ਦਿਲ ਲੱਗਣ ਦੀ ਇਕ ਉਮਰ ਹੁੰਦੀ ਐ, ਕਹਿੰਦੇ ਐ ਕਿ ਇਹ ਉਮਰ ਸਭ ’ਤੇ ਆਉਂਦੀ ਹੈ। ਇਹ ਗੱਲ ਹੋਰ ਐ ਕਿ ਸਭ ਨੂੰ ਦਿਲ ਲਾਉਣ ਦਾ ਮੌਕਾ ਨਹੀਂ ਮਿਲਦਾ। ਸਮਾਜ ਕਿਹੜਾ ਸਾਵਾਂ-ਪੱਧਰਾ ਹੈ। ਇਹ ਉਮਰ ਮੇਰੇ ’ਤੇ ਵੀ ਆਈ, ਪਰ ਜਿਵੇਂ ਸਭ ਨੌਜਵਾਨਾਂ ਨੂੰ ਬੋਟਨੀ ਵਿਸ਼ੇ ਵਿਚ ਇਹ ਪੜ੍ਹਾਇਆ ਕਿ ਪੌਦੇ ਤਿੰਨ ਤਰ੍ਹਾਂ ਦੇ ਹੁੰਦੇ ਹਨ। ਜੰਗਲੀ, ਖੁਦ ਉਗਾਉਣ ਵਾਲੇ ਅਤੇ ਸਜਾਵਟੀ। ਬੀ ਐੱਸ ਸੀ ਕਰਦਿਆਂ ਜਦ ਕਾਲਜ ਅਬੋਹਰ ਵਿੱਚ ਪੜ੍ਹਦਿਆਂ ਕਲਾਸ ਵਿਚ ਤਿੰਨ ਕੁੜੀਆਂ ਸਨ। ਮੁੰਡਿਆਂ ਨੇ ਵਰਗ ਵੰਡ ਮੁਤਾਬਕ ਉਸ ਪੜ੍ਹਾਈ ਤੋਂ ਬਾਅਦ ਆਪਣੀਆਂ ਜਮਾਤਨਾਂ ਨੂੰ ਤਿੰਨ ਵਰਗਾਂ ਵਿਚ ਵੰਡ ਲਿਆ। ਕੁੜੀਆਂ ਬਾਰੇ ਏਨੀ ਸੋਝੀ ਤਾਂ ਹੈਗੀ ਸੀ, ਪਰ ਦਿਲ ਲੱਗਣ ਵਾਲੀ ਕੋਈ ਗੱਲ ਨਹੀਂ ਸੀ।
ਫਿਰ ਸਫ਼ਰ ਹੋਇਆ ਸ਼ੁਰੂ ਮੈਡੀਕਲ ਦੀ ਪੜ੍ਹਾਈ ਤੇ ਮੈਡੀਸ਼ਨ ਦੀ ਫਿਕਰ, ਉਸ ਨੂੰ ਕਾਮਯਾਬੀ ਨਾਲ ਪਾਸ ਕਰਨ ਦਾ। ਜਦੋਂ ਐੱਮ ਬੀ ਬੀ ਐੱਸ ਕਰਕੇ ਬਫ਼ਿਕਰ ਹੋ ਕੇ ਨੌਕਰੀ ਕੀਤੀ ਤਾਂ ਉਮਰ 26 ਸਾਲ ਸੀ, ਹੁਣ ਤੁਸੀਂ ਕੀ ਕਹਿੰਦੇ ਹੋ ਕਿ ਦਿਲ ਲਾਉਣ ਦੀ ਉਮਰ ਟੱਪ ਗਈ ਸੀ, ਜੋ ਕਿ ਜਵਾਨੀ ਵਿਚ ਹੁੰਦੀ ਐ, ਪਰ ਲੇਖਕ ਅਤੇ ਕਵੀ ਹੋਣ ਦੇ ਨਾਤੇ ਮੈਨੂੰ ਦਿਲ ਲੱਗਣ ਦੀ ਉਮਰ ਬਾਰੇ ਕੋਈ ਸਪੱਸ਼ਟਤਾ ਨਾਲ ਗੱਲ ਸਮਝ ਨਹੀਂ ਆਈ। ਮੇਰੇ ਹਿਸਾਬ ਮੁਤਾਬਕ ਦਿਲ ਲੱਗਣ ਦੀ ਕੋਈ ਉਮਰ ਨਹੀਂ ਹੁੰਦੀ।
ਹੁਣ ਜਦੋਂ ਕੋਈ ਉਮਰ ਨਹੀਂ ਹੁੰਦੀ ਤਾਂ ਇਹ ਲੱਗ ਹੀ ਗਿਆ। ਤੇ ਉਦੋਂ ਤੱਕ ਮੈਨੂੰ ਬੁੱਲ੍ਹੇ ਸ਼ਾਹ ਦੀ ਸ਼ਾਇਰੀ ਦੀਆਂ ਇਹ ਲਾਈਨਾਂ ਵੀ ਯਾਦ ਹੋਣ ਲੱਗੀਆਂ, ‘ਦਿਲ ਲੱਗ ਗਿਆ, ਬੇਪਰਵਾਹ ਦੇ ਨਾਲ।’ ਪਤਾ ਨਹੀਂ ਉਹ ਬੇਪਰਵਾਹ ਸੀ ਜਾਂ ਮੈਂ ਜਾਂ ਦੋਨੋਂ, ਪਰ ਉਸ ਬਾਰੇ ਮੈਂ ਪੱਕੇ ਯਕੀਨ ਨਾਲ ਕਹਿ ਸਕਦਾ, ਜਿਸ ਨੇ ਮੇਰੇ ਨਾਲ ਦਿਲ ਲਾਉਣ ਦਾ ਫੈਸਲਾ ਕੀਤਾ, ਉਸ ਸ਼ਖਸ ਨਾਲ ਜਿਸ ਨੂੰ ਸ਼ੂਗਰ ਵਰਗੀ ਬਿਮਾਰੀ ਸੀ। ਅੱਜ ਭਾਵੇਂ 40 ਸਾਲ ਬਾਅਦ ਇਸ ਬਿਮਾਰੀ ਬਾਰੇ ਗੱਲ ਹੁੰਦੀ ਹੈ ਤਾਂ ਲੱਗਦਾ ਹੈ ਜਿਵੇਂ ਇਹ ਬਿਮਾਰੀ ਹਰ ਦੂਜੇ ਆਦਮੀ ਨੂੰ ਸੁਗਰ ਰੋਗ ਹੈ, ਪਰ ਤੁਸੀਂ ਸੋਚ ਕੇ ਦੇਖੋ, 1976 ਵਿਚ ਮੈਨੂੰ ਇਸ ਰੋਗ ਦੀ ਪਛਾਣ ਹੋਈ ਤੇ ਦਿਲ ਲੱਗਣ ਦੀ ਗੱਲ ਵਿਧੀਵਤ ਤਰੀਕੇ ਨਾਲ ਸਿਰੇ ਚੜ੍ਹੀ 1983 ਵਿਚ। ਭਾਵੇਂ ਜੋ ਮਰਜ਼ੀ ਕਹੀਏ ਇਹ ਬਿਮਾਰੀ ਬਹੁਤ ਜ਼ਿਆਦਾ ਆਮ ਹੈ। ਅੱਜ ਵੀ ਕੋਈ ਆਪਣੇ ਬੱਚੇ ਨੂੰ ਸ਼ੂਗਰ ਦੀ ਬਿਮਾਰੀ ਪਤਾ ਹੋਣ ’ਤੇ ਰਿਸ਼ਤੇ ਵਿਚ ਨਹੀਂ ਬੰਨ੍ਹਦਾ, ਕਿਉਂਕਿ ਭਾਵੇਂ ਇਸ ਬਿਮਾਰੀ ਦੀਆਂ ਪੇਚੀਦਗੀਆਂ ਬਾਰੇ ਸਭ ਨੂੰ ਪਤਾ ਹੈ।
ਇਹ ਸਭ ਕੁਝ ਪਤਾ ਹੋਣ ਤੇ ਬਾਵਜੂਦ ਕੋਈ ਬੇਪਰਵਾਹ ਹੀ ਕਿਸੇ ਨਾਲ ਦਿਲ ਲਾ ਸਕਦਾ ਹੈ। ਬੰਦਾ ਸਾਹਿਤਕ ਮੱਸ ਰੱਖਦਾ ਹੈ ਤੇ ਕਦੇ ਵੀ ਰਾਤ ਨੂੰ ਕਹਿ ਸਕਦਾ ਹੈ, ‘ਕੱਲ ਸਵੇਰੇ ਸਾਹਿਤਕ ਸਮਾਗਮ ਵਿਚ ਜਾਣਾ ਹੈ ਤਿਆਰ ਹੋ ਜਾਵੀ?
ਇਸ ਰਿਸ਼ਤੇ ਨੂੰ ਹੁਣ 40 ਸਾਲ ਹੋਣ ਨੂੰ ਚੱਲੇ ਹਨ, ਇਕ ਦਿਨ ਮੈਂ ਪੁੱਛਿਆ ਕਿ ‘ਕੀ ਇਨ੍ਹਾਂ 40 ਸਾਲਾਂ ਵਿਚ ਮੈਂ ਕਦੇ ਇਹੋ ਜਿਹੀ ਗੱਲ ਕੀਤੀ ਹੈ, ਜਿਸ ਨੇ ਤੇਰਾ ਦਿਲ ਦੁਖਾਇਆ ਹੋਵੇ?’ ਵੈਸੇ ਉਸ ਦਾ ਜਵਾਬ ਸਹਿਜੇ ਹੀ ਨਾਂਹ ਵਿੱਚ ਸੀ, ਭਾਵੇਂ ਕਿ ਮੈਨੂੰ ਪਤਾ ਹੈ ਇਸ ਮਰਦ ਪ੍ਰਧਾਨ ਸਮਾਜ ਵਿਚ ਰਹਿੰਦੇ ਕੋਈ ਵੀ ਮਰਦ ਅਜਿਹੀ ਟਿੱਪਣੀ ਕੀਤੇ ਬਗੈਰ ਰਹਿ ਨਹੀਂ ਸਕਦਾ, ਕਿਉਂਕਿ ਸਾਡੇ ਸਮਾਜ ਦੀ ਟ੍ਰੇਨਿੰਗ ਹੀ ਇਹੋ ਜਿਹੀ ਹੈ। ਮੈਡੀਕਲ ਵਿਚ ਇਕ ਰਿਪੋਰਟ ਪੜ੍ਹਣ ਨੂੰ ਮਿਲੀ, ਜਿਸ ਦਾ ਸਿਰਲੇਖ ਸੀ ਔਰਤ ਨੂੰ ਔਰਤ ਹੋਣ ਦੇ ਨਾਤੇ ਘਰੇਲੂ ਹਿੰਸਾ ਦਾ ਸਾਹਮਣਾ। ਕਹਿਣ ਦਾ ਭਾਵ ਉਸ ਦਾ ਸਿਰਫ ਇਹ ਕਸੂਰ ਹੈ ਕਿ ਉਹ ਔਰਤ ਹੈ ਜਾਂ ਕਹਿ ਲਵੋ ਔਰਤ ਹੋਣਾ ਹੀ ਉਸ ਦੀ ਗਲਤੀ ਹੈ। ਉਸ ਰਿਪੋਰਟ ਦੇ ਵਿਚ ਇਕ ਦਿਲ ਕੰਬਾਊ ਗੱਲ ਸੀ, ਜਦੋਂ ਔਰਤਾਂ ਦੀ ਕੁੱਟਮਾਰ ਦਾ ਸਰਵੇਖਣ ਹੋ ਰਿਹਾ ਸੀ ਤਾਂ ਇਕ ਮਰਦ ਨੇ ਆਪਣੀ ਪਤਨੀ ਨੂੰ ਬਿਮਾਰ ਹੋਣ ਦੇ ਬਾਵਜੂਦ ਸੇਕਸ ਲਈ ਮਨ੍ਹਾਂ ਕਰਨ ’ਤੇ ਕੁੱਟਿਆ ਤੇ ਕਿਹਾ ਕਿ ਜੇ ਤੂੰ ਇਹ ਨਹੀਂ ਕਰਨਾ ਤਾਂ ਕੀ ਮੈਂ ਤੈਨੂੰ ਆਚਾਰ ਪਾਉਣ ਵਾਸਤੇ ਲਿਆਂਦਾ।
ਇਸ ਤਰ੍ਹਾਂ ਦੇ ਮਰਦ-ਪ੍ਰਧਾਨ ਸਮਾਜ ਵਿਚ ਜਿੱਥੇ ਮੈਂ ਆਪਣੇ ਦੋ ਵੱਡੇ ਭਰਾਵਾਂ ਅਤੇ ਪਿਤਾ ਜੀ ਨੂੰ ਵੀ ਘਰ ਦੀਆਂ ਔਰਤਾਂ ਨਾਲ ਬਦਸਲੂਕੀ ਕਰਦੇ ਸੁਣਿਆ-ਦੇਖਿਆ ਹੋਵੇ, ਉਥੇ ਮੈਨੂੰ ਤਸੱਲੀ ਹੋਈ ਤੇ ਖੁਸ਼ੀ ਵੀ ਕਿ ਮੈਂ ਇਨ੍ਹਾਂ ਚਾਰ ਦਹਾਕਿਆਂ ਵਿਚ ਇਸ ਤਰ੍ਹਾਂ ਦੀ ਬੇ-ਅਦਬੀ ਵਾਲੀ ਕਾਰਵਾਈ ਤੋਂ ਬਚਿਆ ਰਿਹਾ ਹਾਂ।
