ਜ਼ਿਲ੍ਹਾ ਟਾਸਕ ਫੋਰਸ ਵੱਲੋਂ ਬੰਗਾ ਵਿਖੇ ਬਾਲ ਮਜ਼ਦੂਰੀ ਸਬੰਧੀ ਚੈਕਿੰਗ

ਬੰਗਾ, 13 ਮਾਰਚ 2024 : ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਨਵੀਂ ਦਿੱਲੀ ਅਤੇ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋਂ ਪ੍ਰੋਜੈਕਟ ਪੈਨ ਇੰਡੀਆ ਬਾਲ ਮਜ਼ਦੂਰੀ ਖਿਲਾਫ਼ ਅਭਿਆਨ ਨੂੰ ਲਾਗੂ ਕਰਨ ਲਈ ਹੁਕਮ ਦਿੱਤੇ ਗਏ ਹਨ, ਜਿਸ ਤਹਿਤ ਅੱਜ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਦੇ  ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਉਂਦੇ ਬਲਾਕ ਬੰਗਾ ਵਿਚ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਰੇਲਵੇ ਰੋਡ, ਮੇਨ ਬਾਜ਼ਾਰ ਅਤੇ ਗੜੁਸ਼ੰਕਰ ਚੌਕ 'ਤੇ ਬਾਲ ਮਜ਼ਦੂਰੀ ਖਿਲਾਫ਼ ਚੈਕਿੰਗ ਕੀਤੀ ਗਈ ਅਤੇ ਟੀਮ ਵੱਲੋਂ ਚੈਕਿੰਗ ਦੌਰਾਨ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਬਾਲ ਮਜੁਦੂਰੀ ਕਰਦੇ ਨਹੀਂ ਪਾਇਆ ਗਿਆ। ਇਸ ਮੌਕੇ ਮੌਜੂਦ ਲੇਬਰ ਅਫ਼ਸਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰੂ ਵੱਲੋਂ ਦੁਕਾਨਦਾਰਾਂ ਅਤੇ ਹੋਟਲਾਂ ਢਾਬਿਆਂ ਦੇ ਮਾਲਕਾਂ ਨੂੰ ਦਸਿਆ ਗਿਆ ਕਿ 0 ਤੋਂ 18 ਸਾਲ ਤਕ ਦੇ ਬੱਚਿਆਂ ਤੋਂ ਕੰਮ ਕਰਵਾਉਣਾ ਕ਼ਾਨੂਨੀ ਰੂਪ ਵਿਚ ਅਪਰਾਧ ਹੈ। ਇਸ ਲਈ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਬਾਲ ਮਜ਼ਦੂਰੀ ਨਾ ਕਰਵਾਈ ਜਾਵੇ ਅਤੇ ਜੇਕਰ ਕੋਈ ਛੋਟਾ ਬੱਚਾ ਕੰਮ ਕਰਦੇ ਮਿਲਦਾ ਹੈ ਤਾਂ ਊਸ ਦੀ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਭਲਾਈ ਕਮੇਟੀ ਨੂੰ ਦਿੱਤੀ ਜਾਵੇ ਤਾਂ ਜ਼ੋ ਬੱਚੇ ਦੀ ਭਲਾਈ ਨੂੰ ਮੁੱਖ ਰਖਦੇ ਹੋਏ ਕਾਰਵਾਈ ਕੀਤੀ ਜਾ ਸਕੇ ਅਤੇ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਕਿਹਾ ਗਿਆ ਕਿ ਬਾਲ ਮਜ਼ਦੂਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਬੱਚਿਆਂ ਨੂੰ ਕੰਮ 'ਤੇ ਰੱਖਣ ਦੀ ਬਜਾਏ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਕਾਉਂਸਲਿੰਗ ਕੀਤੀ ਜਾਣੀ ਬਣਦੀ ਹੈ ਤਾਂ ਜੋ ਬੱਚਿਆਂ ਦੇ ਮਾਪੇ ਬੱਚਿਆਂ ਤੋਂ ਕੰਮ ਕਰਵਾਉਣ ਦੀ ਬਜਾਏ ਉਨ੍ਹਾਂ ਨੂੰ ਸਿੱਖਿਆ ਨਾਲ ਜੋੜਨ ਲਈ ਸਕੂਲ ਭੇਜਣ ਅਤੇ ਉਹਨਾਂ ਦੇ ਉੱਜਵਲ ਭਵਿੱਖ ਦੀ ਸਿਰਜਣਾ ਹੋ ਸਕੇ।ਇਸਦੇ ਨਾਲ ਹੀ ਗੌਰਵ ਸ਼ਰਮਾ ਬਾਲ ਸੁਰੱਖਿਆ ਅਫਸਰ ਵੱਲੋਂ ਸਰਕਾਰ ਵੱਲੋਂ ਲੋੜਵੰਦ ਬੱਚਿਆਂ ਲਈ ਚਲਾਈ ਜਾ ਰਹੀ ਸਪਾਂਸਰਸ਼ਿਪ ਸਕੀਮ ਸਬੰਧੀ ਵੀ ਜਾਣੂ ਕਰਵਾਇਆ ਗਿਆ, ਜਿਸ ਦੇ ਤਹਿਤ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਨੂੰ ਪ੍ਰਤੀ ਮਹੀਨਾ 4000 ਰੁਪਏ ਵਿੱਤੀ ਸਹਾਇਤਾ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਦਿੱਤੀ ਜਾਂਦੀ ਹੈ। ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਮਜ਼ਦੂਰੀ ਵਿਚ ਲੱਗਿਆ ਦਿਖਾਈ ਦਿੰਦਾ ਹੈ ਤਾਂ ਇਸ ਸਬੰਧੀ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਕਮਰਾ ਨੰਬਰ 413, ਤੀਜੀ ਮੰਜ਼ਿਲ, ਡੀ.ਸੀ ਦਫ਼ਤਰ ਜਾਂ ਚਾਈਲਡ ਹੈਲਪਲਾਈਨ ਨੰਬਰ 1098 'ਤੇ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ। ਚੈਕਿੰਗ ਟੀਮ ਵਿਚ ਹਰਵਿੰਦਰ ਸਿੰਘ ਲੇਬਰ ਅਫਸਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜ , ਚੇਅਰਪਰਸਨ ਬਾਲ ਭਲਾਈ ਕਮੇਟੀ ਸੋਨੀਆ ਅੰਗਰਿਸ਼,  ਬਾਲ ਸੁਰੱਖਿਆ ਅਫਸਰ (ਆਈ ਸੀ) ਗੌਰਵ ਸ਼ਰਮਾ, ਐਮ.ਸੀ ਦਫ਼ਤਰ ਤੋਂ ਰਵਿੰਦਰ ਕੁਮਾਰ, ਸਿਹਤ ਵਿਭਾਗ ਤੋਂ ਦਰਬਾਰਾ ਸਿੰਘ, ਪੁਲਿਸ ਵਿਭਾਗ ਤੋਂ ਜਸਵਿੰਦਰ ਪਾਲ ਸਿੰਘ, ਨੇਹਾ ਕੁਮਾਰੀ ਅਤੇ  ਰਾਮਪਾਲ ਸਿੰਘ ਮੌਜੂਦ ਸਨ।