ਸਿਆਣੇ ਕਹਿੰਦੇ ਹਨ ਕਿ ਮਨੁੱਖ ਆਪਣੀ ਕਿਸਮਤ ਦਾ ਘੜਨਹਾਰਾ ਹੈ। ਉਹ ਆਪਣੇ ਕਰਮਾਂ ਦੁਆਰਾ ਆਪਣੀ ਕਿਸਮਤ ਨੂੰ ਬਦਲ ਸਕਦਾ ਹੈ। ਆਪਣੀ ਮਿਹਨਤ ਅਤੇ ਹੌਸਲੇ ਦੁਆਰਾ ਉਹ ਆਪਣੀ ਬਦਕਿਸਮਤੀ ਨੂੰ ਖ਼ੁਸ਼ਕਿਸਮਤੀ ਵਿਚ ਵੀ ਬਦਲ ਸਕਦਾ ਹੈ। ਮਨੁੱਖ ਦੀ ਜ਼ਿੰਦਗੀ ਇਕ ਕਿਤਾਬ ਦੀ ਤਰ੍ਹਾਂ ਹੈ ਜਿਸ ਦਾ ਪਹਿਲਾ ਅਤੇ ਆਖਰੀ ਪੰਨਾ (ਜਨਮ ਅਤੇ ਮੌਤ ਦਾ) ਪ੍ਰਮਾਤਮਾ ਨੇ ਖ਼ੁਦ ਲਿਖ ਕੇ ਭੇਜਿਆ ਹੈ। ਜ਼ਿੰਦਗੀ ਦੀ ਕਿਤਾਬ ਦੇ ਬਾਕੀ ਪੰਨੇ ਪ੍ਰਮਾਤਮਾ ਕੌਰੇ ਛੱਡ ਦਿੰਦਾ ਹੈ ਜੋ ਮਨੁੱਖ ਨੇ ਆਪਣੇ ਕਰਮਾਂ ਨਾਲ ਖ਼ੁਦ ਲਿਖਣੇ ਹੁੰਦੇ ਹਨ।
ਸਾਡੇ ਪੰਡਤਾਂ ਨੇ ਜਾਤ ਪਾਤ ਦੀਆਂ ਵੰਡੀਆਂ ਪਾ ਕੇ ਮਨੁੱਖਾਂ ਨੂੰ ਆਪਸ ਵਿਚ ਵੰਡਿਆ ਹੈ। ਮਨੁੱਖ ਨੂੰ ਆਪਣੇ ਦਬਾਅ ਵਿਚ ਰੱਖਣ ਲਈ ਸਵਰਗ ਦੇ ਲਾਲਚ ਅਤੇ ਨਰਕਾਂ ਦੇ ਡਰਾਵੇ ਦਿੱਤੇ ਹਨ। ਮਨੁੱਖ ਨੂੰ ਇਨ੍ਹਾਂ ਪੰਡਤਾਂ ਤੋਂ ਡਰਨ ਦੀ ਲੋੜ ਨਹੀਂ। ਉਸ ਨੂੰ ਕੇਵਲ ਆਪਣੇ ਮਾੜੇ ਕਰਮਾਂ ਤੋਂ ਡਰਨਾ ਚਾਹੀਦਾ ਹੈ। ਮਨੁੱਖ ਦੇ ਮਾੜੇ ਕਰਮ ਹੀ ਉਸ ਦਾ ਪਿੱਛਾ ਨਹੀਂ ਛੱਡਦੇ। ਇਸੇ ਲਈ ਕਿਸੇ ਨੇ ਠੀਕ ਹੀ ਕਿਹਾ ਹੈ:
ਕਰਮਾਂ ਤੇ ਹੋਣਗੇ ਨਿਬੇੜੇ,
ਕਿਸੇ ਨਾ ਤੇਰੀ ਜਾਤ ਪੁੱਛਣੀ॥
ਜੇ ਆਪਣਾ ਸਿੱਕਾ ਹੀ ਖੋਟਾ ਹੋਵੇ ਤਾਂ ਹੱਟੀ ਵਾਲੇ ਨੂੰ ਦੋਸ਼ ਨਹੀਂ ਦਈਦਾ। ਕਈ ਲੋਕ ਕੇਵਲ ਕਿਸਮਤ ’ਤੇ ਹੀ ਭਰੋਸਾ ਰੱਖਦੇ ਹਨ ਅਤੇ ਹੱਥ ’ਤੇ ਹੱਥ ਰੱਖ ਕੇ ਬੈਠੇ ਰਹਿੰਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੁੰਦਾ ਹੈ ਕਿ ਜੋ ਕਿਸਮਤ ਵਿਚ ਲਿਖਿਆ ਹੈ ਉਹ ਉਨ੍ਹਾਂ ਨੂੰ ਮਿਲਣਾ ਹੀ ਹੈ। ਫਿਰ ਜ਼ਿਆਦਾ ਤਰਦਦ ਕਰਨ ਦੀ ਕੀ ਲੋੜ ਹੈ? ਅਜਿਹੇ ਲੋਕ ਆਲਸੀ ਹੁੰਦੇ ਹਨ। ਉਹ ਉੱਦਮ ਨਹੀਂ ਕਰਦੇ। ਇਸ ਲਈ ਉਹ ਜ਼ਿੰਦਗੀ ਵਿਚ ਸਫ਼ਲ ਨਹੀਂ ਹੁੰਦੇ। ਕਾਮਯਾਬੀ ਉਨ੍ਹਾਂ ਦੀਆਂ ਦਹਿਲੀਜ਼ਾਂ ਤੋਂ ਆ ਕੇ ਮੁੜ ਜਾਂਦੀ ਹੈ। ਫਿਰ ਉਹ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਨ। ਜੇ ਆਪਣਾ ਹੀ ਚਿਹਰਾ ਸਾਫ ਨਾ ਹੋਵੇ ਤਾਂ ਸ਼ੀਸ਼ੇ ਨੂੰ ਦੋਸ਼ ਨਹੀਂ ਦਈਦਾ। ਕਿਸਮਤ ਕੋਈ ਰੱਬ ਦਾ ਲਿਖਿਆ ਹੋਇਆ ਇਕਰਾਰਨਾਮਾ ਨਹੀਂ। ਆਪਣੀ ਕਿਸਮਤ ਨੂੰ ਤਾਂ ਹਰ ਰੋਜ਼ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਲਿਖਣਾ ਪੈਂਦਾ ਹੈ। ਕਿਸਮਤ ਦੀ ਮਿੱਠੀ ਨੀਂਦ ਵਿਚੋਂ ਮਨੁੱਖ ਜਿੰਨਾਂ ਜਲਦੀ ਜਾਗ੍ਹ ਜਾਏ ਓਨਾਂ ਹੀ ਚੰਗਾ ਹੁੰਦਾ ਹੈ। ਜਲਦੀ ਜਾਗਣਾ ਹਮੇਸ਼ਾਂ ਹੀ ਫਾਇਦੇਮੰਦ ਹੁੰਦਾ ਹੈ ਫਿਰ ਭਾਵੇਂ ਉਹ ਨੀਂਦ ਤੋਂ ਹੋਵੇ, ਅਹਿਮ ਤੋਂ ਹੋਵੇ ਜਾਂ ਵਹਿਮ ਤੋਂ ਹੋਵੇ।
ਜੇ ਕਦੀ ਜ਼ਿੰਦਗੀ ਵਿਚ ਔਖੇ ਸਮੇਂ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਵੀ ਦਿਲ ਨਹੀਂ ਛੱਡਣਾ ਚਾਹੀਦਾ। ਜ਼ਿੰਦਗੀ ਵਿਚ ਦੁੱਖ ਅਤੇ ਮੁਸੀਬਤਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਦਾ ਮੁਕਾਬਲਾ ਮਿਹਨਤ, ਹੌਸਲੇ ਅਤੇ ਸਬਰ ਨਾਲ ਕਰੋ। ਆਸ ਦਾ ਪੱਲਾ ਕਦੀ ਨਾ ਛੱਡੋ। ਜਿਵੇਂ ਚਾਨਣ ਦੀ ਇਕ ਕਿਰਨ ਗ਼ਹਿਰੇ ਤੋਂ ਗ਼ਹਿਰੇ ਹਨੇਰੇ ਨੂੰ ਚੀਰ ਦਿੰਦੀ ਹੈ ਉਵੇਂ ਹੀ ਦੁੱਖਾਂ ਦੇ ਹਨੇਰੇ ਨੂੰ ਚੀਰਨ ਲਈ ਆਸ ਦੀ ਇਕ ਕਿਰਨ ਹੀ ਕਾਫ਼ੀ ਹੁੰਦੀ ਹੈ। ਜੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਦਿਨ ਵੀ ਹਮੇਸ਼ਾਂ ਨਹੀਂ ਰਹਿਣ ਵਾਲੇ।
ਸਾਨੂੰ ਕਿਸੇ ਸਵਰਗ ਜਾਂ ਨਰਕ ਦੇ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ। ਸਵਰਗ ਨਰਕ ਇੱਥੇ ਇਸ ਧਰਤੀ ’ਤੇ ਇਸ ਜੀਵਨ ਵਿਚ ਹੀ ਹੈ। ਜੋ ਮਨੁੱਖ ਜ਼ਿੰਦਗੀ ਨੂੰ ਰੋ ਧੋ ਕੇ ਗਿਲੇ ਸ਼ਿਕਵਿਆਂ ਵਿਚ ਆਪਣੀ ਕਿਸਮਤ ਨੂੰ ਕੌਸ ਰਿਹਾ ਹੈ, ਸਮਝੋ ਉਹ ਇੱਥੇ ਜਿੰਦੇ ਜੀਅ ਹੀ ਨਰਕ ਭੋਗ ਰਿਹਾ ਹੈ। ਦੂਜੇ ਪਾਸੇ ਜਿਹੜਾ ਮਨੁੱਖ ਮਿਹਨਤ ਕਰ ਕੇ ਖ਼ੁਸ਼ੀ ਖ਼ੁਸ਼ੀ ਕਾਮਯਾਬੀ ਦੀ ਜ਼ਿੰਦਗੀ ਜੀਅ ਰਿਹਾ ਹੈ ਉਸ ਦਾ ਸਵਰਗ ਇਹ ਹੀ ਹੈ। ਮਨੁੱਖ ਵੀ ਬੜਾ ਅਜ਼ੀਬ ਹੈ। ਜਦ ਉਹ ਅਰਦਾਸ ਕਰਦਾ ਹੈ ਤਾਂ ਸਮਝਦਾ ਹੈ ਕਿ ਰੱਬ ਬਹੁਤ ਨੇੜੇ ਹੈ ਪਰ ਗੁਨਾਹ ਕਰਨ ਲੱਗੇ ਸੋਚਦਾ ਹੈ ਕਿ ਰੱਬ ਬਹੁਤ ਦੂਰ ਹੈ ਇਸ ਲਈ ਉਹ ਸਾਡੇ ਗੁਨਾਹਾਂ ਨੂੰ ਨਹੀਂ ਦੇਖ ਸਕਦਾ।
ਆਪਣੇ ਕਰਮਾਂ ਦਾ ਫ਼ਲ ਇਸੇ ਜੀਵਨ ਵਿਚ ਹੀ ਮਿਲਦਾ ਹੈ। ਜ਼ਰਾ ਪਾਸਕੂ ਨਹੀਂ ਚੱਲਦਾ। ਇਕ ਹੱਥ ਦੇ ਅਤੇ ਦੂਜੇ ਹੱਥ ਲੈ ਵਾਲਾ ਹਿਸਾਬ ਹੈ। ਸਾਡੇ ਕਰਮਾਂ ਦਾ ਪ੍ਰਤੀਰੂਪ ਹੀ ਪਲਟ ਕੇ ਸਾਡੇ ਕੋਲ ਵਾਪਸ ਆਉਂਦਾ ਹੈ। ਸਾਡੇ ਚੰਗੇ ਕੰਮਾਂ ਦਾ ਚੰਗਾ ਫ਼ਲ ਮਿਲਦਾ ਹੈ ਅਤੇ ਮਾੜੇ ਕੰਮਾਂ ਦਾ ਫ਼ਲ ਵੀ ਮਾੜਾ ਹੀ ਹੁੰਦਾ ਹੈ। ਇਹ ਵੀ ਯਾਦ ਰੱਖੋ ਕਿ ਜੇ ਤੁਸੀਂ 100 ਚੰਗੇ ਕੰਮ ਕੀਤੇ ਹਨ ਤਾਂ ਉਸ ਦਾ ਤੁਹਨੂੰ ਚੰਗਾ ਫ਼ਲ ਹੀ ਮਿਲਣਾ ਹੈ ਪਰ ਜੇ ਤੁਸੀਂ ਇਕ ਵੀ ਗ਼ਲਤ ਕੰਮ ਕੀਤਾ ਹੈ ਤਾਂ ਉਸ ਦਾ ਫ਼ਲ ਵੀ ਤੁਹਾਨੂੰ ਭੁਗਤਣਾ ਹੀ ਪਵੇਗਾ। ਤੁਹਾਡਾ ਗ਼ਲਤ ਕੰਮ ਤੁਹਾਡੇ ਚੰਗੇ ਕੰਮਾਂ ਵਿਚੋਂ ਮਨਫ਼ੀ ਨਹੀਂ ਹੋਵੇਗਾ। ਅਮਲਾਂ ਤੋਂ ਬਿਨਾਂ ਉੱਚੇ ਤੋਂ ਉੱਚੇ ਵਿਚਾਰ ਵੀ ਬੇਕਾਰ ਹਨ। ਅੱਜ ਕੱਲ ਅਸੀਂ ਸੋਸ਼ਲ ਮੀਡੀਆ ਤੇ ਇਕ ਦੂਜੇ ਨੂੰ ਬਹੁਤ ਉੱਚੇ ਉੱਚੇ ਵਿਚਾਰ ਭੇਜਦੇ ਹਾਂ ਪਰ ਦੁਨੀਆਂ ਫਿਰ ਵੀ ਨਹੀਂ ਸੁਧਰਦੀ। ਕਾਰਨ ਇਹ ਹੈ ਕਿ ਅਸੀਂ ਖ਼ੁਦ ਉਨ੍ਹਾਂ ਤੇ ਅਮਲ ਹੀ ਨਹੀਂ ਕਰਦੇ। ਇਸ ਲਈ ਇਨ੍ਹਾਂ ਵਿਚਾਰਾਂ ਦਾ ਕੋਈ ਲਾਭ ਨਹੀਂ ਹੁੰਦਾ।
ਜਦ ਬੰਦੇ ਕੋਲ ਜ਼ਿਆਦਾ ਧਨ ਅਤੇ ਸ਼ੋਹਰਤ ਆ ਜਾਂਦੀ ਹੈ ਤਾਂ ਉਸ ਨੂੰ ਘਮੰਡ ਹੋ ਜਾਂਦਾ ਹੈ। ਉਹ ਦੂਜੇ ਨੂੰ ਆਪਣੇ ਬਰਾਬਰ ਹੀ ਨਹੀਂ ਸਮਝਦਾ ਉਸ ਨੂੰ ਸਭ ਲੋਕ ਆਪਣੇ ਤੋਂ ਘਟੀਆ ਹੀ ਨਜ਼ਰ ਆਉਂਦੇ ਹਨ। ਫਿਰ ਉਸ ਨੂੰ ਵਹਿਮ ਹੋ ਜਾਂਦਾ ਹੈ ਕਿ ਹੁਣ ਮੈਨੂੰ ਕਿਸੇ ਦੀ ਲੋੜ ਨਹੀਂ ਜਾਂ ਹੁਣ ਸਭ ਨੂੰ ਮੇਰੀ ਹੀ ਲੋੜ ਹੈ। ਅਜਿਹੀ ਸੋਚ ਤੋਂ ਬਚਣਾ ਚਾਹੀਦਾ ਹੈ।
ਮਨੁੱਖ ਇਸ ਦੁਨੀਆਂ ਤੇ ਇਕੱਲ੍ਹਾ ਆਉਂਦਾ ਹੈ ਅਤੇ ਇਕੱਲ੍ਹਾ ਹੀ ਜਾਂਦਾ ਹੈ ਅਤੇ ਜਾਂਦਾ ਵੀ ਖਾਲੀ ਹੱਥ ਹੀ ਹੈ। ਉਹ ਇਸ ਦੁਨੀਆਂ ਤੋਂ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਜਾ ਸਕਦਾ। ਫਿਰ ਵੀ ਉਹ ਜ਼ਿੰਦਗੀ ਭਰ ਧਨ ਜੋੜਨ ਤੇ ਹੀ ਲੱਗਾ ਰਹਿੰਦਾ ਹੈ। ਧਨ ਜੋੜਨ ਲਈ ਉਹ ਗ਼ਲਤ ਰਸਤੇ ਅਪਣਾ ਕੇ ਪਾਪ ਵੀ ਕਰ ਬੈਠਦਾ ਹੈ। ਜਦ ਘਰ ਵਿਚ ਪੈਸਾ ਆਉਂਦਾ ਹੈ ਤਾਂ ਸਭ ਨੂੰ ਬਹੁਤ ਚੰਗਾ ਲੱਗਦਾ ਹੈ। ਕਮਾਈ ਹਮੇਸ਼ਾਂ ਹੱਕ ਹਲਾਲ ਦੀ ਹੀ ਫਲਦੀ ਹੈ ਅਤੇ ਸੁੱਖ ਦਿੰਦੀ ਹੈ। ਕਿਸੇ ਸਿਆਣੇ ਨੇ ਠੀਕ ਹੀ ਕਿਹਾ ਹੈ ਕਿ ਰਿਸ਼ਵਤ ਇਕੱਲ੍ਹੀ ਹੀ ਨਹੀਂ ਅਉਂਦੀ। ਰਿਸ਼ਵਤ ਦੇਣ ਵਾਲੇ ਦੇ ਦੁੱਖ, ਮਜ਼ਬੂਰੀ, ਮਾੜੇ ਬਚਨ, ਕ੍ਰੋਧ, ਹਾਵੇ-ਹੌਕੇ ਅਤੇ ਬਦ-ਅਸੀਸਾਂ ਵੀ ਉਸ ਪੈਸੇ ਨਾਲ ਲੱਗੇ ਹੁੰਦੇ ਹਨ ਜੋ ਰਿਸ਼ਵਤ ਲੈਣ ਵਾਲੇ ਦੇ ਪਰਿਵਾਰ ਲਈ ਮਿੱਠੇ ਜ਼ਹਿਰ ਦਾ ਕੰਮ ਕਰਦੇ ਹਨ। ਫਿਰ ਵੀ ਬੰਦਾ ਸੋਚਦਾ ਹੈ ਕਿ ਮੈਂ ਕਿੱਡਾ ਸਿਆਣਾ (ਚਲਾਕ) ਹਾਂ। ਇਸੇ ਬਾਰੇ ਬਾਬਾ ਫਰੀਦ ਜੀ ਲਿਖਦੇ ਹਨ:
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖ ਨ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰ ਨੀਂਵਾਂ ਕਰ ਦੇਖੁ॥
ਆਪਣੇ ਅੰਦਰ ਝਾਤੀ ਮਾਰ ਕੇ ਹੀ ਪਤਾ ਲੱਗਦਾ ਹੈ ਕਿ ਅਸੀਂ ਕਿੰਨੇ ਸਿਆਣੇ ਹਾਂ ਜਾਂ ਕਿੰਨੇ ਪਾਪੀ ਹਾਂ। ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਦਾ ਜੀਵਨ ਜੀਅ ਕੇ ਵੀ ਆਨੰਦਮਈ ਜ਼ਿੰਦਗੀ ਜੀਵੀ ਜਾ ਸਕਦੀ ਹੈ। ਦੁਨੀਆਂ ਦੀ ਹਰ ਚੀਜ਼ ਨਾਸ਼ਵਾਨ ਹੈ। ਮਨੁੱਖ ਵੀ ਨਾਸ਼ਵਾਨ ਹੈ। ਕੋਈ ਭਰੋਸਾ ਨਹੀਂ ਕਿ ਇਹ ਸਾਹ ਆਇਆ ਅਤੇ ਅਗਲਾ ਸਾਹ ਆਵੇ ਜਾਂ ਨਾ ਆਵੇ। ਧਨ, ਦੌਲਤ, ਕੋਠੀਆਂ ਕਾਰਾਂ ਅਤੇ ਰਿਸ਼ਤੇ ਨਾਤੇ ਸਭ ਝੂਠੇ ਸਹਾਰੇ ਹਨ। ਇਨ੍ਹਾਂ ਖਾਤਰ ਬੰਦਾ ਬੌਦਲਿਆਂ ਵਾਂਗ ਦਿਨ ਰਾਤ ਆਪਣਾ ਸਾਰਾ ਸੁੱਖ ਤਿਆਗ ਕੇ ਲੱਗਾ ਰਹਿੰਦਾ ਹੈ ਅਤੇ ਲੋਕਾਂ ਦੇ ਹੱਕ ਮਾਰ ਕੇ ਗ਼ਰੀਬਮਾਰ ਕਰਦਾ ਹੈ। ਇਹ ਸਹਾਰੇ ਨਾਲ ਨਹੀਂ ਨਿਭਣੇ। ਨਾਲ ਤੁਹਾਡੇ ਚੰਗੇ ਕਰਮ ਹੀ ਨਿਭਣੇ ਹਨ। ਜਦ ਬੰਦਾ ਦੂਸਰਿਆਂ ਦੇ ਸਹਾਰੇ ਰਹਿੰਦਾ ਹੈ ਤਾਂ ਉਹ ਉਸ ਦੀ ਕਮਜ਼ੋਰੀ ਬਣਦੇ ਹਨ ਪਰ ਜਦ ਬੰਦਾ ਆਪਣੇ ਆਤਮ ਬਲ ਦੇ ਸਹਾਰੇ ਰਹਿੰਦਾ ਹੈ ਤਾਂ ਇਹ ਉਸ ਦੀ ਸ਼ਕਤੀ ਬਣਦਾ ਹੈ।
ਤੁਸੀਂ ਜੋ ਬੀਜੋਗੇ ਉਹ ਹੀ ਵੱਢੋਗੇ। ਜੇ ਤੁਸੀਂ ਕਿਸੇ ਨਾਲ ਬੁਰਾ ਕਰੋਗੇ ਤਾਂ ਤੁਹਾਡੇ ਨਾਲ ਵੀ ਬੁਰਾ ਹੀ ਹੋਵੇਗਾ। ਜੇ ਤੁਸੀਂ ਕਿਸੇ ਦੀ ਮਦਦ ਕਰੋਗੇ ਜਾਂ ਕਿਸੇ ਦਾ ਭਲਾ ਕਰੋਗੇ ਤਾਂ ਤੁਹਾਡੇ ਔਖੇ ਸਮੇਂ ਵੀ ਕੁਝ ਹੱਥ ਤੁਹਾਡੀ ਮਦਦ ਨੂੰ ਜ਼ਰੂਰ ਆਉਣਗੇ। ਜੇ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਕਾਮਯਾਬੀ ਮਿਲੇਗੀ। ਤੁਹਾਡੀ ਕਮਾਈ ਵਿਚ ਬਰਕਤ ਪਵੇਗੀ ਅਤੇ ਘਰ ਵਿਚ ਖ਼ੁਸ਼ਹਾਲੀ ਆਵੇਗੀ। ਤੁਹਾਡਾ ਹਰ ਕੰਮ ਰਾਸ ਆਵੇਗਾ ਅਤੇ ਪਰਿਵਾਰ ਵਿਚ ਸੁੱਖ ਸ਼ਾਤੀ ਦਾ ਵਾਸਾ ਹੋਵੇਗਾ। ਤੁਸੀਂ ਮਾੜੇ ਕੰਮਾਂ ਨੂੰ ਤਿਆਗ ਕੇ ਪੁਰਸ਼ਾਰਥ ਦੇ ਕੰਮ ਸ਼ੁਰੂ ਕਰੋ। ਤੁਹਾਡੇ ਇਹ ਚੰਗੇ ਕੰਮ ਤੁਹਾਡੇ ਬੈਂਕ ਵਿਚ ਜਮਾਂ-ਪੂੰਜੀ ਦੀ ਤਰ੍ਹਾਂ ਹਨ ਜੋ ਜ਼ਰੂਰਤ ਸਮੇਂ ਤੁਹਾਡੇ ਸਹਾਈ ਹੋਣਗੇ। ਮਨੁੱਖ ਦਾ ਚੰਗੇ ਕੰਮਾਂ ਨੂੰ ਉਸ ਦੇ ਪਿੱਛੋਂ ਵੀ ਯਾਦ ਕੀਤਾ ਜਾਂਦਾ ਹੈ। ਤੁਸੀਂ ਉੱਠੇ ਅਤੇ ਆਪਣੇ ਆਉਣ ਵਾਲੇ ਕੱਲ ਦਾ ਅੱਜ ਹੀ ਆਪਣੀ ਮਿਹਨਤ ਅਤੇ ਚੰਗੇ ਕੰਮਾਂ ਦੁਆਰਾ ਨਿਰਮਾਣ ਕਰੋ। ਇਕ ਸੁਨਹਿਰੀ ਸੱਜਰੀ ਸਵੇਰ ਤੁਹਾਡੀ ਕਾਮਯਾਬੀ ਦਾ ਇੰਤਜ਼ਾਰ ਕਰ ਰਹੀ ਹੈ।