ਇਸ ਗੱਲ ਦਾ ਸਿਹਰਾ, ਇਸ ਸੰਵੇਦਨਸ਼ੀਲਤਾ ਬਾਰੇ, ਮੈਂ ਇਹ ਸਿਹਰਾ ਅੰਮ੍ਰਿਤਾ ਪ੍ਰੀਤਮ ਨੂੰ ਦੇਣਾ ਚਾਹੁੰਦਾ ਹਾਂ, ਭਾਵੇਂ ਕਿ ਉਸ ਦੇ ਕਿਰਦਾਰ ਨੂੰ ਲੈਕੇ ਪੰਜਾਬੀ ਅਦਬ ਵਿਚ ਕਈ ਤਰ੍ਹਾਂ ਦੇ ਵੰਨ-ਸਵੰਨੇ ਕਿੱਸੇ ਮਸ਼ਹੂਰ ਹਨ। ਅੰਮ੍ਰਿਤਾ ਪ੍ਰੀਤਮ ਮੈਨੂੰ ਛੇਵੀਂ ਕਲਾਸ ਵਿਚ ਸਕੂਲ ਲਾਇਬ੍ਰੇਰੀ ਵਿਚ ਮਿਲੀ। ਮੇਰੇ ਹੱਥ ਉਸ ਦਾ ਨਾਵਲ ‘ਇਕ ਸੀ ਅਨੀਤਾ’ ਲੱਗਿਆ, ਜਿਸ ਵਿਚ ਅਨੀਤਾ ਦਾ ਕਿਰਦਾਰ ਅੰਮ੍ਰਿਤਾ ਪ੍ਰੀਤਮ ਦਾ ਕਿਰਦਾਰ ਸੀ। ਬਾਅਦ ਵਿਚ ਸਾਹਿਤ ਨਾਲ ਜੁੜ ਕੇ ਉਸ ਦੀ ਸਵੈ-ਜੀਵਨੀ ‘ਰਸੀਦੀ ਟਿਕਟ’ ਵੀ ਪੜ੍ਹਨ ਨੂੰ ਮਿਲੀ। ਉਸ ਉਮਰ ਵਿਚ ਮੈਂ ਉਸ ਦੀ ਲੱਖਣੀ ਤੋਂ ਇਨ੍ਹਾਂ ਪ੍ਰਭਾਵਤ ਹੋਇਆ ਲਾਇਬ੍ਰੇਰੀ ਵਿਚ ਸਾਰੇ ਨਾਵਲ, ਕਹਾਣੀਆਂ ਪੜ੍ਹੋ।
ਪੜ੍ਹਨ ਦੇ ਇਸ ਸ਼ੌਕ ਸਦਕਾ ਛੁੱਟੀਆਂ ਵਿਚ ਜਦੋਂ ਲਾਇਬ੍ਰੇਰੀ ਬੰਦ ਸੀ ਤਾਂ ਮੈਂ ਕਿਰਾਏ ’ਤੇ ਪੜ੍ਹਨ ਨੂੰ ਮਿਲਦੀਆਂ ਕਿਤਾਬਾਂ ਵਾਲੀ ਦੁਕਾਨ ’ਤੇ ਜਾ ਕੇ ਅੰਮ੍ਰਿਤਾ ਪ੍ਰੀਤਮ ਦਾ ਨਾਵਲ ਮੰਗਿਆ, ਉਹ ਹੈਰਾਨ ਹੋਇਆ, ਕਿਉਂ ਜੋ ਉਹ ਗੁਲਸ਼ਨ ਨੰਦਾ ਵਰਗੇ ਲੇਖਕਾਂ ਦੇ ਨਾਵਲ ਵੇਚਦਾ, ਉਸ ਦੇ ਮੂੰਹੋਂ ਨਿਕਲਿਆ ਉਸ ਸਰਦਾਰਨੀ ਨੂੰ ਕੌਣ ਪੜ੍ਹਦਾ ਹੈ? ਇਕ ਅਸੰਵੇਦਨਾ ਵਾਲਾ ਵਾਕ। ਤੇ ਨਾਲ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਕਿ ਉਹ ਪੰਜਾਬੀ ਲੇਖਕਾ ਹਨ। ਉਦੋਂ ਤੱਕ ਕਾਲਜ ਪੜ੍ਹਦਿਆਂ ਔਰਤਾਂ ਪ੍ਰਤੀ ਸੰਵੇਦਨਸ਼ੀਲਤਾ ਦੀ ਬੁਨਿਆਦ ਰੱਖੀ ਜਾ ਚੁੱਕੀ ਸੀ। ਫਿਰ ਤਾਂ ਅੰਮ੍ਰਿਤਾ ਪ੍ਰੀਤਮ ਦਾ ਮੈਗਜ਼ੀਨ ‘ਨਾਗਮਣੀ’ ਵੀ ਪੜ੍ਹਨ ਨੂੰ ਮਿਲ ਜਾਂਦਾ ਸੀ। ਮੈਂ ਇਕ ਕਵਿਤਾ ਉਸ ਮੈਗਜ਼ੀਨ ਨੂੰ ਭੇਜੀ, ਜੋ ਅੰਮ੍ਰਿਤਾ ਪ੍ਰੀਤਮ ਨੇ ਛਾਪੀ ਵੀ ਤੇ ਮੈਨੂੰ ਖਤ ਵੀ ਲਿਖਿਆ, ਉਸ ਕਵਿਤਾ ਦਾ ਸਿਰਲੇਖ ਸੀ ‘ਜ਼ਖਮੀ ਸੋਚ’ ਤੇ ਅੰਮ੍ਰਿਤਾ ਪ੍ਰੀਤਮ ਦਾ ਇਕ ਲਾਈਨ ਦਾ ਖ਼ਤ ਸੀ, ‘ਤੁਸੀਂ ਡਾਕਟਰ ਹੋ ਕੇ ਜ਼ਖਮ ਕਿਵੇਂ ਪਾਲ ਲਏ?’
‘ਡਾਕਟਰ ਹੋ ਕੇ ਤੁਸੀਂ ਜਖ਼ਮ ਕਿਵੇਂ ਪਾਲ ਲਏ’ ਇਹ ਇਕ ਸੰਵੇਦਨਸ਼ੀਲ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੇ ਸ਼ਬਦ ਸਨ। ਉਜ ਮੈਂ ਡਾਕਟਰ ਅਤੇ ਲੇਖਕ ਹੋਣ ਦੇ ਰਿਸ਼ਤੇ ਨੂੰ ਅਕਸਰ ਲੋਕਾਂ ਤੋਂ ਹੈਰਾਨੀ ਨਾਲ ਸੁਣਦਾ ਰਿਹਾ ਹਾਂ। ਜਦੋਂ ਕਿ ਸੰਵੇਦਨਸ਼ੀਲਤਾ ਹਰ ਇਕ ਮਨੁੱਖ ਦਾ ਗੁਣ ਹੈ। ਉਹੀ ਸੰਵੇਦਨਸ਼ੀਲ ਹੁੰਦਾ ਤੁਹਾਨੂੰ ਸਮਾਜ ਵਿਚ ਔਰਤਾਂ ਪ੍ਰਤੀ ਸੋਚਣ ਲਈ ਵੱਖਰੀ ਤਰ੍ਹਾਂ ਸੋਚਣ ਦਾ ਨਜ਼ਰੀਆ ਦਿੰਦਾ ਹੈ। ਆਪਣੇ ਸਮਾਜਿਕ ਰਿਸ਼ਤੇ ਨੂੰ ਲੈ ਕੇ ਪਿਛਲੇ 40 ਸਾਲ ਤੋਂ ਮੈਂ ਹੰਢਾਇਆ ਹੈ, ਜਿਸ ਬਾਰੇ ਭਾਵੇਂ ਸ਼ੁਰੂ ਵਿਚ ਇਹ ਸੁਣਨ ਨੂੰ ਮਿਲਿਆ ਕਿ ਇਕ ਡਾਕਟਰ ਅਤੇ ਕਲਰਕ ਦਾ ਮੇਰਾ ਅਤੇ ਉਸਦਾ ਆਪਸ ਵਿਚ ਕੀ ਸੰਬੰਧ, ਜਿਥੇ ਰਿਸ਼ਤੇ ਅਹੁਦਿਆਂ ਨਾਲ ਤੋਲੇ ਜਾਂਦੇ ਹਨ, ਪਰ ਮੈਂ ਆਪਣੇ ਰਿਸ਼ਤਿਆਂ ਦੀ ਪਰਿਭਾਸ਼ਾ ਵਿਚ ਕਦੇ ਵੀ ਕਿਸੇ ਧਰਮ, ਜਾਤ ਜਾਂ ਅਹੁਦੇ ਨੂੰ ਨਹੀਂ ਰੱਖਿਆ। ਇਹੀ ਸਮਝ ਹੀ ਰਿਸ਼ਤੇ ਨੂੰ ਬੇਪਰਵਾਹ ਬਣਾਉਂਦੀ ਹੈ।
