ਦਿੱਲੀ, 21 ਨਵੰਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਆਨਾ ਦੇ ਰਾਸ਼ਟਰਪਤੀ ਮੁਹੰਮਦ ਇਰਫਾਨ ਅਲੀ ਵਿਚਾਲੇ ਬੁੱਧਵਾਰ ਨੂੰ ਹੋਈ ਗੱਲਬਾਤ ਤੋਂ ਬਾਅਦ ਭਾਰਤ ਅਤੇ ਗੁਆਨਾ ਨੇ ਹਾਈਡਰੋਕਾਰਬਨ, ਡਿਜੀਟਲ ਭੁਗਤਾਨ ਪ੍ਰਣਾਲੀ, ਫਾਰਮਾਸਿਊਟੀਕਲ ਅਤੇ ਰੱਖਿਆ ਵਰਗੇ ਮਹੱਤਵਪੂਰਨ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ 10 ਸਮਝੌਤਿਆਂ 'ਤੇ ਦਸਤਖਤ ਕੀਤੇ। ਆਪਣੇ ਮੀਡੀਆ ਬਿਆਨ 'ਚ ਮੋਦੀ ਨੇ ਕਿਹਾ ਕਿ ਗੁਆਨਾ ਭਾਰਤ ਦੀ ਊਰਜਾ ਸੁਰੱਖਿਆ 'ਚ ਅਹਿਮ ਭੂਮਿਕਾ ਨਿਭਾਏਗਾ ਅਤੇ ਇਸ ਖੇਤਰ 'ਚ ਦੋਹਾਂ ਦੇਸ਼ਾਂ ਵਿਚਾਲੇ ਲੰਬੀ ਮਿਆਦ ਦੀ ਸਾਂਝੇਦਾਰੀ ਲਈ ਢਾਂਚਾ ਤਿਆਰ ਕੀਤਾ ਜਾਵੇਗਾ। ਲਗਭਗ 24 ਸਾਲ ਪਹਿਲਾਂ ਇੱਕ ਆਮ ਆਦਮੀ ਦੇ ਰੂਪ ਵਿੱਚ ਦੱਖਣੀ ਅਮਰੀਕੀ ਦੇਸ਼ ਦੀ ਆਪਣੀ ਫੇਰੀ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਕਿਹਾ, “56 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਗੁਆਨਾ ਫੇਰੀ ਸਾਡੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਮੇਰਾ ਗੁਆਨਾ ਨਾਲ ਡੂੰਘਾ ਨਿੱਜੀ ਸਬੰਧ ਹੈ।”ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਰਾਤ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜੇਨੇਰੀਓ ਤੋਂ ਇੱਥੇ ਪਹੁੰਚੇ। ਮੋਦੀ ਨੇ ਰੀਓ ਡੀ ਜੇਨੇਰੀਓ 'ਚ ਜੀ-20 ਸੰਮੇਲਨ 'ਚ ਸ਼ਿਰਕਤ ਕੀਤੀ। ਇਹਨਾਂ ਵਿੱਚੋਂ ਇੱਕ ਸਮਝੌਤਾ ਗੁਆਨਾ ਵਿੱਚ ਭਾਰਤ ਦੀ UPI (ਯੂਨੀਫਾਈਡ ਪੇਮੈਂਟਸ ਇੰਟਰਫੇਸ) ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਲਾਗੂ ਕਰਨ ਦੀ ਸੰਭਾਵਨਾ ਪ੍ਰਦਾਨ ਕਰੇਗਾ। ਮੋਦੀ ਨੇ ਕਿਹਾ, “ਅੱਜ ਦੀ ਮੀਟਿੰਗ ਵਿੱਚ ਅਸੀਂ ਆਪਣੇ ਸਹਿਯੋਗ ਨੂੰ ਮਜ਼ਬੂਤਕਰਨ ਲਈ ਕਈ ਨਵੀਆਂ ਪਹਿਲਕਦਮੀਆਂ ਦੀ ਪਛਾਣ ਕੀਤੀ। ਅਸੀਂ ਆਪਣੇ ਆਪਸੀ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਵਧਾਉਣ ਲਈ ਯਤਨ ਜਾਰੀ ਰੱਖਾਂਗੇ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਧਿਰਾਂ ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਅਣਥੱਕ ਯਤਨ ਕਰਨਗੇ। ਉਨ੍ਹਾਂ ਨੇ ਕਿਹਾ "ਭਾਰਤ ਗੁਆਨਾ ਲਈ ਫਾਰਮਾਸਿਊਟੀਕਲ ਉਤਪਾਦਾਂ ਦਾ ਇੱਕ ਮਹੱਤਵਪੂਰਨ ਸਰੋਤ ਹੈ ਅਤੇ ਅਸੀਂ ਗੁਆਨਾ ਵਿੱਚ ਦਵਾਈਆਂ ਦੀ ਬਰਾਮਦ ਨੂੰ ਵਧਾਉਣ ਲਈ ਕੰਮ ਕਰਾਂਗੇ। ਮੋਦੀ ਨੇ ਇਹ ਵੀ ਕਿਹਾ ਕਿ ਰੱਖਿਆ ਦੇ ਖੇਤਰ 'ਚ ਦੋਵਾਂ ਦੇਸ਼ਾਂ ਵਿਚਾਲੇ ਕਰੀਬੀ ਸਹਿਯੋਗ 'ਡੂੰਘੇ ਆਪਸੀ ਵਿਸ਼ਵਾਸ' ਦਾ ਪ੍ਰਤੀਕ ਹੈ। ਦੋਹਾਂ ਨੇਤਾਵਾਂ ਨੇ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਵੀ ਚਰਚਾ ਕੀਤੀ। ਮੋਦੀ ਨੇ ਕਿਹਾ ਕਿ ਭਾਰਤ ਅਤੇ ਗੁਆਨਾ ਇਸ ਗੱਲ 'ਤੇ ਸਹਿਮਤ ਹਨ ਕਿ ਸਾਰੀਆਂ ਸਮੱਸਿਆਵਾਂ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਰਾਸ਼ਟਰਪਤੀ ਅਲੀ ਨੇ ਕਿਹਾ ਕਿ ਮੋਦੀ ਦੀ ਗੁਆਨਾ ਯਾਤਰਾ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਲਈ ਮੀਲ ਦਾ ਪੱਥਰ ਹੈ।