(ਗੀਤ) ਚਾਹੁੰਦੇ  ਹੋ ਤੁਸੀਂ ਮਾਣ

ਕਿਸੇ ਦੀਆਂ ਭਾਵਨਾਵਾਂ ਦਾ,ਭੁੱਲ ਕੇ ਵੀ ਨਾ ਕਰੋ ਘਾਣ।

ਜਿਵੇਂ ਚਾਹੁੰਦੇ ਹੋ ਤੁਸੀਂ ਮਾਣ,ਉਹ ਵੀ ਚਾਹੁੰਦੇ ਓਵੇਂ ਮਾਣ।

ਫੱਟ ਤਲਵਾਰ ਦੇ ਸੀਤੇ ਜਾਂਦੇ,ਫੱਟ ਜ਼ੁਬਾਨ ਦੇ ਜੁੜਦੇ ਨਾ।

ਜਿਹੜੇ ਸ਼ਬਦ ਮੂੰਹੋਂ ਨਿਕਲੇ,ਮੁੜਕੇ ਕਦੇ ਵੀ ਮੁੜਦੇ ਨਾ।

ਚੁਭਮੇਂ ਬੋਲ ਸੀਨਾ ਕਿਸੇ ਦਾ,ਬੁਰੀ ਤਰ੍ਹਾਂ ਨੇ ਦਿੰਦੇ ਛਾਣ।

ਜਿਵੇਂ ਚਾਹੁੰਦੇ ਹੋ ਤੁਸੀਂ ਮਾਣ............................।

ਕੌੜਾ ਬੋਲਣ ਵਾਲੇ ਕੋਲੋਂ,ਦੁਨੀਆਂ ਦੂਰ-ਦੂਰ ਰਹਿੰਦੀ ਏ।

ਮਿੱਠ ਬੋਲੜੀ ਜ਼ਬਾਨ ਬੰਦੇ ਦੀ,ਸਭਨਾਂ ਨੂੰ ਕੀਲ ਲੈਂਦੀ ਏ।

ਕੌੜਾ ਬੋਲਣ ਵਾਲੜੇ ਦੀ,ਕੋਈ ਕੱਢਦਾ ਨਹੀਓਂ ਪਛਾਣ।

ਜਿਵੇਂ ਚਾਹੁੰਦੇ ਹੋ ਤੁਸੀਂ ਮਾਣ...........................।

ਗੁੱਸੇ ਦੇ ਵਿੱਚ ਬੋਲਣ ਨਾਲੋਂ,ਚੁੱਪ ਦੀ ਆਦਤ ਚੰਗੀ ਏ।

ਗੁੱਸੇ ਦੇ ਵਿੱਚ ਆਪਣੀ ਜ਼ਿੰਦ,ਮੂਰਖਾਂ ਨੇ ਸੂਲ਼ੀ ਟੰਗੀ ਏ।

ਆਪ ਵੀ ਉਹ ਦੁੱਖੀ ਨੇ ਹੁੰਦੇ,ਹੋਰਾਂ ਦਾ ਵੀ ਦਿਲ ਦੁਖਾਣ।

ਜਿਵੇਂ ਚਾਹੁੰਦੇ ਹੋ ਤੁਸੀਂ ਮਾਣ.........................।

ਤੁਹਾਡੇ ਕਾਰਨ ਜੇ ਕੋਈ ਰੁੱਸਿਆ,ਰੁੱਸੇ ਨੂੰ ਵੀ ਹੁਣੇ ਮਨਾਓ।

‘ਤਲਵੰਡੀ’ ਦੀ ਸਲਾਹ ਮੰਨਕੇ, ਛੇਤੀ ਤੁਸੀਂ ਭੁੱਲ ਬਖ਼ਸ਼ਾਓ।

ਗਲਤੀ ਮੰਨਣ ਵਾਲੜੇ ਦੇ ਵੀ, ਸੱਭੇ ਲੋਕੀਂ ਗੁਣ ਪਏ ਗਾਣ।

ਜਿਵੇਂ ਚਾਹੁੰਦੇ ਹੋ ਤੁਸੀਂ ਮਾਣ...........................।