ਕੁਦਰਤ ਨੇ ਸੋਹਣੀ ਕਾਇਨਾਤ ਦੀ ਸਿਰਜਣਾ ਕੀਤੀ ਹੈ। ਕੁਦਰਤ ਹੀ ਰੱਬ ਹੈ। ਹਰ ਇਨਸਾਨ ਇਸ ਸੰਸਾਰ ਵਿੱਚ ਜ਼ਿੰਦਗੀ ਨੂੰ ਆਪਣੇ ਮੁਤਾਬਕ ਬਸਰ ਕਰਦਾ ਹੈ। ਸਮਾਜ ਵਿੱਚ ਵਿਚਰਦੇ ਹੋਏ ਅਸੀਂ ਦੇਖਦੇ ਹਾਂ ਕਿ ਜਿਸਕੋ ਥੋੜਾ ਹੈ, ਉਹ ਉਸ ਵਿੱਚ ਹੀ ਸ਼ੁਕਰ ਕਰਦਾ ਹੈ। ਉਦਾਹਰਣ ਦੇ ਤੌਰ ਤੇ ਮੈਂ ਝੁੰਗੀ ਚੋਪੜੀ ਵਾਲਿਆਂ ਦੀ ਗੱਲ ਕਰਦਾ, ਉਹਨਾਂ ਨੂੰ ਭਵਿੱਖ ਦੀ ਬਿਲਕੁਲ ਵੀ ਚਿੰਤਾ ਨਹੀਂ ਰਹਿੰਦੀ ਜਾਂ ਜੋ ਕਬਾੜੀਏ ਢੇਰਾਂ ਵਿੱਚੋਂ ਕਬਾੜ ਚੁੱਗਦੇ ਹਨ ਜਾਂ ਰੇਲ ਦੀ ਲਾਈਨਾਂ ਵਿੱਚੋਂ ਕੋਲਾ ਚੁੱਗਣ ਵਾਲੇ ਹੁੰਦੇ ਹਨ ਉਹਨਾਂ ਨੂੰ ਉਸ ਦਿਨ ਦੀ ਫ਼ਿਕਰ ਹੁੰਦੀ ਹੈ ਅਗਰ ਉਹਨਾਂ ਦੀ 300 ਜਾਂ 400 ਦਿਹਾੜੀ ਲੱਗ ਜਾਂਦੀ ਹੈ ਤਾਂ ਉਹ ਬਹੁਤ ਖੁਸ਼ ਹੁੰਦੇ ਹਨ ਕਿ ਅੱਜ ਲਈ ਬਹੁਤ ਹੈ। ਕੱਲ ਦੀ ਉਹ ਬਿਲਕੁਲ ਵੀ ਪ੍ਰਵਾਹ ਨਹੀਂ ਕਰਦੇ। ਅਸੀਂ ਦੇਖਦੇ ਹਾਂ ਕਿ ਜੋ ਪਹਾੜੀ ਖੇਤਰਾਂ ਵਿੱਚ ਜ਼ਿੰਦਗੀ ਬਸਰ ਕਰਨ ਵਾਲੇ ਹੁੰਦੇ ਹਨ, ਉਹਨਾਂ ਕੋਲ ਸੀਮਿਤ ਸਾਧਨ ਹੁੰਦੇ ਹਨ, ਜਿੰਨਾਂ ਵੀ ਉਹਨਾਂ ਨੇ ਉਸ ਦਿਨ ਵਿੱਚ ਕਮਾ ਲਿਆ ਉਸ ਵਿੱਚੋਂ ਹੀ ਉਸ ਦਿਨ ਦੀ ਖਾਣ ਪੀਣ ਲਈ ਵਸਤਾਂ ਖਰੀਦ ਕੇ ਆਨੰਦ ਮਾਣਦੇ ਹਨ। ਜੋ ਵਰਤਮਾਨ ਵਿੱਚ ਕਮਾ ਰਹੇ ਹਨ ਉਸ ਨਾਲ ਜ਼ਿੰਦਗੀ ਨੂੰ ਹੱਸ ਖੇਡ ਕੇ ਗੁਜ਼ਾਰ ਲੈਂਦੇ ਹਨ। ਦੇਖਦੇ ਹੀ ਹਾਂ ਕਿ ਕਈ ਇਨਸਾਨ ਮਾਰੋ ਮਾਰ ਕਰਦੇ ਰਹਿੰਦੇ ਹਨ ਕਿ ਮੈਂ ਇਹ ਵੀ ਖਰੀਦ ਲਵਾਂ। ਉੱਥੇ ਵੀ ਮੈਂ ਆਪਣੀ ਪ੍ਰੋਪਰਟੀ ਬਣਾ ਲਵਾਂ। ਬੱਚਿਆਂ ਲਈ ਇਨ੍ਹਾਂ ਕੁੱਝ ਜਮਾਂ ਕਰ ਲਵਾਂ। ਸ਼ਰੀਰਕ ਪੱਖੋਂ ਠੀਕ ਨਹੀਂ ਹੁੰਦੇ, ਗੱਲ ਧਿਆਨ ਦੇਣ ਵਾਲੀ ਹੈ। ਜੇ ਤੁਹਾਡੀ ਸਿਹਤ ਠੀਕ ਹੈ ਤਾਂ ਸਭ ਕੁਝ ਠੀਕ ਹੈ ਕਈ ਇਨਸਾਨਾਂ ਕੋਲ ਇੰਨਾ ਕੁੱਝ ਹੈ ਕਿ ਉਹ ਦੂਜੇ ਤੇ ਨਿਰਭਰ ਹਨ। ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ। ਦੂਜੇ ਤੇ ਇੰਨੇ ਨਿਰਭਰ ਹਨ ਕਿ ਜੇ ਬੰਦਾ ਆਏਗਾ ਉਹੀ ਉਹਨਾਂ ਨੂੰ ਖਾਣਾ, ਪਾਣੀ ਜਾਂ ਉਹਨਾਂ ਦਾ ਅਟੈਂਡੈਂਟ ਬਣ ਕੇ ਸੇਵਾ ਕਰੇਗਾ। ਅੱਜ ਦੇ ਜ਼ਮਾਨੇ ਵਿੱਚ ਸਿਹਤ ਹੀ ਅਸਲੀ ਧਨ ਦੌਲਤ ਹੈ। ਜੇ ਸਿਹਤ ਠੀਕ ਹੈ ਤਾਂ ਸਭ ਕੁਝ ਚੰਗਾ ਲੱਗਦਾ ਹੈ। ਅੱਜ ਕੱਲ ਦੀ ਤਾਂ ਜ਼ਿੰਦਗੀ ਵੈਸੇ ਹੀ ਛੋਟੀ ਹੋ ਚੁੱਕੀ ਹੈ। ਪਤਾ ਹੀ ਨਹੀਂ ਲੱਗਦਾ ਕਦੋਂ ਇਨਸਾਨ ਇਸ ਸੰਸਾਰ ਤੋਂ ਚਲਿਆ ਜਾ ਰਿਹਾ ਹੈ, ਖ਼ਬਰ ਹੀ ਸੁਣਦੇ ਹਨ ਕਿ ਫਲਾਣਾ ਬੰਦਾ ਚੰਗਾ ਸੀ, ਰਾਤੀ ਹਾਰਟ ਅਟੈਕ ਨਾਲ ਮੌਤ ਹੋ ਗਈ। ਜਦੋਂ ਅਸੀਂ ਇਸ ਸੰਸਾਰ ਤੋਂ ਜਾਣਾ ਹੈ ਤਾਂ ਸਾਡੇ ਨਾਲ ਕੁਝ ਵੀ ਨਹੀਂ ਜਾਣਾ। ਸਿਰਫ਼ ਕਰਮਾਂ ਦਾ ਲੇਖਾ ਜੋਖਾ ਹੀ ਹੋਣਾ ਹੈ। ਜਿੰਨੀ ਪ੍ਰਾਪਰਟੀ, ਮਾਇਆ ਅਸੀਂ ਇੱਥੇ ਜਮਾਂ ਕਰ ਲਈ, ਇੱਥੇ ਹੀ ਰਹਿ ਜਾਣੀ ਹੈ। ਜੋ ਵੀ ਤੁਹਾਨੂੰ ਕੁੱਝ ਮਿਲਿਆ ਹੈ, ਉਹ ਤੁਹਾਡੇ ਨਾਲ ਨਹੀਂ ਜਾਣਾ ਹੈ। ਚੀਜ਼ਾਂ ਖਰੀਦ ਖਰੀਦ ਕੇ ਇਨਸਾਨ ਰੱਖ ਲੈਂਦਾ ਹੈ ਕਿ ਮੈਂ ਇਹ ਉਸ ਪ੍ਰੋਗਰਾਮ ਤੇ ਪਾਵਾਂਗਾ। ਮਿੰਟ ਦਾ ਤਾਂ ਅੱਜ ਭਰੋਸਾ ਨਹੀਂ ਰਿਹਾ ਹੈ, ਜੋ ਚੀਜ਼ ਤੁਸੀਂ ਖਰੀਦ ਲਈ ਹੈ ਉਸ ਨੂੰ ਹੰਡਾਓ। ਕੋਈ ਫਾਇਦਾ ਹੀ ਨਹੀਂ ਹੈ, ਚੀਜ਼ਾਂ ਦੇ ਢੇਰ ਨਾ ਲਗਾਓ। ਜਿੰਨਾ ਹੋ ਸਕਦਾ ਹੈ ਲੋੜਵੰਦਾਂ ਦੀ ਮਦਦ ਕਰੋ। ਦੂਜਿਆਂ ਨੂੰ ਖੁਸ਼ ਰੱਖੋ। ਇਹ ਬਹੁਤ ਜਰੂਰੀ ਹੈ। ਕਦੇ ਵੀ ਕਿਸੇ ਦਾ ਹੱਕ ਨਾ ਮਾਰੋ। ਦੂਜਿਆਂ ਦੇ ਕੰਮਾਂ ਵਿੱਚ ਜ਼ਿਆਦਾ ਦਖ਼ਲਅੰਦਾਜ਼ੀ ਨਾ ਕਰੋ। ਆਪਣੇ ਕੰਮ ਤੱਕ ਕੰਮ ਰੱਖੋ। ਕਿਸੇ ਵੀ ਚੀਜ਼ ਦਾ ਹੰਕਾਰ ਨਾ ਕਰੋ, ਸਿਆਣੇ ਕਹਿੰਦੇ ਵੀ ਹਨ ਕਿ “ਹੰਕਾਰੀਆਂ ਸੋ ਮਾਰਿਆ”। ਹੰਕਾਰ ਕਦੀ ਵੀ ਕਿਸੇ ਚੀਜ਼ ਦਾ ਵੀ ਨਾ ਕਰੋ, ਪੈਸੇ ਦਾ, ਧਨ ਦੌਲਤਾਂ ਦਾ ਪ੍ਰੋਪਰਟੀ ਦਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਏ। ਮਾਲਕ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ। ਮੌਤ ਤਾਂ ਆਉਣੀ ਹੀ ਹੈ, ਪਤਾ ਹੀ ਨਹੀਂ ਲੱਗਣਾ ਕਿ ਕਦੋਂ ਆ ਗਈ? ਇਹ ਸਾਨੂੰ ਜ਼ਿੰਦਗੀ ਬਾਰ ਬਾਰ ਨਹੀਂ ਮਿਲਣੀ ਹੈ। ਕੋਈ ਵੀ ਅਜਿਹਾ ਗ਼ਲਤ ਕਦਮ ਨਾ ਚੁੱਕੋ ਕਿ ਜਿਸ ਕਾਰਨ ਪਿਛਲੀਆਂ ਨੂੰ ਪਛਤਾਵਾ ਹੋ ਜਾਏ। ਜਿੰਨਾ ਵੀ ਤੁਹਾਡੇ ਕੋਲ ਸਮਾਂ ਹੈ ਉਸ ਨੂੰ ਆਨੰਦਮਈ ਜਿਓ। ਜ਼ਿੰਦਗੀ ਦੇ ਰੰਗਾਂ ਦਾ ਆਨੰਦ ਮਾਣੋ। ਜਿੰਨਾ ਵੀ ਤੁਹਾਡੇ ਕੋਲ ਸਾਧਨ ਹਨ ਉਹਨਾਂ ਵਿੱਚ ਹੀ ਖੁਸ਼ ਰਹੋ। ਦੂਜੇ ਦੀ ਚੀਜ਼ਾਂ ਵਿੱਚ ਨੀਅਤ ਨਾ ਰੱਖੋ। ਗਲਤ ਨਜ਼ਰ ਨਾਲ ਕਿਸੇ ਨੂੰ ਨਾ ਦੇਖੋ। ਗਲਤ ਬੰਦੇ ਦੀ ਕਦੇ ਵੀ ਸੰਗਤ ਨਾ ਕਰੋ, ਚੰਗੇ ਲੋਕਾਂ ਦੀ ਸੰਗਤ ਕਰੋ। ਹਰ ਪਲ ਆਨੰਦ ਮਾਣੋ। ਜ਼ਿੰਦਗੀ ਵਧੀਆ ਬਸਰ ਹੋਵੇਗੀ।