
ਅੱਜ ਮਨੁੱਖ ਅਨੇਕਾਂ ਪ੍ਰੇਸ਼ਾਨੀਆਂ ਵਿਚੋਂ ਗੁਜ਼ਰ ਰਿਹਾ ਹੈ। ਇਨਸਾਨ ਸਿਰਫ ਆਪਣੇ ਤੱਕ ਹੀ ਸੀਮਿਤ ਰਹਿ ਚੁੱਕਾ ਹੈ। ਪੈਸਾ ਹੋਣ ਦੇ ਬਾਵਜ਼ੂਦ ਵੀ ਇਨਸਾਨੀ ਜੀਵਨ ਵਿੱਚ ਸ਼ਾਂਤੀ ਨਹੀਂ ਹੈ। ਬੇਚੈਨੀ, ਉਦਾਸੀ, ਚਿੰਤਾ, ਇਕੱਲਾਪਣ, ਚੁੱਪ, ਬੱਚਿਆਂ ਦੇ ਭਵਿੱਖ, ਹੋਰ ਤਰ੍ਹਾਂ-ਤਰ੍ਹਾਂ ਦੀ ਪ੍ਰੇਸ਼ਾਨੀਆਂ ਨੇ ਇਨਸਾਨ ਦੇ ਅੰਦਰ ਘਰ ਕਰ ਲਿਆ ਹੈ। ਇਨ੍ਹਾਂ ਪ੍ਰੇਸ਼ਾਨੀਆਂ ਕਾਰਨ ਅੱਜ ਦਾ ਇਨਸਾਨ ਜ਼ਿਆਦਾਤਾਰ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ। ਤੁਸੀਂ ਜਿਸ ਨੂੰ ਵੀ ਪੁੱਛ ਲਓ ਕਹਿੰਦੈ ਕਿ ਮੈਂ ਤਾਂ ਡਿਪਰੈਸ਼ਨ ਵਿੱਚੋਂ ਲੰਘ ਰਿਹਾ ਹਾਂ। ਕੋਈ ਆਪਣਾ ਇਲਾਜ ਹੋਮਿਓਪੈਥਿਕ, ਐਲੋਪੈਥਿਕ, ਆਯੂਰਵੈਦਿਕ ਡਾਕਟਰ ਤੋਂ ਕਰਵਾਉਂਦਾ ਹੈ। ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਦੇ ਮਰੀਜ਼ ਦਵਾਈਆਂ ਨਾਲ ਹੀ ਆਪਣਾ ਸਮਾਂ ਕੱਢ ਰਹੇ ਹਨ। ਫਿਰ ਮਾਹਿਰ ਅਜਿਹੇ ਲੋਕਾਂ ਨੂੰ ਨੀਂਦ ਦੀਆਂ ਗੋਲੀਆਂ ਹੀ ਦਿੰਦੇ ਹਨ। ਮੋਬਾਇਲ ਸਾਡੀ ਜ਼ਿੰਦਗੀ ਦਾ ਆਧਾਰ ਬਣ ਗਿਆ ਹੈ। ਮੋਬਾਇਲ ਨੇ ਬੱਚਿਆਂ ਦਾ ਬਚਪਨ ਖੋਹ ਲਿਆ ਹੈ।
ਜੇ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਕੁਦਰਤ ਦੀ ਗੋਦ ਵਿੱਚ ਰਹਿ ਕੇ ਜੀਵਨ ਦਾ ਭਰਪੂਰ ਅਨੰਦ ਮਾਣਿਆ ਜਾਂਦਾ ਸੀ। ਪ੍ਰੇਸ਼ਾਨੀਆਂ ਤਾਂ ਉਨ੍ਹਾਂ ਵੇਲੇ ਵੀ ਬਹੁਤ ਹੁੰਦੀਆਂ ਸਨ। ਸੀਮਿਤ ਸਾਧਨ ਸਨ। ਥੋੜ੍ਹੇ ਵਿੱਚ ਹੀ ਗੁਜਾਰਾ ਕਰ ਲਿਆ ਜਾਂਦਾ ਸੀ। ਪੈਸੇ ਦੀ ਹੋੜ ਬਿਲਕੁਲ ਵੀ ਨਹੀਂ ਸੀ। ਦੁੱਖ-ਸੁੱਖ ਇੱਕ-ਦੂਜੇ ਨਾਲ ਸਾਂਝੇ ਕਰ ਲਏ ਜਾਂਦੇ ਸਨ। ਵੱਡੇ ਪਰਿਵਾਰ ਹੁੰਦੇ ਸਨ। ਜੇ ਦੁੱਖ ਆਉਂਦਾ ਸੀ ਤਾਂ ਪਤਾ ਹੀ ਨਹੀਂ ਚੱਲਦਾ ਸੀ ਕਿ ਇਸ ਤਰ੍ਹਾਂ ਨਿੱਕਲ ਗਿਆ। ਹਰ ਸਮੱਸਿਆ ਦਾ ਹੱਲ ਵੀ ਨਿੱਕਲ ਜਾਂਦਾ ਸੀ। ਨਿਮਰਤਾ, ਪ੍ਰੇਮ, ਪਿਆਰ, ਸਬਰ-ਸੰਤੋਖ ਲੋਕਾਂ ਵਿੱਚ ਬਹੁਤ ਸੀ। ਜ਼ਿਆਦਾ ਖਾਹਿਸ਼ਾਂ ਵੀ ਨਹੀਂ ਸਨ। ਮੋਟਰ ਗੱਡੀਆਂ ਦੀ ਤਾਂ ਗੱਲ ਹੀ ਛੱਡ ਦਿਓ। ਸਾਈਕਲ ਜਿਸ ਕੋਲ ਹੁੰਦਾ ਸੀ ਉਸ ਨੂੰ ਬਹੁਤ ਅਮੀਰ ਗਿਣਿਆ ਜਾਂਦਾ ਸੀ। ਅੱਜ ਦੀ ਜ਼ਿੰਦਗੀ ਵਿੱਚ ਹਰ ਇੱਕ ਬੰਦਾ ਆਪਣਾ ਸਟੇਟਸ ਬਣਾਉਣ ’ਤੇ ਲੱਗਾ ਹੋਇਆ ਹੈ। ਮਾਂ-ਬਾਪ ਦਾ ਸਤਿਕਾਰ ਬਿਲਕੁਲ ਘਟ ਗਿਆ ਹੈ। ਵੱਡੇ-ਵੱਡੇ ਘਰ ਹੋ ਗਏ ਹਨ। ਪਰਿਵਾਰ ਛੋਟੇ ਹੋ ਚੁੱਕੇ ਹਨ। ਇਕੱਠੇ ਭਾਈ ਰਹਿਣਾ ਹੀ ਨਹੀਂ ਚਾਹੁੰਦੇ ਹਨ। ਮਾਂ-ਬਾਪ ਤੱਕ ਅੱਜ ਦੀ ਨੌਜਵਾਨ ਪੀੜ੍ਹੀ ਨੇ ਵੰਡ ਲਏ ਹਨ। ਛੋਟੇ-ਛੋਟੇ ਬੱਚੇ ਮਾਨਸਿਕ ਤਣਾਅ ਵਿੱਚੋਂ ਗੁਜਰ ਰਹੇ ਹਨ। ਪਰ ਇੱਕ ਗੱਲ ਸਮਝਣੀ ਪੈਣੀ ਹੈ ਕਿ ਦੁੱਖ ਹਮੇਸ਼ਾ ਸਥਾਈ ਨਹੀਂ ਰਹਿੰਦਾ ਹੈ। ਸਰਦੀ ਤੋਂ ਬਾਅਦ ਗਰਮੀ ਵੀ ਆਉਂਦੀ ਹੈ। ਪੱਤਝੜ ਤੋਂ ਬਾਅਦ ਦਰੱਖਤ ਨਵੇਂ ਪੱਤੇ ਆਉਣ ਦੀ ਉਮੀਦ ਰੱਖਦੇ ਹਨ, ਕਿਉਂਕਿ ਉਨ੍ਹਾਂ ਨੇ ਰਾਹਗੀਰਾਂ ਨੂੰ ਛਾਂ ਵੀ ਦੇਣੀ ਹੁੰਦੀ ਹੈ। ਕਦੇ ਵੀ ਆਸ ਦਾ ਪੱਲਾ ਨਾ ਛੱਡੋ। ਆਪਣੇ-ਆਪ ਲਈ ਸਮਾਂ ਜ਼ਰੂਰ ਕੱਢੋ। ਆਪਣੇ ਹੁਨਰ ਨੂੰ ਤਰਾਸ਼ੋ। ਘਰ ਵਿੱਚ ਸੋਹਣੇ-ਸੋਹਣੇ ਗਮਲੇ ਰੱਖੋ, ਜਿੰਨ੍ਹਾਂ ਨੂੰ ਦੇਖ ਕੇ ਤੁਹਾਨੂੰ ਬਹੁਤ ਆਨੰਦ ਮਿਲੇਗਾ। ਆਪਣੇ ਹੱਥੀਂ ਕੰਮ ਨੂੰ ਤਰਜੀਹ ਦਿਓ।
ਆਪਣੇ-ਆਪ ਨੂੰ ਖੁਸ਼ ਰੱਖਣਾ ਸਿੱਖਿਏ। ਛੋਟੀਆਂ-ਛੋਟੀਆਂ ਖੁਸ਼ੀਆਂ ਵਿੱਚੋਂ ਆਨੰਦ ਮਾਣੀਏ। ਸਵੇਰੇ ਜਲਦੀ ਉੱਠੀਏ, ਤਾਜਾ ਹੋ ਕੇ ਸੈਰ ਕਰਨ ਜਾਈਏ। ਜਦੋਂ ਸਵੇਰੇ ਸੈਰ ਕਰਨ ਜਾਂਦੇ ਹੋ ਤਾਂ ਪੰਛੀਆਂ ਦੀਆਂ ਚਹਿਚਹਾਉਣ ਦੀਆਂ ਆਵਾਜਾਂ ਕੰਨਾਂ ਵਿੱਚ ਪੈਂਦੀਆਂ ਹਨ, ਬਹੁਤ ਜ਼ਿਆਦਾ ਸਕੂਨ ਮਿਲਦਾ ਹੈ। ਚਿਹਰੇ ’ਤੇ ਖੁਸ਼ੀ ਆ ਜਾਂਦੀ ਹੈ। ਇੱਕ-ਦੋ ਦਿਨ ਤਾਂ ਤੁਹਾਨੂੰ ਜ਼ਰੂਰ ਆਲਸ ਤੰਗ ਕਰੇਗਾ। ਜਦੋਂ ਤੁਸੀਂ ਇਹ ਪ੍ਰਕਿਰਿਆ ਸ਼ੁਰੂ ਕਰੋਗੇ ਤਾਂ ਤੁਹਾਡੀ ਰੋਜ਼ਾਨਾ ਦੀ ਆਦਤ ਬਣ ਜਾਵੇਗੀ ਤੇ ਤੁਸੀਂ ਸਵੇਰ ਦੀ ਸੈਰ ਤੋਂ ਬਗੈਰ ਨਹੀਂ ਰਹਿ ਸਕੋਗੇ। ਉਸ ਥਾਂ ’ਤੇ ਜਾਓ ਜਿੱਥੇ ਤੁਹਾਨੂੰ ਸਕੂਨ ਮਿਲਦਾ ਹੈ। ਪਾਰਕ ਵਿੱਚ ਚਲੇ ਜਾਓ ਵਧੀਆ ਕਿਤਾਬ ਘਰ ਜਾਓ। ਕਿਤਾਬਾਂ ਪੜ੍ਹਨ ਦੀ ਆਦਤ ਬਹੁਤ ਵਧੀਆ ਹੈ। ਅਕਸਰ ਕਿਹਾ ਜਾਂਦਾ ਹੈ ਕਿ ਕਿਤਾਬਾਂ ਚੰਗੀਆਂ ਦੋਸਤ ਹੁੰਦੀਆਂ ਹਨ। ਚੋਗਾ ਦੋਸਤ ਬਣਾਓ, ਜਿਸ ਨਾਲ ਤੁਸੀਂ ਆਪਣਾ ਦੁੱਖ-ਸੁੱਖ ਸਾਂਝਾ ਕਰ ਸਕੋ।
ਕਦੇ ਵੀ ਇਹ ਨਾ ਸੋਚੋ ਕਿ ਮੈਂ ਬਿਮਾਰ ਹਾਂ। ਆਪਣੇ-ਆਪ ਨੂੰ ਕਦੇ ਵੀ ਬਿਮਾਰ ਮਹਿਸੂਸ ਨਾ ਕਰੋ। ਜਿਨਾ ਤੁਸੀਂ ਖੁਸ਼ ਰਹੋਗੇ, ਬਿਮਾਰੀਆਂ ਤੁਹਾਨੂੰ ਕਦੇ ਤੰਗ ਵੀ ਨਹੀਂ ਕਰਨਗੀਆਂ। ਮਾਨਸਿਕ ਵਿਕਾਰਾਂ ਤੋਂ ਤੁਸੀਂ ਦੂਰ ਰਹੋਗੇ ਜਦੋਂ ਤੁਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖੋਗੇ, ਨਾ ਤਾਂ ਤੁਹਾਨੂੰ ਬੇਚੈਨੀ ਮਹਿਸੂਸ ਹੋਵੇਗੀ, ਨਾ ਤੁਸੀਂ ਕਦੇ ਉਦਾਸ ਰਹੋਗੇ। ਤੁਸੀਂ ਹਮੇਸ਼ਾ ਸਕਾਰਾਤਮਕ ਮਹਿਸੂਸ ਕਰਦੇ ਰਹੋਗੇ। ਜਿੰਨਾ ਤੁਸੀਂ ਆਪਣੇ-ਆਪ ਵਿੱਚ ਰਹੋਗੇ, ਤੁਹਾਡੀ ਜ਼ਿੰਦਗੀ ਦਾ ਸਫਰ ਉਨਾਂ ਆਨੰਦਮਈ ਬਣ ਜਾਵੇਗਾ।