ਸੁਨੀਤਾ ਵਿਲੀਅਮਸ ਧਰਤੀ 'ਤੇ ਵਾਪਸੀ ਲਈ ਤਿਆਰ, ਪ੍ਰਧਾਨ ਮੰਤਰੀ ਮੋਦੀ ਨੇ ਸੁਨੀਤਾ ਵਿਲੀਅਮਸ ਨੂੰ ਲਿਖੀ ਚਿੱਠੀ

ਨਵੀਂ ਦਿੱਲੀ, 18 ਮਾਰਚ 2025 : ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਧਰਤੀ 'ਤੇ ਵਾਪਸੀ ਲਈ ਤਿਆਰ ਹੈ। ਪੁਲਾੜ 'ਚ ਫਸੀ ਸੁਨੀਤਾ ਆਪਣੇ ਸਾਥੀ ਬੁਚ ਵਿਲਮੋਰ ਦੇ ਨਾਲ ਵਾਪਸੀ ਲਈ ਪੁਲਾੜ ਗੱਡੀ 'ਚ ਸਵਾਰ ਹੋ ਚੁੱਕੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਨੀਤਾ ਵਿਲੀਅਮਸ ਨੂੰ ਇਕ ਚਿੱਠੀ ਲਿਖੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਚਿੱਠੀ 'ਚ ਲਿਖਿਆ ਕਿ ਭਾਵੇਂ ਤੁਸੀਂ ਹਜ਼ਾਰਾਂ ਮੀਲ ਦੂਰ ਹੋ, ਪਰ ਤੁਸੀਂ ਸਾਡੇ ਦਿਲਾਂ ਦੇ ਬਹੁਤ ਨੇੜੇ ਹੋ। ਪ੍ਰਧਾਨ ਮੰਤਰੀ ਦੀ ਇਸ ਚਿੱਠੀ ਨੂੰ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸਾਂਝਾ ਕੀਤਾ ਹੈ। ਜਿਤੇਂਦਰ ਸਿੰਘ ਨੇ ਟਵੀਟ ਕੀਤਾ, "ਜਦੋਂਕਿ ਸਾਰੀ ਦੁਨੀਆ ਸੁਨੀਤਾ ਵਿਲੀਅਮਸ ਦੀ ਸੁਰੱਖਿਅਤ ਵਾਪਸੀ ਲਈ ਬੇਸਬਰੀ ਨਾਲ ਉਡੀਕ ਕਰ ਰਹੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਇਸ ਧੀ ਲਈ ਆਪਣੀ ਚਿੰਤਾ ਵੱਖਰੇ ਢੰਗ ਨਾਲ ਪ੍ਰਗਟਾਈ।" ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪੱਤਰ 'ਚ ਸੁਨੀਤਾ ਵਿਲੀਅਮਸ ਦੀ ਖੂਬ ਤਾਰੀਫ਼ ਕੀਤੀ। ਉਨ੍ਹਾਂ ਕਿਹਾ, "ਮੈਂ ਤੁਹਾਨੂੰ ਭਾਰਤ ਦੇ ਲੋਕਾਂ ਵੱਲੋਂ ਸ਼ੁਭਕਾਮਨਾਵਾਂ ਭੇਜਦਾ ਹਾਂ। ਅੱਜ ਇਕ ਪ੍ਰੋਗਰਾਮ 'ਚ ਮੈਂ ਪ੍ਰਸਿੱਧ ਪੁਲਾੜ ਯਾਤਰੀ ਮਾਈਕ ਮੈਸੀਮੀਨੋ ਨੂੰ ਮਿਲਿਆ। ਸਾਡੀ ਗੱਲਬਾਤ ਦੌਰਾਨ ਤੁਹਾਡਾ ਨਾਂ ਆਇਆ ਤੇ ਅਸੀਂ ਚਰਚਾ ਕੀਤੀ ਕਿ ਸਾਨੂੰ ਤੁਹਾਡੇ ਤੇ ਤੁਹਾਡੇ ਕੰਮ 'ਤੇ ਕਿੰਨਾ ਮਾਣ ਹੈ। ਇਸ ਗੱਲਬਾਤ ਤੋਂ ਬਾਅਦ ਮੈਂ ਆਪਣੇ ਆਪ ਨੂੰ ਤੁਹਾਨੂੰ ਪੱਤਰ ਲਿਖਣ ਤੋਂ ਰੋਕ ਨਹੀਂ ਸਕਿਆ। ਜਦੋਂ ਮੈਂ ਅਮਰੀਕਾ ਦੀਆਂ ਆਪਣੀਆਂ ਯਾਤਰਾਵਾਂ ਦੌਰਾਨ ਰਾਸ਼ਟਰਪਤੀ ਟਰੰਪ ਜਾਂ ਸਾਬਕਾ ਰਾਸ਼ਟਰਪਤੀ ਬਾਇਡਨ ਨੂੰ ਮਿਲਿਆ ਤਾਂ ਮੈਂ ਤੁਹਾਡੇ ਬਾਰੇ ਪੁੱਛਿਆ। 140 ਕਰੋੜ ਭਾਰਤੀਆਂ ਨੇ ਹਮੇਸ਼ਾ ਤੁਹਾਡੀਆਂ ਉਪਲਬਧੀਆਂ 'ਤੇ ਬਹੁਤ ਮਾਣ ਕੀਤਾ ਹੈ। ਹਾਲੀਆ ਘਟਨਾਕ੍ਰਮਾਂ ਨੇ ਇਕ ਵਾਰ ਫਿਰ ਤੁਹਾਡੇ ਪ੍ਰੇਰਣਾਦਾਇਕ ਸਬਰ ਨਾਲ ਤੇ ਦ੍ਰਿੜਤਾ ਨੂੰ ਦਰਸਾਇਆ ਹੈ।" ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੈਨੂੰ 2016 'ਚ ਅਮਰੀਕਾ ਦੀ ਆਪਣੀ ਯਾਤਰਾ ਦੌਰਾਨ ਤੁਹਾਡੇ ਨਾਲ ਮੁਲਾਕਾਤ ਦੀ ਯਾਦ ਆਉਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਤੁਹਾਡੀ ਵਾਪਸੀ ਤੋਂ ਬਾਅਦ ਤੁਹਾਨੂੰ ਭਾਰਤ 'ਚ ਦੇਖਣ ਲਈ ਉਤਸੁਕ ਹਾਂ। ਭਾਰਤ ਦੀਆਂ ਸ਼ਾਨਦਾਰ ਧੀਆਂ 'ਚੋਂ ਇਕ ਦੀ ਮੇਜ਼ਬਾਨੀ ਕਰਨਾ ਖੁਸ਼ੀ ਦੀ ਗੱਲ ਹੋਵੇਗੀ।