ਬੇਚੈਨ ਰੂਹ ਅਸਾਡੀ ਭਟਕਣ ਤੋਂ ਮੁਕਤ ਹੋਈ
ਸਾਜ਼ਾਂ ਨੂੰ ਛੂਹ ਲਿਆ ਜਦ, ਰਾਗਾਂ ਨੂੰ ਗਾ ਲਿਆ ਜਦ।
ਮੰਜ਼ਿਲ ਵੈਰਾਗ ਵਾਲ਼ੀ, ਸਾਨੂੰ ਨਸੀਬ ਹੋਈ,
ਇੱਕ ਗੀਤ ਇਸ਼ਕ ਭਿੱਜਾ ਹੋਠੀਂ ਸਜਾ ਲਿਆ ਜਦ।
ਰਾਗਾਂ ਨੂੰ ਸੁਨਣ ਆਏ, ਕੁਦਰਤ ਦੇ ਸਭ ਬਾਸ਼ਿੰਦੇ।
ਅਸਮਾਨ ਦੇ ਪਰਿੰਦੇ, ਇਹ ਪੌਣ ਦੇ ਸਾਜ਼ਿੰਦੇ।
ਖੰਭਾਂ ਚੋਂ ਰਾਗ ਸਿਰਜਣ, ਸੁਣ ਰਾਗ ਦੀ ਤੂੰ ਤੜਪਣ,
ਤੜਪਣ ਨੂੰ ਪੀਠ ਕੇ ਤੇ ਸਰਗਮ ਬਣਾ ਲਿਆ ਜਦ।
ਨਿਕਲੇ ਘਰਾਂ ਚੋਂ ਜਿਹੜੇ, ਸੂਰਜ ਦਾ ਖ਼ਾਬ ਲੈ ਕੇ,
ਸ਼ਾਮੀ ਘਰਾਂ ਨੂੰ ਪਰਤੇ, ਪਰਤੇ ਉਹ ਖ਼ਾਕ ਹੋ ਕੇ,
ਇਹ ਬੇਬਸੀ ਦਾ ਲਾਂਘਾ, ਪਲ ਭਰ ਚ ਪਾਰ ਹੋਇਆ,
ਜਜ਼ਬੇ ਦੀ ਜ਼ੀਲ ਸੁਰ 'ਤੇ ਪੋਟਾ ਛੁਹਾ ਲਿਆ ਜਦ।
ਰਿਸ਼ਮਾਂ ਦਾ ਭਰ ਕੇ ਤੋਪਾ, ਧੁੱਪ ਦਾ ਲਿਬਾਸ ਸੀਤਾ।
ਫੁੱਲਾਂ ਤੇ ਤਿਤਲੀਆਂ ਸੰਗ, ਰੋਸ਼ਨ ਜਹਾਨ ਕੀਤਾ।
ਏਸੇ ਲਿਬਾਸ ਵਿੱਚੋਂ ਮਹਿਕਾਂ ਨੇ ਜਨਮ ਲੀਤਾ।
ਕੁਦਰਤ ਨੂੰ ਰਾਗ ਅੰਦਰ, ਉਸਨੇ ਬਿਠਾ ਲਿਆ ਜਦ।
ਇੱਕ ਸੁਰਜ਼ਮੀਨ ਟੋਟਾ, ਰੱਖੀਂ ਬਚਾ ਕੇ ਏਥੇ।
ਫੁੱਲ ਰਾਗ ਦੇ ਉਗਾਵੀਂ 'ਬੂਟੇ' ਲਗਾ ਕੇ ਏਥੇ।
ਵਰਜਿਤ ਸੁਰਾਂ ਵੀ ਆਵਣ, ਜਿੱਥੇ ਸੁਰਾਂ ਸਥਾਪਿਤ,
ਰੱਖੀਂ ਖ਼ਿਆਲ ਇਹ ਵੀ ਗਜ ਨੂੰ ਉਠਾ ਲਿਆ ਜਦ।