ਸਿਆਣੇ ਕਹਿੰਦੇ ਹਨ ਕਿ ਚੱਲਣਾ ਹੀ ਜਿੰਦਗੀ ਹੈ ਅਤੇ ਰੁਕਣਾ ਮੌਤ ਬਰਾਬਰ ਹੈ। ਚੱਲਦੀ ਹੋਈ ਗੱਡੀ ਹੀ ਮੁਸਾਫਿਰ ਨੂੰ ਉਸ ਦੀ ਮੰਜ਼ਿਲ ’ਤੇ ਪਹੁੰਚਾ ਸਕਦੀ ਹੈ। ਰੁਕੀ ਹੋਈ ਗੱਡੀ ਨਾ ਤਾਂ ਆਪ ਤੁਰੇਗੀ ਨਾ ਹੀ ਕਿਸੇ ਮੁਸਾਫਿਰ ਨੂੰ ਉਸ ਦੀ ਮੰਜ਼ਿਲ ਤੇ ਪਹੁੰਚਾ ਸਕੇਗੀ। ਇਸੇ ਗੱਲ ਨੂੰ ਕੁਝ ਲੋਕ ਕਹਿੰਦੇ ਹਨ ਕਿ ‘ਹਰਕਤ ਵਿੱਚ ਵਰਕਤ’ ਹੈ ਭਾਵ ਕਿ ਜੇ ਕੋਈ ਮਸ਼ੀਨ ਚੱਲਦੀ ਹੈ ਤਾਂ ਹੀ ਉਸ ਦਾ ਲਾਭ ਹੈ। ਰੁਕੀ ਹੋਈ ਚੀਜ਼ ਦਾ ਕੋਈ ਲਾਭ ਨਹੀਂ ਹੈ। ਮਨੁੱਖ ਦਾ ਵੀ ਇਹ ਹੀ ਹਾਲ ਹੈ। ਜੇ ਉਸ ਦਾ ਦਿਲ ਹਰਕਤ ਕਰਦਾ ਹੈ ਤਾਂ ਹੀ ਉਹ ਜਿੰਦਾ ਹੈ। ਜੇ ਦਿਲ ਦੀ ਹਰਕਤ ਖ਼ਤਮ ਤਾਂ ਬੰਦਾ ਵੀ ਖ਼ਤਮ। ਇਸੇ ਤਰ੍ਹਾਂ ਜੇ ਉਸ ਦਾ ਸਰੀਰ ਹਰਕਤ ਕਰਦਾ ਹੈ ਤਾਂ ਹੀ ਉਹ ਤੰਦਰੁਸਤ ਹੈ। ਉਸ ਦਾ ਵਿਕਾਸ ਹੈ। ਉਸ ਦਾ ਉਸ ਨੂੰ, ਉਸ ਦੇ ਪਰਿਵਾਰ ਨੂੰ, ਸਮਾਜ ਨੂੰ ਅਤੇ ਦੇਸ਼ ਨੂੰ ਲਾਭ ਹੈ। ਨਹੀਂ ਤਾਂ ਉਸ ਦੇ ਹੋਏ ਜਾਂ ਨਾ ਹੋਏ ਦਾ ਕੋਈ ਲਾਭ ਨਹੀਂ।
ਉਪਰੋਕਤ ਵਿਚਾਰ ਦਾ ਇਹ ਭਾਵ ਹੈ ਕਿ ਮਨੁੱਖ ਨੂੰ ਕਦੀ ਵਿਹਲਾ ਨਹੀਂ ਬੈਠਣਾ ਚਾਹੀਦਾ। ਹਰ ਸਮੇਂ ਕੁਝ ਨਾ ਕੁਝ ਉਸਾਰੂ ਅਤੇ ਲੋਕ ਭਲਾਈ ਦਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਦੀਨ ਦੁਖੀ ਦਾ ਭਲਾ ਹੁੰਦਾ ਹੈ ਅਤੇ ਆਪਣਾ, ਪਰਿਵਾਰ, ਸਮਾਜ ਅਤੇ ਦੋਸ਼ ਦਾ ਵੀ ਵਿਕਾਸ ਹੁੰਦਾ ਹੈ। ਆਪਣੀ ਗ਼ਰੀਬੀ ਦੂਰ ਹੁੰਦੀ ਹੈ ਅਤੇ ਪਰਿਵਾਰ ਵਿੱਚ ਖ਼ੁਸ਼ਹਾਲੀ ਆਉਂਦੀ ਹੈ। ਕੰਮ ’ਤੇ ਰੁੱਝੇ ਰਹਿਣ ਦੀ ਮਿਸਾਲ ਅਸੀਂ ਇੱਕ ਛੋਟੀ ਜਿਹੀ ਕੀੜੀ ਤੋਂ ਵੀ ਲੈ ਸਕਦੇ ਹਾਂ।
