ਸਾਂਬਰ , ਹਿਰਨ , ਸ਼ੇਰ , ਖ਼ਰਗੋਸ਼ ਤੇ ਹੋਰ ਕਈ ਜੰਗਲੀ ਜਾਨਵਰਾਂ ਨੂੰ ਇਸ ਲਈ ਮਾਰਿਆ ਜਾਂਦਾ ਹੈ ।

       ਪਸ਼ੂਆਂ ਦੀ ਮਹੱਤਤਾ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਗੀਤਾਂ , ਵਾਰਾਂ , ਧਾਰਮਿਕ ਗ੍ਰੰਥਾਂ ਤੇ ਫ਼ਿਲਮਾਂ ਆਦਿ ਵਿਚ ਦਰਸਾਇਆ ਗਿਆ ਹੈ । ਦੁੱਖ ਦੀ ਗੱਲ ਇਹ ਹੈ ਕਿ ਅਜੋਕੇ ਯੁੱਗ ਵਿਚ ਪਸ਼ੂ ਧਨ ਬਹੁਤ ਘੱਟ ਰਿਹਾ ਹੈ । ਜੋ ਹੈ ਉਸ ਨੂੰ ਆਰਥਿਕ ਲਾਭ ਲਈ ਹੀ ਵਰਤਿਆ ਜਾਂਦਾ ਹੈ ਅਤੇ ਇਸ ਨਾਲ ਮਨੁੱਖ ਦੀ ਭਾਵਕ ਸਾਂਝ ਤਾਂ ਸਮਝੋ ਲਗਭਗ ਖ਼ਤਮ ਹੋ ਕੇ ਹੀ ਰਹਿ ਗਈ ਹੈ ।

        ਬੇਸ਼ਕ ਕੁਝ ਹੱਦ ਤਕ ਵੈਟਨਰੀ ਸਾਇੰਸ ਦੇ ਖੇਤਰ ਵਿਚ ਪਸ਼ੂਆਂ ਦੀ ਸਾਂਭ – ਸੰਭਾਲ ਵੱਲ ਤਵਜੋਂ ਦਿਤੀ ਗਈ ਹੈ , ਪਰੰਤੂ ਇਹ ਉਪਰਾਲੇ ਨਾਮਾਤਰ ਹੀ ਹਨ । ਪਸ਼ੂ ਮਨੁੱਖ ਦੇ ਸਮਾਜਕ ਸਾਂਝੀਵਾਲ ਹਨ ਇਸ ਲਈ ਇਹਨਾਂ ਬਾਰੇ ਵੱਧ ਤੋਂ ਵੱਧ ਗਿਆਨਪੂਰਵਕ ਰਵੱਈਆ ਅਪਣਾਉਣ ਦੀ ਲੋੜ ਹੈ ।