
- ਪੰਥਕ ਏਕੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੀਲ ਦਾ ਕੀਤਾ ਸਵਾਗਤ
ਚੰਡੀਗੜ੍ਹ, 18 ਮਾਰਚ 2025 : ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਅਕਾਲੀ ਦਲ ਤੋਂ ਰੁੱਸੇ ਸਾਰੇ ਅਕਾਲੀ ਆਗੂਆਂ ਨੂੰ ਮੁੜ ਅਪੀਲ ਕੀਤੀ ਕਿ ਉਹ ਪਾਰਟੀ ਵਿਚ ਮੁੜ ਸ਼ਾਮਲ ਹੋਣ ਅਤੇ ਇਸਦੀ ਮੈਂਬਰਸ਼ਿਪ ਭਰਤੀ ਮੁਹਿੰਮ ਦਾ ਹਿੱਸਾ ਬਣਨ। ਉਹਨਾਂ ਨੇ ਇਹ ਅਪੀਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਥਕ ਏਕਤਾ ਦੀ ਕੀਤੀ ਅਪੀਲ ਤੋਂ ਬਾਅਦ ਕੀਤੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅੱਜ ਕੀਤੀ ਪੰਥਕ ਏਕੇ ਦੀ ਅਪੀਲ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਨੇ ਹੋਲੇ ਮਹੱਲੇ ’ਤੇ ਆਪਣੇ ਸੰਦੇਸ਼ ਵਿਚ ਵੀ ਪੰਥਕ ਏਕੇ ਦੀ ਗੱਲ ਕੀਤੀ ਸੀ ਤੇ ਹੁਣ ਵੀ ਉਹਨਾਂ ਉਹੀ ਦੁਹਰਾਈ ਹੈ। ਉਹਨਾਂ ਕਿਹਾ ਕਿ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੀਏ। ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਵੀ ਸਿੰਘ ਸਾਹਿਬਾਨ ਨੇ ਪੰਥਕ ਏਕੇ ਦੀ ਗੱਲ ਕੀਤੀ ਸੀ ਤੇ ਹੁਣ ਜਥੇਦਾਰ ਗੜਗੱਜ ਨੇ ਵੀ ਉਹੀ ਭਾਵਨਾ ਦੁਹਰਾਈ ਹੈ। ਉਹਨਾਂ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਪਸੀ ਮਤਭੇਦ ਇਕ ਪਾਸੇ ਕਰ ਕੇ ਅਸੀਂ ਪੰਥਕ ਤਾਕਤਾਂ ਨੂੰ ਮਜ਼ਬੂਤ ਕਰਨ ਤੇ ਸਿੱਖ ਸੰਸਥਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲਿਆਂ ਨੂੰ ਮਾਤ ਪਾਉਣ ਲਈ ਇਕਜੁੱਟ ਹੋਈਏ। ਕਾਰਜਕਾਰੀ ਪ੍ਰਧਾਨ ਨੇ ਰੁੱਸੇ ਹੋਏ ਸਾਰੇ ਅਕਾਲੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਵੱਲੋਂ ਆਰੰਭੀ ਭਰਤੀ ਮੁਹਿੰਮ ਦਾ ਹਿੱਸਾ ਬਣਨ। ਉਹਨਾਂ ਕਿਹਾ ਕਿ ਉਹਨਾਂ ਦਾ ਮੈਂਬਰਸ਼ਿਪ ਭਰਤੀ ਦੀਆਂ ਕਾਪੀਆਂ ਲੈਣ ਆਉਣ ’ਤੇ ਸਵਾਗਤ ਕੀਤਾ ਜਾਵੇਗਾ ਅਤੇ ਉਹ ਜਥੇਬੰਦਕ ਚੋਣਾਂ ਵਾਸਤੇ ਆਪਣੀ ਮਰਜ਼ੀ ਮੁਤਾਬਕ ਭਰਤੀ ਕਰਨ। ਉਹਨਾਂ ਕਿਹਾ ਕਿ ਜੇਕਰ ਆਗੂ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਵਾਸਤੇ ਹੋਰ ਸਮਾਂ ਚਾਹੁੰਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਭਰਤੀ ਮੁਹਿੰਮ ਪੂਰੀ ਕਰਨ ਵਾਸਤੇ ਹੋਰ ਸਮਾਂ ਦੇਣ ਵਾਸਤੇ ਵੀ ਤਿਆਰ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਹਮੇਸ਼ਾ ਪੰਥਕ ਏਕੇ ਦੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਮੈਂ ਇਹਨਾਂ ਰੁੱਸੇ ਹੋਏ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਉਹ ਪਾਰਟੀ ਦੇ ਮੁੱਖ ਦਫਤਰ ਤੋਂ ਮੈਂਬਰਸ਼ਿਪ ਭਰਤੀ ਦੀਆਂ ਕਾਪੀਆਂ ਲੈ ਜਾਣ ਤੇ ਭਰਤੀ ਕਰਨ ਤਾਂ ਜੋ ਜਥੇਬੰਦਕ ਚੋਣਾਂ ਵਾਸਤੇ ਆਪਣੀ ਮਰਜ਼ੀ ਦੇ ਡੈਲੀਗੇਟ ਬਣਵਾ ਸਕਣ। ਉਹਨਾਂ ਕਿਹਾ ਕਿ ਉਹਨਾਂ ਨੇ ਪਾਰਟੀ ਤੇ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਪਹਿਲਾਂ ਵੀ ਪੰਥਕ ਏਕੇ ਦੀ ਅਪੀਲ ਕੀਤੀ ਸੀ ਤੇ ਹੁਣ ਮੁੜ ਦੁਹਰਾ ਰਹੇ ਹਨ।