ਵਿਸਾਖੀ ਦਾ ਤਿਉਹਾਰ ਹੈ ਨਿਆਰਾ

ਦੇਸ਼ ਮੇਰੇ ਦੇ ਤਿਉਹਾਰ ਪਏ ਦੱਸਦੇ, ਹੁੰਦਾ ਕੀ ਹੈ ਭਾਈਚਾਰਾ।
ਸਾਰੇ ਤਿਉਹਾਰਾਂ ਨਾਲੋਂ ਡਿੱਠਾ, ਵਿਸਾਖੀ ਦਾ ਹੈ ਤਿਉਹਾਰ ਨਿਆਰ।

ਸਦੀਆਂ ਤੋਂ ਇਹ ਤਿਉਹਾਰ, ਦੇਸ ਮੇਰੇ ਦੇ ਲੋਕ ਨੇ ਮਨਾਉਂਦੇ।
ਭੁੱਲ ਕੇ ਸਾਰੇ ਵੈਰ ਵਿਰੋਧ, ਇਕੱਠੇ ਹੋ ਕੇ ਮੇਲੇ ਵਿੱਚ ਆਉਂਦੇ।
ਕਿਧਰੇ ਖੇਡ ਮੇਲੇ ਦੇ ਵਿੱਚ, ਗੱਭਰੂ ਆਪਣੇ ਜ਼ੌਹਰ ਵਿਖਾਉਂਦੇ।
ਕਿਧਰੇ ਦੇਸ਼ ਭਗਤੀ ਦੀਆਂ, ਢਾਡੀ ਕਵੀਸ਼ਰ ਵਾਰਾਂ ਗਾਉਂਦੇ।
ਕਿਧਰੇ ਭੰਗੜੇ ਗਿੱਧੇ ਨੇ ਪੈਂਦੇ, ਵੇਖਣ ਵਾਲਾ ਹੁੰਦਾ ਹੈ ਨਜ਼ਾਰਾ।
ਸਾਰੇ ਤਿਉਹਾਰਾਂ ਨਾਲੋਂ ਡਿੱਠਾ .............................।
ਦਸ਼ਮੇਸ਼ ਪਿਤਾ ਨੇ ਵਿਸਾਖੀ ਨੂੰ, ਵੇਖੋ ਕਿਵੇ ਖਾਸ ਬਣਾਇਆ।
ਸਿੱਖਾਂ ਨੂੰ ਆਨੰਦਪੁਰ ਬੁਲਾ ਕੇ, ਸੁੰਦਰ ਸੀ ਦੀਵਾਨ ਸਜਾਇਆ।
ਪੰਜ ਸਿਰਾਂ ਦੀ ਭੇਟਾ ਮੰਗ ਕੇ, ਅਨੋਖਾ ਉਨ੍ਹਾਂ ਕੌਤਕ ਵਿਖਾਇਆ।
ਇੱਕੋ ਬਾਟੇ ਅੰਮ੍ਰਿਤ ਛਕਾ ਕੇ, ਜਾਤ ਪਾਤ ਦਾ ਭੇਦ ਮਿਟਾਇਆ।
ਡਿੱਗੀ-ਢੱਠੀ ਕੌਮ ਦੇ ਵਿੱਚ, ਉਹਨਾਂ ਭਰਿਆ ਸੀ ਜੋਸ਼ ਭਾਰਾ।
ਸਾਰੇ ਤਿਉਹਾਰਾਂ ਨਾਲੋਂ ਡਿੱਠਾ .............................।
ਸੰਨ ਉਨ੍ਹੀਂ ਸੌ ਉਨ੍ਹੀਂ ਨੂੰ, ਆਈ ਸੀ ਇੱਕ ਅਨੋਖੀ ਵਿਸਾਖੀ।
ਦੇਸ਼ ਮੇਰੇ ਨੂੰ ਦੇ ਕੇ ਤੁਰ ਗਈ, ਦੁੱਖਾਂ ਦਰਦਾਂ ਵਾਲੀ ਸੀ ਸਾਖੀ।
ਜਲ੍ਹਿਆਂ ਵਾਲੇ ਬਾਗ ਦੇ ਵਿੱਚ, ਹਜ਼ਾਰਾਂ ਲੋਕ ਸੀ ਹੋਏ ਇਕੱਤਰ।
ਉਹ ਵਿਸਾਖੀ ਮਨਾਵਣ ਆਏ, ਗੋਰਿਆਂ ਨੇ ਸੀ ਵਿਛਾਤੇ ਸੱਥਰ।
ਐਨਾ ਖੂਨ ਖਰਾਬਾ ਵੇਖ ,ਦੇਸ਼ ਭਗਤਾਂ ਦਾ ਵੱਧ ਗਿਆ ਪਾਰਾ।
ਸਾਰੇ ਤਿਉਹਾਰਾਂ ਨਾਲੋਂ ਡਿੱਠਾ .............................।
ਦੇਸ਼ ਮੇਰੇ ਦੇ ਕਿਸਾਨਾਂ ਲਈ, ਵਿਸਾਖੀ ਲਿਆਵੇ ਖੁਸ਼ੀਆਂ ਖੇੜੇ।
ਪੱਕੀ ਕਣਕ ਘਰਾਂ ਵਿੱਚ ਆਉਂਦੀ, ਖੇਤੀਂ ਘੱਟ ਜਾਂਦੇ ਨੇ ਗੇੜੇ।
ਧਰਤੀ ਦੇ ਸੱਭ ਜੀਅ ਵੀ ਜਿਉਂਦੇ, ਜੱਟ ਦੀ ਖੇਤੀ ਦੇ ਸਹਾਰੇ।
ਏਸੇ ਕਰਕੇ ਵਿਸਾਖੀ ਮਾਂਹ ਨੂੰ, ਬੇਸਬਰੀ ਨਾਲ ਉਡੀਕਣ ਸਾਰੇ।
‘ਅਮਰੀਕ ਤਲਵੰਡੀ’ ਨੂੰ ਵੀ ਲੱਗੇ, ਇਹ ਤਿਉਹਾਰ ਬੜਾ ਪਿਆਰਾ।
ਸਾਰੇ ਤਿਉਹਾਰਾਂ ਨਾਲੋਂ ਡਿੱਠਾ .............................।