ਜਦੋਂ ਡਾਕਟਰ ਅਤੇ ਸਾਹਿਤ ਦੇ ਰਿਸ਼ਤੇ ਨੂੰ ਲੈ ਕੇ ਸਵਾਲ ਉੱਠਦੇ ਹਨ ਤਾਂ ਪੰਜਾਬੀ ਸਾਹਿਤ ਪੜ੍ਹਦੇ ਹੋਏ, ਖਾਸ ਤੌਰ ’ਤੇ ਸੂਫੀ ਸਾਹਿਤ ਵਿਚੋਂ ਲੰਘਦੇ ਹੋਏ ‘ਇਸ਼ਕ ਹਕੀਕੀ ਅਤੇ ਇਸ਼ਕ ਮਜੀਜ਼ੀ’ ਦੇ ਫਰਕ ਦਾ ਵੀ ਪਤਾ ਲੱਗਿਆ। ਜਿੱਥੇ ਲੜਕੀਆਂ ਨੂੰ ਪੌਦਿਆਂ ਦੀ ਤਰ੍ਹਾਂ ਵੰਡ ਕੇ ਸਮਝਣ ਦੀ ਪ੍ਰਵਿਰਤੀ, ਰੂਹ ਨਾਲ ਸਮਝਣ ਵਿਚ ਤਬਦੀਲ ਹੋਈ, ਇਹ ਸਾਹਿਤ ਦੀ ਹੀ ਦੇਣ ਹੈ।
ਇਹ ਗੱਲਾਂ ਅੱਜ ਅਲੌਕਿਕ ਲੱਗ ਸਕਦੀਆਂ ਹਨ, ਪਰ ਇਨ੍ਹਾਂ ਦਾ ਅਹਿਸਾਸ ਮੈਂ ਮਹਿਸੂਸ ਕੀਤਾ ਹੈ, ਜਦੋਂ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਰਿਸ਼ਤਾ ਸਾਡਾ ਇਸ਼ਕ ਹਕੀਕੀ ਵਾਲਾ ਰਿਸ਼ਤਾ ਹੈ।
ਅੰਮ੍ਰਿਤਾ ਪ੍ਰੀਤਮ ਨੇ ਸਮਾਜ ਵਿਚ ਔਰਤਾਂ ਦੀ ਦਸ਼ਾ ਨੂੰ ਜਿਸ ਢੰਗ ਨਾਲ ਪੇਸ਼ ਕੀਤਾ ਹੈ, ਉਹ ਅਜੀਤ ਕੌਰ, ਮਨਜੀਤ ਇੰਦਰਾ, ਪਾਲ ਕੌਰ ਤੱਕ ਕਾਫ਼ੀ ਉਭਰਵੇਂ ਰੂਪ ਵਿਚ ਲੋਕਾਂ ਦੇ ਸਾਹਮਣੇ ਹੋਰ ਸਪੱਸ਼ਟ ਅਤੇ ਬੇਬਾਕ ਰੂਪ ਵਿਚ ਪੇਸ਼ ਹੋਈਆਂ ਹਨ, ਜਿਵੇਂ ਕਿ ਮੈਂ ਔਰਤ ਦੇ ਔਰਤ ਹੋਣ ਦੇ ਨਾਤੇ ਹੋ ਰਹੀ ਹਿੰਸਾ ਨੂੰ ਵਿਸ਼ਵ ਪੱਧਰੀ ਧਰਾਤਲ ’ਤੇ ਪੇਸ਼ ਹੋਇਆ ਰਿਪੋਰਟ ਜ਼ਰੀਏ ਸਮਝ ਸਕਿਆ। ਉਹੀ ਸਾਹਿਤਕ ਸ਼ਬਦਾਂ ਵਿਚ ਪੜ੍ਹਨ ਨੂੰ ਮਿਲਿਆ, ਜਜ਼ਬਾਤਾਂ ਨੇ ਵੱਧ ਝੰਜੋੜਿਆ।
ਔਰਤ ਦੀ ਹਾਲਤ ਨੂੰ ਲੈ ਕੇ ਹੁੰਦੀ ਬਹਿਸ ਵਿਚ ਮਰਦ ਜਦੋਂ ਹਿੱਸਾ ਲੈਂਦਾ ਹੈ ਤਾਂ ਉਨ੍ਹਾਂ ਦੀ ਸਮਝ ਆਉਂਦੀ ਹੈ, ਕਿਉਂ ਜੋ ਉਨ੍ਹਾਂ ਦੀ ਪਰਵਰਿਸ਼ ਹੀ ਅਜਿਹੀ ਹੈ, ਪਰ ਔਰਤਾਂ ਵੀ ਇਸ ਬਹਿਸ ਨੂੰ ਲੈ ਕੇ ਸਹੀ ਅਰਥਾਂ ਵਿਚ ਇਸ ਸਾਜਿਸ਼ ਦਾ ਹਿੱਸਾ ਬਣ ਰਹੀਆਂ ਹਨ ਅਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਦੀ ਥਾਂ ਮਰਦ ਨਾਲ ਮੁਕਾਬਲੇ ਵਿਚ ਆ ਕੇ ਕਿ ਉਨ੍ਹਾਂ ਦੀ ਦੌੜ ਵਿਚ ਪੈਂਦੀਆਂ ਵੱਧ ਨਜ਼ਰ ਆਉਂਦੀਆਂ ਹਨ ਤੇ ਸਰਮਾਏਦਾਰੀ ਦੇ ਬਾਜ਼ਾਰ ਵਿਚ ਉਸ ਦੀ ਚਮਕ-ਦਮਕ ਦਾ ਵਧਚੜ੍ਹ ਕੇ ਹਿੱਸਾ ਬਣਦੀਆਂ ਨਜ਼ਰ ਆਉਂਦੀਆਂ ਹਨ।
ਇਨ੍ਹਾਂ 40 ਸਾਲਾਂ ਦੌਰਾਨ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੀ ਗੱਲਬਾਤ ਰਾਹੀਂ ਊਸ਼ਾ ਨੂੰ ਵੀ ਆਪਣੀ ਸਮਝ ਦਾ ਹਿੱਸਾ ਬਣਾਇਆ ਹੈ ਤੇ ਇਸ ਦੌੜ ਵਿਚ ਪੈਣ ਤੋਂ ਉਸ ਨੇ ਗੁਰੇਜ਼ ਕੀਤਾ ਹੈ, ਮੈਂ ਅਤੇ ਊਸ਼ਾ ਮੌਢੇ ਨਾਲ ਮੋਢਾ ਜੋੜ ਕੇ ਸਾਰੇ ਕੰਮ ਕੀਤੇ ਹਾਂ ਤੇ ਅੱਜ ਉਹ ਹਰ ਸਾਹਿਤਕ ਪ੍ਰੋਗਰਾਮ ਦਾ ਅਹਿਮ ਹਿੱਸਾ ਹੈ ਤੇ ਆਪ ਵੀ ਜਦੋਂ ਮੌਕਾ ਮਿਲਦਾ ਹੈ ਆਪਣੀ ਸਮਰਥਾ ਮੁਤਾਬਕ ਲਿਖ ਵੀ ਲੈਂਦੀ ਹੈ ਤੇ ਪੂਰੇ ਆਤਮ ਵਿਸ਼ਵਾਸ ਨਾਲ ਉਸ ਨੂੰ ਪੇਸ਼ ਵੀ ਕਰਦੀ ਹੈ।
ਆਪਣੀ ਉਸ ਗੱਲ ਨੂੰ ਫਿਰ ਦੁਹਰਾਉਂਦਾ ਹਾਂ ਕਿ ਮੈਂ ਇਕ ਬੇਪਰਵਾਹ ਨਾਲ ਦਿਲ ਲਗਾਇਆ ਹੈ ਜਾਂ ਮੈਂ ਆਪਣੇ ਸਾਰੇ ਕੰਮਾਂ ਵਿਚ ਬੇਪਰਵਾਹ ਹਾਂ, ਅਸੀਂ ਦੋਵੇਂ ਬੇਪਰਵਾਹ ਹਾਂ, ਪਰ ਜੋ ਵੀ ਹੋ ਬੇਪਰਵਾਹੀ ਦੀ ਆਪਣਾ ਆਨੰਦ ਹੈ। ਵੈਸੇ ਤਾਂ ਹਰ ਇਕ ਰਿਸ਼ਤੇ ਵਿਚ ਬੇਪਰਵਾਹ ਹੋਣਾ ਲਾਜ਼ਮੀ ਸ਼ਰਤ ਹੈ, ਪਰ ਇਹ ਕਿਸ ਤਰ੍ਹਾਂ ਹੋਇਆ ਜਾਂਦਾ ਹੈ, ਇਹੀ ਸਮਝਣਾ ਬੜਾ ਔਖਾ ਕੰਮ ਹੈ, ਪਰ ਇਕ ਗੱਲ ਹੈ ਕਿ ਦੋਹਾਂ ਵਿਚੋਂ ਇਕ ਸ਼ਖਸਵੀ ਬੇਪਰਵਾਹ ਹੋਣ ਵਾਲੇ ਪਾਸੇ ਤੁਰ ਪਏ ਤਾਂ ਦੂਸਰਾ ਆਪਣੇ ਆਪ ਹੀ ਉਸ ਰਾਹ ਤੁਰ ਪੈਂਦਾ ਹੈ।
ਗੁਲਾਮ ਫਰੀਦ ਦੇ ਬੋਲ ਹਨ :
‘ਇਸ਼ਕ ਤੇ ਆਤਿਸ਼ ਦੂਹੀ ਬਰਾਬਰ,
ਹੋਵਤ ਇਸ਼ਕ ਦਾ ਤਾਉ ਭੀਖੇਰਾ।
ਆਤਿਸ਼ ਸਾਡੇ ਕੱਖ ਤੇ ਕਾਨੇਰਾ,
ਅਤੇ ਇਸ਼ਕ ਸਾਡੇ ਦਿਲ-ਜੋਰਾ।
ਆਤਿਸ਼ ਨੂੰ ਤਾਂ ਪਾਣੀ ਬੁਝਾਵੇ,
ਤੇ ਦੱਸੋ ਇਸ਼ਕ ਦਾ ਦਾਰੂ ਕਿਹੜਾ।
ਆਖੇ ਗੁਲਾਮ ਫਰੀਦਾ ਉਥੇ ਕੁਝ ਨਹੀਂ ਬਚਦਾ,
ਓ, ਜਿਥੇ ਇਸ਼ਕ ਨੇ ਲਾ ਲਿਆ ਡੇਰਾ..........।’
ਜਦ ਕੁਝ ਬਚਣਾ ਹੀ ਨਹੀਂ ਤਾਂ ਬੇਪਰਵਾਹੀ ਹੀ ਇਲਾਜ਼ ਹੈ। ਮੈਂ ਪੜ੍ਹਦਾ ਸੀ ਤੇ ਹਿੰਦੀ-ਪੰਜਾਬੀ ਵਿਚ ਮੈਗਜ਼ੀਨ, ‘ਹੋਂਦ’ ਤੇ ‘ਅਸਤਿਤਵ’ ਕੱਢਦੇ। ਮੈਂ ਹਿੰਦੀ ਦਾ ਸੰਪਾਦਕੀ ਲਿਖਦਾ ਤੇ ਉਸ ਦਾ ਨਾਂਅ ਸੀ, ‘ਬਹੁਤ ਕਠਿਨ ਹੈ ਡਗਰ ਪਨਘਟ ਕੀ’ ਤੇ ਫਿਰ ‘ਮਿੱਠੀ’ ਤ੍ਰੈਮਾਸਿਕ ਸ਼ੁਰੂ ਕੀਤਾ ਤੇ ਸੰਪਾਦਕੀ ਦਾ ਨਾਂਅ ਜੇ ਅੱਜ ਤੱਕ ਚੱਲ ਰਿਹਾ ਹੈ, ‘ਰਾਝਣ ਢੁੰਡਣ ਮੈਂ ਚੱਲੀ’, ਜੋ ਬੁੱਲ੍ਹੇ ਸ਼ਾਹ ਦੀ ਕਾਫੀ ਦਾ ਹਿੱਸਾ, ‘ਰਾਂਝਾ ਢੂੰਡਣ ਮੈਂ ਚੱਲੀ ਤੇ ਰਾਝਣ ਮਿਲਿਆ ਨਾਹੀਂ, ਰਾਝਣ ਦੀ ਥਾਂ ਰੱਬ ਮਿਲਿਆ ਤੇ ਉਹ ਰਾਂਝਣ ਵਰਗਾ ਨਾਹੀਂ।’
ਰੱਬ ਚਾਹੀਦਾ ਵੀ ਨਹੀਂ, ਜੇ ਬੇਪਰਵਾਹ ਰਾਂਝੇ ਨਾਲ ਦਿਲ ਲੱਗਿਆ ਹੋਵੇ।