ਪਰਮਾਤਮਾ ਨੇ ਸ਼ਾਇਦ ਸਭ ਦੇ ਸਰੀਰ ਨਾਲ ਪੇਟ ਵੀ ਇਸੇ ਲਈ ਹੀ ਲਾਇਆ ਹੈ ਕਿ ਕੋਈ ਵੀ ਪ੍ਰਾਣੀ ਵਿਹਲਾ ਨਾ ਰਹੇ। ਹਰ ਕੋਈ ਆਪਣੀ ਉਦਰ ਪੂਰਤੀ ਲਈ ਯਤਨ ਕਰਦਾ ਰਹੇ। ਇਸ ਨਾਲ ਉਸ ਦੇ ਸਰੀਰ ਵਿੱਚ ਹਰ ਸਮੇਂ ਹਰਕਤ ਰਹੇਗੀ। ਇਸੇ ਹਰਕਤ ਨਾਲ ਉਸ ਦੇ ਘਰ ਵਿੱਚ ਬਰਕਤ ਹੋਵੇਗੀ। ਬਣੇ ਬਣਾਏ ਭੋਜਨ ਨੂੰ ਖਾਣ ਲਈ ਵੀ ਬੰਦੇ ਨੂੰ ਹੱਥ ਹਿਲਾਉਣੇ ਹੀ ਪੈਂਦੇ ਹਨ ਅਤੇ ਮੂੰਹ ਨਾਲ ਚਬਾਉਣਾ ਵੀ ਪੈਂਦਾ ਹੈ। ਫਿਰ ਇਸ ਭੋਜਨ ਨੂੰ ਪਚਾਉਣ ਲਈ ਵੀ ਹਰਕਤ ਦੀ ਲੋੜ ਹੈ।
ਵਿਹਲਾ ਦਿਮਾਗ਼ ਸ਼ੈਤਾਨ ਦਾ ਕਾਰਖਾਨਾ ਹੈ। ਉਸ ਨੂੰ ਸ਼ੈਤਾਨੀਆਂ ਸੁੱਝਦੀਆਂ ਹਨ। ਉਸ ਦੀ ਸੋਚ ਨਾਂਹ ਪੱਖੀ ਬਣ ਜਾਂਦੀ ਹੈ। ਉਹ ਨਸ਼ਿਆਂ ਵਿੱਚ ਪੈ ਕੇ ਕਈ ਬਿਮਾਰੀਆਂ ਸਹੇੜ ਬੈਠਦਾ ਹੈ। ਰੁਕਿਆ ਹੋਇਆ ਤਾਂ ਪਾਣੀ ਵੀ ਬੋਅ ਮਾਰਨ ਲੱਗ ਪੈਂਦਾ ਹੈ। ਪਏ ਪਏ ਲੋਹੇ ਨੂੰ ਜੰਗਾਲ ਲੱਗ ਜਾਂਦਾ ਹੈ। ਵਰਤੇ ਜਾਣ ਵਾਲੇ ਲੋਹੇ ਨੂੰ ਕਦੀ ਜੰਗਾਲ ਨਹੀਂ ਲੱਗਦਾ। ਕਈ ਆਲਸੀ ਬੰਦੇ ਕੰਮ ਨਾ ਮਿਲਣ ਦਾ ਬਹਾਨਾ ਬਣਾਉਂਦੇ ਹਨ। ਉਹ ਵਿਹਲੇ ਰਹਿ ਕੇ ਨਿਰਾਸ਼ਾ ਵਿੱਚ ਚਲੇ ਜਾਂਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਮਿਹਨਤ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ। ਹਿੰਮਤੀ ਬੰਦੇ ਮਿਹਨਤ ਨਾਲ ਮਿੱਟੀ ਵਿੱਚੋਂ ਵੀ ਸੋਨਾ ਕੱਢ ਲੈਂਦੇ ਹਨ।
ਕਈ ਲੋਕ ਸੇਵਾ ਮੁਕਤੀ ਤੋਂ ਬਾਅਦ ਇਹ ਸੋਚਦੇ ਹਨ ਕਿ ਅਸੀਂ ਹੁਣ ਬੁੱਢੇ ਹੋ ਗਏ ਹਾਂ। ਸਾਨੂੰ ਕੰਮ ਕਰਨ ਦੀ ਲੋੜ ਨਹੀਂ, ਪਰ ਇਹ ਗ਼ਲਤ ਹੈ। ਆਪਣੇ ਛੋਟੇ ਛੋਟੇ ਕੰਮ ਖ਼ੁਦ ਕਰਨੇ ਚਾਹੀਦੇ ਹਨ। ਬਾਜ਼ਾਰ ਅਤੇ ਨੇੜੇ ਤੇੜੇ ਦੇ ਕੰਮਾਂ ਲਈ ਵਾਹਨ ਦੀ ਵਰਤੋਂ ਨਾ ਕਰੋ। ਇਹ ਕੰਮ ਪੈਦਲ ਹੀ ਕਰੋ। ਕਈਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਆਪਣਾ ਖਾਲੀ ਸਮਾਂ ਕਿਵੇਂ ਬਿਤਾਉਣ। ਇਸ ਸਮੇਂ ਨੂੰ ਕੁਝ ਹਲਕਾ ਫੁਲਕਾ ਕੰਮ ਕਰ ਕੇ ਇਸ ਨੂੰ ਕਿਸੇ ਉਸਾਰੂ ਪਾਸੇ ਲਾਉਣਾ ਚਾਹੀਦਾ ਹੈ। ਇਸ ਨੂੰ ਤੁਸੀਂ ਆਪਣੀਆਂ ਅਧੂਰੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਵੀ ਉਪਯੋਗ ਕਰ ਸਕਦੇ ਹੋ। ਘਰੋਂ ਬਾਹਰ ਨਿਕਲੋ ਅਤੇ ਇਸ ਸੁਨਹਿਰੀ ਉਮਰ ਦਾ ਆਨੰਦ ਮਾਣੋ ਅਤੇ ਨੂੰਹਾਂ ਤੇ ਧੀਆਂ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣ ਦਿਓ। ਬੱਚਿਆਂ ਨੂੰ ਤੁਹਾਡੇ ਘਰ ਪਰਤਣ ਦੀ ਉਡੀਕ ਹੋਵੇ। ਇਸ ਨਾਲ ਘਰ ਦਾ ਵਾਤਾਵਰਨ ਸੁਖਾਵਾਂ ਬਣੇਗਾ। ਸਵੇਰੇ ਸ਼ਾਮ ਸੈਰ ਕਰ ਸਕਦੇ ਹੋ, ਹਲਕੀ ਵਰਜਿਸ਼ ਕਰ ਸਕਦੇ ਹੋ, ਚੰਗੀਆਂ ਪੁਸਤਕਾਂ ਪੜ੍ਹ ਸਕਦੇ ਹੋ। ਮੰਦਰ ਗੁਰਦੁਆਰੇ ਜਾ ਸਕਦੇ ਹੋ, ਘਰ ਵਿੱਚ ਹੀ ਫੁੱਲ ਬੂਟੇ ਅਤੇ ਸਬਜ਼ੀਆਂ ਲਾ ਕੇ ਕਿਚਨ ਗਾਰਡਨ ਬਣਾ ਸਕਦੇ ਹੋ। ਇਹ ਸਮਾਂ ਤੁਸੀਂ ਕਿਸੇ ਦੀਨ ਦੁਖੀ ਦੀ ਸੇਵਾ ਵਿੱਚ ਵੀ ਲਾ ਸਕਦੇ ਹੋ। ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾ ਕੇ ਵਿਦਿਆ ਦਾਨ ਦੇ ਸਕਦੇ ਹੋ। ਅਨਾਥ ਜਾਂ ਬਿਰਧ ਆਸ਼ਰਮ, ਕਿਸੇ ਹਸਪਤਾਲ ਵਿੱਚ ਜਾ ਕੇ ਕੋਈ ਸੇਵਾ ਨਿਭਾ ਸਕਦੇ ਹੋ। ਪਰਉਪਕਾਰ ਦੇ ਕੰਮਾਂ ਨਾਲ ਤੁਹਾਨੂੰ ਖ਼ੁਸ਼ੀ ਮਿਲੇਗੀ ਅਤੇ ਲੋੜਵੰਦਾਂ ਦਾ ਭਲਾ ਹੋਵੇਗਾ। ਜ਼ਿੰਦਗੀ ਨੂੰ ਰਵਾਨਗੀ ਮਿਲੇਗੀ। ਤੁਸੀਂ ਹਰ ਸਮੇਂ ਤਰੋਤਾਜ਼ਾ ਅਤੇ ਤੰਦਰੁਸਤ ਰਹੋਂਗੇ।
ਜੇਕਰ ਤੁਹਾਡੇ ਵਾਲ ਸਫ਼ੈਦ ਹੋ ਗਏ ਹਨ ਤਾਂ ਇਸ ਦਾ ਮਤਲਬ ਜ਼ਿੰਦਗੀ ਦਾ ਅੰਤ ਨਹੀਂ। ਇਹ ਇੱਕ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਹੈ। ਆਨੰਦ ਨਾਲ ਬੇਫਿਕਰ ਹੋ ਕੇ ਜੀਓ। ਇਸ ਨਾਲ ਤੁਹਾਡੀ ਯਾਦਾਸ਼ਤ ਵਧੇਗੀ। ਬੱਚਿਆਂ ਨਾਲ ਪਿਆਰ ਅਤੇ ਹਮਦਰਦੀ ਨਾਲ ਮਿਲੋ। ਹਰ ਸਮੇਂ ਚਿਹਰੇ ’ਤੇ ਮੁਸਕਾਨ ਰੱਖੋ। ਤੁਸੀਂ ਗਿਆਨ ਦਾ ਭੰਡਾਰਾ ਹੋ। ਤੁਸੀਂ ਬੱਚਿਆਂ ਲਈ ਪ੍ਰੇਰਨਾ ਸਰੋਤ ਹੋ। ਉਨ੍ਹਾਂ ਨੂੰ ਤੁਹਾਡੇ ਕੋਲੋਂ ਸੁਚੱਜੀ ਅਗਵਾਈ ਮਿਲੇਗੀ। ਬੱਚੇ ਤੁਹਾਨੂੰ ਬੋਝ ਨਹੀਂ ਸਮਝਣਗੇ। ਸਾਰੇ ਪਰਿਵਾਰ ਵਿੱਚ ਤੁਹਾਡੀ ਇੱਜ਼ਤ ਵਧੇਗੀ।
ਕਈ ਲੋਕਾਂ ਕੋਲ ਬਹੁਤਾ ਧਨ ਆ ਜਾਏ ਤਾਂ ਉਹ ਸੋਚਦੇ ਹਨ ਕਿ ਹੁਣ ਸਾਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ। ਅਸੀਂ ਵਿਹਲੇ ਬੈਠ ਕੇ ਖਾ ਸਕਦੇ ਹਾਂ, ਪਰ ਕੇਵਲ ਆਪਣਾ ਪੇਟ ਭਰਨਾ ਹੀ ਜ਼ਿੰਦਗੀ ਦਾ ਮਕਸਦ ਨਹੀਂ। ਆਪਣਾ ਪੇਟ ਤਾਂ ਜਾਨਵਰ ਵੀ ਭਰ ਲੈਂਦੇ ਹਨ। ਮਨੁੱਖਾ ਜੀਵਨ ਦਾ ਮਨੋਰਥ ਕੁਝ ਉਚੇਰਾ ਹੈ। ਪਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ’ਤੇ ਵਿਹਲੇ ਰਹਿਣ ਲਈ ਨਹੀਂ ਭੇਜਿਆ। ਉਸ ਨੂੰ ਚੰਗੇ ਕਰਮ ਕਰਨ ਲਈ ਭੇਜਿਆ ਹੈ। ਵਿਹਲੇ ਰਿਹਾਂ ਪੇਟ ਨਹੀਂ ਭਰਦਾ। ਪੇਟ ਭਰਨ ਲਈ ਹੱਥ ਹਿਲਾਉਣੇ ਪੈਂਦੇ ਹਨ। ਸਰੀਰ ਨੂੰ ਕੁਝ ਕਸ਼ਟ ਦੇਣਾ ਪੈਂਦਾ ਹੈ। ਬੰਦੇ ਦੇ ਸੁੱਖ ਦੀ ਦੁਨੀਆ ਉਸ ਦੇ ਆਰਾਮ ਦੀ ਹੱਦ ਤੋਂ ਬਾਹਰ ਜਾ ਕੇ ਹੀ ਸ਼ੁਰੂ ਹੁੰਦੀ ਹੈ। ਹਰਕਤ ਦਾ ਦੂਜਾ ਨਾਮ ਮਿਹਨਤ ਹੈ ਅਤੇ ਇਸੇ ਹਰਕਤ ਵਿੱਚ ਹੀ ਬਰਕਤ ਹੈ।