ਮੰਜ਼ਿਲਾਂ ਹੋਰ ਵੀ ਹਨ - ਗੁਰਸ਼ਰਨ ਸਿੰਘ ਕੁਮਾਰ

ਚੰਗੀਆਂ ਕਿਤਾਬਾਂ ਚੰਗੇ ਸਮਾਜ ਦਾ ਨਿਰਮਾਣ ਕਰਦੀਆਂ ਹਨ। ਪ੍ਰੇਰਣਾਦਾਇਕ ਕੋਈ ਵਾਕ/ਲੇਖ/ਤੁਕ ਇਨਸਾਨ ਦੀ ਜ਼ਿੰਦਗੀ ਬਦਲ ਦਿੰਦੀ ਹੈ। ਅੱਜ ਦੀ ਭਰੀ ਭਰੀ ਇਸ ਦੁਨੀਆ ’ਚ ਮਨੁੱਖ ’ਕੱਲਾ-’ਕੱਲਾ ਮਹਿਸੂਸ ਕਰਦਾ ਹੈ। ਲਾਲਚ, ਝੂਠ, ਬੇਈਮਾਨੀ, ਮਾਰਾਮਾਰੀ, ਭ੍ਰਿਸ਼ਟਾਚਾਰ ਕਾਰਨ ਲੋਕਾਂ ਦੇ ਕਿਰਦਾਰ ਹੋਲ਼ੇ ਹੁੰਦੇ ਜਾ ਰਹੇ ਹਨ। ਹੱਥਲਾ ਸੰਗ੍ਰਹਿ ਕਿਰਦਾਰ ਨੂੰ ਉੱਚਾ ਕਰਨ ਤੇ ਜ਼ਿੰਦਗੀ ਨੂੰ ਬਿਹਤਰ ਬਣਾਉਂਣ ਵਾਲੇ ਲੇਖਾਂ ਨਾਲ ਸਜਿਆ ਹੋਇਆ ਹੈ। ਪੁਸਤਕ ਵਿਚਲਾ ਹਰੇਕ ਲੇਖ ਹਾਂ-ਪੱਖੀ ਊਰਜਾ ਦੇਣ ਦਾ ਕੰਮ ਕਰਦਾ ਹੈ। ਜ਼ਿੰਦਗੀ ਕੱਟਣ ਦੀ ਬਜਾਏ ਮਾਣਨ ਦਾ ਰਾਹ ਸੁਝਾਉਂਦਾ ਹੈ। ਲੇਖਕ ਇਕ ਲੇਖ ਵਿਚ ਲਿਖਦਾ ਹੈ ਕਿ ਜਿੰਦਗੀ ਗੋਲ ਚੱਕਰ ਵਾਂਗ ਗੋਲ ਹੈ ਜਿਸ ਨੂੰ ਕਦੋਂ ਵੀ ਕਿੱਥੋਂ ਵੀ ਸ਼ੁਰੂ ਕੀਤਾ ਜਾ ਸਕਦਾ ਹੈ।
ਹਥਲੀ ਪੁਸਤਕ ’ਚ 18 ਪ੍ਰੇਰਣਾਦਾਇਕ ਲੇਖ ਹਨ ਜੋ ਪਾਠਕ ਨੂੰ ਸੇਧ ਦੇਣ ਦਾ ਕੰਮ ਕਰਦੇ ਹਨ। ਹਰੇਕ ਲੇਖ ਆਸ਼ਾਵਾਦੀ ਹੈ। ਲੇਖਕ ਆਪਣੀ ਗੱਲ ਸਪੱਸ਼ਟ ਕਰਨ ਲਈ ਇਤਿਹਾਸਕ ਅਤੇ ਮਿਥਿਹਾਸਕ ਉਦਾਹਰਣਾਂ ਦਾ ਸਹਾਰਾ ਲੈਂਦਾ ਹੈ। ਹਰੇਕ ਲੇਖ ਦਾ ਸਿਕਲੇਖ ਬੇਹੱਦ ਦਿਲ ਖਿੱਚਾਵਾਂ ਹੈ ਜਿਵੇਂ: ਜਿੰਦਗੀ ਦੀ ਦੌਲਤ, ਖ਼ੁਸ਼ੀ ਦਾ ਮੰਤਰ, ਜਨਮ ਜਨਮ ਦਾ ਸਾਥ, ਕਰਮਾਂ ਦੇ ਹੋਣਗੇ ਨਿਬੇੜੇ, ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ ਆਦਿ। ਦਿਲ ਖਿੱਚਵੇਂ ਸਿਰਲੇਖਾਂ ਤੋਂ ਇਲਾਵਾ ਲੇਖ ਦੀ ਸ਼ੁਰੂਆਤ ਗੁਰਬਾਣੀ ਦੀ ਤੁਕ, ਕਿਸੇ ਸ਼ਿਅਰ ਜਾਂ ਕਿਸੇ ਕਾਫਿ ਵੰਨਗੀ ਤੋਂ ਹੁੰਦੀ ਹੈ। ਹਰੇਕ ਲੇਖ ਇਕ ਤੋਂ ਵੱਧ ਕੇ ਇਕ ਹੈ। ਜਿਵੇਂ: ਪਹਿਲਾ ਲੇਖ ਜ਼ਿੰਦਗੀ ਦੀ ਦੌਲਤ ਪੈਸੇ ਦੀ ਅਹਿਮੀਅਤ ਸਮਝਾਉਂਦਾ ਹੈ। ਲੇਖਕ ਲਿਖਦਾ ਹੈ ਕਿ ਬੇਸ਼ਕ ਦੌਲਤ ਸਭ ਕੁਝ ਨਹੀਂ ਪਰ ਇਸ ਤੋਂ ਬਿਨਾਂ ਵੀ ਕੁਝ ਨਹੀਂ। ਲੇਖਕ ਹੰਕਾਰ, ਲਾਲਚ ਆਦਿ ਤੋਂ ਬੱਚਣ ਦੀ ਸਲਾਹ ਦਿੰਦਾ ਹੈ ਤੇ ਜ਼ਮੀਨ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦਾ ਹੈ।
ਲੇਖਕ ਆਪਣੇ ਇਕ ਲੇਖ ਵਿਚ ਲਿਖਦਾ ਹੈ ਕਿ ਲਾਲਸਾਵਾਂ ਖ਼ੁਸ਼ੀ ਦੇ ਰਾਹ ਵਿਚ ਰੋੜਾ ਹਨ। ਸਾਨੂੰ ਜੋ ਮਿਲਿਆ ਹੈ ਉਸੇ ਵਿਚ ਸਬਰ ਕਰਨਾ ਚਾਹੀਦਾ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਲੇਖ ਪੜ੍ਹਨ ਮਗਰੋਂ ਪਾਠਕ ਆਪਣੇ ਅੰਦਰ ਇਕ ਉਸਾਰੂ ਊਰਜਾ ਦਾ ਸੰਚਾਰ ਮਹਿਸੂਸ ਕਰੇਗਾ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਇਹ ਲੇਖ ਸਮਾਜ ਲਈ ਰਾਹ ਦਸੇਰੇ ਦਾ ਕੰਮ ਕਰਨਗੇ। ਅਜਿਹੀ ਪ੍ਰੇਰਣਾਦਾਇਕ ਪੁਸਤਕ ਹਰ ਘਰ, ਹਰ ਲਾਇਬ੍ਰੇਰੀ ਵਿਚ ਹੋਣੀ ਚਾਹੀਦੀ ਹੈ।

ਸਮੀਖਿਆਕਾਰ

ਫੈਸਲ ਖ਼ਾਨ