ਬੋਲੀਆਂ (ਬਾਰੀ-ਬਰਸੀ)

ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਗਾਨਾ।
ਅੱਜ ਕੱਲ੍ਹ ਅਨਪੜ੍ਹਾਂ ਦਾ,
ਰਿਹਾ ਨਹੀਉਂ ਜ਼ਮਾਨਾ।

ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਰਾਇਆ।
ਸਕੂਲੇ ਆ ਕੇ ਵੇਖ ਮੁੰਡਿਆ,
ਅਸੀਂ ਕਿਵੇਂ ਸਕੂਲ ਸਜਾਇਆ।

ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਖਿਡੌਣਾ।
ਆਓ ਆਪਾਂ ਪ੍ਰਣ ਕਰੀਏ,
ਬਿਨਾਂ ਦਾਜ ਤੋਂ ਵਿਆਹ ਕਰਾਉਣਾ।

ਬਾਰੀਂ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੇ ਕੜਾਹੀਏ।
ਆਓ ਆਪਾਂ ਸਾਰੇ ਰਲ਼ਕੇ,
ਬੁਰਾਈਆਂ ਦੂਰ ਭਜਾਈਏ।

ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟਕੇ ਲਿਆਂਦੇ ਪਹੀਏ।
ਪਾਣੀ ਦੀ ਬਚਤ ਦੇ,
ਘਰ-ਘਰ ਸੁਨੇਹੇ ਦਈਏ।

ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟਕੇ ਲਿਆਂਦਾ ਜਾਲ਼।
ਵੱਧ ਤੋਂ ਵੱਧ ਰੁੱਖ ਲਾ ਕੇ,
ਵਾਤਾਵਰਨ ਦੀ ਕਰੀਏ ਸੰਭਾਲ।

ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟਕੇ ਲਿਆਂਦੇ ਸ਼ਾਲ।
ਚੰਗੀ ਤਰ੍ਹਾਂ ਆਪਾਂ ਪੜ੍ਹਕੇ,
ਦੇਸ਼ ਨੂੰ ਬਣਾਈਏ ਖੁਸ਼ਹਾਲ।

ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਕੋਕਾ।
‘ਤਲਵੰਡੀ’ ਦੀਆਂ ਲਿਖਤਾਂ ਦਾ,
ਘਰ- ਘਰ ਦਈਏ ਹੋਕਾ।