ਜ਼ਿੰਦਗੀ ਬਹੁਤ ਖੂਬਸੂਰਤ ਹੈ। ਸਾਨੂੰ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਨਾ ਚਾਹੀਦਾ ਹੈ। ਕਦੇ ਵੀ ਦੁਖੀ ਨਹੀਂ ਹੋਣਾ ਚਾਹੀਦਾ। ਸਾਨੂੰ ਜ਼ਿੰਦਗੀ ਹਮੇਸ਼ਾ ਹਰ ਪਲ ਹੱਸ ਕੇ, ਖੁਸ਼ ਰਹਿ ਕੇ ਗੁਜਾਰਨੀ ਚਾਹੀਦੀ ਹੈ। ਜ਼ਿੰਦਗੀ ਸਾਨੂੰ ਜਿਉਣ ਲਈ ਮਿਲੀ ਹੈ। ਜ਼ਿੰਦਗੀ ਨੂੰ ਕਦੇ ਵੀ ਬੋਝ ਨਾ ਸਮਝੋ। ਹਰ ਪਲ ਖੁਸ਼ ਰਹਿ ਕੇ ਕੱਟੋ। ਭਾਵ ਜੇ ਮਾੜਾ ਸਮਾਂ ਆ ਵੀ ਗਿਆ ਹੈ ਤਾਂ ਜ਼ਿਆਦਾ ਦੁੱਖ ਵਿੱਚ ਦੁੱਖੀ ਨਾ ਹੋਵੋ। ਸੁੱਖ-ਦੁੱਖ ਤਾਂ ਆਉਂਦੇ ਹੀ ਰਹਿੰਦੇ ਹਨ। ਜੇ ਮਾੜਾ ਸਮਾਂ ਹੈ ਤਾਂ ਚੰਗਾ ਵੀ ਆਵੇਗਾ। ਚੰਗੇ ਸਮੇਂ ਵਿੱਚ ਜ਼ਿਆਦਾ ਖੁਸ਼ੀ ਵੀ ਨਾ ਮਨਾਓ। ਕਦੇ ਵੀ ਆਪਣੀ ਕਿਸਮਤ ਨੂੰ ਨਾ ਦੋਸ਼ੀ ਠਹਿਰਾਈਏ। ਕਈ ਵਾਰ ਅਸੀਂ ਕਿਸੇ ਹੋਰ ਦੀ ਗੱਲ ਕਰਕੇ ਆਪਣੇ ਘਰ ਵਿਚ ਬਹੁਤ ਜ਼ਿਆਦਾ ਨਕਾਰਾਤਮਕ ਭਾਵ ਪੈਦਾ ਕਰ ਲੈਂਦੇ ਹਾਂ। ਅਕਸਰ ਪਰਿਵਾਰਾਂ ਵਿੱਚ ਕਈ ਵਾਰ ਤਕਰਾਰ ਹੋ ਜਾਂਦੇ ਹਨ। ਪਰਿਵਾਰ ਵਿਚ ਕਈ ਅਜਿਹੇ ਮੈਂਬਰ ਵੀ ਹੁੰਦੇ ਹਨ, ਜੋ ਅਜਿਹੇ ਤਕਰਾਰਾਂ ਨੂੰ ਕੁਝ ਸਮਝਦੇ ਹੀ ਨਹੀਂ, ਭਾਵ ਜ਼ਿੰਦਗੀ ਨੂੰ ਹੱਸ ਖੇਡ ਕੇ ਗੁਜ਼ਾਰ ਲੈਂਦੇ ਹਨ। ਕਈ ਵਾਰ ਕਈ ਇਨਸਾਨ ਛੋਟੇ-ਛੋਟੇ ਤਕਰਾਰ, ਛੋਟੀਆਂ ਛੋਟੀਆਂ ਗੱਲਾਂ ਨੂੰ ਹੀ ਦਿਲ ’ਤੇ ਲਾ ਕੇ ਬੈਠ ਜਾਂਦੇ ਹਨ। ਆਪ ਵੀ ਪ੍ਰੇਸ਼ਾਨ ਹੁੰਦੇ ਹਨ ਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਪ੍ਰੇਸ਼ਾਨ ਕਰ ਦਿੰਦੇ ਹਨ। ਕਈ ਵਾਰ ਤਾਂ ਅਜਿਹਾ ਦੇਖਣ ਨੂੰ ਵੀ ਆਉਂਦਾ ਹੈ ਕਿ ਅਜਿਹੇ ਇਨਸਾਨ ਡਿਪਰੈਸ਼ਨ ਦੀ ਬਿਮਾਰੀ ਵਿੱਚ ਚਲੇ ਜਾਂਦੇ ਹਨ। ਗੱਲ ਕੁਝ ਵੀ ਨਹੀਂ ਹੁੰਦੀ, ਪਰ ਗੱਲ ਨੂੰ ਦਿਲ ’ਤੇ ਲਗਾ ਕੇ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਨ। ਅਸੀਂ ਕਹਿ ਦਿੰਦੇ ਹਾਂ ਕਿ ਉਸ ਦੀ ਕਿਸਮਤ ਬਹੁਤ ਚੰਗੀ ਹੈ ਜਾਂ ਫਲਾਣਾ ਬੰਦਾ ਬਹੁਤ ਘੱਟ ਮਿਹਨਤ ਕਰਕੇ ਬਹੁਤ ਕੁਝ ਕਮਾ ਲੈਂਦਾ ਹੈ। ਉਸ ਨੂੰ ਬਹੁਤ ਘੱਟ ਮਿਹਨਤ ਕਰਨੀ ਪਈ। ਉਸ ਨੂੰ ਆਪਣੀ ਕਿਸਮਤ ਤੋਂ ਜ਼ਿਆਦਾ ਮਿਲ ਗਿਆ। ਉਸ ਨੂੰ ਉਸਦੇ ਮਾਤਾ-ਪਿਤਾ ਨੇ ਬਹੁਤ ਕੁਝ ਦਿੱਤਾ ਹੈ। ਜਿੰਨਾ ਕੁ ਉਹ ਇਨਸਾਨ ਉਸ ਦੇ ਲਾਇਕ ਵੀ ਨਹੀਂ ਸੀ, ਫਿਰ ਵੀ ਪਤਾ ਨਹੀਂ ਉਸ ਨੂੰ ਕਿਹੜਾ ਖਜ਼ਾਨਾ ਮਿਲ ਚੁੱਕਿਆ ਹੈ। ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਅੰਦਰ ਉਸ ਇਨਸਾਨ ਪ੍ਰਤੀ ਜਲਣ ਦੇ ਵਿਚਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਅਜਿਹਾ ਕੋਈ ਇਨਸਾਨ ਨਹੀਂ ਹੈ ਕਿ ਜਿਸ ਦੀ ਜ਼ਿੰਦਗੀ ਵਿਚ ਕਦੇ ਵੀ ਉਤਾਰ-ਚੜ੍ਹਾਅ ਨਾ ਆਏ ਹੋਣ। ਜ਼ਿੰਦਗੀ ਵਿਚ ਉਤਾਰ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਅਸੀਂ ਸਾਰੇ ਹੀ ਦੇਖਦੇ ਹਾਂ ਕਿ ਜੇ ਗਰਮੀ ਹੈ, ਤਾਂ ਸਰਦੀ ਦਾ ਮੌਸਮ ਵੀ ਆਉਂਦਾ ਹੈ। ਜੇ ਬਰਸਾਤ ਹੁੰਦੀ ਹੈ, ਤਾਂ ਉਸ ਤੋਂ ਬਾਅਦ ਮੌਸਮ ਸਾਫ਼ ਵੀ ਹੋ ਜਾਂਦਾ ਹੈ। ਜੇ ਦਿਨ ਚੜ੍ਹਦਾ ਹੈ ਤਾਂ ਰਾਤ ਵੀ ਆਉਂਦੀ ਹੈ। ਕਹਿਣ ਦਾ ਭਾਵ ਹੈ ਕਿ ਹਮੇਸ਼ਾ ਇਕ ਹੀ ਤਰ੍ਹਾਂ ਦੀ ਜ਼ਿੰਦਗੀ ਨਹੀਂ ਰਹਿੰਦੀ। ਹਮੇਸ਼ਾ ਇੱਕ ਹੀ ਤਰ੍ਹਾਂ ਦਾ ਸਮਾਂ ਨਹੀਂ ਰਹਿੰਦਾ। ਸਮਾਂ ਸਾਰਿਆਂ ਦਾ ਹੀ ਬਦਲਦਾ ਹੈ। ਚਾਹੇ ਅੱਜ ਬਦਲੇ ਜਾਂ ਕੁਝ ਦਿਨਾਂ ਬਾਅਦ ਬਦਲੇ। ਹਮੇਸ਼ਾ ਪੰਜੇ ਉਂਗਲਾਂ ਇੱਕ ਸਮਾਨ ਨਹੀਂ ਰਹਿੰਦੀਆਂ। ਕੁਦਰਤ ਹਰ ਇਕ ਇਨਸਾਨ ਨੂੰ ਮੌਕਾ ਦਿੰਦੀ ਹੈ। ਭਾਵ ਜੇ ਕਦੇ ਮਾੜਾ ਸਮਾਂ ਆ ਵੀ ਗਿਆ ਤਾਂ ਕਦੇ ਵੀ ਇੰਝ ਨਾ ਸੋਚੋ ਕਿ ਮੇਰੀ ਕਿਸਮਤ ਜਾਂ ਜ਼ਿੰਦਗੀ ਵਿਚ ਹਨ੍ਹੇਰਾ ਹੀ ਆ ਗਿਆ ਹੈ। ਦਾਤੇ ਨੇ ਸਾਰੇ ਇਨਸਾਨਾਂ ਲਈ ਬਹੁਤ ਕੁਝ ਬਣਾਇਆ ਹੋਇਆ ਹੈ, ਜਿਸ ਨੇ ਸਾਨੂੰ ਧਰਤੀ ’ਤੇ ਭੇਜਿਆ ਹੈ, ਉਸ ਨੇ ਸਾਡਾ ਕੋਈ ਹੀਲਾ-ਵਸੀਲਾ ਵੀ ਕਰ ਦੇਣਾ ਹੈ। ਪਰ ਸਾਨੂੰ ਕਰਮ ਕਰਨਾ ਪਵੇਗਾ। ਦਿਲ ਲਗਾ ਕੇ ਮਿਹਨਤ ਕਰਨੀ ਪਵੇਗੀ, ਤਾਂ ਹੀ ਅਸੀਂ ਮੰਜ਼ਿਲ ਵੱਲ ਆਪਣੇ ਕਦਮ ਵਧਾਵਾਂਗੇ। ਇਹ ਨਹੀਂ ਹੈ ਕਿ ਸਾਨੂੰ ਪੱਕੀ ਪਕਾਈ ਖਿਚੜੀ ਜਾਂ ਕੋਈ ਥਾਲੀ ਪਰੋਸ ਕੇ ਸਾਡੇ ਸਾਹਮਣੇ ਰੱਖ ਦੇਵੇਗਾ। ਦੇਖੋ ਮਿਹਨਤ ਤਾਂ ਕਰਨੀ ਹੀ ਪਵੇਗੀ। ਬਿਨਾਂ ਕਰਮ ਕੀਤੇ ਕੁਝ ਵੀ ਨਹੀਂ ਮਿਲਦਾ। ਕਦੇ ਵੀ ਨਿਰਾਸ਼ ਨਾਂ ਹੋਵੋ। ਆਪਣਾ ਦਿਲ ਕਦੇ ਵੀ ਛੋਟਾ ਨਾ ਕਰੋ। ਤੁਸੀਂ ਇਹ ਸੋਚੋ ਕਿ ਪਰਮਾਤਮਾ ਨੇ ਸਾਡੇ ਲਈ ਬਹੁਤ ਵਧੀਆ ਰੱਖਿਆ ਹੋਇਆ ਹੈ। ਹਰ ਇਕ ਦਿਨ ਸਾਡੇ ਲਈ ਕੁਝ ਨਾ ਕੁਝ ਲੈ ਕੇ ਆਉਂਦਾ ਹੈ। ਹਮੇਸ਼ਾ ਜ਼ਿੰਦਗੀ ਵਿੱਚ ਖੁਸ਼ ਰਹਿਣਾ ਸਿੱਖੀਏ। ਜਿੰਨਾ ਵੀ ਸਾਡੇ ਕੋਲ ਹੈ ਉਸ ਵਿੱਚ ਸਥਰ-ਸੰਤੋਖ ਰੱਖੀਏ। ਨਿਮਰਤਾ, ਪਿਆਰ, ਸਤਿਕਾਰ ਸਹਿਣਸ਼ੀਲ ਹੋਣਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ। ਕਦੇ ਵੀ ਗੁੱਸਾ ਨਾ ਹੋਵੋ। ਚਲੋ ਜੇ ਕਈ ਵਾਰ ਗੁੱਸਾ ਆ ਵੀ ਜਾਂਦਾ ਹੈ ਤਾਂ ਘਰ ਵਿੱਚ ਕਲੇਸ਼ ਖੜ੍ਹਾ ਨਾ ਕਰੋ। ਕੋਈ ਅਜਿਹਾ ਗ਼ਲਤ ਕਦਮ ਨਾ ਚੁੱਕੋ। ਜੇ ਕਦੇ ਘਰਦਿਆਂ ਨਾਲ ਮਨ ਮੁਟਾਵ ਹੋ ਵੀ ਜਾਂਦਾ ਹੈ ਤਾਂ ਕਿਸੇ ਪਾਰਕ ਵਿਚ ਚਲੇ ਜਾਓ, ਕਿਸੇ ਮਾਲ ਵਿਚ ਜਾਓ, ਸੈਰ ਤੇ ਨਿਕਲ ਜਾਓ। ਕਹਿਣ ਦਾ ਮਤਲਬ ਕਿ ਇਹ ਜ਼ਿੰਦਗੀ ਸਾਨੂੰ ਦੁਬਾਰਾ ਨਹੀਂ ਮਿਲਣੀ। ਸਾਨੂੰ ਹੱਸ-ਖੇਡ ਕੇ ਹੀ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ।