
- ਮੁੰਡੀਆਂ ਵੱਲੋਂ ਅਣਅਧਿਕਾਰਤ ਕਾਲੋਨੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ
- ਵਟਸ ਐਪ ਰਾਹੀਂ ਫ਼ਰਦ ਦੇਣ ਦੀ ਪ੍ਰਕ੍ਰਿਆ ਸ਼ੁਰੂ
- ਸ਼ਹਿਰੀ ਖੇਤਰਾਂ ਵਿੱਚ ਲੋਕਾਂ ਨੂੰ ਵਾਜਬ ਦਰਾਂ ਉੱਪਰ ਰਿਹਾਇਸ਼ ਮੁਹੱਈਆ ਕਰਵਾਉਣ ਲਈ ਆਕ਼ਸ਼ਨ ਜਲਦ
- ਕਪੂਰਥਲਾ ਵਿਖੇ ਵੱਖ-ਵੱਖ ਵਿਕਾਸ ਕੰਮਾਂ ਤੇ ਲੋਕ ਭਲਾਈ ਯੋਜਨਾਵਾਂ ਦੀ ਸਮੀਖਿਆ
- ਅਧਿਕਾਰੀਆਂ ਨੂੰ ਵਿਕਾਸ ਕੰਮਾਂ ਦੀ ਨਿੱਜੀ ਤੌਰ ਉੱਪਰ ਨਿਗਰਾਨੀ ਕਰਨ ਦੇ ਨਿਰਦੇਸ਼
ਕਪੂਰਥਲਾ ,17 ਮਾਰਚ 2025 : ਪੰਜਾਬ ਦੇ ਮਾਲ , ਜਲ ਸਪਲਾਈ ਤੇ ਹਾਊਸਿੰਗ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਣਅਧਿਕਾਰਤ ਕਾਲੋਨੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ। ਅੱਜ ਇੱਥੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦੇ ਹੋਏ ਸ. ਮੁੰਡੀਆਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਣਅਧਿਕਾਰਤ ਕਾਲੋਨੀਆਂ ਬਣਾਏ ਜਾਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਅਤੇ ਜਿਸ ਵੀ ਵਿਕਾਸ ਅਥਾਰਟੀ ਵਿੱਚ ਅਣਅਧਿਕਾਰਤ ਕਾਲੋਨੀ ਬਣੇਗੀ ਉੱਥੋ ਦੇ ਮੁੱਖ ਪ੍ਰਸ਼ਾਸ਼ਕ ਇਸ ਕੁਤਾਹੀ ਲਈ ਜ਼ਿੰਮੇਵਾਰ ਹੋਣਗੇ। ਮਾਲ ਵਿਭਾਗ ਦੀ ਕਾਰਗੁਜਾਰੀ ਦੀ ਸਮੀਖਿਆ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪਾਸਪੋਰਟ ਸੇਵਾ ਕੇਂਦਰਾਂ ਦੀ ਤਰਜ ’ਤੇ ਮਾਡਲ ਸਬ ਰਜਿਸਟਰਾਰ ਦਫ਼ਤਰ ਸਥਾਪਿਤ ਕਰਨ ਦੀ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ ਇਹਨਾਂ ਅਤਿ ਆਧੁਨਿਕ ਦਫ਼ਤਰਾਂ ਨਾਲ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਨਾਗਰਿਕਾਂ ਨੂੰ ਜਾਇਦਾਦ ਦੀ ਰਜਿਸਟਰੇਸ਼ਨ ਕਰਵਾਉਣ ਸਮੇਂ ਨਵੇਂ ਅਨੁਭਵ ਦਾ ਅਹਿਸਾਸ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਵਟਸ ਐਪ ਉੱਪਰ ਫ਼ਰਦ ਦੇਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ ਅਤੇ ਪਾਇਲਟ ਪ੍ਰਾਜੈਕਟ ਦੇ ਤੌਰ ਉੱਪਰ 270 ਫਰਦਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਲੰਧਰ ਵਿੱਚ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਤਹਿਤ 900 ਬਿਨੈਕਾਰਾਂ ਨੂੰ ਮਾਲ ਵਿਭਾਗ ਨਾਲ ਸਬੰਧਿਤ ਸੇਵਾਵਾਂ ਆਨਲਾਈਨ ਹਾਸਿਲ ਕਰਨ ਦੇ ਸਮਰੱਥ ਬਣਾਇਆ ਗਿਆ ਹੈ, ਜਿਸ ਨਾਲ ਸਰਕਾਰੀ ਦਫ਼ਤਰਾਂ ਵਿੱਚ ਨਿੱਜੀ ਤੌਰ ’ਤੇ ਜਾਣ ਦੀ ਲੋੜ ਬਹੁਤ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਸਦਕਾ ਬਿਨੈਕਾਰ ਨੂੰ ਉਸ ਦੇ ਬਿਨੈਪੱਤਰ ਦੇ ਹਰ ਪੱਧਰ ’ਤੇ ਹੋਣ ਸਬੰਧੀ ਜਾਣਕਾਰੀ ਐਸ.ਐਮ.ਐਸ. ਰਾਹੀਂ ਮਿਲਦੀ ਹੈ। ਉਨ੍ਹਾਂ ਭਰੋਸਾ ਦੁਆਇਆ ਕਿ ਮਾਲ ਵਿਭਾਗ ਨਾਲ ਸਬੰਧਿਤ ਸੇਵਾਵਾਂ ਨੂੰ ਹੋਰ ਅਸਾਨ ਬਣਾਉਣ ਲਈ ਇਸ ਪ੍ਰਣਾਲੀ ਨੂੰ ਸੂਬੇ ਭਰ ਵਿੱਚ ਲਾਗੂ ਕੀਤਾ ਜਾਵੇਗਾ। ਸ. ਮੁੰਡੀਆਂ ਨੇ ਇਹ ਵੀ ਐਲਾਨ ਕੀਤਾ ਕਿ ਕਪੂਰਥਲਾ ਜ਼ਿਲ੍ਹੇ ਵਿੱਚ 13 ਲੱਖ ਰੁਪੈ ਦੀ ਲਾਗਤ ਨਾਲ ਵਡਾਲਾ ਖੁਰਦ ਵਿਖੇ ਸੋਡੀਅਮ ਹਾਈਪੋਕਲੋਰਾਇਟ ਦੇ ਸਟੋਰੇਜ ਯੂਨਿਟ ਦਾ ਕੰਮ ਮੁਕੰਮਲ ਹੋ ਗਿਆ ਹੈ ਜਿਸਦਾ ਜਲਦੀ ਉਦਘਾਟਨ ਕੀਤਾ ਜਾਵੇਗਾ । ਇਸ ਤੋਂ ਇਲਾਵਾ ਧਾਲੀਵਾਲ ਦੋਨਾ ਵਿਖੇ ਜ਼ਿਲ੍ਹਾ ਪੱਧਰੀ ਵਾਟਰ ਟੈਸਟਿੰਗ ਲੈਬ ਦਾ 28.94 ਲੱਖ ਰੁਪੈ ਦੀ ਲਾਗਤ ਨਾਲ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਜਿਸਨੂੰ ਜਲਦ ਲੋਕ ਅਰਪਿਤ ਕਰ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਕਾਲਾ ਸੰਘਿਆ ਵਿਖੇ 13.65 ਲੱਖ ਰੁਪੈ ਨਾਲ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਸਥਾਪਿਤ ਕੀਤਾ ਜਾ ਰਿਹਾ ਹੈ। ਸ. ਮੁੰਡੀਆ ਨੇ ਇਹ ਵੀ ਦੱਸਿਆ ਕਿ ਫਗਵਾੜਾ ਵਿਖੇ ਨਵੇਂ ਪ੍ਰਸ਼ਾਸ਼ਕੀ ਕੰਪਲੈਕਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ।ਇਸ ਲਈ ਪੰਜਾਬ ਸਰਕਾਰ ਵੱਲੋਂ 6 ਕਰੋੜ ਰੁਪੈ ਜਾਰੀ ਕੀਤੇ ਗਏ ਹਨ। ਕੈਬਨਿਟ ਮੰਤਰੀ ਵਲੋਂ ਇਸ ਮੌਕੇ ਵੱਖ-ਵੱਖ ਸਰਕਾਰੀ ਸਕੀਮਾਂ ਜਿਵੇਂ ਕਿ ਮਗਨਰੇਗਾ, ਆਜੀਵਕਾ ਮਿਸ਼ਨ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਪ੍ਰੋਗਰਾਮ, ਪੈਨਸ਼ਨ , ਅਨਾਜ ਦੀ ਵੰਡ, ਅਵਾਸ ਯੋਜਨਾ , ਸਵੈ ਸਹਾਇਤਾ ਗਰੁੱਪਾਂ, ਸੜਕ ਨਿਰਮਾਣ, ਕੂੜਾ ਪ੍ਰਬੰਧਨ ਅਤੇ ਅਗਾਮੀ ਕਣਕ ਦੇ ਖ਼ਰੀਦ ਸਬੰਧੀ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ। ਸਮੇਂ ਸਿਰ ਵਿਕਾਸ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਅਤੇ ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਲੋਕ ਪ੍ਰਤੀਨਿਧੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਪੂਰਥਲਾ ਨੂੰ ਨਮੂਨੇ ਦਾ ਜ਼ਿਲ੍ਹਾ ਬਣਾਉਣ ਲਈ ਨਵੇਂ ਵਿਕਾਸ ਪ੍ਰੋਜੈਕਟਾਂ ਦੀਆਂ ਤਜਵੀਜ਼ਾਂ ਭੇਜਣ ਦੀਆਂ ਹਦਾਇਤਾਂ ਵੀ ਕੀਤੀਆਂ। ਉਨ੍ਹਾਂ ਕਿਹਾ ਕਿ ਅਧਿਕਾਰੀ ਪਿੰਡਾਂ ਵਿੱਚ ਜਾ ਕੇ ਵਿਕਾਸ ਕੰਮਾਂ ਦੀ ਖੁਦ ਨਿਗਰਾਨੀ ਕਰਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਕੈਬਨਿਟ ਮੰਤਰੀ ਨੂੰ ਭਰੋਸਾ ਦੁਆਇਆ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਸਾਰੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਭਰੋਸਾ ਦੁਆਇਆ ਕਿ ਵਧੀਆ ਨਤੀਜਿਆਂ ਲਈ ਵਿਭਾਗਾਂ ਦੇ ਸੁਚੱਜੇ ਆਪਸੀ ਤਾਲਮੇਲ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੂੰ ਕਪੂਰਥਲਾ ਜ਼ਿਲ੍ਹੇ ਵਿੱਚ ਪਹੁੰਚਣ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਪੇਸ਼ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਸਾਬਕਾ ਮੰਤਰੀ ਤੇ ਫਗਵਾੜਾ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ , ਭੁਲੱਥ ਦੇ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ , ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਲਲਿਤ ਸਕਲਾਨੀ , ਆਮ ਆਦਮੀ ਪਾਰਟੀ ਦੇ ਬੁਲਾਰੇ ਹਰਜੀ ਮਾਨ , ਗੁਰਪਾਲ ਸਿੰਘ ਇੰਡੀਅਨ, ਕੰਵਰ ਇਕਬਾਲ ਸਿੰਘ , ਪਰਵਿੰਦਰ ਸਿੰਘ ਢੋਟ, ਐਸ ਐਸ ਪੀ ਗੌਰਵ ਤੂਰਾ , ਵਧੀਕ ਡਿਪਟੀ ਕਮਿਸ਼ਨਰ ਜਨਰਲ ਨਵਨੀਤ ਕੌਰ ਬੱਲ , ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ , ਨਗਰ ਨਿਗਮ ਕਮਿਸ਼ਨਰ ਫਗਵਾੜਾ ਡਾ ਅਕਸ਼ਿਤਾ ਗੁਪਤਾ ਤੇ ਸਮੂਹ ਵਿਭਾਗਾਂ ਦੇ ਮੁਖੀ ਹਾਜ਼ਰ ਸਨ।